ਪ੍ਰਦੇਸ - Punjabi Story Pardes - Ramandeep Sandhu

Dec 22, 2025 - 01:32
 0  12

Share -

ਪ੍ਰਦੇਸ - Punjabi Story Pardes - Ramandeep Sandhu
Punjabi Kahani Pardes - Ramandeep Sandhu - Radio Haanji

ਸ਼ੁੱਕਰਵਾਰ ਦਾ ਦਿਨ ਸੀ ਤੇ ਸ਼ਿਫ਼ਟ ਦੇ ਕੁਝ ਕੁ ਪਲ ਈ ਬਾਕੀ ਸਨ, ਮੈਂ ਸੋਚਿਆ (ਬੈਲਾਰਾਟ)ਰੇਲ ਦੇ ਟੇਸ਼ਨ ਕੋਲੋਂ ਖਾਲੀ ਕੀ ਲੰਘਣਾ ਜਾਂਦੇ ਜਾਂਦੇ ਵੇਖ ਜਾਂਨਾ ਕਈ ਵਾਰ ਟੈਕਸੀ ਨਾ ਹੋਣ ਕਰ ਕੇ ਸਵਾਰੀਆਂ ਖੜੀਆਂ ਹੁੰਦੀਆਂ ਨਜ਼ਰਾਂ ਟਿਕਾਈ। ਘਰ ਵੱਲ ਜਾਣ ਵਾਲੀ ਸਵਾਰੀ ਪੈ ਜਾਵੇ ਤਾਂ ਸੋਨੇ ਤੇ ਸੁਹਾਗਾ ਹੁੰਦਾ ਓੁਂਝ ਵੀ ਖਾਲੀ ਗੱਡੀ ਭਜਾਈ ਫਿਰਦਿਆਂ ਡਰਾਇਵਰਾਂ ਦੇ ਮਨਾਂ ਨੂੰ ਹੋਰੂੰ ਜਿਹਾ ਹੁੰਦਾ, ਉਦੇੜ ਬੁਣ ਚੱਲ ਈ ਰਹੀ ਸੀ ਕਿ ਡਿਸਪੈਚਰ ਵੱਜਿਆ ਭਲੇ ਨੂੰ ਜੌਬ ਵੀ ਟੇਸ਼ਨ ਤੋਂ ਈ ਆ ਗਈ। ਇੱਕ ਮਾਤਾ ਪਿੱਠੂ ਬੈਗ ਲਈ ਟੈਕਸੀ ਵੇਖ ਅੱਗੇ ਵਧੀ ਮੈਂ ਨਾਮ ਪੁੱਛ ਬਿਠਾਇਆ, ਸੀਟ ਬੈਲਟ ਲਾਓੱਦੀ ਨੇ ਪਤਾ ਦੱਸਿਆ ਜਾਣ ਲਈ ਤੇ ਬਿਨਾਂ ਸਾਹ ਲਏ ਈ ਗੱਲਾਂ ਦਾ ਗੇਅਰ ਪਾ ਲਿਆ। ਬਹੁਗਿਣਤੀ ਸਵਾਰੀਆਂ ਵਾਂਗ ਇਹੀ ਪੁੱਛਿਆ ਕਿ ਦਿਨ ਕਿਵੇਂ ਚਲਦਾ ਕਿੰਨੇ ਵਜੇ ਸ਼ੁਰੂ ਕਦੋਂ ਸ਼ਿਫ਼ਟ ਮੁੱਕਣੀ ਵਗੈਰਾ ਵਗੈਰਾ। ਜਵਾਬ ਦੇ ਕੇ ਮੈਂ ਆਪਣਾ ਘੜਿਆ ਘੜਾਇਆ ਸਵਾਲ ਮਾਈ ਅੱਗੇ ਰੱਖਿਆ ਕਿ ਮੈਲਬੋਰਨ ਤੋਂ ਘੁੰਮਣ ਆਏ ਜਾਂ ਇੱਥੋਂ ਦੇ ਰਹਿਣ ਵਾਲੇ ਓ, ਸਵਾਲ ਸੁਣ ਮੂੰਹ ਤੇ ਲੱਗੇ ਮਾਸਕ ਵਿੱਚੋਂ ਹਲਕੀ ਜੀ ਮੁਸਕਰਾਹਟ ਨਾਲ ਜਵਾਬ ਆਇਆ ਆਪਣੀ ਧੀ ਦੇ ਨਿਆਣੇ ਸਾਂਭਣ ਆਈ ਆਂ ਕੁਝ ਦਿਨਾਂ ਲਈ। ਦੋਵੇਂ ਜੀਅ ਕੰਮਕਾਜੀ ਹੋਣ ਕਰਕੇ ਧੀ ਨੇ ਆਪਣੀ ਰਿਟਾਇਰਡ ਮਾਂ ਦਾ ਹਾੜਾ ਕੱਢ ਲਿਆ ਹੋਣਾ ਬੇਬੀ ਸਿਟਿੰਗ ਨੂੰ । ਓੁਂਝ ਤਾਂ ਹੌਲੀਡੇਅ ਕੇਅਰ ਪ੍ਰੋਗਰਾਮ ਵੀ ਚਲਦੇ ਪਰ ਓਹਨਾਂ ਤੇ ਓਨਾ ਈ ਖਰਚਾ ਆ ਜਾਂਦਾ ਜਿੰਨੇ ਕੁ ਕਮਾ ਕੇ ਘਰ ਲਿਆਓਣੇ, ਫ਼ੇਰ ਘਰ ਫੁੱਲਾਂ ਤੇ ਘਾਹ ਨਾਲ ਸਮਾਂ ਲੰਘਾਓਦੇ ਬਜ਼ੁਰਗ ਆਪਣੇ ਦੋਹਤੇ ਪੋਤੀਆਂ ਦੇ ਹਾਣੀ ਬਣਕੇ ਜਿੰਦਗੀ ਦੇ ਕੁਝ ਪਲ ਮਾਣ ਜਾਂਦੇ ਤੇ ਆਪਣੇ ਬੱਚਿਆਂ ਦੀ ਮਦਦ ਵੀ ਹੋ ਜਾਂਦੀ। 

 ਬੇਬੇ ਨੇ ਦੱਸਿਆ ਕਿ ਪਿਛਲੇ ਵੀਕਐੰਡ ਤੇ ਈ ਮੇਰਾ ਸੱਠਵਾਂ ਜਨਮਦਿਨ ਮਨਾਇਆ ਤਾਂ ਸਾਰੇ ਆਏ ਸੀ ਅਤੇ ਹੁਣ ਮੈਂ ਮਿਲ ਜਾਵਾਂਗੀ ਨਾਲੇ ਸਮਾਂ ਨਿੱਕਲ ਜੂ ਓਹਨਾਂ ਦਾ । ਇਹ ਸਿਲਸਿਲਾ ਹਰ ਛੁੱਟੀਆਂ ਵਿੱਚ ਚਲਦਾ ਕਦੇ ਪੇਕੇ ਤੇ ਕਦੇ ਸੌਹਰੇ ਆਓੰਦੇ ਕਦੇ ਮਾਂ ਪਿਓ ਕੰਮ ਤੋਂ ਔਫ ਲੈ ਆਪ ਵੀ ਸਮੇਤ ਬੱਚੇ ਇੱਧਰ ਓਧਰ ਘੁੰਮਣ ਜਾਂਦੇ ।

 ਗਲਾਕੜ ਬੇਬੇ ਦੀਆਂ ਗੱਲਾਂ ਦੀ ਚਲਦੀ ਟੇਪ ਵਿੱਚ ਮੇਰਾ ਖਿਆਲਾਂ ਵਾਲਾ ਜਹਾਜ਼ ਪੰਜਾਬ ਆਲੇ ਮੇਰੇ ਘਰ ਲੈਂਡ ਹੋ ਚੁੱਕਿਆ ਸੀ। ਜਦੋਂ ਮਾਤਾ ਬਾਪੂ ਨੂੰ ਆਖੀਦਾ ਆ ਜਾਓ ਕੁਝ ਸਮੇਂ ਲਈ ਤਾਂ ਜਵਾਬ ਇਹੀ ਹੁੰਦਾ ਕੀ ਕਰਾਂਗੇ ਅਸੀ ਆ ਕੇ ਸਗੋਂ ਤੁਸੀਂ ਆਜੋ ਮਹੀਨੇ ਕੁ ਲਈ ਭਾਵੇਂ । ਹੁਣ ਤੱਕ ਜਿੰਨੀ ਵਾਰ ਵੀ ਆਏ ਨੇ ਮਾਤਾ ਬਾਪੂ ਸਮੇਂ ਤੋਂ ਪਹਿਲਾਂ ਦੀ ਟਿਕਟ ਕਰਾ ਕੇ ਈ ਵਾਪਸੀ ਕੀਤੀ। ਮੇਰੇ ਛੋਟੇ ਵੀਰ ਤੇ ਭਰਜਾਈ ਦੀ ਸਰਕਾਰੀ ਨੌਕਰੀ ਹੋਣ ਕਰਕੇ ਘਰ ਦੇ ਕੰਮਾਂ ਨਾਲ ਓਹਨਾਂ ਦੇ ਬੱਚਿਆਂ ਦੀ ਸੰਭਾਲ ਵੀ ਇਹਨਾਂ ਈ ਕਰਨੀ ਹੁੰਦੀ । ਆਪ ਵੀ ਮਾਤਾ ਜੀ ਗੋਡਿਆਂ ਮੋਢਿਆਂ ਤੋਂ ਔਖੇ ਈ ਰਹਿੰਦੇ ਤੇ ਕਦੇ ਕਦੇ ਸ਼ਿਕਵੇ ਵੀ ਕਰਦੇ ਬੀ ਤੇਰਾ ਬਾਪੂ ਹਰ ਥਾਂ ਜਾਂਦਾ ਨਹੀਂ ਮੇਰੇ ਨਾਲ ਦਵਾ ਦਾਰੂ ਵਾਸਤੇ ਤੇ ਮੁੰਡਾ ਵਿਚਾਰਾ ਕਿੱਧਰ ਕਿੱਧਰ ਪੂਰਾ ਲੱਥੇ। ਕੰਮਵਾਲੀਆਂ ਤੋਂ ਵੀ ਤੰਗ ਮੇਰੀ ਮਾਂ ਓਹਨਾਂ ਦਾ ਕੀਤਾ ਕੰਮ ਦੋਬਾਰਾ ਫੇਰ ਆਵਦੀ ਤਸੱਲੀ ਲਈ ਕਰਦੀ ਜਾਂ ਜਿਆਦਾਤਰ ਓਹਨਾਂ ਦੇ ਕੰਮ ਤੇ ਨਾ ਆਓਣ ਦੇ ਬਹਾਨੇ ਈ ਹੁੰਦੇ । ਇੱਥੇ ਆ ਕੇ ਵੀ ਧਿਆਨ ਓਹਨਾਂ ਦਾ ਪਿੱਛੇ ਈ ਹੁੰਦਾ।

 ਬਾਪੂ ਦਾ ਲਗਭਗ ਹਰ ਰੋਜ਼ ਦਾ ਗੇੜਾ ਹੁੰਦਾ ਆਵਦੇ ਦਫਤਰ ਸੇਵਾਮੁਕਤ ਪੁਲਸੀਆਂ ਨਾਲ ਤੇ ਇੱਥੇ ਆ ਕੇ ਵੱਧ ਤੋਂ ਵੱਧ ਸੈਰ ਕਰ ਆਓੰਦੇ ਜਾ ਲੰਘਦਿਆ ਟੱਪਦਿਆਂ ਨੂੰ ਵੇਖ ਸਮਾਂ ਲੰਘਾਓਦੇ। ਸਾਡਾ ਓਹਨਾ ਨੂੰ ਬਾਹਰ ਅੰਦਰ ਲੈ ਕੇ ਆਓਣ ਜਾਣ ਵੀ ਵੀਕਐੰਡ ਤੇ ਟਿਕਿਆ ਹੁੰਦਾ। ਇਸੇ ਕਰਕੇ ਓਹਨਾਂ ਦੀ ਖਿੱਚ ਵਤਨਾਂ ਦੀ ਜਿਆਦਾ ਹੁੰਦੀ ਤੇ ਦਿਨ ਵਿੱਚ ਦੋ ਵਾਰ ਫੋਨ ਕਰ ਕੇ ਘਰ ਦੀਆਂ ਗੱਲਾਂ ਬਾਤਾਂ ਸਾਝੀਆਂ ਕਰਦੇ ਮੇਰੇ ਮਾਂ ਜਾਏ ਨਾਲ ਤੇ ਓਹਦੇ ਨਿੱਕੇ ਨਿਆਣਿਆ ਨਾਲ। ਕਦੇ ਕਦੇ ਇਹ ਵੀ ਸੋਚਣ ਲਈ ਮਜ਼ਬੂਰ ਹੋ ਜਾਈਦਾ ਕਿ ਸ਼ਾਇਦ ਮਾਂ ਬਾਪ ਦਾ ਜਿਆਦਾ ਝੁਕਾਅ ਨਾਲ ਰਹਿੰਦੇ ਧੀ ਪੁੱਤ ਨਾਲ ਈ ਵਧੇਰੇ ਹੁੰਦਾ ਅਸੀਂ ਤਾਂ ਪ੍ਰਦੇਸੀ ਹੀ ਹਾਂ ਆਖਿਰ। ਇਹ ਸੋਚਣੀ ਸ਼ਾਇਦ ਜਿਆਦਾਤਰ ਪ੍ਰਦੇਸੀਆਂ ਦੀ ਹੋਵੇਗੀ। ਪਰ ਪੰਜਾਬ ਰਹਿੰਦੇ ਮਾਂ ਬਾਪੂ ਦਾ ਖਿਆਲ ਰੱਖਣ ਨੂੰ ਬੜਾ ਜੀਅ ਕਰਦਾ ਤੇ ਕੱਲੇ ਨਿੱਕੇ ਵੀਰ ਨੂੰ ਸਭ ਜਿੰਮੇਵਾਰੀਆਂ ਨਾਲ ਘੋਲ ਕਰਦਿਆਂ ਵੇਖ ਮਨ ਵਿੱਚ ਤਾਂ ਮੇਰੇ ਵੀ ਆਓਦਾ ਏ ਪੁੱਤ ਜੰਮਣ ਦੀ ਖੁਸ਼ੀ ਮੇਰੇ ਵਾਰ ਵੀ ਓਨੀ ਈ ਮਨਾਈ ਹੋਣੀ ਮਾਪਿਆਂ ਨੇ ਫਿਰ ਸਾਂਭ ਸੰਭਾਲ ਇੱਕੋ ਦੇ ਮੋਢਿਆਂ ਤੇ ਕਿਓੰ। ਖੌਰੇ ਕਿਤੇ ਵਿਦੇਸ਼ੀ ਸਿਸਟਮ ਵਿੱਚ ਰਹਿੰਦਿਆਂ ਮਨ ਸਵਾਰਥੀ ਤਾਂ ਨਹੀਂ ਹੋ ਗਿਆ ਸਾਡਾ ਜੋ ਆਵਦੇ ਬੱਚਿਆਂ ਦੇ ਭਵਿੱਖ ਦੀ ਦੁਹਾਈ ਦੇ ਇੱਥੇ ਟਿਕੇ ਰਹਿਣ ਨੂੰ ਪਹਿਲ ਦੇ ਰਿਹਾ ਸੀ ਤੇ ਮੇਰੇ ਬਜ਼ੁਰਗ ਹੁੰਦੇ ਮਾਪਿਆਂ ਦੇ ਭਵਿੱਖ ਦਾ ਕੀ? ਇਹ ਸੋਚ ਅਕਸਰ ਮੇਰੇ ਓੁੱਤੇ ਭਾਰੂ ਰਹਿੰਦੀ। 

 ਗੱਲ ਰਿਸ਼ਤੇਦਾਰਾਂ ਦੀ ਵੀ ਕਰ ਲਈਏ ਜਿਹੜੇ ਵਰੇ ਛਿਮਾਹੀਂ ਮੇਰੇ ਫੋਨ ਕਰਨ ਤੇ ਅਕਸਰ ਮਿਹਣਾ ਦਿੰਦੇ ਪਤੰਦਰਾ ਭੁੱਲ ਈ ਗਿਐੰ ਕਦੇ ਫੋਨ ਫ਼ਾਨ ਈ ਨੀ ਕੀਤਾ, ਜਦਕਿ ਓਹ ਭੁੱਲ ਜਾਂਦੇ ਨੇ ਕਿ ਇਹ ਕਾਲ ਵੀ ਮੈਂ ਈ ਕੀਤੀ ਜਿਹਦੇ ਤੇ ਪਿਆਰ ਦੇ ਰੂਪ ਵਿੱਚ ਮੈਨੂੰ ਕੋਸ ਰਹੇ ਨੇ। ਦੂਰੋਂ ਵੇਖਣ ਵਾਲੇ ਨੂੰ ਇਹੀ ਲਗਦਾ ਅਸੀਂ ਪ੍ਰਦੇਸਾਂ ਵਿੱਚ ਜਿਵੇਂ ਡਾਲਰਾਂ ਦੀ ਪੰਡ ਦੀ ਰਾਖੀ ਈ ਆਏ ਹੋਈਏ, ਪਰ ਸਾਡੇ ਲੋਹੜੀ ਦਿਵਾਲੀ ਦੇ ਦਿਨ ਵਟਸਐਪ ਦੇ ਸਟੇਟਸ ਨਾਲ ਹੀ ਆਓਂਦੇ ਤੇ ਜਾਂਦੇ ਜਾਂ ਹੋਰ ਖੁਸ਼ੀ ਗਮੀ ਤੋਂ ਵਾਂਝੇ ਹੋਣ ਦੇ ਦੁੱਖ ਵੀ ਪ੍ਰਦੇਸੀਆਂ ਦੇ ਅੰਦਰ ਈ ਦਫਨ ਨੇ, ਖੈਰ ਗਲਤੀ ਤਾਂ ਓਹਨਾਂ ਦੀ ਵੀ ਨਹੀਂ।ਇਸ ਭੰਵਰ ਚੋਂ ਕਿਸ਼ਤੀ ਕੱਢਣ ਦਾ ਸਾਡਾ ਈ ਦਾਅ ਨੀ ਲੱਗ ਰਿਹਾ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਗੱਲ ਕਰਨੀ ਜਿੰਨੀ ਸੌਖੀ ਹੋ ਗਈ ਓਨੀ ਹੀ ਆਪਣਿਆਂ ਨਾਲ ਦੂਰੀ ਵੱਧ। ਪਤਾ ਨਹੀਂ ਮੂੰਹ ਤੇ ਬੋਲਚਾਲ ਘੱਟ ਹੋਣ ਕਾਰਣ ਸ਼ਾਇਦ ਮੋਹ ਮਨਫ਼ੀ ਹੋ ਰਿਹਾ ਜਿੰਦਗੀਆਂ ਵਿੱਚੋਂ। ਪਰ ਜੋ ਵੀ ਏ ਘਾਟੇ ਵੀ ਹਨ ਪ੍ਰਦੇਸਾਂ ਦੇ ਮੰਨੀਏ ਭਾਵੇਂ ਨਾਂ।

 "ਜਸਟ ਅੱਪ ਹਿਅਰ ਆਨ ਦਾ ਲੈਫ਼ਟ ਇਸ ਫਾਈਨ ਮਿਸਟਰ ਸਿੰਘ" ਕਹਿ ਮਾਈ ਨੇ ਭਾੜਾ ਪੁੱਛਿਆ ਕਿੰਨਾ, ਕਾਰਡ ਦੀ ਟੀਂ ਕਰਾ ਸਵਾਰੀ ਚਲਦੀ ਬਣੀ।ਘਰ ਵੱਲ ਚਾਲੇ ਪਾਏ ਤੇ ਆਦਤਨ ਮੀਟਰ ਤੇ ਹੱਥ ਮਾਰ ਕੇ ਵੇਖਿਆ ਅੱਜ "ਕੀ ਖੱਟਿਆ ਪ੍ਰਦੇਸੀਆ" ਤੇ ਇਹੀ ਫੁਰਨਾ ਇਸ ਲਿਖਤ ਦੀ ਵਜ੍ਹਾ ਵੀ ਬਣਿਆ।

What's Your Reaction?

like

dislike

love

funny

angry

sad

wow