ਹਰਿਆਣਾ ਕੈਬਨਿਟ ਵੱਲੋਂ 'ਲੈਂਡ ਪੂਲਿੰਗ ਪਾਲਿਸੀ-2026' ਨੂੰ ਹਰੀ ਝੰਡੀ: ਜ਼ਮੀਨ ਮਾਲਕਾਂ ਨੂੰ ਮਿਲੇਗਾ 50 ਫ਼ੀਸਦ ਵਿਕਣਯੋਗ ਰਕਬਾ; 4 ਸਾਲਾਂ ਲਈ ਪ੍ਰਤੀ ਏਕੜ 1 ਲੱਖ ਸਾਲਾਨਾ ਵਿੱਤੀ ਮਦਦ ਦਾ ਪ੍ਰਬੰਧ, ਮਾਰਕੀਟ ਵੈਲਿਊ ਦੀ ਸ਼ਰਤ ਖ਼ਤਮ
ਹਰਿਆਣਾ ਸਰਕਾਰ ਨੇ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਨੂੰ ਕਿਸਾਨ ਪੱਖੀ ਤੇ ਪਾਰਦਰਸ਼ੀ ਬਣਾਉਣ ਲਈ ਮੰਗਲਵਾਰ ਨੂੰ ਨਵੀਂ 'ਲੈਂਡ ਪੂਲਿੰਗ ਪਾਲਿਸੀ-2026' ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਨੀਤੀ ਤਹਿਤ ਵਿਕਾਸ ਪ੍ਰੋਜੈਕਟਾਂ ਦੇ ਮਨਜ਼ੂਰਸ਼ੁਦਾ ਲੇਅ-ਆਊਟ ਪਲਾਨ ਅਨੁਸਾਰ ਕੁੱਲ ਵਿਕਣਯੋਗ (ਸੇਲੇਬਲ) ਰਕਬੇ ਦਾ 50 ਫ਼ੀਸਦੀ ਹਿੱਸਾ ਸਿੱਧਾ ਜ਼ਮੀਨ ਮਾਲਕਾਂ ਨੂੰ ਦਿੱਤਾ ਜਾਵੇਗਾ, ਜਦਕਿ ਬਾਕੀ 50 ਫ਼ੀਸਦੀ ਵਿਕਾਸ ਏਜੰਸੀ ਕੋਲ ਰਹੇਗਾ। ਸਾਲ 2022 ਦੀ ਪੁਰਾਣੀ ਨੀਤੀ ਵਿੱਚੋਂ ਮਾਰਕੀਟ ਵੈਲਿਊ ਵਾਲੀ ਪੇਚੀਦਾ ਸ਼ਰਤ ਹਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਪ੍ਰੋਜੈਕਟ ਮੁਕੰਮਲ ਹੋਣ ਤੱਕ ਰਾਹਤ ਵਜੋਂ ਚਾਰ ਸਾਲਾਂ ਲਈ ਪ੍ਰਤੀ ਏਕੜ 1 ਲੱਖ ਰੁਪਏ ਸਾਲਾਨਾ ਅੰਤਰਿਮ ਵਿੱਤੀ ਸਹਾਇਤਾ ਮਿਲੇਗੀ। ਪ੍ਰੋਜੈਕਟ ਮੁਕੰਮਲ ਕਰਨ ਦੀ ਸਮਾਂ ਸੀਮਾ ਪੰਜ ਸਾਲਾਂ ਤੋਂ ਘਟਾ ਕੇ ਚਾਰ ਸਾਲ ਕਰ ਦਿੱਤੀ ਗਈ ਹੈ ਅਤੇ ਅਸਫ਼ਲ ਰਹਿਣ ਦੀ ਸੂਰਤ ਵਿੱਚ ਜ਼ਮੀਨ ਮੂਲ ਮਾਲਕਾਂ ਨੂੰ ਵਾਪਸ ਕਰਨ ਦੀ ਵਿਵਸਥਾ ਕੀਤੀ ਗਈ ਹੈ।
ਹਰਿਆਣਾ ਵਿੱਚ ਸ਼ਹਿਰੀਕਰਨ, ਉਦਯੋਗਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਨਵੀਂ ਰਫ਼ਤਾਰ ਦੇਣ ਦੇ ਮਕਸਦ ਨਾਲ ਮੰਗਲਵਾਰ ਨੂੰ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਨਵੀਂ 'ਲੈਂਡ ਪੂਲਿੰਗ ਪਾਲਿਸੀ-2026' ਨੂੰ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਨੀਤੀ ਦਾ ਮੁੱਖ ਟੀਚਾ ਜ਼ਮੀਨ ਮਾਲਕਾਂ ਨੂੰ ਵਿਕਾਸ ਵਿੱਚ ਸਿੱਧਾ ਭਾਈਵਾਲ ਬਣਾਉਣਾ ਅਤੇ ਜ਼ਮੀਨ ਗ੍ਰਹਿਣ ਦੌਰਾਨ ਪੈਦਾ ਹੋਣ ਵਾਲੇ ਵਿਵਾਦਾਂ ਨੂੰ ਖ਼ਤਮ ਕਰਨਾ ਹੈ।
ਨਵੀਂ ਨੀਤੀ ਦੀਆਂ ਅਹਿਮ ਵਿਸ਼ੇਸ਼ਤਾਵਾਂ ਅਤੇ ਨਿਯਮ:
-
ਵਿਕਣਯੋਗ ਰਕਬੇ ਦੀ ਵੰਡ: ਪ੍ਰੋਜੈਕਟ ਦੇ ਮਨਜ਼ੂਰਸ਼ੁਦਾ ਲੇਅ-ਆਊਟ ਪਲਾਨ ਅਨੁਸਾਰ ਕੁੱਲ ਵਿਕਣਯੋਗ ਰਕਬੇ ਦਾ ਬਰਾਬਰ 50 ਫ਼ੀਸਦੀ ਹਿੱਸਾ ਜ਼ਮੀਨ ਮਾਲਕਾਂ ਨੂੰ ਵਿਕਸਤ ਪਲਾਟਾਂ ਦੇ ਰੂਪ ਵਿੱਚ ਮਿਲੇਗਾ, ਜਦੋਂ ਕਿ ਬਾਕੀ 50 ਫ਼ੀਸਦੀ ਵਿਕਾਸ ਏਜੰਸੀ ਕੋਲ ਵਿਕਾਸ ਖ਼ਰਚਿਆਂ ਅਤੇ ਜਨਤਕ ਸੁਵਿਧਾਵਾਂ ਲਈ ਰਹੇਗਾ।
-
ਮਾਰਕੀਟ ਵੈਲਿਊ ਦੀ ਸ਼ਰਤ ਖ਼ਤਮ: ਪਿਛਲੀ 'ਲੈਂਡ ਪੂਲਿੰਗ ਪਾਲਿਸੀ-2022' ਵਿਚਲੀ ਉਹ ਧਾਰਾ ਖ਼ਤਮ ਕਰ ਦਿੱਤੀ ਗਈ ਹੈ, ਜਿਸ ਵਿੱਚ ਕਿਸਾਨਾਂ ਦਾ ਹਿੱਸਾ ਜ਼ਮੀਨ ਦੀ ਮਾਰਕੀਟ ਵੈਲਿਊ ਦੇ ਗੁੰਝਲਦਾਰ ਫ਼ਾਰਮੂਲੇ ਨਾਲ ਜੋੜਿਆ ਗਿਆ ਸੀ।
-
ਸਾਲਾਨਾ ਅੰਤਰਿਮ ਵਿੱਤੀ ਸਹਾਇਤਾ: ਜ਼ਮੀਨ ਦੇਣ ਵਾਲੇ ਮਾਲਕਾਂ ਨੂੰ ਸੇਲ ਡੀਡ ਦੀ ਰਜਿਸਟਰੀ ਦੀ ਮਿਤੀ ਤੋਂ ਲੈ ਕੇ ਚਾਰ ਸਾਲਾਂ ਤੱਕ ਪ੍ਰਤੀ ਏਕੜ 1 ਲੱਖ ਰੁਪਏ ਸਾਲਾਨਾ ਅੰਤਰਿਮ ਵਿੱਤੀ ਸਹਾਇਤਾ (ਦਿੱਤੀ ਗਈ ਜ਼ਮੀਨ ਦੇ ਅਨੁਪਾਤ ਮੁਤਾਬਕ) ਦਿੱਤੀ ਜਾਵੇਗੀ। ਨਿਯਮਾਂ ਅਨੁਸਾਰ ਜੇਕਰ ਰਜਿਸਟਰੀ ਦੇ 15 ਦਿਨਾਂ ਦੇ ਅੰਦਰ ਇਹ ਰਕਮ ਟਰਾਂਸਫਰ ਨਾ ਹੋਈ ਤਾਂ ਦੇਰੀ ਵਾਲੇ ਸਮੇਂ ਲਈ ਕਿਸਾਨ 9 ਫ਼ੀਸਦੀ ਸਾਲਾਨਾ ਸਧਾਰਨ ਵਿਆਜ ਲੈਣ ਦਾ ਹੱਕਦਾਰ ਹੋਵੇਗਾ।
-
ਪ੍ਰੋਜੈਕਟ ਦੀ ਸਮਾਂ-ਸੀਮਾ ’ਚ ਕਟੌਤੀ: ਵਿਕਾਸ ਏਜੰਸੀਆਂ ਲਈ ਪ੍ਰੋਜੈਕਟ ਮੁਕੰਮਲ ਕਰਨ ਦਾ ਸਮਾਂ ਪੰਜ ਸਾਲਾਂ ਤੋਂ ਘਟਾ ਕੇ ਚਾਰ ਸਾਲ ਨਿਸ਼ਚਿਤ ਕੀਤਾ ਗਿਆ ਹੈ। ਜੇਕਰ ਏਜੰਸੀ ਚਾਰ ਸਾਲਾਂ ਦੇ ਅੰਦਰ ਸਾਰਾ ਬੁਨਿਆਦੀ ਢਾਂਚਾ ਪੂਰਾ ਕਰਨ ਵਿੱਚ ਅਸਫ਼ਲ ਰਹਿੰਦੀ ਹੈ, ਤਾਂ ਅਧਿਗ੍ਰਹਿਣ ਕੀਤੀ ਜ਼ਮੀਨ ਮੂਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੀ ਜਾਵੇਗੀ।
-
ਪਲਾਟਾਂ ਦਾ ਘੱਟੋ-ਘੱਟ ਆਕਾਰ: ਵਿਕਸਤ ਪਲਾਟਾਂ ਦਾ ਘੱਟੋ-ਘੱਟ ਆਕਾਰ ਰਿਹਾਇਸ਼ੀ ਲਈ 100 ਵਰਗ ਮੀਟਰ, ਉਦਯੋਗਿਕ ਲਈ 250 ਵਰਗ ਮੀਟਰ ਅਤੇ ਸੰਸਥਾਗਤ ਲਈ 500 ਵਰਗ ਮੀਟਰ ਤੈਅ ਕੀਤਾ ਗਿਆ ਹੈ। 2,000 ਵਰਗ ਮੀਟਰ ਤੋਂ ਵੱਧ ਜ਼ਮੀਨ ਦੇਣ ਵਾਲਿਆਂ ਨੂੰ ਕਿਓਸਕ ਜਾਂ ਬੂਥਾਂ ਦੇ ਰੂਪ ਵਿੱਚ ਕਮਰਸ਼ੀਅਲ ਪਲਾਟ ਮਿਲਣਗੇ। 999 ਵਰਗ ਮੀਟਰ ਤੋਂ ਘੱਟ ਜ਼ਮੀਨ ਵਾਲਿਆਂ ਨੂੰ 2013 ਦੇ ਐਕਟ ਜਾਂ ਰਾਖਵੇਂ ਮੁੱਲ ਮੁਤਾਬਕ ਨਕਦ ਮੁਆਵਜ਼ਾ ਮਿਲੇਗਾ।
-
ਸਰਟੀਫਿਕੇਟ ਪੂਲਿੰਗ ਤੇ ਬਾਇਬੈਕ ਵਿਕਲਪ: 'ਲੈਂਡ ਐਂਟਾਈਟਲਮੈਂਟ ਸਰਟੀਫਿਕੇਟ' ਧਾਰਕ ਆਪਸ ਵਿੱਚ ਆਪਣੇ ਸਰਟੀਫਿਕੇਟ ਜੋੜ ਕੇ ਵੱਡੇ ਪਲਾਟਾਂ ਲਈ ਸਾਂਝੀ ਅਰਜ਼ੀ ਦੇ ਸਕਣਗੇ। ਵਿਕਾਸ ਏਜੰਸੀ ਵੱਲੋਂ ਪਲਾਟਾਂ ਨੂੰ ਮੁੜ ਖ਼ਰੀਦਣ (Buyback) ਦੀ ਮਿਆਦ ਨੂੰ ਇੱਕ ਸਾਲ ਤੋਂ ਵਧਾ ਕੇ ਤਿੰਨ ਸਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੈਂਡ ਐਗਰੀਗੇਟਰ ਦਾ ਮਿਹਨਤਾਨਾ ਕੁਲੈਕਟਰ ਰੇਟ ਦਾ 0.5 ਫ਼ੀਸਦੀ ਤੈਅ ਕੀਤਾ ਗਿਆ ਹੈ।
What's Your Reaction?