ਗੁਰਿਆਈ ਦਿਵਸ ਸ੍ਰੀ ਗੁਰੂ ਰਾਮਦਾਸ ਜੀ: ਇਤਿਹਾਸ, ਨਿਮਰਤਾ ਤੇ ਸੇਵਾ ਦੀ ਮਿਸਾਲ - Didar Singh
Host:-
Didar Singh
ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਗੁਰਿਆਈ ਦਿਵਸ ਦਾ ਸੰਪੂਰਨ ਇਤਿਹਾਸ। ਜਾਣੋ ਭਾਈ ਜੇਠਾ ਜੀ ਦੇ ਮੁਢਲੇ ਜੀਵਨ, ਬਾਉਲੀ ਸਾਹਿਬ ਦੀ ਸੇਵਾ ਅਤੇ ਥੜ੍ਹਿਆਂ ਦੀ ਪ੍ਰੀਖਿਆ ਬਾਰੇ।
ਸਿੱਖ ਇਤਿਹਾਸ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਮਰਤਾ, ਨਿਸ਼ਕਾਮ ਸੇਵਾ ਅਤੇ ਗੁਰੂ ਪ੍ਰਤੀ ਅਥਾਹ ਸਮਰਪਣ ਦਾ ਉਹ ਚਾਨਣ-ਮੁਨਾਰਾ ਹੈ, ਜਿਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਸਾਹਿਬ ਦੀ ਵਡਿਆਈ ਕਰਦਿਆਂ ਫੁਰਮਾਇਆ ਹੈ:
"ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ॥ ਪੂਰਨੁ ਤਾਲੁ ਖਟਾਇਆ ਅੰਮ੍ਰਿਤਸਰਿ ਵਿਚਿ ਜੋਤਿ ਜਗਾਵੈ॥"
ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ਜਿੱਥੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਦਰਜ ਹੈ, ਉੱਥੇ ਹੀ ਭੱਟ ਸਾਹਿਬਾਨ ਨੇ ਵੀ ਸਭ ਤੋਂ ਵੱਧ ਸਵੱਈਏ ਚੌਥੇ ਪਾਤਸ਼ਾਹ ਜੀ ਦੀ ਪਾਵਨ ਸਿਫ਼ਤ-ਸਾਲਾਹ ਵਿੱਚ ਉਚਾਰੇ ਹਨ।
ਮੁਢਲਾ ਜੀਵਨ ਅਤੇ ਸੰਘਰਸ਼
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਭਾਈ ਹਰੀਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਪਰਿਵਾਰ ਦੇ ਸਭ ਤੋਂ ਵੱਡੇ ਸਪੁੱਤਰ ਹੋਣ ਕਰਕੇ ਆਪ ਜੀ ਦਾ ਨਾਮ ਭਾਈ ਜੇਠਾ ਜੀ ਰੱਖਿਆ ਗਿਆ।
ਅਜੇ ਆਪ ਜੀ ਬਚਪਨ ਵਿੱਚ ਹੀ ਸਨ ਕਿ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਮਾਪਿਆਂ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਸ਼ਰੀਕੇ-ਬਰਾਦਰੀ ਵਾਲਿਆਂ ਨੇ ਵੀ ਸਾਥ ਛੱਡ ਦਿੱਤਾ। ਅਜਿਹੀ ਹਾਲਤ ਵਿੱਚ ਆਪ ਜੀ ਦੀ ਨਾਨੀ ਜੀ ਆਪ ਨੂੰ ਆਪਣੇ ਪਿੰਡ ਬਾਸਰਕੇ ਲੈ ਆਏ, ਜੋ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੱਦੀ ਪਿੰਡ ਵੀ ਸੀ। ਨਾਨਕੇ ਘਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ, ਜਿਸ ਕਾਰਨ ਭਾਈ ਜੇਠਾ ਜੀ ਨੇ ਪਰਿਵਾਰ ਦੇ ਗੁਜ਼ਾਰੇ ਲਈ ਛੋਟੀ ਉਮਰੇ ਹੀ ਘੁੰਗਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ।
ਗੋਇੰਦਵਾਲ ਸਾਹਿਬ ਆਗਮਨ ਅਤੇ ਨਿਰਸਵਾਰਥ ਸੇਵਾ
ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਗੁਰਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਿਤ ਕੀਤਾ, ਤਾਂ ਸੰਗਤਾਂ ਦਾ ਵੱਡਾ ਇਕੱਠ ਹੋਣ ਲੱਗਾ। ਭਾਈ ਜੇਠਾ ਜੀ ਵੀ ਆਪਣੀ ਨਾਨੀ ਜੀ ਸਮੇਤ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ। ਇੱਥੇ ਆਪ ਜੀ ਦਿਨ ਵੇਲੇ ਘੁੰਗਣੀਆਂ ਵੇਚ ਕੇ ਰੋਜ਼ੀ-ਰੋਟੀ ਕਮਾਉਂਦੇ ਅਤੇ ਬਾਕੀ ਸਾਰਾ ਸਮਾਂ ਗੁਰੂ ਦਰਬਾਰ ਦੀ ਸੇਵਾ ਅਤੇ ਸੰਗਤ ਦੀ ਟਹਿਲ ਵਿੱਚ ਬਤੀਤ ਕਰਦੇ। ਹੌਲੀ-ਹੌਲੀ ਆਪ ਜੀ ਨੇ ਪੱਕੇ ਤੌਰ 'ਤੇ ਗੁਰੂ ਚਰਨਾਂ ਵਿੱਚ ਹੀ ਰਹਿਣ ਦਾ ਫੈਸਲਾ ਕਰ ਲਿਆ।
ਬੀਬੀ ਭਾਨੀ ਜੀ ਨਾਲ ਅਨੰਦ ਕਾਰਜ
ਸ੍ਰੀ ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰ ਅਤੇ ਦੋ ਸਪੁੱਤਰੀਆਂ ਸਨ। ਵੱਡੀ ਸਪੁੱਤਰੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋ ਚੁੱਕਾ ਸੀ। ਜਦੋਂ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦੇ ਰਿਸ਼ਤੇ ਦੀ ਗੱਲ ਚੱਲੀ, ਤਾਂ ਮਾਤਾ ਜੀ ਨੇ ਕੋਲੋਂ ਲੰਘ ਰਹੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਆਖਿਆ ਕਿ ਵਰ ਅਜਿਹਾ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਸਾਦਗੀ ਅਤੇ ਉੱਚਾ ਆਚਰਣ ਦੇਖ ਕੇ ਬਚਨ ਕੀਤਾ ਕਿ "ਇਸ ਵਰਗਾ ਕੇਵਲ ਇਹੀ ਹੈ।" ਇਸ ਉਪਰੰਤ ਬੀਬੀ ਭਾਨੀ ਜੀ ਦਾ ਅਨੰਦ ਕਾਰਜ ਭਾਈ ਜੇਠਾ ਜੀ ਨਾਲ ਸੰਪੰਨ ਹੋਇਆ।
ਬਾਉਲੀ ਸਾਹਿਬ ਦੀ ਸੇਵਾ ਅਤੇ ਸ਼ਰੀਕਿਆਂ ਦਾ ਮਿਹਣਾ
ਗੋਇੰਦਵਾਲ ਸਾਹਿਬ ਵਿਖੇ ਪਾਵਨ ਬਾਉਲੀ ਸਾਹਿਬ ਦੀ ਸੇਵਾ ਦੌਰਾਨ ਭਾਈ ਜੇਠਾ ਜੀ ਨੇ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਗਾਰੇ ਦੀਆਂ ਟੋਕਰੀਆਂ ਢੋਹੀਆਂ। ਇੱਕ ਦਿਨ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਜਦੋਂ ਆਪਣੇ ਜਵਾਈ ਨੂੰ ਗਾਰੇ ਦੀ ਟੋਕਰੀ ਚੁੱਕੀ ਵੇਖਿਆ, ਤਾਂ ਉਨ੍ਹਾਂ ਮਿਹਣੇ ਮਾਰਦਿਆਂ ਕਿਹਾ ਕਿ "ਜੇ ਮਜ਼ਦੂਰੀ ਹੀ ਕਰਨੀ ਸੀ ਤਾਂ ਲਾਹੌਰ ਆ ਜਾਂਦਾ, ਇੱਥੇ ਘਰ-ਜਵਾਈ ਬਣ ਕੇ ਗਾਰੇ ਦੀਆਂ ਟੋਕਰੀਆਂ ਢੋਂਦਾ ਹੈਂ।" ਇਹ ਗੱਲ ਉਨ੍ਹਾਂ ਗੁਰੂ ਅਮਰਦਾਸ ਜੀ ਅੱਗੇ ਵੀ ਦੁਹਰਾਈ।
ਗੁਰੂ ਪਾਤਸ਼ਾਹ ਨੇ ਸ਼ਰੀਕੇ ਵਾਲਿਆਂ ਨੂੰ ਜਵਾਬ ਦਿੰਦਿਆਂ ਬਚਨ ਕੀਤਾ ਕਿ "ਤੁਹਾਨੂੰ ਜੇਠੇ ਦੇ ਸਿਰ ਉੱਤੇ ਗਾਰੇ ਦੀ ਟੋਕਰੀ ਨਜ਼ਰ ਆਉਂਦੀ ਹੈ, ਪਰ ਇਹ ਗਾਰਾ ਨਹੀਂ ਬਲਕਿ ਦੀਨ-ਦੁਨੀਆ ਦਾ ਛਤਰ ਹੈ। ਇੱਕ ਦਿਨ ਸਾਰੀ ਲੋਕਾਈ ਵੇਖੇਗੀ ਕਿ ਜੇਠੇ ਦੇ ਸਿਰ 'ਤੇ ਦੋਹਾਂ ਜਹਾਨਾਂ ਦਾ ਛਤਰ ਝੁੱਲੇਗਾ।"
ਥੜ੍ਹਿਆਂ ਦੀ ਪ੍ਰੀਖਿਆ ਅਤੇ ਗੁਰਿਆਈ ਦੀ ਬਖ਼ਸ਼ਿਸ਼
ਸੰਨ 1574 ਵਿੱਚ ਜਦੋਂ ਗੁਰੂ ਅਮਰਦਾਸ ਜੀ ਨੇ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣਿਆ, ਤਾਂ ਗੁਰਿਆਈ ਦੀ ਜ਼ਿੰਮੇਵਾਰੀ ਲਈ ਸੰਗਤ ਦੇ ਸ਼ੰਕੇ ਦੂਰ ਕਰਨ ਵਾਸਤੇ ਦੋਵਾਂ ਜਵਾਈਆਂ—ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਦੀ ਪ੍ਰੀਖਿਆ ਲਈ। ਦੋਵਾਂ ਨੂੰ ਵੱਖੋ-ਵੱਖ ਥੜ੍ਹੇ ਬਣਾਉਣ ਲਈ ਕਿਹਾ ਗਿਆ।
ਗੁਰੂ ਜੀ ਵੱਲੋਂ ਵਾਰ-ਵਾਰ ਕਮੀ ਕੱਢ ਕੇ ਥੜ੍ਹੇ ਢੁਹਾਏ ਜਾਂਦੇ ਰਹੇ। ਤੀਜੇ ਦਿਨ ਭਾਈ ਰਾਮਾ ਜੀ ਧੀਰਜ ਗੁਆ ਬੈਠੇ ਅਤੇ ਕਹਿਣ ਲੱਗੇ ਕਿ ਬਿਰਧ ਅਵਸਥਾ ਕਾਰਨ ਗੁਰੂ ਜੀ ਨੂੰ ਭੁੱਲਣ ਦਾ ਰੋਗ ਲੱਗ ਗਿਆ ਹੈ। ਦੂਜੇ ਪਾਸੇ ਭਾਈ ਜੇਠਾ ਜੀ ਨੇ ਹੱਥ ਜੋੜ ਕੇ ਅਰਦਾਸ ਕੀਤੀ: "ਹੇ ਸਤਿਗੁਰੂ ਜੀ! ਮੈਂ ਅਣਜਾਣ ਅਤੇ ਭੁੱਲਣਹਾਰ ਹਾਂ, ਮੇਰੇ ਵਿੱਚ ਹੀ ਸਮਝ ਦੀ ਘਾਟ ਹੈ। ਜੇ ਆਪ ਜੀ ਦੀ ਰਹਿਮਤ ਹੋਵੇ ਤਾਂ ਹੀ ਮੈਂ ਸਹੀ ਥੜ੍ਹਾ ਬਣਾ ਸਕਦਾ ਹਾਂ।"
ਭਾਈ ਜੇਠਾ ਜੀ ਦੀ ਇਸ ਅਗਾਧ ਨਿਮਰਤਾ ਅਤੇ ਸਮਰਪਣ ਨੂੰ ਦੇਖਦੇ ਹੋਏ ਗੁਰੂ ਅਮਰਦਾਸ ਜੀ ਨੇ ਸੰਨ 1574 ਵਿੱਚ ਉਨ੍ਹਾਂ ਨੂੰ ਚੌਥੇ ਪਾਤਸ਼ਾਹ ਵਜੋਂ ਗੁਰਤਾਗੱਦੀ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕੀਤੀ ਅਤੇ ਗੁਰੂ ਕਾ ਚੱਕ (ਸ੍ਰੀ ਅੰਮ੍ਰਿਤਸਰ ਸਾਹਿਬ) ਵਸਾਉਣ ਦਾ ਹੁਕਮ ਦਿੱਤਾ।
Frequently Asked Questions
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੀ?
ਗੁਰੂ ਰਾਮਦਾਸ ਜੀ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ?
ਬਾਉਲੀ ਸਾਹਿਬ ਦੀ ਕਾਰ-ਸੇਵਾ ਦੌਰਾਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਬਾਰੇ ਕੀ ਬਚਨ ਕਹੇ ਸਨ?
ਗੁਰਿਆਈ ਦੀ ਬਖ਼ਸ਼ਿਸ਼ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਕਿਹੜੀ ਪਰਖ ਕੀਤੀ?
ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਕਦੋਂ ਪ੍ਰਾਪਤ ਹੋਈ?
What's Your Reaction?