ਨਵਦੀਪ ਸਿੰਘ ਹੋਣਗੇ ਗ੍ਰੀਨਜ਼ ਪਾਰਟੀ ਦੇ ਦੂਜੇ ਸਥਾਨ ਦੇ ਸੈਨੇਟਰ ਉਮੀਦਵਾਰ
"ਪੰਜਾਬ ਦੇ ਖੇਤਾਂ ਤੋਂ ਲੈ ਕੇ ਆਸਟ੍ਰੇਲੀਆ ਦੀ ਸਿਆਸੀ ਰੰਗਭੂਮੀ ਤੱਕ, ਮੇਰੀ ਲੜਾਈ ਇੱਕੋ ਜਿਹੀ ਹੈ - ਮਜ਼ਦੂਰਾਂ ਦੇ ਹੱਕ, ਪ੍ਰਵਾਸੀਆਂ ਦੀ ਇੱਜ਼ਤ, ਤੇ ਸੱਤਾਧਾਰੀਆਂ ਤੋਂ ਜਵਾਬਦੇਹੀ, ਇਹ ਸਾਡਾ ਹੀ ਨਹੀਂ ਬਲਕਿ ਹਰ ਜ਼ਿੰਮੇਵਾਰ ਨਾਗਰਿਕ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ" ਨਵਦੀਪ ਸਿੰਘ ਨੇ ਕਿਹਾ।

ਪੇਸ਼ੇ ਵਜੋਂ ਇੱਕ ਮਕੈਨਿਕ ਅਤੇ ਛੋਟੇ ਕਾਰੋਬਾਰੀ ਨਵਦੀਪ ਸਿੰਘ ਨੂੰ ਕੁਈਨਜ਼ਲੈਂਡ ਵਿੱਚ ਗ੍ਰੀਨਜ਼ ਪਾਰਟੀ ਨੇ ਸੈਨੇਟ ਲਈ ਟਿਕਟ ਦਿੰਦਿਆਂ ਦੂਜੇ ਸਥਾਨ ਲਈ ਉਮੀਦਵਾਰ ਐਲਾਨਿਆ ਹੈ ਜਦਕਿ ਉਨ੍ਹਾਂ ਦੀ ਪਹਿਲੀ ਉਮੀਦਵਾਰ ਸੈਨੇਟਰ ਲਾਰੀਸਾ ਵਾਟਰਸ ਹੋਵੇਗੀ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਨਵਦੀਪ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਉਨ੍ਹਾਂ ਸ਼ਹਿਰੀ ਤੇ ਪੇਂਡੂ ਜ਼ਿੰਦਗੀ ਦੇ ਫ਼ਰਕ ਨੂੰ ਨੇੜਿਓਂ ਵੇਖਿਆ ਹੈ, ਜਿੱਥੇ ਮਜ਼ਦੂਰਾਂ ਤੇ ਵਪਾਰੀਆਂ ਦੇ ਜਿਉਣ ਦੇ ਪੱਧਰ ਦਾ ਫਰਕ ਉਨ੍ਹਾਂ ਨੂੰ ਸਦਾ ਸੋਚਣ ਲਈ ਮਜਬੂਰ ਕਰਦਾ ਰਿਹਾ ਹੈ।
2007 ਵਿੱਚ ਉਨ੍ਹਾਂ ਭਾਰਤੀ ਕਾਰਪੋਰੇਟ ਨੌਕਰੀ ਅਤੇ ਮਹਾਂਨਗਰ ਦੀਆਂ ਘੁੰਮਣਘੇਰੀਆਂ ਨੂੰ ਪਿੱਛੇ ਛੱਡ ਕੇ ਆਸਟ੍ਰੇਲੀਆ ਦਾ ਰੁਖ਼ ਕੀਤਾ, ਪਰ 2008 ਦੇ ਆਰਥਿਕ ਮੰਦਵਾੜੇ ਦੌਰਾਨ ਰਾਤੋ-ਰਾਤ ਖਤਮ ਹੁੰਦੀਆਂ ਨੌਕਰੀਆਂ ਅਤੇ ਮੁਲਾਜ਼ਮਾਂ ਨੂੰ ਕਾਰਪੋਰੇਟਾਂ ਦੁਆਰਾ 'ਡਿਸਪੋਜਬਲ' ਸਮਝਣ ਦਾ ਰਵਈਆ ਰਾਜਨੀਤੀ ਦੇ ਕੁਝ ਹੋਰ ਪਾਠ ਪੜਾ ਗਿਆ।
"ਆਰਥਿਕ ਮੰਦਵਾੜੇ ਦੌਰਾਨ ਲੋਕ ਬੈਂਕਾਂ ਦੇ ਵੱਧ ਪੈਸੇ ਕਮਾਉਣ ਦੀ ਖੇਡ ਕਾਰਨ ਆਪਣੇ ਬਚਾਅ ਲਈ ਉਹੜ-ਪੁਹੜ ਕਰ ਰਹੇ ਸਨ, ਪੱਛਮੀ ਮੁਲਕਾਂ ਨੇ ਜਿਹੜੇ ਦੇਸ਼ ਉਜਾੜੇ ਸਨ ਉਥੋਂ ਆ ਰਹੇ ਰਿਫਿਊਜੀਆਂ ਦੀਆਂ ਭਰੀਆਂ ਕਿਸ਼ਤੀਆਂ ਨੂੰ ਰੋਕ ਕੇ ਸਰਕਾਰ ਅਤੇ ਵਿਰੋਧੀ ਧਿਰ ਆਪਣੇ ਆਪ ਨੂੰ ਮਸੀਹੇ ਅਖਵਾਉਣ ਦੀ ਸਿਆਸਤ ਕਰ ਰਹੀਆਂ ਸਨ," ਉਨ੍ਹਾਂ ਕਿਹਾ।
ਅਜਿਹੇ ਸਮੇਂ ਦੌਰਾਨ ਨਵਦੀਪ ਸਿੰਘ ਨੂੰ ਗਰੀਨ ਪਾਰਟੀ ਦੇ ਆਗੂ ਬੋਬ ਬਰਾਉਨ ਦੀ ਮਨੁੱਖਤਾਵਾਦੀ ਸਿਆਸਤ ਨੇ ਪ੍ਰਭਾਵਿਤ ਕੀਤਾ।
"ਜਿਸ ਦਿਨ ਮੈਨੂੰ ਪਤਾ ਲੱਗਾ ਕਿ ਗ੍ਰੀਨ ਪਾਰਟੀ ਕਾਰਪੋਰੇਟ ਡੋਨੇਸ਼ਨ ਨਹੀਂ ਲੈਂਦੀ, ਤਾਂ ਉਸੇ ਸ਼ਾਮ ਮੈਂ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਇਨਸਾਫ਼ ਦੀ ਲੜਾਈ ਵਿੱਚ ਜੁੱਟ ਗਿਆ।"
"ਚਾਹੇ ਆਸਟਰੇਲੀਆ ਵਿੱਚ ਪਨਾਹ ਮੰਗਣ ਵਾਲਿਆਂ ਦਾ ਮਸਲਾ ਹੋਵੇ, ਫਲਸਤੀਨੀਆਂ 'ਤੇ ਜ਼ੁਲਮ ਦਾ ਸਵਾਲ ਹੋਵੇ, ਜਾਂ ਪ੍ਰਵਾਸ ਦੌਰਾਨ ਵਿਛੜੇ ਪਰਿਵਾਰਾਂ ਦੀ ਵਿਥਾ, ਮੇਰਾ ਮਕਸਦ ਹਰ ਫਰੰਟ 'ਤੇ ਇਨਸਾਫ਼ ਦੀ ਗੂੰਜ ਬੁਲੰਦ ਕਰਨਾ ਹੈ।"
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੇ ਬੁਢੇ ਮਾਪਿਆਂ ਨੂੰ ਪੱਕੇ ਪੈਰੀਂ ਆਸਟ੍ਰੇਲੀਆ ਲਿਆਉਣ ਦੀ ਮੁਹਿੰਮ ਵਿੱਚ ਵੀ ਆਪਣਾ ਯੋਗਦਾਨ ਪਾਉਣ ਲਈ ਯਤਨਸ਼ੀਲ ਹਨ।
"ਪੰਜਾਬ ਦੇ ਖੇਤਾਂ ਤੋਂ ਲੈ ਕੇ ਆਸਟ੍ਰੇਲੀਆ ਦੀ ਸਿਆਸੀ ਰੰਗਭੂਮੀ ਤੱਕ, ਮੇਰੀ ਲੜਾਈ ਇੱਕੋ ਜਿਹੀ ਹੈ - ਮਜ਼ਦੂਰਾਂ ਦੇ ਹੱਕ, ਪ੍ਰਵਾਸੀਆਂ ਦੀ ਇੱਜ਼ਤ, ਤੇ ਸੱਤਾਧਾਰੀਆਂ ਤੋਂ ਜਵਾਬਦੇਹੀ, ਇਹ ਸਾਡਾ ਹੀ ਨਹੀਂ ਬਲਕਿ ਹਰ ਜ਼ਿੰਮੇਵਾਰ ਨਾਗਰਿਕ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ" ਨਵਦੀਪ ਸਿੰਘ ਨੇ ਕਿਹਾ।
"ਇਹ ਸਮਾਂ ਤਬਦੀਲੀ ਲਿਆਉਣ ਦਾ ਹੈ ਤੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਆਮ ਲੋਕ ਹੁਣ ਜਾਗਰੂਕ ਹੋ ਰਹੇ ਹਨ। ਬੀਤੇ ਸਾਲਾਂ ਵਿੱਚ ਜਿਸ ਤਰੀਕੇ ਨਾਲ ਮਹਿੰਗਾਈ ਅਤੇ ਹੋਰ ਖਰਚੇ ਵਧੇ ਹਨ ਇਸ ਨਾਲ ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਹਨ ਅਤੇ ਉਹ ਟੈਕਸ ਨਾ ਦੇਣ ਵਾਲੇ ਕਾਰਪੋਰੇਟਾਂ ਖਿਲਾਫ ਲਾਮਬੰਦ ਹੋ ਰਹੇ ਹਨ।"
"ਗ੍ਰੀਨਜ਼ ਉਮੀਦਵਾਰ ਹੋਣ ਦੇ ਨਾਤੇ, ਮੈਂ ਮੁਫ਼ਤ ਸਿੱਖਿਆ ਤੇ ਜੀਪੀ ਸੁਵਿਧਾਵਾਂ, ਰਿਹਾਇਸ਼ੀ ਤਣਾਅ ਵਾਲੇ ਲੋਕਾਂ ਲਈ ਕਿਰਾਏ ਦੀਆਂ ਸੀਮਾਵਾਂ, ਘੱਟ ਮੌਰਗੇਜ, ਅਤੇ ਮੈਡੀਕੇਅਰ ਵਿੱਚ ਦੰਦਾਂ ਤੇ ਮਾਨਸਿਕ ਸਿਹਤ ਨੂੰ ਸ਼ਾਮਲ ਕਰਨ ਲਈ ਵਚਨਬੱਧ ਹਾਂ।"
ਉਧਰ ਗ੍ਰੀਨਜ਼ ਸੈਨੇਟਰ ਲਾਰੀਸਾ ਵਾਟਰਸ ਨੇ ਨਵਦੀਪ ਸਿੰਘ ਨੂੰ ਸੈਨੇਟ ਦੀ ਟਿਕਟ 'ਤੇ ਆਪਣੇ ਮੋਢੇ ਨਾਲ਼ ਮੋਢਾ ਲਾਕੇ ਤੁਰਨ ਦੀ ਗੱਲ ਆਖੀ ਹੈ।
"ਇਸ ਵਾਰ ਦੀਆਂ ਚੋਣਾਂ ਗ੍ਰੀਨਜ਼ ਨੂੰ ਵੋਟ ਪਾਉਣ, ਡਟਨ ਅਤੇ ਗੱਠਜੋੜ ਨੂੰ ਸਰਕਾਰ ਤੋਂ ਬਾਹਰ ਰੱਖਣ ਅਤੇ ਲੇਬਰ ਨੂੰ ਬਣਦੇ ਕੰਮਾਂ ਵੱਲ ਤਵੱਜੋ ਦੇਣ ਲਈ ਮਜਬੂਰ ਕਰਨ ਪੱਖੋਂ ਕਾਫ਼ੀ ਅਹਿਮ ਹਨ," ਉਨ੍ਹਾਂ ਕਿਹਾ।
"ਇੱਕ ਘੱਟ ਗਿਣਤੀ ਸਰਕਾਰ ਦੇ ਨਾਲ, ਅਸੀਂ ਮੈਡੀਕੇਅਰ ਵਿੱਚ ਦੰਦਾਂ ਅਤੇ ਮਾਨਸਿਕ ਸਿਹਤ ਪ੍ਰਦਾਨ ਕਰਨ ਅਤੇ ਰਿਹਾਇਸ਼ ਅਤੇ ਜਲਵਾਯੂ ਸੰਕਟ 'ਤੇ ਬਣਦੀ ਕਾਰਵਾਈ ਕਰਨ ਦੇ ਯੋਗ ਹੋਵਾਂਗੇ।"
What's Your Reaction?






