ਸੁਖਬੀਰ ਬਾਦਲ ਭਾਜਪਾ ਨੂੰ ਖ਼ੁਸ਼ ਕਰਨ 'ਚ ਲੱਗੇ, ਹੱਦਬੰਦੀ ਬਿੱਲ 'ਤੇ ਯੂ-ਟਰਨ 'ਤੇ ਰਾਜਾ ਵੜਿੰਗ ਨੇ ਘੇਰਿਆ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਉਹ ਆਪਣੀ ਸਿਆਸੀ ਹੋਂਦ ਬਚਾਉਣ ਲਈ ਭਾਰਤੀ ਜਨਤਾ ਪਾਰਟੀ (BJP) ਨੂੰ ਖ਼ੁਸ਼ ਕਰਨ ਵਿੱਚ ਲੱਗੇ ਹੋਏ ਹਨ। ਵੜਿੰਗ ਨੇ ਹੱਦਬੰਦੀ ਬਿੱਲ (Delimitation Bill) 'ਤੇ ਅਕਾਲੀ ਦਲ ਵੱਲੋਂ ਲਏ ਗਏ ਯੂ-ਟਰਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕਰਨ ਲਈ ਉਤਾਵਲਾ ਹੋ ਰਿਹਾ ਹੈ।
ਪੰਜਾਬ ਦੀ ਰਾਜਨੀਤੀ ਵਿੱਚ ਹੱਦਬੰਦੀ ਬਿੱਲ (Delimitation Bill) ਦੇ ਮੁੱਦੇ 'ਤੇ ਇੱਕ ਵਾਰ ਫਿਰ ਤਿੱਖੀ ਬਿਆਨਬਾਜ਼ੀ ਛਿੜ ਗਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਭਾਜਪਾ ਨੂੰ ਖ਼ੁਸ਼ ਕਰਨ ਦੇ ਚੱਕਰ ਵਿੱਚ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਵਿਖੇ ਆਪਣਾ ਪੱਖ ਰੱਖਦਿਆਂ ਰਾਜਾ ਵੜਿੰਗ ਨੇ ਅਕਾਲੀ ਦਲ ਵੱਲੋਂ ਹੱਦਬੰਦੀ ਬਿੱਲ 'ਤੇ ਲਏ ਗਏ ਯੂ-ਟਰਨ ਦੀ ਕੜੀ ਆਲੋਚਨਾ ਕੀਤੀ।
ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਭਾਜਪਾ ਨਾਲ ਚੋਣ ਗੱਠਜੋੜ ਕਰਨ ਲਈ ਇੰਨੀ ਜਲਦੀ ਵਿੱਚ ਕਿਉਂ ਹਨ ਕਿ ਉਨ੍ਹਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਦੀ ਹੱਦਬੰਦੀ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਵੀ ਆਪਣਾ ਪੁਰਾਣਾ ਰੁਖ਼ ਬਦਲਣਾ ਪਿਆ। ਉਨ੍ਹਾਂ ਚੇਤੇ ਕਰਵਾਇਆ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਅਕਾਲੀ ਦਲ ਨੇ ਇਸ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਦੱਸਿਆ ਸੀ, ਪਰ ਹੁਣ ਅਚਾਨਕ ਅਕਾਲੀ ਦਲ ਨੂੰ ਇਹ ਬਿੱਲ ਠੀਕ ਲੱਗਣ ਲੱਗ ਪਿਆ ਹੈ। ਵੜਿੰਗ ਅਨੁਸਾਰ ਸੁਖਬੀਰ ਬਾਦਲ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਪੱਕਾ ਕਰਨ ਲਈ ਹੀ ਇਹ ਸਭ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੌਰਾਨ ਜਦੋਂ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਨਹੀਂ ਹੋ ਸਕਿਆ ਸੀ, ਤਾਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਹਿੱਤਾਂ 'ਤੇ ਕੋਈ ਸਮਝੌਤਾ ਨਹੀਂ ਕਰਨਗੇ। ਪਰ ਅੱਜ ਅਕਾਲੀ ਨੇਤਾ ਮੁੜ ਤੋਂ ਕੇਂਦਰ ਸਰਕਾਰ ਅਤੇ ਭਾਜਪਾ ਦੀਆਂ ਨਜ਼ਰਾਂ ਵਿੱਚ ਪ੍ਰਵਾਨਗੀ ਹਾਸਲ ਕਰਨ ਲਈ ਗਿਰਗਿਟ ਵਾਂਗ ਰੰਗ ਬਦਲ ਰਹੇ ਹਨ। ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਭਾਵੇਂ ਅਕਾਲੀ ਦਲ ਅਤੇ ਭਾਜਪਾ ਆਪਸ ਵਿੱਚ ਹੱਥ ਮਿਲਾ ਵੀ ਲੈਣ, ਫਿਰ ਵੀ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।
ਰਾਜਾ ਵੜਿੰਗ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਨਾ ਤਾਂ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਨੂੰ ਭੁੱਲੇ ਹਨ ਅਤੇ ਨਾ ਹੀ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਨੂੰ ਭੁੱਲੇ ਹਨ। ਇਨ੍ਹਾਂ ਦੋਵਾਂ ਮੁੱਦਿਆਂ ਲਈ ਅਕਾਲੀ ਦਲ ਅਤੇ ਭਾਜਪਾ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਆਪਸੀ ਗੱਠਜੋੜ ਸਿਰਫ਼ ਉਨ੍ਹਾਂ ਦੀ ਸਿਆਸੀ ਮੌਕਾਪ੍ਰਸਤੀ ਨੂੰ ਹੀ ਜੱਗ ਜਾਹਿਰ ਕਰੇਗਾ ਅਤੇ ਸੂਬੇ ਦੇ ਸਮਝਦਾਰ ਵੋਟਰ 2027 ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਣਗੇ।
What's Your Reaction?