4 ਨਵੰਬਰ ਨੂੰ ਸੰਗਰੂਰ ’ਚ ਕਾਂਗਰਸ ਦੀ ਵਿਸ਼ਾਲ 'ਹਿਸਾਬ ਮੰਗੋ' ਰੈਲੀ; ਰਾਹੁਲ ਗਾਂਧੀ ਕਰਨਗੇ ਸ਼ਿਰਕਤ, 'ਆਪ' ਸਰਕਾਰ ਨੂੰ ਕਾਨੂੰਨ-ਵਿਵਸਥਾ ਤੇ ਨਸ਼ਿਆਂ ਦੇ ਮੁੱਦੇ 'ਤੇ ਘੇਰਨ ਦੀ ਰਣਨੀਤੀ
ਪੰਜਾਬ ਕਾਂਗਰਸ ਵੱਲੋਂ 4 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਗੜ੍ਹ ਸੰਗਰੂਰ ਵਿਖੇ ਇੱਕ ਵਿਸ਼ਾਲ 'ਹਿਸਾਬ ਮੰਗੋ' ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਚੰਡੀਗੜ੍ਹ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਦੀ ਲੰਮੀ ਮੀਟਿੰਗ ਤੋਂ ਬਾਅਦ ਏਆਈਸੀਸੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਇਸ ਦਾ ਰਸਮੀ ਐਲਾਨ ਕੀਤਾ। ਇਸ ਰੈਲੀ ਰਾਹੀਂ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰੇਗੀ। ਪਾਰਟੀ ਲੀਡਰਸ਼ਿਪ ਨੇ ਸਪੱਸ਼ਟ ਕੀਤਾ ਕਿ ਇਸ ਰੈਲੀ ਵਿੱਚ ਸੂਬੇ ਦੀ ਡਾਵਾਂਡੋਲ ਕਾਨੂੰਨ-ਵਿਵਸਥਾ, ਗੈਂਗਸਟਰਵਾਦ, ਨਸ਼ਿਆਂ ਦੇ ਵਧ ਰਹੇ ਜਾਲ ਅਤੇ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਮੁੱਦਿਆਂ 'ਤੇ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਤੋਂ ਸਿੱਧਾ ਹਿਸਾਬ ਮੰਗਿਆ ਜਾਵੇਗਾ।
ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੇ ਸੂਬੇ ਵਿੱਚ ਆਪਣੀ ਸਿਆਸੀ ਮੁਹਿੰਮ ਵਿੱਢਣ ਦਾ ਵੱਡਾ ਫ਼ੈਸਲਾ ਲਿਆ ਹੈ।ਕਾਂਗਰਸ 4 ਨਵੰਬਰ ਨੂੰ ਸੰਗਰੂਰ ਵਿਖੇ ਇੱਕ ਵਿਸ਼ਾਲ 'ਹਿਸਾਬ ਮੰਗੋ' ਮਹਾਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ।
ਕਾਂਗਰਸ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਪੰਜਾਬ ਦੇ ਲੋਕਾਂ ਨਾਲ ਜੋ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਹ ਪੂਰੀ ਤਰ੍ਹਹਵਾ-ਹਵਾਈ ਸਾਬਤ ਹੋਏ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਦਤਰ ਹੋ ਚੁੱਕੀ ਹੈ, ਦਿਨ-ਦਿਹਾੜੇ ਕਤਲ ਹੋ ਰਹੇ ਹਨ, ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਨਸ਼ਿਆਂ ਦਾ ਕਹਿਰ ਨੌਜਵਾਨੀ ਨੂੰ ਨਿਗਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਸਿਰਫ਼ ਇਸ਼ਤਿਹਾਰਬਾਜ਼ੀ ਦਾ ਸਹਾਰਾ ਲੈ ਰਹੀ ਹੈ।
ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਪੰਜਾਬ ਦੇ ਲੋਕਾਂ, ਕਿਸਾਨਾਂ ਅਤੇ ਨੌਜਵਾਨਾਂ ਨਾਲ ਗੂੜ੍ਹਾ ਸਨੇਹ ਹੈ। ਉਹ 4 ਨਵੰਬਰ ਨੂੰ ਸੰਗਰੂਰ ਦੀ ਧਰਤੀ ਤੋਂ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦਾ ਕੱਚਾ-ਚਿੱਠਾ ਲੋਕਾਂ ਦੀ ਕਚਹਿਰੀ ਵਿੱਚ ਰੱਖਣਗੇ ਅਤੇ ਸਰਕਾਰ ਤੋਂ ਜਵਾਬਦੇਹੀ ਮੰਗਣਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਕਾਂਗਰਸ ਨੇ ਸਮੂਹ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਸਿਆਸੀ ਮਾਹਿਰਾਂ ਮੁਤਾਬਕ ਕਾਂਗਰਸ ਦਾ ਮੁੱਖ ਮੰਤਰੀ ਦੇ ਗੜ੍ਹ ਵਿੱਚ ਰੈਲੀ ਕਰਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਰਟੀ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਪੂਰੀ ਆਕ੍ਰਾਮਕਤਾ ਨਾਲ ਲੜਨ ਦੇ ਰੌਂਅ ਵਿੱਚ ਹੈ।
What's Your Reaction?