ਇਹ ਸ਼ੁਕਰਾਨੇ ਭਰਿਆ ਖ਼ਤ ਸਿਰਫ ਖਾਨਾਪੂਰਤੀ ਨਹੀਂ, ਅਸੀਂ ਆਪਣੇ ਦਿਲੋਂ ਆਪਣੇ ਸਰੋਤਿਆਂ ਨੂੰ ਸ਼ੁਕਰੀਆ ਕਹਿਣਾ ਚਾਹੁੰਦੇ ਹਾਂ |21 ਸਤੰਬਰ ਹਾਂਜੀ ਫੈਮਿਲੀ ਫੈਸਟੀਵਲ ਅਤੇ ਦੇਬੀ ਲਾਈਵ ਮੌਕੇ ਸਾਡੇ ਸਰੋਤਿਆਂ ਵਲੋਂ ਜੋ ਉਤਸ਼ਾਹ ਦਿਖਾਇਆ ਗਿਆ ਉਸ ਲਈ ਅਸੀਂ ਸ਼ੁਕਰਗੁਜਾਰ ਹਾਂ | ਜਿਸ ਤਰਾਂ ਦੀਆਂ ਮੁਸ਼ਕਿਲਾਂ ਆਈਆਂ ਉਨ੍ਹਾਂ ਨੂੰ ਸਾਡੇ ਸਰੋਤਿਆਂ ਅਤੇ ਆਏ ਸਾਰੇ ਦਰਸ਼ਕਾਂ ਨੇ ਆਪਣੇ ਪਿਆਰ ਅਤੇ ਹੌਂਸਲੇ ਨਾਲ ਸਾਨੂੰ ਮਹਿਸੂਸ ਤੱਕ ਨਹੀਂ ਹੋਣ ਦਿੱਤਾ | ਦੇਬੀ ਮਖਸੂਸਪੁਰੀ ਹੋਰਾਂ ਵਲੋਂ ਸਿਹਤਯਾਬ ਨਾ ਹੁੰਦਿਆਂ ਹੋਇਆ ਵੀ ਜੋ ਪੇਸ਼ਕਾਰੀ ਕੀਤੀ ਗਈ, ਉਹ ਵੀ ਸਾਡੇ ਸਰੋਤਿਆਂ ਦੇ ਪਿਆਰ ਸਦਕਾ ਅਤੇ ਦੇਬੀ ਮਖਸੂਸਪੁਰੀ ਦੇ ਆਪਣੇ ਚਾਹੁਣ ਵਾਲਿਆਂ ਪ੍ਰਤੀ ਪਿਆਰ ਕਾਰਨ ਹੀ ਸੰਭਵ ਹੋ ਸਕਿਆ |
ਪ੍ਰੋਗਰਾਮ ਦੀ ਮੁੱਢਲੀ ਤਰੀਕ 7 ਸਤੰਬਰ ਸੀ ਜੋ ਕੇ ਖ਼ਰਾਬ ਮੌਸਮ ਕਰਕੇ ਅੱਗੇ ਕੀਤੀ ਅਤੇ 21 ਸਤੰਬਰ ਰੱਖੀ ਗਈ | 21 ਸਤੰਬਰ ਦਾ ਮੌਸਮ ਵੀ ਸਮਾਂ ਨੇੜੇ ਆਉਂਦਿਆਂ ਹਲਕਾ-ਹਲਕਾ ਖ਼ਰਾਬ ਹੋਣ ਲੱਗਾ, ਪਰ ਹੁਣ ਇਸਨੂੰ ਹੋਰ ਅੱਗੇ ਨਹੀਂ ਕੀਤਾ ਜਾ ਸਕਦਾ ਸੀ | 21 ਨੂੰ ਰੇਡੀਓ ਹਾਂਜੀ ਦੀ ਪੂਰੀ ਟੀਮ ਵਲੋਂ ਤਿਆਰੀਆਂ ਮੁਕੰਮਲ ਸਨ ਤੇ ਸਾਡੇ ਸੱਦੇ ਤੇ ਪਹੁੰਚੇ ਦਰਸ਼ਕਾਂ ਦੇ ਪਿਆਰ ਨੇ ਇਸ ਪ੍ਰੋਗਰਾਮ ਦਾ ਪੂਰਾ ਅਨੰਦ ਲਿਆ |
ਪ੍ਰੋਗਰਾਮ ਜਿੱਥੇ ਰੀਤ ਮੁਤਾਬਕ ਸਮੇਂ ਸਿਰ ਸ਼ੁਰੂ ਹੋਇਆ ਉੱਥੇ ਜਦ ਮੀਂਹ ਸਮੇਂ ਤੋਂ ਪਹਿਲਾਂ ਆ ਪਹੁੰਚਿਆ ਅਤੇ ਦਰਸ਼ਕਾਂ ਦਾ ਇਕੱਠ ਜਿਵੇਂ ਹੀ ਤਿੱਤਰ-ਬਿੱਤਰ ਹੋਇਆ ਤਾਂ ਉਸ ਸਮੇਂ ਸਾਡਾ ਫ਼ਿਕਰਮੰਦ ਹੋਣਾ ਵੀ ਸੁਭਾਵਿਕ ਸੀ | ਪਰ ਸਦਕੇ ਜਾਈਏ ਤੁਹਾਡੇ ਸਾਰਿਆਂ ਦੇ, ਤੁਸੀਂ ਜੋ ਸਾਡੇ ਨਾਲ ਰਿਸ਼ਤਾ, ਪਿਆਰ ਅਤੇ ਇੱਕਸੁਰਤਾ ਦਿਖਾਈ ਉਸ ਲਈ ਅਸੀਂ ਸਦਾ ਸ਼ੁਕਰਗੁਜਾਰ ਰਹਾਂਗੇ | ਵਰ੍ਹਦੇ ਮੀਂਹ ਚ ਆਪੋ ਆਪਣੀ ਕਿਸਮ ਦੇ ਇੰਤਜ਼ਾਮ ਕਰਕੇ ਮੀਂਹ ਹਟਦਿਆਂ ਹੀ ਸਕਿੰਟਾਂ ਚ ਮੇਲਾ ਭਰਿਆ ਮਿਲਿਆ | ਅਜਿਹਾ 3-4 ਵਾਰ ਹੋਇਆ ਅਤੇ ਤੁਹਾਡਾ ਰੁਖ ਇੱਕ ਵਾਰ ਵੀ ਨਹੀਂ ਬਦਲਿਆ |
ਦੇਬੀ ਜੀ ਨੂੰ ਸੁਨਣ ਲਈ ਤੁਸੀਂ ਸਾਰੇ ਬੇਤਾਬ ਸੀ ਪਰ ਸਿਹਤਯਾਬ ਨਾ ਹੋਣ ਕਾਰਨ ਉਨ੍ਹਾਂ ਵਲੋਂ ਲਗਾਈ ਗਈ ਬਾਕਮਾਲ ਹਾਜ਼ਰੀ ਨੂੰ ਵੀ ਤੁਸੀਂ ਬਿਨਾਂ ਕਿਸੇ ਸ਼ਿਕਵੇ ਤੋਂ ਮਾਣਿਆ | ਗੁਰਸ਼ਬਦ ਅਤੇ ਬਨੀ ਜੌਹਲ ਦੀ ਪੇਸ਼ਕਾਰੀ ਨੂੰ ਪ੍ਰੋਗਰਾਮ ਦੇ ਅੰਤ ਤੱਕ ਮਾਣਿਆ | ਤੁਹਾਡੇ ਸਦਕੇ ਜਾਈਏ ਅਤੇ ਤੁਹਾਡੇ ਇਸ ਪਿਆਰ ਨਾਲ ਸਾਡੀ ਹੋਰ ਜਿੰਮੇਵਾਰੀ ਵਧ ਗਾਇ ਹੈ ਕੇ ਤੁਹਾਨੂੰ ਹੋਰ ਕੁਝ ਬੇਹਤਰੀਨ ਕਰਕੇ ਦੇਈਏ | ਇੱਕ ਵਾਰ ਫਿਰ ਸਾਡੇ ਸਾਰਿਆਂ ਵਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਅਤੇ ਅਸੀਂ ਵਿਸ਼ੇਸ਼ ਧੰਦਵਾਦ ਕਰਦੇ ਹਾਂ ਮਾਝਾ ਗਰੁੱਪ ਮੈਲਬੌਰਨ ਅਤੇ ਐਂਟਰੀ ਮਲਟੀ ਕਲਚਰਲ ਕਲੱਬ ਅਤੇ ਗੁਰਵਿੰਦਰ ਸਿੰਘ "ਬਿੱਲਾ" ਦਾ ਜਿੰਨ੍ਹਾ ਨੇ ਇਸ ਖੂਬਸੂਰਤ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਵਿੱਚ ਯੋਗਦਾਨ ਪਾਇਆ
ਅਮਰਿੰਦਰ ਗਿੱਦਾ