ਮੈਂ ਹਾਂ ਪੰਜਾਬ - ਸੁਖਪ੍ਰੀਤ ਕੌਰ ਪਵਾਰ - Punjabi Kavita

Nov 9, 2025 - 15:07
 0  5.3k  2

Share -

ਮੈਂ ਹਾਂ ਪੰਜਾਬ - ਸੁਖਪ੍ਰੀਤ ਕੌਰ ਪਵਾਰ - Punjabi Kavita

ਪੰਜਾਬ ਵੱਲੋਂ ਇੱਕ ਖੁੱਲ੍ਹਾ ਖ਼ਤ

ਸਤ ਸ੍ਰੀ ਅਕਾਲ,

 

ਮੈਂ ਹਾਂ ਪੰਜਾਬ

ਮੈਂ ਸਿਰਫ਼ ਨਕਸ਼ੇ ਉੱਤੇ ਇੱਕ ਰਾਜ ਨਹੀਂ,

ਮੈਂ ਉਹ ਧਰਤੀ ਹਾਂ ਜਿਸ ਨੇ ਗੁਰਾਂ ਦੇ ਬਚਨ ਸੁਣੇ,

ਮੈਂ ਉਹ ਰੂਹ ਹਾਂ ਜਿਸਨੇ ਸ਼ਹੀਦਾਂ ਦਾ ਲਹੂ ਚੁੰਮਿਆ,  

ਮੈਂ ਉਹ ਅਣਖ ਹਾਂ ਜਿਸਨੇ ਦੁੱਖਾਂ ਤੇ ਮੌਤ ਨਾਲ ਨਜ਼ਰਾਂ ਮਿਲਾ ਕੇ ਜੀਣਾ ਸਿੱਖਿਆ।

 

ਕਈ ਵਾਰ ਰੋਇਆ ਹਾਂ
1947 ਵਿੱਚ ਜਦ ਮੇਰੇ ਪੁੱਤਾਂ ਨੂੰ ਵੰਡਿਆ ਗਿਆ,
ਨਕਸ਼ੇ ਦੀ ਇਕ ਲਕੀਰ ਨੇ
ਮੇਰੇ ਅੰਗ ਕੱਟ ਦਿੱਤੇ।
ਲਾਹੌਰ, ਰਾਵਲਪਿੰਡੀ, ਅੰਮ੍ਰਿਤਸਰ
ਇੱਕ ਦੂਜੇ ਤੋਂ ਵਿਛੁੜ ਗਏ, ਪਰ ਯਾਦਾਂ ਨਹੀਂ।
ਮਾਂ ਦੇ ਚੁਲ੍ਹੇ ਦੀ ਖੁਸ਼ਬੂ ਵੀ ਸਿਵਿਆ 'ਚ ਤਬਦੀਲ ਹੋ ਗਈ,
ਪਰ ਮੇਰੀ ਗੋਦ ਹਾਲੇ ਵੀ ਖੜੀ ਏ ਉਮੀਦ ਨਾਲ।

1984 ਆਇਆ
ਜਿੱਥੇ ਮੇਰੇ ਨਾਂ ਉੱਤੇ ਮੇਰੀ ਆਸਥਾ ਤੇ ਹਮਲਾ ਹੋਇਆ।
ਮੇਰੇ ਗੁਰਦਵਾਰੇ ਤੇ ਗੋਲੀਆਂ ਚੱਲੀਆਂ,
ਤੇ ਮੇਰੇ ਘਰਾਂ 'ਚ ਅੱਗ ਲੱਗ ਗਈ।
ਪੁੱਤ ਮਾਰੇ ਗਏ,
ਧੀਆਂ ਦੀ ਇਜ਼ਤ ਉਤਾਰੀ ਗਈ, ਮੈਂ ਸਬਰ ਕੀਤਾ।
ਮੈਂ ਆਪਣਾ ਸਿਰ ਝੁਕਾਇਆ ਨਹੀਂ,
ਕਿਉਂਕਿ ਮੇਰੇ ਵਾਸਤੇ
ਸੱਚ ਲਈ ਮਰਣਾ ਵੀ ਇੱਕ ਇੱਜ਼ਤ ਹੈ।

ਕਾਰਗਿਲ ਦੇ ਪਹਾੜਾਂ 'ਤੇ,
ਜਦ ਮੇਰੇ ਜਵਾਨ ਪੁੱਤ ਹੱਸ ਕੇ ਕੂਚ ਕਰ ਗਏ,
ਮੈਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਆਪਣੇ ਹੱਥੀਂ ਚੁੰਮਿਆ।
ਉਹ ਵਾਪਸ ਨਾ ਆਏ,
ਪਰ ਉਨ੍ਹਾਂ ਦੇ ਅਰਮਾਨ ਮੇਰੀ ਹਵਾ ਵਿਚ ਅਜੇ ਵੀ ਘੁੰਮ ਰਹੇ ਨੇ।
ਉਹਨਾਂ ਦੇ ਜਜ਼ਬੇ
ਅੱਜ ਵੀ ਮੇਰੇ ਆਸਮਾਨ 'ਚ ਲਹਿਰਾ ਰਹੇ ਨੇ।

2025 ਦੀ ਹੜ੍ਹ ਨੇ ਮੇਰੀ ਕੋਖ ਨੂੰ ਖਾਲੀ ਕਰ ਦਿੱਤਾ।
ਪਾਣੀ ਨੇ ਘਰ ਲੈ ਲਏ, ਜਾਨਵਰ ਲੈ ਲਏ,
ਬਚਿਆਂ ਦੀਆਂ ਕਾਪੀਆਂ, ਮਾਵਾਂ ਦੀਆਂ ਅੱਖਾਂ ਦੀ ਚਮਕ
ਸਭ ਕੁਝ ਬਹਾ ਲਿਆ।
ਪਰ ਇੱਕ ਚੀਜ਼ ਜੋ ਨਹੀਂ ਡੁੱਬੀ
ਉਹ ਸੀ ਮੇਰੇ ਲੋਕਾਂ ਦੀ ਉਮੀਦ
ਮੇਰੇ ਉਤੇ ਰਹਿੰਦੇ ਪੰਜਾਬੀਆਂ ਨੇ
ਇਕ ਦੂਜੇ ਦੀ ਤਾਕਤ ਬਣ ਕੇ ਦੱਸ ਦਿੱਤਾ ਕਿ
ਸਾਡੀ ਜੜ੍ਹ ਹਾਲੇ ਮਜ਼ਬੂਤ ਏ।
ਕੋਈ ਰੋਟੀਆਂ ਵੰਡ ਰਿਹਾ ਸੀ, ਤੇ ਕੋਈ ਟ੍ਰੈਕਟਰ
ਕੋਈ ਆਪਣੀ ਛੱਤ ਸਾਂਝੀ ਕਰ ਰਿਹਾ ਸੀ, ਤੇ ਕੋਈ ਉਮੀਦ
ਪਾਣੀ ਹਾਰ ਗਿਆ,
ਕਿਉਂਕਿ ਮੇਰੇ ਲੋਕਾਂ ਦਾ ਹੌਂਸਲਾ ਤਕੜਾ ਸੀ

ਮੈਂ ਹਰ ਜੰਗ ਵਿਚ ਸਿਰਫ਼ ਲਹੂ ਨਹੀਂ ਦਿੱਤਾ,
ਸਭ ਤੋਂ ਵੱਧ ਪੁੱਤ ਵੀ ਮੈਂ ਦਿੱਤੇ।
ਮੈਨੂੰ ਵੰਡਿਆ ਗਿਆ, ਸਾੜਿਆ ਗਿਆ, ਡੁਬਾਇਆ ਗਿਆ,
ਪਰ ਮੈਂ ਕਦੇ ਵੀ ਵਿਰੋਧ ਨਹੀਂ ਕੀਤਾ
ਸਿਰਫ਼ ਸਬਰ ਕੀਤਾ।
ਮੈਂ ਭੁੱਖੇ ਹੋ ਕੇ ਵੀ
ਦੂਜਿਆਂ ਦੀ ਪੂਰੀ ਥਾਲੀ ਭਰ ਦਿੱਤੀ।

ਪਰ ਹੁਣ ਮੈਂ ਪੁੱਛਣਾ ਚਾਹੁੰਦਾ ਹਾਂ
ਸਦਾ ਸਜ਼ਾ ਮੈਨੂੰ ਹੀ ਕਿਉਂ?
ਮੇਰੀ ਧਰਤੀ ਹੀ ਇਮਤਿਹਾਨ ਦੀ ਜ਼ਮੀਨ ਕਿਉਂ ਬਣੀ ਰਹਿੰਦੀ ਹੈ?
ਮੇਰੇ ਹਿੱਸੇ ਹੀ ਹਮੇਸ਼ਾ ਦਰਦ ਕਿਉਂ ਆਉਂਦੇ ਹਨ?

ਇਹ ਗੱਲਾਂ ਮੈਂ ਨਫ਼ਰਤ ਵਿਚ ਨਹੀਂ ਕਹਿ ਰਿਹਾ
ਮੈਂ ਪਿਆਰ ਵਿਚ ਕਹਿ ਰਿਹਾ ਹਾਂ।
ਇਨਸਾਫ਼ ਦੀ ਉਮੀਦ ਚ,
ਇੱਕ ਨਵੀਂ ਸਵੇਰ ਦੀ ਉਡੀਕ ਚ।

ਜੇ ਤੁਸੀਂ ਕਦੇ ਮੇਰੀ ਹਵਾ ਵਿਚ ਸਾਹ ਲਿਆ ਹੋਵੇ,
ਮੇਰੀ ਧਰਤੀ 'ਤੇ ਕਦਮ ਰਖਿਆ ਹੋਵੇ,
ਜਾਂ ਮੇਰੇ ਕਿਸੇ ਪੁੱਤ ਦੀ ਕੁਰਬਾਨੀ ਤੋਂ ਲਾਭ ਲਿਆ ਹੋਵੇ
ਤਾਂ ਇੱਕ ਗੁਜ਼ਾਰਸ਼ ਹੈ
ਮੈਨੂੰ ਸਦਾ ਇਮਤਿਹਾਨਾਂ ਦੀ ਜ਼ਮੀਨ ਨਾ ਬਣਾਓ।
ਮੇਰੀ ਪੀੜ੍ਹ ਨੂੰ ਵੀ ਸੁਣੋ,
ਮੇਰੀ ਹਵਾ ਵਿੱਚ ਹਾਲੇ ਵੀ ਪੁਰਾਣਾ ਦਰਦ ਘੁੱਲਿਆ ਹੋਇਆ ਹੈ।
ਮੇਰੀਆਂ ਗਲੀਆਂ ਵਿੱਚ ਅਜੇ ਵੀ ਓਹਨਾਂ ਦੀਆਂ ਚੀਖਾਂ ਹਨ,
ਜਿਨ੍ਹਾਂ ਦੀ ਅਵਾਜ਼ ਕਦੇ ਕਾਗਜ਼ਾਂ 'ਤੇ ਨਹੀਂ ਆਈ।

ਮੈਂ ਨਹੀਂ ਚਾਹੁੰਦਾ ਤਾਰੀਫ਼ਾਂ,
ਮੈਂ ਚਾਹੁੰਦਾ ਹਾਂ ਸਮਝ।
ਮੈਂ ਚਾਹੁੰਦਾ ਹਾਂ ਯਾਦ।
ਤੇ ਮੈਂ ਚਾਹੁੰਦਾ ਹਾਂ ਇਨਸਾਫ਼

ਮੇਰੇ ਪੁੱਤਾਂ, ਧੀਆਂ, ਕਿਸਾਨਾਂ, ਮਜ਼ਦੂਰਾਂ, ਵਿਦਵਾਨਾ,
ਤੇ ਰੋਟੀਆਂ ਵੰਡਣ ਵਾਲਿਆਂ
ਸਭ ਦਾ ਮੈਂ ਧੰਨਵਾਦ ਕਰਦਾ ਹਾਂ।
ਤੁਸੀਂ ਮੈਨੂੰ ਜਿਉਂਦਾ ਰੱਖਿਆ।
ਤੁਸੀਂ ਸਿੱਖਾਇਆ ਕਿ
ਪਿਆਰ, ਭਰੋਸਾ ਤੇ ਹੌਂਸਲਾ
ਕਦੇ ਵੀ ਹਾਰਦਾ ਨਹੀਂ।

ਇਹ ਧਰਤੀ ਹੈ ਗੁਰਾਂ ਦੀ, ਸ਼ਹੀਦਾਂ ਦੀ,
ਜਦ ਤਕ ਦਮ ਵਿਚ ਦਮ ਰਹੇਗਾ,
ਪੰਜਾਬ ਕਦੇ ਨਾ ਝੁਕੇਗਾ, ਨਾ ਰੁਕੇਗਾ।

ਸਿਰ ਉੱਚਾ ਕਰਕੇ ਖੜਾ ਰਹਾਂਗਾ।

ਪਿਆਰ ਤੇ ਅਦਬ ਨਾਲ,

ਤੁਹਾਡਾ ਆਪਣਾ ਪੰਜਾਬ

What's Your Reaction?

like

dislike

love

funny

angry

sad

wow