ਇਹ ਸਿਰਫ਼ ਰੋਟੀ ਨਹੀਂ - ਸੁਖਪ੍ਰੀਤ ਕੌਰ ਪਵਾਰ - Punjabi Kavita
ਆਟਾ ਗੁੰਨਦੀ, ਰੋਟੀ ਬਣਾਉਂਦੀ,
ਉਹ ਸਿਰਫ਼ ਰਸੋਈ ਵਿੱਚ ਖੜੀ ਨਹੀਂ ਹੁੰਦੀ ।
ਉਹ ਦਿਨ ਦੀਆਂ ਚਿੰਤਾਵਾਂ, ਭਵਿੱਖ ਦੇ ਅਣਗਿਣਤ ਸਵਾਲਾਂ,
ਤੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਏ।
ਦੋ ਘਰ, ਦੋ ਦਿਲ, ਦੋ ਰਿਸ਼ਤੇ ।
ਪਰ ਇਕੋ ਜਿਹੀ ਮੁਹੱਬਤ, ਇਕੋ ਜਿਹੀ ਜ਼ਿੰਮੇਵਾਰੀ।
ਸਰੀਰਕ ਤੌਰ 'ਤੇ ਉਹ ਆਪਣੇ ਪਤੀ ਦੇ ਘਰ ਵਿੱਚ ਹੈ,
ਪਰ ਕਦੇ ਵੀ ਮਾਪਿਆਂ, ਭੈਣ-ਭਰਾ ਦੀ ਯਾਦ ਉਸਦੇ ਦਿਲ ਤੋਂ ਦੂਰ ਨਹੀਂ ਹੁੰਦੀ।
ਪੂਰੇ ਦਿਨ ਦੇ ਕੰਮਾਂ ਦੀ ਲਿਸਟ ਬਣਾਉਂਦੀ, ਮਾਪਿਆਂ ਦੀ ਪਿਆਰ ਭਰੀ ਫਿਕਰ।
ਪੁੱਤ-ਧੀ ਦੀਆਂ ਖੁਸ਼ੀਆਂ ਤੇ ਮੁਸ਼ਕਿਲਾ,
ਸਭ ਕੁਝ ਉਸ ਦੇ ਮਨ ਵਿੱਚ ਇੱਕ-ਇੱਕ ਕਰਕੇ ਉਤਰਨ ਲੱਗਦਾ ਏ।
ਰੋਟੀ ਬਣਾਉਂਦਿਆਂ ਉਹ ਸਿਰਫ਼ ਰੋਟੀ ਨਹੀਂ ਗੋਲ ਘੁੰਮਾਉਂਦੀ,
ਉਹ ਆਪਣੇ ਹੌਸਲਿਆਂ ਤੇ ਸੋਚਾਂ ਨੂੰ ਵੀ ਘੁੰਮਾਉਂਦੀ ਹੈ।
ਉਹ ਕਦੇ ਮਾਂ ਦੇ ਘਰ ਚਲੇ ਜਾਂਦੀ ਤੇ ਕਦੇ ਮਾਸੀ ਦੇ।
ਕਦੇ ਭੈਣ ਨਾਲ ਹੱਸੇ ਹਾਸੇ ਗੂੰਜ ਪਾਉਂਦੇ,
ਤੇ ਕਦੇ ਪਿਓ ਦੇ ਲਾਡ ਯਾਦ ਕਰਦੀ ।
ਕਦੇ ਭਵਿੱਖ ਦੇ ਸੁਪਨੇ ਵੇਖਦੀ ।
ਬੱਚਿਆਂ ਦੀ ਕਾਮਯਾਬੀ, ਆਪਣਾ ਸਿਹਤਮੰਦ ਜੀਵਨ।
ਕਦੇ ਕਦੇ ਉਹ ਉਥੇ ਵੀ ਜਾਂਦੀ ।
ਜਿੱਥੇ ਉਹ ਕਦੇ ਗਈ ਹੀ ਨਹੀਂ ।
ਆਪਣੇ ਅਧੂਰੇ ਸੁਪਨਿਆਂ ਤੇ ਇਰਾਦਿਆਂ ਵਿੱਚ।
ਇਹ ਰੋਟੀ ਬਣਾਉਣ ਦਾ ਸਮਾਂ।
ਉਸਦਾ ਆਪਣਾ ਖ਼ਾਮੋਸ਼ ‘ਥੈਰੇਪੀ ਸੈਸ਼ਨ’ ਬਣ ਜਾਂਦਾ ਏ ।
ਜਿੱਥੇ ਉਹ ਆਪਣੇ ਸਟ੍ਰੈੱਸ, ਆਪਣੇ ਸਵਾਲ ।
ਅਧੂਰੇ ਸੁਪਨੇ ਅਤੇ ਭਵਿੱਖ ਦੀ ਰੂਪਰੇਖੇ,
ਆਪਣੇ ਅੰਦਰ ਹੀ ਹੌਲੀ ਹੌਲੀ ਸੁਲਝਾ ਰਹੀ ਹੁੰਦੀ ਏ।
ਉਹ ਇੱਕ ਹੀ ਸਮੇਂ ਵਿੱਚ ਹਜ਼ਾਰਾਂ ਜਜ਼ਬਾਤਾਂ ਨਾਲ ਜੁਝਦੀ ਹੈ।
ਪਰ ਕਿਸੇ ਨੂੰ ਦੱਸਣ ਤੋਂ ਕਤਰਾੳਦੀ ਹੈ,
ਕਿਉਂਕਿ ਮਰਿਆਦਾ ਅਤੇ ਪਰਿਵਾਰ ਦੇ ਕਨੂੰਨ ਹਮੇਸ਼ਾ ਉਸਦੇ ਹੱਕਾਂ ਤੋਂ ਉੱਪਰ ਹੁੰਦੇ ਨੇ। ਇਹੀ ਉਸਦੀ ਜ਼ਿੰਦਗੀ ਦੀ ਸੱਚਾਈ ਹੈ ।
ਦੋਹਰੀ ਜ਼ਿੰਮੇਵਾਰੀ, ਅਣਗਿਣਤ ਚਿੰਤਾਵਾਂ ਤੇ ਇੱਕ ਅਸਮਾਪਤ ਕਵਿਤਾ ਜੋ ਸਿਰਫ਼ ਉਸਦੀ ਰਸੋਈ ਵਿੱਚ ਹੀ ਲਿਖੀ ਜਾਂਦੀ ਹੈ।
ਦਿਲ ਕਰਦਾ — ਕੋਈ ਪੁੱਛੇ:
"ਤੂੰ ਠੀਕ ਤਾਂ ਏ?"
ਪਰ ਇਸ ਪੱਥਰ ਬਣੇ ਸਿਸਟਮ ਵਿੱਚ
ਇਹ ਗੱਲ ਕੌਣ ਪੁੱਛਦਾ?
ਇਹ ਰੋਟੀ ਸਿਰਫ਼ ਰੋਟੀ ਨਹੀਂ ਮੇਰਾ ਦਿਨ, ਮੇਰਾ ਬੋਝ
ਮੇਰੀ ਔਰਤ ਹੋਣ ਦੀ ਕਵਿਤਾ ਏ।
ਇਹ ਮੇਰੀ ਲਗਨ ਏ
ਮੇਰਾ ਪਿਆਰ ਵੀ, ਮੇਰੀ ਕੁਰਬਾਨੀ ਵੀ।
ਜਦੋਂ ਤੂ ਰੋਟੀ ਖਾਵੇਂ
ਇੱਕ ਵਾਰੀ ਸੋਚੀਂ
ਉਸ ਔਰਤ ਬਾਰੇ, ਜਿਸ ਨੇ ਸਿਰਫ਼ ਆਟਾ ਨਹੀਂ ਗੁੰਨਿਆ,
ਉਸ ਨੇ ਆਪਣੇ ਅੰਦਰਲੇ ਦੁੱਖ, ਸੁੱਖ, ਸੁਪਨੇ, ਅਧੂਰੀਆਂ ਚਾਹਤਾਂ, ਖ਼ਾਮੋਸ਼ੀ
ਤੇ ਆਪਣਾ ਆਪ ਗੁੰਨਿਆ ਏ। ਤਿੰਨ ਕਾਲਾਂ ਦੀ ਯਾਤਰਾ ਕੀਤੀ
ਅਤੇ ਫਿਰ ਵੀ ਮੁਸਕਰਾ ਕੇ,
ਰੋਟੀ ਤੇ ਮੱਖਣ ਰੱਖ ਦਿੱਤਾ।
What's Your Reaction?
