ਬ੍ਰਿਟੇਨ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ: NISAU ਅਤੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਵਿਚਾਲੇ ਅਹਿਮ ਸਮਝੌਤਾ; ਦਾਖ਼ਲੇ ਤੋਂ ਲੈ ਕੇ ਪੱਕੇ ਰੁਜ਼ਗਾਰ ਤੱਕ ਮਿਲੇਗਾ ਪੂਰਾ ਸਹਿਯੋਗ
ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਸਿਰਮੌਰ ਸੰਸਥਾ 'ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨਾਈ ਯੂਨੀਅਨ' (NISAU) ਯੂਕੇ ਅਤੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ (London Met) ਵਿਚਕਾਰ ਇੱਕ ਇਤਿਹਾਸਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਹਾਊਸ ਆਫ਼ ਲਾਰਡਜ਼ ਵਿੱਚ ਹੋਏ ਇਸ ਸਮਝੌਤੇ ਦਾ ਮੁੱਖ ਮਕਸਦ ਬ੍ਰਿਟੇਨ ਜਾਣ ਦੇ ਚਾਹਵਾਨ ਅਤੇ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਯੋਜਨਾਬੰਦੀ ਤੋਂ ਲੈ ਕੇ ਕੈਂਪਸ ਸਿੱਖਿਆ, ਭਲਾਈ, ਗ੍ਰੈਜੂਏਸ਼ਨ ਅਤੇ ਬਾਅਦ ਵਿੱਚ ਯੂਕੇ ਤੇ ਭਾਰਤ ਵਿੱਚ ਪੱਕੇ ਰੁਜ਼ਗਾਰ (ਕਰੀਅਰ) ਹਾਸਲ ਕਰਨ ਤੱਕ ਸੰਪੂਰਨ ਸਹਿਯੋਗ ਮੁਹੱਈਆ ਕਰਵਾਉਣਾ ਹੈ। 'ਟ੍ਰਿਪਲ ਹੈਲਿਕਸ ਮਾਡਲ' ’ਤੇ ਆਧਾਰਿਤ ਇਹ ਸਾਂਝੇਦਾਰੀ ਯੂਨੀਵਰਸਿਟੀਆਂ, ਉਦਯੋਗਾਂ (ਰੁਜ਼ਗਾਰਦਾਤਿਆਂ) ਅਤੇ ਸਰਕਾਰੀ ਨੀਤੀ ਘਾੜਿਆਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਵੇਗੀ, ਜਿਸ ਨਾਲ ਭਾਰਤ-ਬ੍ਰਿਟੇਨ 'ਵਿਜ਼ਨ 2035' ਅਤੇ ਪ੍ਰਸਤਾਵਿਤ ਮੁਫ਼ਤ ਵਪਾਰ ਸਮਝੌਤੇ ਨੂੰ ਵਿਹਾਰਕ ਮਜ਼ਬੂਤੀ ਮਿਲੇਗੀ।
ਬ੍ਰਿਟੇਨ (ਯੂਕੇ) ਵਿੱਚ ਉੱਚ ਸਿੱਖਿਆ ਹਾਸਲ ਕਰਨ ਅਤੇ ਉੱਥੇ ਆਪਣਾ ਕਰੀਅਰ ਸਥਾਪਿਤ ਕਰਨ ਦੇ ਚਾਹਵਾਨ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਰਾਹਤ ਅਤੇ ਉਤਸ਼ਾਹ ਭਰੀ ਖ਼ਬਰ ਸਾਹਮਣੇ ਆਈ ਹੈ। ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪ੍ਰਮੁੱਖ ਜਥੇਬੰਦੀ 'ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨਾਈ ਯੂਨੀਅਨ' (NISAU) ਯੂਕੇ ਅਤੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਇੱਕ ਅਹਿਮ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਹਨ।
ਬ੍ਰਿਟਿਸ਼ ਸੰਸਦ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਇਸ ਰਸਮੀ ਸਮਝੌਤੇ ’ਤੇ ਮੋਹਰ ਲਗਾਈ ਗਈ। ਇਸ ਭਾਈਵਾਲੀ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ 'ਟ੍ਰਿਪਲ ਹੈਲਿਕਸ ਮਾਡਲ' (Triple Helix Model) ਹੈ, ਜਿਸ ਤਹਿਤ ਦੋਵਾਂ ਦੇਸ਼ਾਂ ਦੇ ਅਕਾਦਮਿਕ ਅਦਾਰਿਆਂ, ਕਾਰਪੋਰੇਟ ਰੁਜ਼ਗਾਰਦਾਤਿਆਂ ਅਤੇ ਸਰਕਾਰੀ ਨੀਤੀ ਘਾੜਿਆਂ ਨੂੰ ਇੱਕੋ ਸਾਂਝੇ ਮੰਚ 'ਤੇ ਲਿਆਂਦਾ ਜਾਵੇਗਾ ਤਾਂ ਜੋ ਪੜ੍ਹਾਈ ਪੂਰੀ ਹੁੰਦਿਆਂ ਹੀ ਵਿਦਿਆਰਥੀਆਂ ਨੂੰ ਬਾਜ਼ਾਰ ਦੀਆਂ ਮੰਗਾਂ ਅਨੁਸਾਰ ਢੁਕਵੀਆਂ ਨੌਕਰੀਆਂ ਮਿਲ ਸਕਣ।
ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਜੂਲੀ ਹੌਲ ਨੇ ਇਸ ਸਮਝੌਤੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿੱਚ ਉਸਾਰੂ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਅਜਿਹੇ ਪ੍ਰਭਾਵਸ਼ਾਲੀ ਰਸਤੇ ਤਿਆਰ ਕਰੇਗੀ ਜੋ ਵਿਦਿਆਰਥੀਆਂ ਨੂੰ ਨਵੇਂ ਤਜਰਬੇ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਦੇ ਗਲੋਬਲ ਆਗੂ ਅਤੇ ਨਵੀਨਤਾਕਾਰੀ (ਇਨੋਵੇਟਰ) ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਯੂਨੀਵਰਸਿਟੀ ਦਾ ਪਾਠਕ੍ਰਮ ਯੂਕੇ ਅਤੇ ਭਾਰਤ ਦੋਵਾਂ ਦੇ ਉਦਯੋਗਾਂ ਦੀਆਂ ਮੌਜੂਦਾ ਲੋੜਾਂ ਅਨੁਸਾਰ ਢਾਲਿਆ ਜਾਵੇਗਾ।
NISAU ਦੀ ਸੰਸਥਾਪਕ ਅਤੇ ਪ੍ਰਧਾਨ ਸਨਮ ਅਰੋੜਾ ਨੇ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ 'ਵਿਜ਼ਨ 2035' ਅਤੇ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ (CETA) ਦੁਵੱਲੇ ਸਬੰਧਾਂ ਦਾ ਭਵਿੱਖ ਘੜ ਰਹੇ ਹਨ, ਪਰ ਇਨ੍ਹਾਂ ਸਬੰਧਾਂ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਦਾ ਅਸਲ ਕੰਮ ਹਰ ਸਾਲ ਬ੍ਰਿਟੇਨ ਆਉਣ ਵਾਲੇ ਭਾਰਤੀ ਵਿਦਿਆਰਥੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕਿਸੇ ਵਿਦਿਆਰਥੀ ਦੇ ਭਾਰਤ ਵਿੱਚ ਬੈਠ ਕੇ ਯੂਕੇ ਵਿੱਚ ਪੜ੍ਹਾਈ ਦੇ ਸੁਪਨੇ ਦੇਖਣ ਤੋਂ ਲੈ ਕੇ, ਉਸ ਦੇ ਬ੍ਰਿਟੇਨ ਪਹੁੰਚਣ, ਲੰਡਨ ਮੈਟ ਵਿੱਚ ਸਿੱਖਿਆ ਗ੍ਰਹਿਣ ਕਰਨ, ਭਲਾਈ ਯਕੀਨੀ ਬਣਾਉਣ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਲੰਡਨ ਜਾਂ ਭਾਰਤ ਵਿੱਚ ਪੱਕਾ ਕਰੀਅਰ ਸਥਾਪਿਤ ਕਰਨ ਤੱਕ ਦਾ ਹਰ ਕਦਮ ਸੁਖਾਲਾ ਬਣਾਏਗਾ।
ਸਾਲ 2012 ਤੋਂ ਕਾਰਜਸ਼ੀਲ NISAU ਬ੍ਰਿਟੇਨ ਵਿੱਚ ਭਾਰਤੀ ਨੌਜਵਾਨਾਂ ਦੇ ਹੱਕਾਂ ਦੀ ਲਗਾਤਾਰ ਪੈਰਵੀ ਕਰਦੀ ਆ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਮਝੌਤੇ ਨਾਲ ਵੀਜ਼ਾ ਅਤੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ (ਗ੍ਰੈਜੂਏਟ ਰੂਟ ਵੀਜ਼ਾ) ਦੌਰਾਨ ਨੌਕਰੀਆਂ ਲੱਭਣ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਵੱਡੇ ਪੱਧਰ 'ਤੇ ਘਟਾਇਆ ਜਾ ਸਕੇਗਾ।
What's Your Reaction?
