ਅਮਰੀਕਾ ਦੇ ਯੂਬਾ ਸਿਟੀ ਨਗਰ ਕੀਰਤਨ ਦੌਰਾਨ ਹਿੰਸਕ ਘਟਨਾਵਾਂ: ਚਾਕੂਬਾਜ਼ੀ ’ਚ ਦੋ ਜ਼ਖ਼ਮੀ, ਪਾਰਕਿੰਗ ਲਾਟ ’ਚ ਚੱਲੀਆਂ ਗੋਲੀਆਂ; ਸੈਕਰਾਮੈਂਟੋ ਦਾ 28 ਸਾਲਾ ਨੌਜਵਾਨ ਇਰਾਦਾ ਕਤਲ ਹੇਠ ਗ੍ਰਿਫ਼ਤਾਰ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਥਿਤ ਯੂਬਾ ਸਿਟੀ ਦੇ 47ਵੇਂ ਸਾਲਾਨਾ ਸਿੱਖ ਸਮਾਗਮ ਅਤੇ ਵਿਸ਼ਾਲ ਨਗਰ ਕੀਰਤਨ ਦੌਰਾਨ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਵਾਪਰੀਆਂ ਹਨ। ਪਹਿਲੀ ਘਟਨਾ ਸ਼ਨਿੱਚਰਵਾਰ 31 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੀਏਰਾ ਬੁਏਨਾ ਰੋਡ ਦੀ ਪਾਰਕਿੰਗ ਵਿੱਚ ਗੋਲੀਬਾਰੀ ਦੇ ਰੂਪ ਵਿੱਚ ਸਾਹਮਣੇ ਆਈ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੂਜੀ ਘਟਨਾ ਐਤਵਾਰ 1 ਨਵੰਬਰ ਨੂੰ ਨਗਰ ਕੀਰਤਨ ਦੀ ਸਮਾਪਤੀ ਮੌਕੇ ਵਾਪਰੀ, ਜਿੱਥੇ ਆਪਸੀ ਝਗੜੇ ਦੌਰਾਨ ਹੋਈ ਚਾਕੂਬਾਜ਼ੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਨੂੰ ਗੰਭੀਰ ਹਾਲਤ ਵਿੱਚ ਯੂਸੀ ਡੇਵਿਸ ਮੈਡੀਕਲ ਸੈਂਟਰ ਦਾਖ਼ਲ ਕਰਵਾਇਆ ਗਿਆ। ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਕਾਰਵਾਈ ਕਰਦਿਆਂ ਸੈਕਰਾਮੈਂਟੋ ਦੇ 28 ਸਾਲਾ ਦਵਿੰਦਰ ਸਿੰਘ ਨੂੰ ਇਰਾਦਾ ਕਤਲ ਅਤੇ ਜਾਨਲੇਵਾ ਹਥਿਆਰ ਨਾਲ ਹਮਲੇ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਅਮਰੀਕਾ ਵਿੱਚ ਉੱਤਰੀ ਅਮਰੀਕੀ ਸਿੱਖ ਸੰਗਤ ਦੇ ਸਭ ਤੋਂ ਵੱਡੇ ਧਾਰਮਿਕ ਇਕੱਠ ਵਜੋਂ ਜਾਣੇ ਜਾਂਦੇ ਯੂਬਾ ਸਿਟੀ ਦੇ 47ਵੇਂ ਸਾਲਾਨਾ ਨਗਰ ਕੀਰਤਨ ਦੌਰਾਨ ਅਣਸੁਖਾਵੀਆਂ ਅਤੇ ਹਿੰਸਕ ਘਟਨਾਵਾਂ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸਮਾਗਮ ਦੌਰਾਨ ਗੋਲੀਬਾਰੀ ਅਤੇ ਚਾਕੂਬਾਜ਼ੀ ਦੀਆਂ ਦੋ ਵੱਖ-ਵੱਖ ਵਾਰਦਾਤਾਂ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਕਾਰਨ ਸੰਗਤ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।
ਸਟਰ ਕਾਊਂਟੀ ਸ਼ੈਰਿਫ਼ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਘਟਨਾ ਸ਼ਨਿੱਚਰਵਾਰ 31 ਅਕਤੂਬਰ ਦੀ ਸ਼ਾਮ ਨੂੰ ਵਾਪਰੀ, ਜਦੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਤੀਏਰਾ ਬੁਏਨਾ ਰੋਡ ਸਥਿਤ ਪਾਰਕਿੰਗ ਲਾਟ ਵਿੱਚ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਵਿੱਚ ਖ਼ੁਸ਼ਕਿਸਮਤੀ ਨਾਲ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਦੂਜੀ ਗੰਭੀਰ ਘਟਨਾ ਐਤਵਾਰ 1 ਨਵੰਬਰ ਨੂੰ ਉਸ ਵੇਲੇ ਵਾਪਰੀ ਜਦੋਂ ਨਗਰ ਕੀਰਤਨ ਆਪਣੇ ਸਮਾਪਤੀ ਪੜਾਅ ਵੱਲ ਵੱਧ ਰਿਹਾ ਸੀ। ਕੁਝ ਵਿਅਕਤੀਆਂ ਵਿਚਾਲੇ ਹੋਏ ਆਪਸੀ ਤਕਰਾਰ ਨੇ ਹਿੰਸਕ ਰੂਪ ਲੈ ਲਿਆ ਅਤੇ ਇੱਕ ਦੂਜੇ ’ਤੇ ਤੇਜ਼ਧਾਰ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਚਾਕੂਬਾਜ਼ੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ,ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਤੁਰੰਤ ਯੂਸੀ ਡੇਵਿਸ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਅਤੇ ਸਥਿਰ ਦੱਸੀ ਜਾ ਰਹੀ ਹੈ।
ਪੁਲੀਸ ਨੇ ਚਾਕੂਬਾਜ਼ੀ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਸਟਰ ਕਾਊਂਟੀ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਇਰਾਦਾ ਕਤਲ (ਅਟੈਂਪਟ ਟੂ ਮਰਡਰ), ਅਪਰਾਧਿਕ ਸਾਜ਼ਿਸ਼, ਗੰਭੀਰ ਸਰੀਰਕ ਸੱਟਾਂ ਪਹੁੰਚਾਉਣ ਅਤੇ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੀਆਂ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਪਾਰਕਿੰਗ ਲਾਟ ਵਿੱਚ ਹੋਈ ਗੋਲੀਬਾਰੀ ਅਤੇ ਅਗਲੇ ਦਿਨ ਹੋਈ ਚਾਕੂਬਾਜ਼ੀ ਆਪਸ ਵਿੱਚ ਜੁੜੀਆਂ ਹੋਈਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਮਲੇ ਵਿੱਚ ਸ਼ਾਮਲ ਬਾਕੀ ਸ਼ੱਕੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
What's Your Reaction?
