ਇੱਕ ਸਾਹ ਦੀ ਕਹਾਣੀ - Punjabi Kavita - Sukhpreet Pawar

Oct 11, 2026 - 09:55
 0  7

Share -

ਇੱਕ ਸਾਹ ਦੀ ਕਹਾਣੀ - Punjabi Kavita - Sukhpreet Pawar

ਕੱਲ੍ਹ ਇੱਕ ਮੌਤ ਦੀ ਖ਼ਬਰ ਨੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ…

ਸੁਣਿਆ ਉਹ ਇੱਕ ਵੱਡਾ ਬਿਜ਼ਨਸਮੈਨ ਸੀ।
ਕਾਰੋਬਾਰ ਸੀ, ਕਰੋੜਾਂ ਦੀਆਂ ਗੱਲਾਂ ਸਨ,
ਅੱਜ ਇਹ ਕਰਨਾ, ਕੱਲ੍ਹ ਉਹ ਕਰਨਾ…
ਬਿਜ਼ਨਸ ਨੂੰ ਦੁਨੀਆ ਭਰ ਵਿੱਚ ਫੈਲਾਉਣ ਦੀਆਂ ਪਲੈਨਿੰਗਾਂ ਸਨ।
ਆਉਣ ਵਾਲੇ ਕਈ ਸਾਲਾਂ ਦੇ ਸੁਪਨੇ ਸਨ।

 

ਪਰ ਕਿਸੇ ਨੂੰ ਕੀ ਪਤਾ ਸੀ…
ਕਿ ਜਿਸ ਇਨਸਾਨ ਨੇ ਆਉਣ ਵਾਲੇ ਕਈ ਸਾਲਾਂ ਦੀ ਪਲੈਨਿੰਗ ਕਰ ਰੱਖੀ ਸੀ,
ਉਸ ਕੋਲ ਅਗਲੇ ਸਾਹ ਦਾ ਵੀ ਵਾਅਦਾ ਨਹੀਂ ਸੀ।

ਇੱਕ ਸਾਹ ਰੁਕਿਆ… ਤੇ ਪਲਾਂ ਵਿੱਚ ਪਲੈਨਿੰਗਾਂ, ਸੁਪਨੇ, ਦੌੜ.. 

ਸਭ ਕੁਝ ਢਹਿ-ਢੇਰੀ ਹੋ ਗਿਆ।

ਤੇ ਪਿੱਛੇ ਰਹਿ ਗਿਆ ਇੱਕ ਰੋਂਦਾ ਪਰਿਵਾਰ।

ਬੱਚੇ ਪਾਪਾ ਨੂੰ ਲੱਭ ਰਹੇ ਨੇ…
ਸ਼ਾਇਦ ਉਨ੍ਹਾਂ ਦੇ ਨਿੱਕੇ ਜਿਹੇ ਦਿਲ ਅਜੇ ਇਹ ਮੰਨਣ ਲਈ ਤਿਆਰ ਹੀ ਨਹੀਂ ਕਿ ਪਾਪਾ ਹੁਣ ਮੁੜ ਕੇ ਨਹੀਂ ਆਉਣਗੇ।

ਪਤਨੀ ਦਰਵਾਜ਼ੇ ਵੱਲ ਤੱਕ ਰਹੀ ਏ,
ਉਨ੍ਹਾਂ ਕਦਮਾਂ ਦੀ ਆਹਟ ਨੂੰ ਤਰਸ ਰਹੀ ਏ,
ਹੁਣ ਉਹ ਦਰਵਾਜ਼ਾ ਤਾਂ ਖੁੱਲ੍ਹੇਗਾ,
ਪਰ ਜਿਸ ਦੀ ਉਡੀਕ ਏ, ਉਹ ਕਦਮ ਮੁੜ ਕਦੇ ਨਹੀਂ ਆਉਣੇ।

ਤੇ ਮਾਂ-ਬਾਪ…
ਜਿਨ੍ਹਾਂ ਨੇ ਆਪਣੇ ਪੁੱਤ ਨੂੰ ਉਂਗਲ ਫੜਾ ਕੇ ਤੁਰਨਾ ਸਿਖਾਇਆ ਸੀ,
ਅੱਜ ਉਸੇ ਪੁੱਤ ਨੂੰ ਆਪਣੇ ਹੱਥੀਂ ਵਿਦਾ ਕਰਕੇ ਉਨ੍ਹਾਂ ਦਾ ਲੱਕ ਟੁੱਟ ਗਿਆ।
ਅੱਖਾਂ ਤਾਂ ਨੇ… ਪਰ ਪੁੱਤ ਬਿਨਾਂ ਜਿਵੇਂ ਦੁਨੀਆ ਵੇਖਣ ਦੀ ਰੌਸ਼ਨੀ ਹੀ ਚਲੀ ਗਈ ਹੋਵੇ।

 

ਅੱਜ ਮਨ ਵਿੱਚ ਇੱਕ ਅਜੀਬ ਜਿਹੀ ਉਦਾਸੀ ਏ…
ਤੇ ਦਿਲ ਵਿੱਚ ਇੱਕੋ ਸਵਾਲ ਵਾਰ-ਵਾਰ ਉੱਠ ਰਿਹਾ ਏ,

“ਏ ਇਨਸਾਨ, ਤੂੰ ਆਖ਼ਰ ਕਿਸ ਗੱਲ ਦਾ ਮਾਣ ਤੇ ਹੰਕਾਰ ਕਰਦਾ ਏਂ?”

ਜਿਸ ਸਾਹ ਦਾ ਅਗਲੇ ਪਲ ਦਾ ਵੀ ਭਰੋਸਾ ਨਹੀਂ,
ਉਸੇ ਸਾਹ ਦੇ ਸਹਾਰੇ ਅਸੀਂ ਪੂਰੀ ਦੁਨੀਆ ਜਿੱਤਣ ਦੀਆਂ ਯੋਜਨਾਵਾਂ ਬਣਾਉਂਦੇ ਫਿਰਦੇ ਹਾਂ।

“ਮੇਰਾ ਘਰ…”
“ਮੇਰਾ ਕਾਰੋਬਾਰ…”
“ਮੇਰੀ ਦੌਲਤ…”
“ਮੇਰੀ ਕਾਮਯਾਬੀ…”
“ਮੇਰਾ ਭਵਿੱਖ…”

ਪਰ ਇੱਕ ਸਾਹ ਰੁਕਦਾ ਏ
ਤੇ ਨਾ “ਮੈਂ” ਰਹਿੰਦਾ ਏ, ਨਾ “ਮੇਰੀ”, ਨਾ “ਮੇਰਾ”।

ਫਿਰ ਕਾਹਦਾ ਹੰਕਾਰ, ਬੰਦਿਆ?

ਇਹ ਜ਼ਿੰਦਗੀ ’ਤੇ ਵੀ ਸਾਡਾ ਹੱਕ ਕਿੱਥੇ ਏ,
ਜਿਸਨੂੰ ਅਸੀਂ ਆਪਣੀ ਕਹਿੰਦੇ ਫਿਰਦੇ ਹਾਂ ।

ਸਾਹ ਉਸ ਦੇ,
ਸਮਾਂ ਉਸ ਦਾ,
ਜ਼ਿੰਦਗੀ ਉਸ ਦੀ ਦਾਤ,
ਤੇ ਆਖ਼ਰੀ ਫ਼ੈਸਲਾ ਵੀ ਉਸੇ ਦਾ।

 

ਇਸ ਲਈ ਮਿਹਨਤ ਜ਼ਰੂਰ ਕਰ।
ਸੁਪਨੇ ਜ਼ਰੂਰ ਦੇਖ।
ਕਾਮਯਾਬੀ ਹਾਸਲ ਕਰ।
ਆਪਣੇ ਬੱਚਿਆਂ ਦਾ ਭਵਿੱਖ ਵੀ ਬਣਾ।

ਪਰ ਜ਼ਿੰਦਗੀ ਨੂੰ ਸਿਰਫ਼ ਕਮਾਉਣ ਵਿੱਚ ਨਾ ਗੁਆ ਬੈਠੀਂ।

ਕਿਉਂਕਿ ਅਸੀਂ ਅਕਸਰ ਕਹਿੰਦੇ ਰਹਿੰਦੇ ਹਾਂ,

ਬੱਸ ਥੋੜ੍ਹਾ ਹੋਰ ਕਮਾ ਲਈਏ, ਫਿਰ ਆਰਾਮ ਕਰਾਂਗੇ…”
“ਬੱਸ ਕੰਮ ਸੈੱਟ ਹੋ ਜਾਵੇ, ਫਿਰ ਪਰਿਵਾਰ ਨੂੰ ਸਮਾਂ ਦੇਵਾਂਗੇ…”
“ਬੱਸ ਬੱਚਿਆਂ ਦਾ ਭਵਿੱਖ ਬਣ ਜਾਵੇ, ਫਿਰ ਆਪਣੇ ਲਈ ਜੀਵਾਂਗੇ…”

ਪਰ ਬੰਦਿਆ,
ਉਹ “ਫਿਰ” ਆਵੇਗਾ ਵੀ ਜਾਂ ਨਹੀਂ ਇਹ ਕਿਸੇ ਨੂੰ ਨਹੀਂ ਪਤਾ।

ਆਪਣਿਆਂ ਲਈ ਸਮਾਂ ਕੱਢ।
ਮਾਂ-ਬਾਪ ਕੋਲ ਬੈਠ।
ਬੱਚਿਆਂ ਨੂੰ ਗਲੇ ਲਾ।
ਜੀਵਨ ਸਾਥੀ ਦਾ ਹੱਥ ਫੜ।
ਕਿਸੇ ਨਾਲ ਗੁੱਸਾ ਏ ਤਾਂ ਹੋ ਸਕੇ ਮਾਫ਼ ਕਰ ਦੇ।
ਕਿਸੇ ਨੂੰ ਪਿਆਰ ਕਰਦਾ ਏਂ ਤਾਂ ਅੱਜ ਹੀ ਦੱਸ ਦੇ।

ਕਿਉਂਕਿ ਕੱਲ੍ਹ ਦਾ ਵਾਅਦਾ ਕਿਸੇ ਕੋਲ ਨਹੀਂ।

ਇੱਕ ਦਿਨ
ਸਾਡੇ ਬਣਾਏ ਘਰ ਖੜ੍ਹੇ ਰਹਿ ਜਾਣੇ ਨੇ,
ਸਾਡਾ ਪੈਸਾ ਬੈਂਕਾਂ ਵਿੱਚ ਪਿਆ ਰਹਿ ਜਾਣਾ ਏ,
ਸਾਡਾ ਕਾਰੋਬਾਰ ਚੱਲਦਾ ਰਹਿ ਸਕਦਾ ਏ,
ਪਰ ਸਾਡੀ ਕੁਰਸੀ ਖਾਲੀ ਹੋ ਜਾਣੀ ਏ…

ਤੇ ਆਪਣਿਆਂ ਦੇ ਦਿਲਾਂ ਵਿੱਚ ਵਿੱਚ ਇਹ ਪਛਤਾਵਾ ਨਾ ਰਹਿ ਜਾਵੇ,

“ਕਾਸ਼… ਥੋੜ੍ਹਾ ਹੋਰ ਸਮਾਂ ਇਕੱਠੇ ਬਿਤਾਇਆ ਹੁੰਦਾ।”

ਇਸ ਲਈ ਕਮਾ ਬੰਦਿਆ,
ਪਰ ਲਾਲਚ ਨਾ ਕਰ।

ਅੱਗੇ ਵਧ,
ਪਰ ਆਪਣਿਆਂ ਨੂੰ ਪਿੱਛੇ ਨਾ ਛੱਡ।

ਭਵਿੱਖ ਬਣਾ,
ਪਰ ਉਸ ਭਵਿੱਖ ਦੀ ਖ਼ਾਤਰ ਆਪਣਾ ਅੱਜ ਨਾ ਮਾਰ।

ਕਿਉਂਕਿ ਕੱਲ੍ਹ ਦਾ ਵਾਅਦਾ ਕਿਸੇ ਕੋਲ ਨਹੀਂ।

ਅੱਜ ਸਾਹ ਚੱਲ ਰਿਹਾ ਏ,
ਇਹੀ ਸਭ ਤੋਂ ਵੱਡੀ ਦੌਲਤ ਹੈ।
ਤੇ ਇਹ ਸਾਹ ਵੀ…

ਉਸ ਦੀ ਰਹਿਮਤ ਹੈ।

ਜੋ ਉਸ ਦੀ ਮਰਜ਼ੀ ਤੋਂ ਬਿਨਾਂ ਨਹੀਂ ਆਉਂਦਾ। 

ਜਿਸ ਪਲ ਲਈ ਤੂੰ ਕਿੰਨੇ ਸੁਪਨੇ ਸਜਾਉਂਦਾ ਏਂ,
ਉਹ ਪਲ ਵੀ ਉਸੇ ਦੀ ਬਖ਼ਸ਼ਿਸ਼ ਹੈ।
ਨਾ ਦੌਲਤ ਤੇਰੀ, ਨਾ ਸ਼ੋਹਰਤ ਤੇਰੀ,
ਨਾ ਇਹ ਜ਼ਿੰਦਗੀ ਤੇਰੀ, ਨਾ ਇਹ ਸਾਹ ਤੇਰੇ…

ਫਿਰ ਕਾਹਦਾ ਮਾਣ …?

ਹਰ ਸਾਹ ਉਸ ਦੀ ਰਹਿਮਤ,
ਜ਼ਿੰਦਗੀ ਉਸ ਦੀ ਦਾਤ,
ਤੇ ਆਖ਼ਰੀ ਸਾਹ ਵੀ…
ਉਸ ਦੀ ਮਰਜ਼ੀ ਨਾਲ।

What's Your Reaction?

like

dislike

love

funny

angry

sad

wow