ਏਕਮ ਸਾਹਨੀ ਦੀ ਯਾਦ ਨੂੰ ਸਮਰਪਿਤ ਵਿਜਿਲ ਦੌਰਾਨ ਉਸਨੂੰ ਸੇਜਲ ਅੱਖਾਂ ਨਾਲ ਯਾਦ ਕੀਤਾ ਗਿਆ ਹੈ।
ਮਾਪਿਆਂ ਦਾ ਹਾਲੋਂ-ਬੇਹਾਲ ਹੋਣਾ, ਉਸਦੀ ਤਸਵੀਰ ਗਲ਼ ਲੱਗ ਰੋਣਾ ਝੱਲਿਆ ਨਹੀਂ ਸੀ ਜਾਂਦਾ!
ਇਸ ਦੌਰਾਨ ਪੀੜ੍ਹਤ ਪਰਿਵਾਰ ਅਤੇ ਸਮੂਹ ਭਾਈਚਾਰੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਸੁਖਜੀਤ ਸਿੰਘ ਨੇ ਪੀੜ੍ਹਤ ਪਰਿਵਾਰ ਵੱਲੋਂ Radio Haanji ਨਾਲ਼ ਗੱਲ ਕਰਦਿਆਂ ਦੱਸਿਆ ਕਿ ਏਕਮ ਇੱਕ ਸਾਊ, ਹੱਸਮੁੱਖ ਅਤੇ ਮਿਲਾਪੜੇ ਸੁਬਾਹ ਦਾ ਨੌਜਵਾਨ ਸੀ।
"ਸਾਨੂੰ ਅਜੇ ਵੀ ਯਕੀਨ ਨਹੀਂ ਕਿ ਏਕਮ ਨੇ ਹੁਣ ਕਦੇ ਵੀ ਘਰ ਨਹੀਂ ਪਰਤਣਾ.....ਸਾਡੇ ਪਰਿਵਾਰ ਲਈ ਇਹ ਕਦੇ ਵੀ ਪੂਰਾ ਨਾ ਹੋਣ ਵਾਲ਼ਾ ਘਾਟਾ ਹੈ," ਉਨ੍ਹਾਂ ਕਿਹਾ।
"ਸਾਡੀ ਸਾਰੇ ਭਾਈਚਾਰੇ ਅੱਗੇ ਅਪੀਲ ਹੈ ਕਿ ਉਹ ਸਾਡੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ।"
ਸੁਖਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰਾਂ ਵੱਲੋਂ ਜਮਾਨਤ ਕਾਨੂੰਨਾਂ ਵਿੱਚ ਢਿੱਲ ਅਤੇ ਹਥਿਆਰਾਂ ਦੀ ਖੁੱਲ ਕਰਕੇ ਅਪਰਾਧੀ ਸ਼ਰੇਆਮ ਕਤਲੋ-ਗਾਰਤ ਕਰ ਰਹੇ ਹਨ।
"ਬਹੁਤ ਸਾਰੇ ਅਪਰਾਧੀ ਨਸ਼ੇ ਦੀ ਓਵਰਡੋਜ਼ ਜਾਂ ਮੈਂਟਲ ਹੈਲਥ ਦਾ ਬਹਾਨਾ ਲਾਕੇ ਸ਼ਰੇਆਮ ਸਿਸਟਮ ਨਾਲ਼ ਖਿਲਵਾੜ੍ਹ ਕਰ ਰਹੇ ਹਨ। ਅਜਿਹੇ ਵਰਤਾਰਿਆਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੀੜ੍ਹਤ ਪਰਿਵਾਰਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਣਾ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਇਲਾਕੇ ਨਿਊਕਾਸਲ ਦੀ ਬੀਚ ਕੋਲ ਬੁੱਧਵਾਰ ਰਾਤੀ ਇੱਕ ਮੰਦਭਾਗੀ ਘਟਨਾ ਵਿੱਚ 18-ਸਾਲਾ ਏਕਮ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਦੁਖਦਾਈ ਘਟਨਾ ਦੇ ਚਲਦਿਆਂ ਪੁਲਿਸ ਵੱਲੋਂ 22-ਸਾਲਾ Decklen Deaves-Thornton ਉੱਤੇ ਦੋਸ਼ ਆਇਦ ਕੀਤੇ ਗਏ ਹਨ, ਜਿਸਨੇ ਖੁਦ ਨੂੰ ਪੁਲਿਸ ਹਵਾਲੇ ਕਰਦਿਆਂ ਇਸਨੂੰ ਮਹਿਜ਼ ਇੱਕ 'ਦੁਰਘਟਨਾ' ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਪਣੇ ਕਤਲ ਵਾਲ਼ੇ ਦਿਨ ਏਕਮ ਨਿਊਕਾਸਲ ਦੀ 'ਬਾਰ ਬੀਚ' ਦੀ ਪਾਰਕਿੰਗ ਵਿੱਚ ਖੜਾ ਸੀ ਜਦੋਂ ਉਸਤੇ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਮੁਤਾਬਿਕ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੁਝ ਨੌਜਵਾਨ ਕਾਰ ਪਾਰਕ ਵਿੱਚ ਲੜ ਰਹੇ ਸਨ, ਜਦੋਂ ਇੱਕ ਚਿੱਟੀ SUV ਆਈ ਜਿਸ ਵਿਚੋਂ ਇੱਕ ਆਦਮੀ ਕਾਰ ਵਿੱਚੋਂ ਬਾਹਰ ਨਿਕਲਿਆ, ਉਸਨੇ ਗੋਲੀ ਚਲਾਈ, ਤੇ ਫਿਰ ਫਰਾਰ ਹੋ ਗਿਆ।
ਚੋਰੀ ਦੀ ਇਹ ਗੱਡੀ ਲਗਭਗ 20 ਮਿੰਟ ਬਾਅਦ ਨੇੜਲੇ ਇਲਾਕੇ ਟਿੰਗੀਰਾ ਹਾਈਟਸ ਵਿੱਚ ਅੱਗ ਲੱਗੀ ਹੋਈ ਹਾਲਤ ਵਿੱਚ ਮਿਲੀ ਸੀ।
ਇਸ ਦੌਰਾਨ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪੈਰਾਮਾਟਾ ਅਦਾਲਤ ਵਿੱਚ ਵੀਡੀਓ ਲਿੰਕ ਰਾਹੀਂ ਪੇਸ਼ ਹੋਇਆ ਅਤੇ ਉਸਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ।
ਉਸਦੇ ਵਕੀਲ ਮਾਰਕ ਰੈਮਸਲੈਂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸਦਾ ਮੁਵੱਕਿਲ ਸ਼੍ਰੀ ਸਾਹਨੀ ਦੀ ਮੌਤ ਲਈ "ਬਹੁਤ ਪਛਤਾਵੇ" ਵਿੱਚ ਹੈ।
ਦੱਸਿਆ ਜਾਂਦਾ ਹੈ ਕਿ ਏਕਮ ਦਾ ਪਰਿਵਾਰ ਪੰਜਾਬ ਤੋਂ ਰਾਜਪੁਰੇ ਦੇ ਨੇੜੇ ਸਬੰਧ ਰੱਖਦਾ ਹੈ।
ਪੀੜ੍ਹਤ ਪਰਿਵਾਰ ਦੀ ਸਹਾਇਤਾ ਲਈ ਇੱਕ GoFundMe ਪੇਜ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਭਾਈਚਾਰੇ ਵੱਲੋਂ ਵਿੱਤੀ ਸਹਿਯੋਗ ਦਿੱਤਾ ਜਾ ਰਿਹਾ ਹੈ।