ਦੱਖਣੀ ਸਪੇਨ ’ਚ ਭਿਆਨਕ ਰੇਲ ਹਾਦਸਾ: ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਆਹਮੋ-ਸਾਹਮਣੇ ਟੱਕਰ, 39 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖ਼ਮੀ; ਕੋਰਡੋਬਾ ਨੇੜੇ ਪਟੜੀ ਤੋਂ ਉਤਰਨ ਕਾਰਨ ਵਾਪਰੀ ਘਟਨਾ
ਦੱਖਣੀ ਸਪੇਨ ਦੇ ਕੋਰਡੋਬਾ ਨੇੜੇ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਵਿਚਾਲੇ ਵਾਪਰੇ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 39 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਰੇਲ ਆਪਰੇਟਰ ‘ਅਦੀਫ’ ਮੁਤਾਬਕ ਮਲਾਗਾ ਤੋਂ ਮੈਡਰਿਡ ਜਾ ਰਹੀ ਲਗਪਗ 300 ਮੁਸਾਫ਼ਰਾਂ ਵਾਲੀ ਨਿੱਜੀ ਕੰਪਨੀ (ਇਰੀਓ) ਦੀ ਰੇਲਗੱਡੀ ਦਾ ਆਖ਼ਰੀ ਡੱਬਾ ਅਚਾਨਕ ਲੀਹੋਂ ਲੱਥ ਕੇ ਦੂਜੀ ਪਟੜੀ 'ਤੇ ਜਾ ਚੜ੍ਹਿਆ ਅਤੇ ਸਾਹਮਣਿਓਂ ਆ ਰਹੀ ਸਰਕਾਰੀ ਕੰਪਨੀ (ਰੇਨਫੇ) ਦੀ ਰੇਲਗੱਡੀ ਨਾਲ ਜ਼ਬਰਦਸਤ ਟਕਰਾ ਗਿਆ। ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਹਾਦਸੇ ਨੂੰ 'ਬੇਹੱਦ ਅਜੀਬ' ਕਰਾਰ ਦਿੱਤਾ ਹੈ ਕਿਉਂਕਿ ਟਰੈਕ ਹਾਲ ਹੀ ਵਿੱਚ ਨਵਿਆਇਆ ਗਿਆ ਸੀ। ਰਾਹਤ ਅਤੇ ਬਚਾਅ ਟੀਮਾਂ ਵੱਲੋਂ ਮਲਬੇ ਵਿੱਚੋਂ ਲਾਸ਼ਾਂ ਤੇ ਜ਼ਖ਼ਮੀਆਂ ਨੂੰ ਕੱਢਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ।
ਦੱਖਣੀ ਸਪੇਨ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਰੇਲ ਹਾਦਸਾ ਵਾਪਰਿਆ ਹੈ, ਜਿੱਥੇ ਦੋ ਹਾਈ-ਸਪੀਡ ਰੇਲਗੱਡੀਆਂ ਦੀ ਭਿਆਨਕ ਟੱਕਰ ਹੋਣ ਕਾਰਨ ਘੱਟੋ-ਘੱਟ 39 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਮੁਤਾਬਕ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮੌਤਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਸਪੈਨਿਸ਼ ਰੇਲਵੇ ਨੈੱਟਵਰਕ ਆਪਰੇਟਰ ‘ਅਦੀਫ’ (Adif) ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਐਤਵਾਰ ਸ਼ਾਮ ਲਗਪਗ 7:45 ਵਜੇ ਕੋਰਡੋਬਾ ਸ਼ਹਿਰ ਦੇ ਨਜ਼ਦੀਕ ਵਾਪਰਿਆ। ਮਲਾਗਾ ਤੋਂ ਰਾਜਧਾਨੀ ਮੈਡਰਿਡ ਵੱਲ ਲਗਭਗ 300 ਯਾਤਰੀਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਕੰਪਨੀ 'ਇਰੀਓ' (Iryo) ਦੀ ਹਾਈ-ਸਪੀਡ ਰੇਲਗੱਡੀ ਦਾ ਆਖ਼ਰੀ ਡੱਬਾ ਅਚਾਨਕ ਪਟੜੀ ਤੋਂ ਉਤਰ ਗਿਆ। ਬੇਕਾਬੂ ਹੋਇਆ ਇਹ ਡੱਬਾ ਉਲਟ ਦਿਸ਼ਾ ਵਾਲੇ ਟਰੈਕ 'ਤੇ ਜਾ ਡਿੱਗਿਆ, ਜਿੱਥੋਂ ਮੈਡਰਿਡ ਤੋਂ ਹੁਏਲਵਾ ਵੱਲ ਜਾ ਰਹੀ ਸਰਕਾਰੀ ਕੰਪਨੀ 'ਰੇਨਫੇ' (Renfe) ਦੀ ਰੇਲਗੱਡੀ (ਜਿਸ ਵਿੱਚ ਕਰੀਬ 200 ਯਾਤਰੀ ਸਵਾਰ ਸਨ) ਪੂਰੀ ਰਫ਼ਤਾਰ ਨਾਲ ਆ ਰਹੀ ਸੀ। ਦੋਵਾਂ ਟਰੇਨਾਂ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਡੱਬੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ।
ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਐਮਰਜੈਂਸੀ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਘਟਨਾ 'ਸੱਚਮੁੱਚ ਬਹੁਤ ਅਜੀਬ' ਹੈ ਕਿਉਂਕਿ ਜਿਸ ਟਰੈਕ 'ਤੇ ਇਹ ਹਾਦਸਾ ਹੋਇਆ, ਉਹ ਪੂਰੀ ਤਰ੍ਹਾਂ ਸਮਤਲ ਸੀ ਅਤੇ ਪਿਛਲੇ ਸਾਲ ਮਈ ਮਹੀਨੇ ਹੀ ਉਸ ਦੀ ਵਿਆਪਕ ਮੁਰੰਮਤ ਕੀਤੀ ਗਈ ਸੀ। ਇਸ ਤੋਂ ਇਲਾਵਾ, ਜਿਸ ਰੇਲਗੱਡੀ ਦਾ ਡੱਬਾ ਲੀਹੋਂ ਲੱਥਾ, ਉਹ ਚਾਰ ਸਾਲ ਤੋਂ ਵੀ ਘੱਟ ਪੁਰਾਣੀ ਅਤੇ ਆਧੁਨਿਕ ਤਕਨੀਕ ਨਾਲ ਲੈਸ ਸੀ।
ਹਾਦਸੇ ਦੇ ਅਸਲ ਤਕਨੀਕੀ ਕਾਰਨਾਂ ਦੀ ਜਾਂਚ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਸ ਦਰਦਨਾਕ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਰੇਲਵੇ ਟਰੈਕਾਂ 'ਤੇ ਮਲਬਾ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਲਈ ਰਾਹਤ ਟੀਮਾਂ ਲਗਾਤਾਰ ਮਸ਼ੱਕਤ ਕਰ ਰਹੀਆਂ ਹਨ।
What's Your Reaction?