Meet Gurikbal Singh: UK-Based Life Coach Brings ‘Khushiyan Da Course’ to Australia
UK-based Gurikbal Singh is a life coach, book writer and Head of Pharmacy Operations at Lloyds Clinical. With a mission to empower individuals to lead stress-free and fulfilled lives, he has gained a massive following through social media and his bestselling Punjabi book Khushiyan Da Course. Now, he is bringing his transformational insights to Australia, touring the country to share life-changing strategies.

ਪੰਜਾਬ ਦੇ ਨਾਭਾ-ਪਟਿਆਲਾ ਰੋਡ 'ਤੇ ਪੈਂਦੇ ਗਲਵੱਟੀ ਪਿੰਡ ਦੇ ਇੱਕ ਸਧਾਰਨ ਪਰਿਵਾਰ ਵਿੱਚ ਜੰਮੇ-ਪਲੇ ਗੁਰਇਕਬਾਲ ਸਿੰਘ, ਸਨ 2007 ਇੰਗਲੈਂਡ ਚਲੇ ਗਏ ਸਨ - ਮਕਸਦ ਇੱਕ 'ਖੁਸ਼ਹਾਲ ਜ਼ਿੰਦਗੀ' ਜੋ ਹਰ ਕਿਸੇ ਪ੍ਰਵਾਸੀ ਦਾ ਇੱਕ ਸੁਪਨਾ ਹੁੰਦੀ ਹੈ।
ਪੰਜਾਬੀ ਦੀ ਮਿੱਟੀ ਨਾਲ਼ ਸਾਂਝ ਰੱਖਣ ਵਾਲ਼ੇ , ਪੇਂਡੂ ਮਾਹੌਲ ਵਿੱਚ ਹੰਢੇ ਗੁਰਇਕਬਾਲ ਸਿੰਘ, ਖੁੱਲੀਆਂ ਅੱਖਾਂ ਨਾਲ਼ ਸੁਪਨੇ ਲੈਣ ਵਾਲਿਆਂ ਵਿਚੋਂ ਹਨ - ਵੱਡੀ ਗੱਲ, ਖੁਸ਼ ਰਹਿਣ ਦਾ ਇਹ ਸੁਪਨਾ, ਜੋ ਫਿਰ ਉਨ੍ਹਾਂ ਦਾ ਸੰਕਲਪ ਬਣ ਗਿਆ, ਸਿਰਫ ਆਪਣਿਆਂ ਲਈ ਨਹੀਂ ਬਲਕਿ ਸਮੁੱਚੀ ਲੋਕਾਈ ਲਈ ਹੈ।
ਜ਼ਿੰਦਗੀ ਨੂੰ ਖੁਸ਼-ਖੁਸ਼ਹਾਲੀ ਵਿੱਚ ਬਦਲਣ ਦੇ ਕਈ ਢੰਗ ਤਰੀਕੇ ਸਿੱਖਣ ਅਤੇ ਅਪਨਾਉਣ ਮਗਰੋਂ ਗੁਰਇਕਬਾਲ ਸਿੰਘ, ਇਹਨਾਂ ਨੂੰ ਲੋੜਵੰਦਾਂ ਨਾਲ਼ ਸਾਂਝਿਆਂ ਕਰਨ ਤੇ ਫੈਲਾਉਣ ਦੇ ਮਕਸਦ ਨਾਲ਼ ਦੇਸ਼-ਦੇਸ਼ਾਂਤਰ ਘੁੰਮਦੇ ਸਾਡੇ ਮੁਲਕ ਆਸਟ੍ਰੇਲੀਆ ਆ ਰਹੇ ਹਨ।
ਉਨ੍ਹਾਂ ਦੇ ਅਗਾਮੀ ਆਸਟ੍ਰੇਲੀਅਨ ਟੂਰ ਬਾਰੇ ਸੰਪੂਰਨ ਵੇਰਵਾ Achievehappily ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ ਤੋਂ ਲਿਆ ਜਾ ਸਕਦਾ ਹੈ।
ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਅੱਜਕੱਲ ਯੂਕੇ ਦੇ ਲੋਇਡਜ਼ ਕਲੀਨਿਕਲ ਵਿੱਚ ਫਾਰਮੇਸੀ ਓਪਰੇਸ਼ਨਜ਼ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ, ਜਦਕਿ ਉਹਨਾਂ ਦੀ ਪੇਸ਼ੇਵਰ ਮੁਹਾਰਤ ਫਾਰਮਾਸਿਊਟੀਕਲ ਦੇ ਨਾਲ਼-ਨਾਲ਼ ਇੱਕ ਲਾਈਫ ਕੋਚ ਅਤੇ NLP (ਨਿਊਰੋ-ਭਾਸ਼ਾਈ ਪ੍ਰੋਗਰਾਮਿੰਗ) ਪ੍ਰੈਕਟੀਸ਼ਨਰ ਵਜੋਂ ਵੀ ਉੱਭਰਕੇ ਸਾਮਣੇ ਆਈ ਹੈ।
ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਉਹ ਇੰਟਰਨੈਸ਼ਨਲ ਕੋਚਿੰਗ ਫੈਡਰੇਸ਼ਨ (ICF) ਦੁਆਰਾ ਪ੍ਰਮਾਣਿਤ ਇੱਕ ਜੀਵਨ ਕੋਚ (life coach) ਵਜੋਂ, ਲੋਕਾਂ ਨੂੰ 'ਸੰਪੂਰਨ, ਖੁਸ਼ਹਾਲ ਅਤੇ ਤਣਾਅ ਮੁਕਤ' ਜੀਵਨ ਜੀਉਣ ਵਿੱਚ ਮਦਦ ਕਰਨਾ ਲੋਚਦੇ ਹਨ।
"ਮੈਨੂੰ ਗੁਰ-ਕਿਰਪਾ ਨਾਲ, ਇਸ ਤੁੱਛ ਬੁੱਧੀ ਤਹਿਤ, ਡਾਕਟਰੀ ਵਿਗਿਆਨ ਅਤੇ ਮਨੋਵਿਗਿਆਨ ਦੋਵਾਂ ਵਿੱਚ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ। ਮੈ ਮਹਿਸੂਸ ਕਰਦਾਂ ਕਿ ਜ਼ਿੰਦਗੀ ਐਡੀ ਔਖੀ ਨਹੀਂ ਜਿੰਨੀ ਅਸੀਂ ਬਣਾ ਲਈ ਹੈ - ਲੋੜ ਹੈ ਤਾਂ ਨਜ਼ਰੀਆ ਬਦਲਣ ਦੀ, " ਉਨ੍ਹਾਂ ਕਿਹਾ।
"ਮੇਰਾ ਕੋਚਿੰਗ ਫ਼ਲਸਫ਼ਾ ਲੋਕਾਂ ਨੂੰ ਫੈਸਲੇ ਲੈਣ ਵਿੱਚ ਦ੍ਰਿੜ੍ਹ-ਚਿੱਤ ਕਰਨ, ਆਤਮ-ਵਿਸ਼ਵਾਸ ਵਧਾਉਣ, ਗੁੱਸੇ ਨੂੰ ਕਾਬੂ ਕਰਨ ਅਤੇ ਸਕਾਰਾਤਮਕ ਆਦਤਾਂ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਹੈ।“
ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਦੀ ਚਾਹ ਉਨ੍ਹਾਂ ਨੂੰ ਸੋਸ਼ਲ ਮੀਡਿਆ ਅਤੇ ਕਿਤਾਬਾਂ ਦੀ ਦੁਨੀਆਂ ਵਿੱਚ ਖਿੱਚ ਲਿਆਈ। ਜਿਥੇ ਉਨ੍ਹਾਂ ਦੇ ਵੀਡਿਓਜ਼ ਸੋਸ਼ਲ ਮੀਡਿਆ ਪਲੇਟਫਾਰਮ ਯੂਟਿਊਬ, ਫੇਸਬੁੱਕ, ਟਿੱਕਟੋਕ ਤੇ ਇੰਸਟਾਗ੍ਰਾਮ ‘ਤੇ ਲੱਖਾਂ ਲੋਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਹਨ, ਓਥੇ ਉਨ੍ਹਾਂ ਆਪਣੀ ਪਲੇਠੀ ਕਿਤਾਬ 'ਖੁਸ਼ੀਆਂ ਦਾ ਕੋਰਸ' ਵੀ ਲੋਕਾਂ ਤੱਕ ਪਹੁੰਚਦੀ ਕੀਤੀ ਹੈ।
ਪੰਜਾਬੀ ਵਿੱਚ ਲਿਖੀ ਗਈ ਇਹ ਖਾਸ ਕਿਸਮ ਦੀ ਕਿਤਾਬ ਪਾਠਕਾਂ ਨੂੰ ਬਚਪਨ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਨਿੱਜੀ ਪਰਿਵਰਤਨ ਹਿੱਤ ਇੱਕ ਰੂਪਕ ਵਜੋਂ ਕੰਮ ਕਰਦੀ ਹੈ। ਇਸਦੀਆਂ 15,000 ਕਾਪੀਆਂ ਵਿਕਣ ਅਤੇ ਮਿਲੇ ਸਫਲ ਹੁੰਗਾਰੇ ਪਿੱਛੋਂ, ਹੁਣ ਉਹ ਇਸਦੇ ਅੰਗਰੇਜ਼ੀ ਐਡੀਸ਼ਨ ਦੀ ਤਿਆਰੀ ਵਿੱਚ ਹਨ।
ਯੂਕੇ ਦੇ ਬਰਮਿੰਘਮ ਸ਼ਹਿਰ ਲਾਗੇ ਲੈਸਟਰ ਦੇ ਵਸਨੀਕ, ਗੁਰਇਕਬਾਲ ਸਿੰਘ, ਆਪਣੀ ਧਰਮਪਤਨੀ ਅਤੇ ਬੱਚਿਆਂ ਨਾਲ਼ ਨਾ-ਸਿਰਫ ਆਪਣੀ ਨਿੱਜੀ ਜ਼ਿੰਦਗੀ ਸਕੂਨ ਨਾਲ ਜਿਓਂ ਰਹੇ ਹਨ ਬਲਕਿ ਦੂਜਿਆਂ ਦੀ ਜ਼ਿੰਦਗੀ ਵਿੱਚ ਕੁਝ ਚੰਗਾ ਤੇ ਸਾਕਾਰਤਮਕ ਕਰ ਸਕਣ ਦੀ ਆਸ-ਅਰਦਾਸ ਕਰਦੇ ਹਨ।
ਉਨ੍ਹਾਂ ਦੇ ਅਗਾਮੀ ਆਸਟ੍ਰੇਲੀਅਨ ਟੂਰ ਬਾਰੇ ਸੰਪੂਰਨ ਵੇਰਵਾ Achievehappily ਫੇਸਬੁੱਕ ਜਾਂ ਇੰਸਟਾਗ੍ਰਾਮ ਪੇਜ ਤੋਂ ਲਿਆ ਜਾ ਸਕਦਾ ਹੈ @HarvinderSingh #Achievehappily #LifeCoach #Postivity #PreetinderGrewal #Radio Haanji
What's Your Reaction?






