ਫੁੱਟਬਾਲ ਦੀ ਦੁਨੀਆਂ ਦਾ ਉਭਰਦਾ ਸਿਤਾਰਾ: ਅਵੀਜੋਤ ਸਿੰਘ ਸਿੱਧੂ
ਇਸ ਸਾਲ ਦੀਆਂ ਸਿਡਨੀ ਵਿਚਲੀਆਂ ਸਿੱਖ ਖੇਡਾਂ ਲਈ ਉਹ ਪੰਜਾਬ ਲੋਇਨ ਕਲੱਬ ਦੀ ਜੂਨੀਅਰ ਨਹੀਂ ਬਲਕਿ ਸੀਨੀਅਰ ਟੀਮ ਲਈ ਗੋਲਕੀਪਰ ਵਜੋਂ ਖੇਡਣ ਦਾ ਪ੍ਰਮੁੱਖ ਦਾਵੇਦਾਰ ਹੈ।

ਐਡੀਲੇਡ ਦਾ 71-ਸਾਲ ਪੁਰਾਣਾ ਸੈਲਿਜ਼ਬਰੀ ਯੂਨਾਈਟਡ ਫੁੱਟਬਾਲ ਕਲੱਬ, ਦੱਖਣੀ ਆਸਟ੍ਰੇਲੀਆ ਦੇ ਸਾਕਰ ਸਰਕਟ ਦਾ ਇੱਕ ਜਾਣਿਆ-ਪਹਿਚਾਣਿਆ ਨਾਂ ਹੈ।
ਇੱਕ ਮੁੱਛ-ਫੁੱਟ ਪੰਜਾਬੀ ਗੱਭਰੂ ਦਾ ਹਾਲ ਹੀ ਵਿੱਚ ਇਸ ਕਲੱਬ ਦੀ U16 ਟੀਮ ਦਾ ਕਪਤਾਨ ਚੁਣਿਆ ਜਾਣਾ ਸਾਡਾ ਧਿਆਨ ਮੰਗਦਾ ਹੈ।
ਅਵੀਜੋਤ ਨੇ 2018 ਵਿੱਚ ਛੋਟੀ ਉਮਰੇ ਇਸ ਫੁਟਬਾਲ ਕਲੱਬ ਲਈ ਖੇਡਣਾ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ, ਉਨ੍ਹਾਂ ਲਈ 150 ਦੇ ਕਰੀਬ ਮੈਚ ਖੇਡ ਚੁੱਕਾ ਹੈ।
ਐਡੀਲੇਡ ਦਾ ਇਹ ਵਸਨੀਕ ਹੁਣ ਤੱਕ ਇਸੇ ਕਲੱਬ ਵੱਲੋਂ ਖੇਡਿਆ ਹੈ ਤੇ ਉਸਨੇ ਅਨੇਕਾਂ ਮੈਚ ਜਿੱਤਣ ਵਿੱਚ ਆਪਣੀ ਟੀਮ ਦੀ ਸਹਾਇਤਾ ਕੀਤੀ ਹੈ।
ਪਿਛਲੇ ਪੰਜ ਸਾਲ ਤੋਂ ਉਹ ਬਤੌਰ ਗੋਲ ਕੀਪਰ ਖੇਡ ਰਿਹਾ ਹੈ ਤੇ ਪਿਛਲੇ ਸਾਲ ਦੀ 'ਮੈਨ ਆਫ ਦ ਈਅਰ' ਟਰਾਫੀ ਵੀ ਉਸਦੀ ਕੈਬਿਨੇਟ ਦਾ ਸ਼ਿੰਗਾਰ ਬਣ ਰਹੀ ਹੈ।
ਦੱਸਣਯੋਗ ਹੈ ਕਿ ਸੈਲਿਜ਼ਬਰੀ ਯੂਨਾਈਟਡ ਐਫ ਸੀ ਪਿਛਲੇ ਸਾਲ ਅੰਡਰ 15 ਵਰਗ ਦੀ ਚੈਂਪੀਅਨ ਬਣੀ ਜਿਸ ਦੌਰਾਨ ਉਨ੍ਹਾਂ ਇੱਕ ਵੀ ਮੈਚ ਨਹੀਂ ਹਾਰਿਆ।
ਅਵੀਜੋਤ ਦੇ ਪਿਤਾ ਗੁਰਮੀਤ ਸਿੰਘ ਸਿੱਧੂ ਅਤੇ ਮਾਂ ਮਨਦੀਪ ਕੌਰ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਉਹ ਆਪਣੇ ਬੇਟੇ ਦੀਆਂ ਖੇਡਾਂ ਵਿਚਲੀਆਂ ਰੁਚੀਆਂ ਅਤੇ ਪ੍ਰਾਪਤੀਆਂ ਤੋਂ ਕਾਫ਼ੀ ਖੁਸ਼ ਹਨ।
"ਇੱਕ ਸਿੱਖ-ਸਰਦਾਰ ਮੁੰਡੇ ਦਾ ਇਥੋਂ ਦੇ ਮੰਨੇ-ਪ੍ਰਮੰਨੇ ਕਲੱਬ ਲਈ ਬਤੌਰ ਕਪਤਾਨ ਖੇਡਣਾ ਸਾਡੇ ਲਈ ਮਾਇਨੇ ਰੱਖਦਾ ਹੈ। ਸ਼ਾਲਾ ਅਵੀਜੋਤ, ਆਪਣੀ ਮੇਹਨਤ ਸਦਕੇ ਹੋਰ ਤਰੱਕੀਆਂ ਕਰੇ," ਉਨ੍ਹਾਂ ਕਿਹਾ।
ਜ਼ਿਕਰਯੋਗ ਹੈ ਕਿ ਅਵੀਜੋਤ ਪਿਛਲੇ ਸਾਲ 2024 ਦੀਆਂ ਸਿੱਖ ਖੇਡਾਂ ਵਿੱਚ ਵੀ ਅੰਡਰ 15 ਟੀਮ ਦਾ ਅਟੁੱਟ ਹਿੱਸਾ ਰਿਹਾ।
ਇਸ ਸਾਲ ਦੀਆਂ ਸਿਡਨੀ ਵਿਚਲੀਆਂ ਸਿੱਖ ਖੇਡਾਂ ਲਈ ਉਹ ਪੰਜਾਬ ਲੋਇਨ ਕਲੱਬ ਦੀ ਜੂਨੀਅਰ ਨਹੀਂ ਬਲਕਿ ਸੀਨੀਅਰ ਟੀਮ ਲਈ ਗੋਲਕੀਪਰ ਵਜੋਂ ਖੇਡਣ ਦਾ ਪ੍ਰਮੁੱਖ ਦਾਵੇਦਾਰ ਹੈ।
ਅਵੀਜੋਤ ਦਾ ਪਰਿਵਾਰ ਮੋਗੇ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਇੰਦਗੜ੍ਹ ਨਾਲ ਸਬੰਧ ਰੱਖਦਾ ਹੈ।
ਉਸ ਦੇ ਪਿਤਾ ਗੁਰਮੀਤ ਸਿੰਘ ਸਿੱਧੂ ਉਸਨੂੰ ਸਾਊਥ ਆਸਟ੍ਰੇਲੀਆ ਦੀ ਸਟੇਟ ਟੀਮ ਤੇ ਫਿਰ ਆਸਟ੍ਰੇਲੀਆ ਦੀ ਨੈਸ਼ਨਲ ਟੀਮ ਵੱਲੋਂ ਖੇਡਦਾ ਵੇਖਣ ਦੀ ਤਮੰਨਾ ਰੱਖਦੇ ਹਨ - ਤੇ ਇਹ ਤਮੰਨਾ ਹੋਵੇ ਵੀ ਕਿਓਂ ਨਾ ਕਿਓਂਕਿ ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ......
ਅਦਾਰਾ ਰੇਡੀਓ ਹਾਂਜੀ ਅਵੀਜੋਤ ਤੇ ਉਸਦੇ ਪਰਿਵਾਰ ਨੂੰ ਇਹਨਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਪੇਸ਼ ਕਰਦਾ ਹੈ।
ਸ਼ਾਲਾ, ਉਹ ਆਪਣੀਆਂ ਇਹ ਖੇਡ ਪ੍ਰਾਪਤੀਆਂ ਜਾਰੀ ਰੱਖੇ ਅਤੇ ਆਪਣੇ ਮਾਪਿਆਂ ਤੇ ਭਾਈਚਾਰੇ ਲਈ ਮਾਣ ਦਾ ਸਬੱਬ ਬਣੇ.....
What's Your Reaction?






