ਇਨਸਾਨ ਮਰਦੇ ਵੇਖੇ ਮੈਂ

Nov 29, 2024 - 11:42
 0  223  0

Share -

ਇਨਸਾਨ ਮਰਦੇ ਵੇਖੇ ਮੈਂ

ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ
ਖੁਸ਼ੀਆਂ ਵੰਡਣ ਵਾਲੇ ਦੁੱਖਾਂ ਨੂੰ ਜਰਦੇ ਵੇਖੇ ਮੈਂ
ਬੜੀ ਰੌਣਕ ਸੀ ਦੇਖਿਆ ਮੈਂ ਝੂਠ ਦੀ ਮਹਿਫ਼ਿਲ ਵਿੱਚ
ਸੱਚ ਦੇ ਰਾਖੇ ਕੱਲੇ ਬਹਿ ਹੌਕੇ ਭਰਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਬੜਾ ਵਧੀਆ ਨਜ਼ਾਰਾ ਸੀ ਯਾਤਰਾ ਤੇ ਜਾਂਦੇ ਭਗਤਾਂ ਦਾ
ਉਤਸ਼ਾਹ ਵੇਖਣ ਵਾਲਾ ਸੀ ਜੈਕਾਰੇ ਲਾਉਂਦਿਆਂ ਸੰਗਤਾਂ ਦਾ
ਚਿੱਟੇ ਕੱਪੜਿਆਂ ਵਿੱਚ ਲੁਕੋ ਕੇ ਕਾਲੇ ਜ਼ਮੀਰ ਨੂੰ
ਰੱਬ ਨਾਲ ਹੀ ਕਈ ਠੱਗੀ ਕਰਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਬੜੀ ਰੀਜ ਨਾਲ ਪਿਓ ਨੇ ਤੋਰੀ ਸੀ ਧੀ ਡੋਲੀ ਵਿੱਚ ਬਿਠਾ ਕੇ
ਕਰਦਾ ਅਰਦਾਸ ਰੱਬਾ ਚੰਗੇ ਲੇਖ ਆਈ ਹੋਵੇ ਲਿਖਾ ਕੇ
ਸੁਣਿਆ ਹੈ ਦਾਜ ਖਾਤਿਰ ਕੁੜੀ ਓਹੋ ਮਾਰਤੀ
ਲਾਚਾਰ ਐਸੇ ਮਾਪਿਆਂ ਦੇ ਅਥਰੂ ਹੜ੍ਹਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਮਾਂ ਕਹਿੰਦੀ ਸੋਹਣੀ ਜਹੀ ਨੂੰਹ ਰੌਣਕ ਬਣੇ ਘਰ ਦੀ
ਫਿਰ ਓਹੀ ਸੱਸ ਪੋਤਰੀ ਜੰਮਣ ਤੇ ਕਿਉਂ ਲੜ੍ਹਦੀ
ਔਰਤ ਹੀ ਔਰਤ ਨੂੰ ਕਿਉਂ ਨਹੀਂ ਸਮਝਦੀ
ਜੰਮਣ ਤੋਂ ਪਹਿਲਾਂ ਕਈ ਮਸੂਮ ਬਾਲੀ ਚੜ੍ਹਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਖੁਦ ਅੱਗੇ ਵਧਣਾ ਮੰਨਿਆ ਬਹੁਤ ਹੀ ਜਰੂਰੀ ਆ
ਪਰ ਦੂਜੇ ਨੂੰ ਡੋਬ ਦੇਣਾ ਏਡੀ ਵੀ ਕੀ ਮਜਬੂਰੀ ਆ
ਖੁਸ਼ੀਆਂ ਦੀ ਵੀ ਹੁਣ ਬੋਲੀ ਲੱਗਣ ਲੱਗ ਗਈ
ਖੁਦਗਰਜ਼ੀ ਦੇ ਕਾਲੇ ਬੱਦਲ ਵਰ੍ਹਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਆਪਣੀ ਭੈਣ ਨੂੰ ਦੇਵੀ ਤੇ ਦੂਜਿਆਂ ਦੀ ਨੂੰ ਮਾਲ ਸਮਝਦੇ ਹਾਂ
ਆਪਣੀ ਆਸ਼ਕੀ ਹੈ ਪਾਕ ਤੇ ਦੂਜੇ ਦੀ ਨੂੰ ਚਾਲ ਸਮਝਦੇ ਹਾਂ
ਕਿਸੇ ਦੇ ਚਰਿਤਰ ਨੂੰ ਦਾਗੀ ਕਹਿਣਾ ਕੰਮ ਬਹੁਤ ਹੀ ਆਸਾਨ ਹੈ
ਆਪਣੇ ਹੀ ਚਿਹਰੇ ਉੱਤੇ ਪਏ ਕਈ ਪਰਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

ਨਫ਼ੇ ਨੁਕਸਾਨ ਦਾ ਹਿਸਾਬ ਲਾਉਂਦੇ ਆਪਣਾ ਆਪ ਗਵਾ ਬੈਠੇ
ਖੁਸ਼ੀਆਂ ਲਈ ਭਟਕਦੇ ਫਿਰਦੇ ਗ਼ਮ ਝੋਲੀ ਪਾ ਬੈਠੇ
ਪੈਸੇ ਤੋਂ ਬਿਨਾ ਨਹੀਂ ਚਲਦੀ ਜ਼ਿੰਦਗੀ ਦੀ ਗੱਡੀ
ਪਰ ਮਾਇਆ ਤੇ ਜਿੱਤ ਪਾਉਣ ਲਈ ਕਿੰਨੇ ਹਰਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

‘ ਦੀਪ ‘ ਲਾਇਆ ਮੈਂ ਹਿਸਾਬ ਤੇਰਾ ਗੱਲਾਂ ਸੋਹਣੀਆਂ ਬਣਾਉਣਾ ਤੂੰ
ਦਿਲੋਂ ਕਰਦਾ ਏ ਗੱਲ ਜਾ ਫਿਰ ਬਸ ਦਿਲ ਹੀ ਬਹਿਲਾਉਣਾ ਤੂੰ
ਕਾਸ਼ ਹੋ ਜਾਵੇ ਇਲਾਜ਼ ਇਸ ਦੋਗਲੇ ਜਿਹੇ ਮਨ ਦਾ
ਆਪਣੇ ਮਨ ਨਾਲ ਕਈ ਲੜ੍ਹਦੇ ਵੇਖੇ ਮੈਂ
ਇਨਸਾਨੀਅਤ ਦੇ ਰਾਹ ਤੇ ਇਨਸਾਨ ਮਰਦੇ ਵੇਖੇ ਮੈਂ…

What's Your Reaction?

like

dislike

love

funny

angry

sad

wow