ਉੱਠ ਜਾਗ ਘੁਰਾੜੇ ਮਾਰ ਨਹੀਂ - Uth Jaag Ghurare Maar Nhi - Bullhe Shah

ਬੁੱਲੇ ਸ਼ਾਹ, ਇੱਕ ਮਹਾਨ ਸੂਫੀ ਸੰਤ ਅਤੇ ਪੰਜਾਬੀ ਕਵੀ ਸਨ, ਜਿਨ੍ਹਾਂ ਨੇ ਆਪਣੀਆਂ ਕਾਫੀਆਂ ਰਾਹੀਂ ਪਿਆਰ, ਸੱਚ ਅਤੇ ਇਨਸਾਨੀਅਤ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਮਾਜਕ ਬੁਰਾਈਆਂ ਅਤੇ ਧਾਰਮਿਕ ਪਾਖੰਡ ਦੀ ਨਿੰਦਾ ਕਰਦੇ ਹੋਏ, ਰੱਬ ਨਾਲ ਸਿੱਧਾ ਸੰਬੰਧ ਜੋੜਨ ਦੀ ਸਿੱਖਿਆ ਦਿੱਤੀ। ਉਹ ਅੱਜ ਵੀ ਪੰਜਾਬੀ ਸਾਹਿਤ ਅਤੇ ਸੂਫੀ ਪਰੰਪਰਾ ਦਾ ਮਾਣ ਹਨ।

Aug 15, 2025 - 23:46
 0  3.1k  13

Share -

ਉੱਠ ਜਾਗ ਘੁਰਾੜੇ ਮਾਰ ਨਹੀਂ - Uth Jaag Ghurare Maar Nhi - Bullhe Shah
ਉੱਠ ਜਾਗ ਘੁਰਾੜੇ ਮਾਰ ਨਹੀਂ - Uth Jaag Ghurare Maar Nhi - Bullhe Shah

ਉੱਠ ਜਾਗ ਘੁਰਾੜੇ ਮਾਰ ਨਹੀਂ ।
ਇਹ ਸੌਣ ਤੇਰੇ ਦਰਕਾਰ ਨਹੀਂ ।

ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,
ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਤੇਰਾ ਸਾਹਾ ਨੇੜੇ ਆਇਆ ਏ, ਕੁੱਝ ਚੋਲੀ ਦਾਜ ਰੰਗਾਇਆ ਏ,
ਕਿਉਂ ਆਪਣਾ ਆਪ ਵੰਜਾਇਆ ਏ, ਐ ਗ਼ਾਫ਼ਲ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਤੂੰ ਸੁੱਤਿਆਂ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,
ਕੀ ਕਰਸੇਂ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।

ਤੂੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ,
ਹੋ ਗਾਫਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਤੂੰ ਮੁੱਢੋਂ ਬਹੁਤ ਕੁਚੱਜੀ ਸੈਂ, ਨਿਰਲੱਜਿਆਂ ਦੀ ਨਿਰਲੱਜੀ ਸੈਂ,
ਤੂੰ ਖਾ ਖਾ ਖਾਣੇ ਰੱਜੀ ਸੈਂ, ਹੁਣ ਤਾਈਂ ਤੇਰਾ ਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਅੱਜ ਕੱਲ੍ਹ ਤੇਰਾ ਮੁੱਕਲਾਵਾ ਏ, ਕਿਉਂ ਸੁੱਤੀ ਕਰ ਕਰ ਦਾਅਵਾ ਏ ?
ਅਨਡਿਠਿਆਂ ਨਾਲ ਮਿਲਾਵਾ ਏ, ਇਹ ਭਲਕੇ ਗਰਮ ਬਜ਼ਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਤੂੰ ਏਸ ਜਹਾਨੋਂ ਜਾਏਂਗੀ, ਫਿਰ ਕਦਮ ਨਾ ਏਥੇ ਪਾਏਂਗੀ,
ਇਹ ਜੋਬਨ ਰੂਪ ਵੰਜਾਏਂਗੀ, ਤੈਂ ਰਹਿਣਾ ਵਿਚ ਸੰਸਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਮੰਜ਼ਲ ਤੇਰੀ ਦੂਰ ਦੁਰਾਡੀ, ਤੂੰ ਪੌਣਾਂ ਵਿਚ ਜੰਗਲ ਵਾਦੀ,
ਔਖਾ ਪਹੁੰਚਣ ਪੈਰ ਪਿਆਦੀ, ਦਿਸਦੀ ਤੂੰ ਅਸਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਇਕ ਇਕੱਲੀ ਤਨਹਾ ਚਲਸੇਂ, ਜੰਗਲ ਬਰਬੱਰ ਦੇ ਵਿਚ ਰੁਲਸੇਂ,
ਲੈ ਲੈ ਤੋਸ਼ਾ ਇਥੋਂ ਘਲਸੇਂ, ਉਥੇ ਲੈਣ ਉਧਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।

ਉਹ ਖਾਲੀ ਏ ਸੁੰਞ ਹਵੇਲੀ, ਤੂੰ ਵਿਚ ਰਹਿਸੇਂ ਇੱਕ ਇਕੇਲੀ,
ਓਥੇ ਹੋਸੀ ਹੋਰ ਨਾ ਬੇਲੀ, ਸਾਥ ਕਿਸੇ ਦਾ ਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਜਿਹੜੇ ਸਨ ਦੇਸਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ,
ਗਏ ਰੋ ਰੋ ਬੇਤਖਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ,
ਸੱਭੇ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਕਿਥੇ ਯੂਸਫ ਮਾਹਿ-ਕਨਿਆਨੀ, ਲਈ ਜ਼ੂਲੈਖਾਂ ਫੇਰ ਜਵਾਨੀ,
ਕੀਤੀ ਮੌਤ ਨੇ ਓੜਕ ਫ਼ਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਕਿੱਥੇ ਤਖ਼ਤ ਸੁਲੇਮਾਂ ਵਾਲਾ, ਵਿਚ ਹਵਾ ਉੱਡਦਾ ਸੀ ਬਾਲਾ,
ਉਹ ਭੀ ਕਾਦਰ ਆਪ ਸੰਭਾਲਾ, ਕੋਈ ਜ਼ਿੰਦਗੀ ਦਾ ਇਤਬਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਕਿੱਥੇ ਮੀਰ ਮਲਕ ਸੁਲਤਾਨਾਂ, ਸੱਭੇ ਛੱਡ ਛੱਡ ਗਏ ਟਿਕਾਣਾ,
ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,
ਬਾਦਿ-ਖਿਜ਼ਾਂ ਕੀਤਾ ਬੁਰ ਹਾਲਾ, ਨਰਗਸ ਨਿਤ ਖੁਮਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਜੋ ਕੁਝ ਕਰਸੇਂ, ਸੋ ਕੁਝ ਪਾਸੇਂ, ਨਹੀਂ ਤੇ ਓੜਕ ਪਿਛੋਤਾਸੇਂ,
ਸੁੰਞੀ ਕੂੰਜ ਵਾਂਙ ਕੁਰਲਾਸੇਂ, ਖੰਭਾਂ ਬਾਝ ਉਡਾਰ ਨਹੀਂ ।
ਉੱਠ ਜਾਗ ਘੁਰਾੜੇ ਮਾਰ ਨਹੀਂ ।

ਡੇਰਾ ਕਰਸੇਂ ਉਹਨੀਂ ਜਾਈਂ, ਜਿਥੇ ਸੇਰ ਪਲੰਗ ਬਲਾਈ,
ਖਾਲੀ ਰਹਿਸਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਅਸੀਂ ਆਜ਼ਜ਼ ਵਿਚ ਕੋਟ ਇਲਮ ਦੇ, ਓਸੇ ਆਂਦੇ ਵਿਚ ਕਲਮ ਦੇ,
ਬਿਨ ਕਲਮੇ ਦੇ ਨਾਹੀਂ ਕੰਮ ਦੇ, ਬਾਝੋਂ ਕਲਮੇ ਪਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

ਬੁੱਲ੍ਹਾ ਸ਼ੌਹ ਬਿਨ ਕੋਈ ਨਾਹੀਂ, ਏਥੋਂ ਓਥੇ ਦੋਹੀਂ ਸਰਾਈਂ,
ਸੰਭਲ ਸੰਭਲ ਕੇ ਕਦਮ ਟਿਕਾਈਂ, ਫੇਰ ਆਵਣ ਦੂਜੀ ਵਾਰ ਨਹੀਂ,
ਉੱਠ ਜਾਗ ਘੁਰਾੜੇ ਮਾਰ ਨਹੀਂ ।

What's Your Reaction?

like

dislike

love

funny

angry

sad

wow