ਅੰਮ੍ਰਿਤਪਾਲ ਸਿੰਘ ਦਿੱਲੀ ਪਹੁੰਚੇ, ਦਾਦੀ ਦੇ ਅੰਤਿਮ ਸਸਕਾਰ ਲਈ 21 ਨਵੰਬਰ ਨੂੰ ਆਉਣਗੇ ਪੰਜਾਬ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਪਹੁੰਚ ਗਏ ਹਨ। ਉਹ ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ 21 ਨਵੰਬਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਪਹੁੰਚਣਗੇ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਪਣੀ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਦੀ ਪੰਜਾਬ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਸੁਰੱਖਿਆ ਦੇ ਘੇਰੇ ਵਿੱਚ ਹਵਾਈ ਅੱਡੇ ਲਿਆਂਦਾ ਗਿਆ। ਇਸ ਦੌਰਾਨ ਸੱਤ ਗੱਡੀਆਂ ਦਾ ਕਾਫ਼ਲਾ ਉਨ੍ਹਾਂ ਦੇ ਨਾਲ ਸੀ, ਜਿਸ ਵਿੱਚ ਪੰਜਾਬ ਪੁਲਿਸ ਅਤੇ ਅਸਾਮ ਪੁਲਿਸ ਦੇ ਜਵਾਨ ਮੌਜੂਦ ਸਨ। ਦਿੱਲੀ ਪਹੁੰਚਣ ਤੋਂ ਬਾਅਦ ਉਹ ਰਾਤ ਉੱਥੇ ਹੀ ਰਹਿਣਗੇ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਲਈ ਰਵਾਨਾ ਹੋਣਗੇ।
ਅਦਾਲਤ ਨੇ ਤਿੰਨ ਘੰਟਿਆਂ ਦੀ ਦਿੱਤੀ ਇਜਾਜ਼ਤ
ਅੰਮ੍ਰਿਤਸਰ ਦੀ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਤਿੰਨ ਘੰਟਿਆਂ ਦੀ ਇਜਾਜ਼ਤ ਦਿੱਤੀ ਗਈ ਹੈ।
ਅਦਾਲਤੀ ਹੁਕਮਾਂ ਅਨੁਸਾਰ, ਉਹ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪਿੰਡ ਵਿੱਚ ਰਹਿ ਸਕਣਗੇ। ਇਸ ਪੂਰੇ ਸਮੇਂ ਦੌਰਾਨ ਉਹ ਪੁਲਿਸ ਦੀ ਹਿਰਾਸਤ ਅਤੇ ਸੁਰੱਖਿਆ ਹੇਠ ਰਹਿਣਗੇ।
ਜ਼ਿਕਰਯੋਗ ਹੈ ਕਿ ਚਰਨ ਕੌਰ ਦਾ 8 ਨਵੰਬਰ ਨੂੰ 84 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਪਰਿਵਾਰ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਵਿੱਚ ਅੰਤਿਮ ਰਸਮਾਂ ਨਿਭਾਉਣ ਦੀ ਇੱਛਾ ਪ੍ਰਗਟਾਈ ਗਈ ਸੀ।
22 ਨਵੰਬਰ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਜਾਣਗੇ
ਅੰਮ੍ਰਿਤਪਾਲ ਸਿੰਘ ਦੇ ਵਕੀਲ ਜਸਬੀਰ ਕੌਰ ਮੁਤਾਬਕ, ਪੰਜਾਬ ਵਿੱਚ ਆਪਣੀਆਂ ਪਰਿਵਾਰਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ 22 ਨਵੰਬਰ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਵਾਪਸ ਲਿਜਾਇਆ ਜਾਵੇਗਾ।
ਅਦਾਲਤ ਨੇ ਉਨ੍ਹਾਂ ਨੂੰ 22 ਨਵੰਬਰ ਨੂੰ ਹੋਣ ਵਾਲੀ ਅਸਥੀਆਂ ਇਕੱਠੀਆਂ ਕਰਨ ਦੀ ਰਸਮ ਅਤੇ 23 ਨਵੰਬਰ ਨੂੰ ਹੋਣ ਵਾਲੇ ਭੋਗ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ।
ਇਸ ਤੋਂ ਪਹਿਲਾਂ 14 ਨਵੰਬਰ ਨੂੰ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਯੋਜਨਾ ਬਣਾਈ ਗਈ ਸੀ, ਪਰ ਹਵਾਈ ਸਫ਼ਰ ਅਤੇ ਆਵਾਜਾਈ ਨਾਲ ਜੁੜੀਆਂ ਮੁਸ਼ਕਲਾਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਸੀ।
ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਅਪ੍ਰੈਲ 2023 ਤੋਂ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
What's Your Reaction?