
ਆਸਟ੍ਰੇਲੀਆ ਦੀ ਬਹੁ-ਪੱਖੀ ਸ਼ਖਸੀਅਤ ਡਾ: ਸਰਮੁਹੱਬਤ ਸਿੰਘ ਰੰਧਾਵਾ ਨਾਲ਼ ਵਿਸ਼ੇਸ਼ ਮੁਲਾਕਾਤ
Host:-

ਸੁਹਾਵੀ ਆਡੀਓ ਬੁੱਕਸ ਵਾਲ਼ੇ ਡਾ: ਸਰਮੁਹੱਬਤ ਸਿੰਘ ਰੰਧਾਵਾ ਨੂੰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਸਮਾਜਿਕ ਉੱਦਮੀ ਅਤੇ ਉੱਘੇ ਕਾਰੋਬਾਰੀ ਵਜੋਂ ਜਾਣਿਆ ਜਾਂਦਾ ਹੈ।
ਡਾ: ਰੰਧਾਵਾ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ਼ ਸੁਹਾਵੀ ਆਡੀਓਬੁੱਕਸ ਨਾਮ ਦੀ ਇੱਕ ਐਪ ਤਿਆਰ ਕੀਤੀ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਲਿਖਤਾਂ ਨੂੰ 'ਬੋਲਦੀਆਂ ਕਿਤਾਬਾਂ' ਦਾ ਰੂਪ ਦਿੱਤਾ ਗਿਆ ਹੈ।
ਰੇਡੀਓ ਹਾਂਜੀ ਨਾਲ਼ ਇੰਟਰਵਿਊ ਦੌਰਾਨ ਡਾ: ਰੰਧਾਵਾ ਨੇ ਦੱਸਿਆ ਕਿ ਗੁਰਮੁਖੀ ਅਤੇ ਸ਼ਾਹਮੁਖੀ ਦੀਆਂ ਦੀਵਾਰਾਂ ਮਿਟਾਉਣ ਹਿਤ ਇਹ ਇੱਕ ਵੱਡਾ ਕਾਰਜ ਹੈ ਜਿਸ ਪਿੱਛੇ ਉਨ੍ਹਾਂ ਦਾ ਮਕਸਦ ਆਪਣੇ ਦਸਵੰਧ ਨੂੰ ਇੱਕ ਚੰਗੇ ਕਾਰਜ ਲੇਖੇ ਲਾਓਣਾ ਹੈ ਨਾਕਿ ਕਿਸੇ ਤਰਾਂਹ ਦਾ ਪਰੋਫਿਟ ਕਮਾਉਣਾ।
ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਨੇ ਸੁਹਾਵੀ ਆਡੀਓਬੁੱਕਸ ਦਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਓਥੇ ਭਾਸ਼ਾ ਵਿਭਾਗ ਪੰਜਾਬ (ਭਾਰਤ), ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਾਕਿਸਤਾਨ) ਨੇ ਵੀ ਆਪਣੇ ਬੂਹੇ ਇਸ ਸੰਸਥਾ ਲਈ ਖੋਲ ਦਿੱਤੇ ਹਨ।
ਦੱਸਦੇ ਜਾਈਏ ਕਿ ਸੁਹਾਵੀ ਆਡੀਓਬੁੱਕਸ, ਏ-ਆਈ (AI) ਉੱਪਰ ਖੋਜ ਕਰਕੇ 'ਵਾਇਸ ਟੂ ਟੈਕਸਟ' ਤਕਨੀਕ ਨੂੰ ਪੰਜਾਬੀ ਭਾਸ਼ਾ ਵਿੱਚ ਵਿਕਸਿਤ ਕਰਨ ਹਿਤ ਵੀ ਨਿਰੰਤਰ ਕਾਰਜਸ਼ੀਲ ਹੈ। ਡਾ: ਰੰਧਾਵਾ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਸਮੇਂ ਦਾ ਹਾਣੀ ਬਣਦਿਆਂ ਦੇਖਣ ਲਈ ਤਤਪਰ ਹਨ - ਅਤੇ ਸਾਡੀ ਭਾਸ਼ਾ ਪੰਜ ਦਰਿਆਵਾਂ ਦੀ ਭਾਸ਼ਾ ਨਾ ਰਹਿਕੇ ਪੂਰੀ ਦੁਨੀਆਂ ਵਿੱਚ ਫੈਲੇ ਇਹ ਉਨ੍ਹਾਂ ਦਾ ਸੁਪਨਾ ਹੈ।
ਡਾ. ਰੰਧਾਵਾ ਵਾਤਾਵਰਣ, ਸੱਭਿਆਚਾਰ ਅਤੇ ਸਮਾਜ ਪ੍ਰਤੀ ਵੀ ਸੁਹਿਰਦ ਹਨ। ਉਨ੍ਹਾਂ "ਲਿਟਲ ਬਿਗ ਸ਼ੈੱਡ" ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਹੈ ਜੋ ਕਿ ਲੋਕਾਂ ਨੂੰ ਘੱਟ ਖਰੀਦਣ, ਚੀਜ਼ਾਂ ਉਧਾਰ ਲੈਣ, ਫਾਲਤੂ ਖਰੀਦੋ-ਫ਼ਰੋਖ਼ਤ ਨੂੰ ਘਟਾਉਣ ਅਤੇ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਕਰਨ ਲਈ ਇੱਕ 'ਔਨਲਾਈਨ ਸ਼ੇਅਰਿੰਗ' ਪਲੇਟਫਾਰਮ ਹੈ।
ਇੱਕ ਕਾਰੋਬਾਰੀ ਵਜੋਂ ਉਨ੍ਹਾਂ ਦਾ ਲੰਬੇ ਸਮੇਂ ਤੋਂ ਇੱਕ ਕਾਰ ਡਿਟੈਲਿੰਗ ਬਿਜ਼ਨੈੱਸ ਵੀ ਹੈ ਅਤੇ ਨਾਲ਼ੋ-ਨਾਲ਼ ਉਹ ਆਪਣੇ ਸਹਿਯੋਗੀ ਕਾਰੋਬਾਰੀਆਂ ਨਾਲ ਮਿਲਕੇ ਕਈ ‘ਹੈਲਥ ਐਂਡ ਫਿੱਟਨੈੱਸ ਜਿੱਮ’ ਵੀ ਚਲਾ ਰਹੇ ਹਨ।
ਡਾ. ਰੰਧਾਵਾ ਨੇ ਆਪਣੇ ਮਾਪਿਆਂ ਅਤੇ ਭੈਣ ਤੋਂ ਮਿਲ਼ੀ ਪ੍ਰੇਰਣਾ ਸਦਕਾ ਬਿਜ਼ਨਸ ਸਾਇੰਸ ਇੰਸਟੀਚਿਊਟ, ਲਕਸਮਬਰਗ ਅਤੇ ਲਿਓਨ ਯੂਨੀਵਰਸਿਟੀ, ਫਰਾਂਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਵਿੱਚ RMIT ਯੂਨੀਵਰਸਿਟੀ, ਮੈਲਬੌਰਨ ਤੋਂ ਕੀਤੀ Executive MBA ਵੀ ਸ਼ਾਮਲ ਹੈ।
ਡਾ: ਸਰਮੁਹੱਬਤ ਸਿੰਘ ਰੰਧਾਵਾ ਦੀ ਬਹੁ-ਪੱਖੀ ਸ਼ਖਸੀਅਤ ਬਾਰੇ ਹੋਰ ਜਾਨਣ ਲਈ ਰੇਡੀਓ ਹਾਂਜੀ ਤੋਂ ਡਾ: ਪ੍ਰੀਤਇੰਦਰ ਗਰੇਵਾਲ ਦੁਆਰਾ ਕੀਤੀ ਇਹ ਇੰਟਰਵਿਊ ਸੁਣੋ.....
What's Your Reaction?






