ਪੰਜਾਬ ਸਿੰਘ ਦੀ ਫ਼ਰਿਆਦ - Punjabi Kavita - Sukhpreet Pawar
ਇੱਕ ਅਣਖੀ ਪੰਜਾਬ ਦੀ ਆਪਣੇ ਹੀ ਪੁੱਤਾਂ ਅੱਗੇ ਦਰਦ ਭਰੀ ਫ਼ਰਿਆਦ
ਮੈਂ ਪੰਜਾਬ ਸਿੰਘ ਹਾਂ…
ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਦਾ ਉਹ ਅਣਖੀ ਪੰਜਾਬ,
ਜਿਹੜਾ ਕਦੇ ਕਿਸੇ ਅੱਗੇ ਝੁਕਿਆ ਨਹੀਂ ਸੀ।
ਜਿਸ ਦੇ ਪੁੱਤ ਦੂਜਿਆਂ ਦੀ ਇੱਜ਼ਤ ਤੇ ਅਣਖ ਲਈ ਸੀਸ ਵਾਰ ਜਾਂਦੇ ਸੀ,
ਜਿੱਥੇ ਦੁਸ਼ਮਣ ਦੇ ਘਰ ਵੀ ਮੌਤ ਹੋ ਜਾਵੇ,
ਤਾਂ ਵੈਰ ਭੁਲਾ ਕੇ ਅਰਥੀ ਨੂੰ ਮੋਢਾ ਦਿੱਤਾ ਜਾਂਦਾ ਸੀ।
ਪਰ ਅੱਜ ਹਾਰ ਗਿਆ ਹਾਂ…
ਨਾ ਕਿਸੇ ਦੁਸ਼ਮਣ ਦੀ ਤਲਵਾਰ ਤੋਂ,
ਨਾ ਕਿਸੇ ਹਕੂਮਤ ਦੇ ਜ਼ੁਲਮ ਤੋਂ,
ਹਾਰ ਗਿਆ ਹਾਂ ਆਪਣੀਆਂ ਮਾਵਾਂ ਦੇ ਕੀਰਨਿਆਂ ਤੋਂ,
ਸੁਹਾਗਣਾਂ ਦੇ ਤਰਲਿਆਂ ਤੋਂ,
ਤੇ ਯਤੀਮ ਹੋਏ ਬੱਚਿਆਂ ਦੇ ਹੰਝੂਆਂ ਤੋਂ।
ਜਦੋਂ ਮੇਰਾ ਇੱਕ ਪੁੱਤ ਦੂਜੇ ਪੁੱਤ ’ਤੇ ਗੋਲੀ ਚਲਾਉਂਦਾ ਏ,
ਮੇਰਾ ਕਲੇਜਾ ਪਾਟਦਾ ਏ, ਮੇਰੀ ਰੂਹ ਕੁਰਲਾਉਂਦੀ ਏ।
ਸਮਝ ਨਹੀਂ ਆਉਂਦੀ, ਪਹਿਲਾਂ ਕਿਸ ਨੂੰ ਜੱਫੀ ਪਾਵਾਂ,
ਉਸ ਪੁੱਤ ਨੂੰ, ਜੋ ਗੋਲੀ ਖਾ ਕੇ ਤੜਫ਼ ਰਿਹਾ ਏ, ਜਾਂ ਉਸ ਪੁੱਤ ਨੂੰ,
ਜੋ ਆਪਣੇ ਹੀ ਭਰਾ ਦਾ ਲਹੂ ਵਹਾ ਕੇ ਆਪਣੀ ਜ਼ਿੰਦਗੀ ਉਜਾੜ ਬੈਠਾ ਏ?
ਦੋਵੇਂ ਮੇਰੇ ਹੀ ਪੁੱਤ ਨੇ…
ਇੱਕ ਦੀ ਮਾਂ ਲਾਸ਼ ਨਾਲ ਲਿਪਟ ਕੇ ਰੋਂਦੀ ਏ,
ਦੂਜੇ ਦੀ ਮਾਂ ਜਿਉਂਦੇ ਪੁੱਤ ਦੀ ਬਰਬਾਦੀ ’ਤੇ।
ਦੱਸੋ, ਮੈਂ ਕਿਸ ਮਾਂ ਦੇ ਹੰਝੂ ਪੂੰਝਾਂ?
ਕਿਸ ਪੁੱਤ ਦਾ ਸੋਗ ਮਨਾਵਾਂ?
ਇੱਥੇ ਜਿੱਤਿਆ ਤਾਂ ਕੋਈ ਵੀ ਨਹੀਂ,
ਪਰ ਹਾਰ ਗਿਆ ਹਾਂ ਮੈਂ… ਪੰਜਾਬ ਸਿੰਘ।
ਕਦੇ ਮੇਰੀਆਂ ਮਾਵਾਂ ਪੁੱਤਾਂ ਦੇ ਸਿਰ ’ਤੇ ਹੱਥ ਰੱਖ ਕੇ
ਮਾਣ ਨਾਲ ਆਖਦੀਆਂ ਸੀ,
"ਮੇਰਾ ਪੁੱਤ ਪੜ੍ਹ-ਲਿਖ ਕੇ ਡਿਪਟੀ ਲੱਗੂ।"
ਅੱਖਾਂ ਵਿੱਚ ਸੁਨਹਿਰੇ ਭਵਿੱਖ ਦੇ ਸੁਪਨੇ ਸਜਾਉਂਦੀਆਂ ਸੀ।
ਅੱਜ ਉਹੀ ਮਾਂ ਹੱਥ ਜੋੜ ਕੇ ਆਖਦੀ ਏ,
"ਰੱਬਾ, ਅਫ਼ਸਰੀ ਨਹੀਂ ਚਾਹੀਦੀ,
ਬੱਸ ਮੇਰਾ ਪੁੱਤ ਨਸ਼ਿਆਂ ਤੋਂ ਬਚਿਆ ਰਹੇ।"
ਹਾਏ! ਕਿੰਨੇ ਛੋਟੇ ਹੋ ਗਏ ਨੇ
ਮੇਰੇ ਪੰਜਾਬ ਦੀਆਂ ਮਾਵਾਂ ਦੇ ਸੁਪਨੇ!
ਕਦੇ ਪੁੱਤ ਦੀ ਕਾਮਯਾਬੀ ਮੰਗਦੀਆਂ ਸੀ,
ਅੱਜ ਸਿਰਫ਼ ਉਸ ਦੀ ਸਲਾਮਤੀ ਮੰਗਦੀਆਂ ਨੇ।
ਕਦੇ ਮੇਰੇ ਵਿਹੜਿਆਂ ਵਿੱਚ ਮੁਟਿਆਰਾਂ ਦੀਆਂ ਬੋਲੀਆਂ ਗੂੰਜਦੀਆਂ ਸੀ,
ਗੱਭਰੂ ਢੋਲ ਦੇ ਡੱਗੇ ’ਤੇ ਭੰਗੜੇ ਪਾਉਂਦੇ ਸੀ।
ਅੱਜ ਉਹੀ ਵਿਹੜੇ ਸੁੰਨੇ ਨੇ,
ਉਹੀ ਮਾਵਾਂ ਬੂਹਿਆਂ ਵੱਲ ਤੱਕਦੀਆਂ ਨੇ,
ਤੇ ਹਰ ਆਹਟ ’ਤੇ ਦਿਲੋਂ ਇੱਕੋ ਅਰਦਾਸ ਨਿਕਲਦੀ ਏ,
"ਰੱਬਾ, ਮੇਰਾ ਪੁੱਤ ਸਹੀ-ਸਲਾਮਤ ਘਰ ਮੁੜ ਆਵੇ।"
ਅੱਜ ਮੈਂ ਪੁੱਛਦਾ ਹਾਂ…
ਮੇਰੇ ਪੁੱਤਾਂ ਦੇ ਹੱਥਾਂ ਵਿੱਚੋਂ ਕਲਮ ਕਿਸ ਨੇ ਖੋਹੀ?
ਬੰਦੂਕ ਨੂੰ ਬਹਾਦਰੀ ਕਿਸ ਨੇ ਬਣਾ ਦਿੱਤਾ?
ਨਸ਼ਿਆਂ ਨੇ ਮੇਰੀ ਜਵਾਨੀ ਕਿਉਂ ਨਿਗਲ ਲਈ?
ਮੇਰੀਆਂ ਮਾਵਾਂ ਦੀਆਂ ਅੱਖਾਂ ਵਿੱਚ ਇਹ ਡਰ ਕਿਸ ਨੇ ਭਰਿਆ?
ਸਿਆਸਤ?
ਬੇਰੁਜ਼ਗਾਰੀ?
ਨਸ਼ਿਆਂ ਦੇ ਵਪਾਰੀ?
ਹਥਿਆਰਾਂ ਤੇ ਬਦਲੇ ਦੀ ਵਡਿਆਈ ਕਰਨ ਵਾਲੀ ਸੋਚ?
ਜਾਂ ਸਭ ਕੁਝ ਦੇਖ ਕੇ ਵੀ ਚੁੱਪ ਰਹਿਣ ਵਾਲੇ ਅਸੀਂ ਸਾਰੇ?
ਤੇ ਵੇਲੇ-ਵੇਲੇ ਆਈਆਂ ਸਰਕਾਰਾਂ,
ਜਿਹੜੀਆਂ ਮੇਰੇ ਜ਼ਖ਼ਮਾਂ ’ਤੇ ਵਾਅਦੇ ਤਾਂ ਰੱਖਦੀਆਂ ਰਹੀਆਂ,
ਪਰ ਮੱਲ੍ਹਮ ਨਾ ਲਾ ਸਕੀਆਂ?
ਮੈਂ ਪੰਜਾਬ ਸਿੰਘ ਹਾਂ…
ਜਿਸ ਦੀ ਅਣਖ ਦੀਆਂ ਮਿਸਾਲਾਂ ਦੁਨੀਆ ਦਿੰਦੀ ਸੀ।
ਪਰ ਅੱਜ ਆਪਣੇ ਪੁੱਤਾਂ ਦੀ ਸਲਾਮਤੀ ਲਈ,
ਸਿਆਸਤਦਾਨਾਂ ਤੇ ਨਸ਼ਿਆਂ ਦੇ ਵਪਾਰੀਆਂ ਅੱਗੇ
ਹੱਥ ਜੋੜ ਕੇ ਤਰਲੇ ਪਾ ਰਿਹਾ ਹਾਂ।
ਸਿਆਸਤਦਾਨੋ, ਨਸ਼ਿਆਂ ਦੇ ਵਪਾਰੀਓ,
ਕਦੇ ਉੱਜੜੇ ਘਰਾਂ ਦੀ ਚੁੱਪ ਵੀ ਸੁਣ ਲਓ।
ਕੁਰਸੀਆਂ ਤੇ ਦੌਲਤਾਂ ਫਿਰ ਮਿਲ ਜਾਣਗੀਆਂ,
ਪਰ ਕਿਸੇ ਮਾਂ ਦਾ ਮਰਿਆ ਪੁੱਤ ਮੋੜ ਕੇ ਤਾਂ ਦਿਖਾਓ!
ਮੇਰੀ ਇਸ ਫ਼ਰਿਆਦ ਨੂੰ ਕਮਜ਼ੋਰੀ ਨਾ ਸਮਝਿਓ,
ਮੈਂ ਦੁਸ਼ਮਣਾਂ ਅੱਗੇ ਨਹੀਂ ਹਾਰਿਆ,
ਮੈਨੂੰ ਤਾਂ ਮੇਰੇ ਪੁੱਤਾਂ ਦੇ ਦਰਦ ਨੇ ਝੁਕਾ ਦਿੱਤਾ ਏ।
ਪਰ ਮੇਰੀਆਂ ਮਾਵਾਂ ਦੀਆਂ ਕੁੱਖਾਂ ਨਾ ਉਜਾੜੋ।
ਮੇਰੀ ਹਿੱਕ ’ਤੇ ਹੋਰ ਗੋਲੀਆਂ ਨਾ ਚਲਾਓ,
ਮੇਰੀ ਜਵਾਨੀ ਨੂੰ ਨਸ਼ਿਆਂ ਵਿੱਚ ਨਾ ਰੋਲੋ।
ਮੈਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ
ਵੱਡੇ-ਵੱਡੇ ਵਾਅਦੇ ਨਾ ਕਰੋ।
ਬੱਸ ਮੇਰੀਆਂ ਸੱਥਾਂ ਵਿੱਚ ਹਾਸੇ ਮੋੜ ਦਿਓ,
ਮੇਰੇ ਵਿਹੜਿਆਂ ਵਿੱਚ ਕਿਲਕਾਰੀਆਂ ਮੋੜ ਦਿਓ।
ਮੇਰੇ ਪੁੱਤਾਂ ਦੇ ਹੱਥਾਂ ਵਿੱਚ ਕਲਮਾਂ ਮੋੜ ਦਿਓ,
ਮੇਰੀਆਂ ਮਾਵਾਂ ਦੀਆਂ ਅੱਖਾਂ ਵਿੱਚੋਂ ਡਰ ਕੱਢ ਦਿਓ।
ਕਿਸੇ ਬਾਪ ਦੇ ਮੋਢਿਆਂ ’ਤੇ ਜਵਾਨ ਪੁੱਤ ਦੀ ਅਰਥੀ ਨਾ ਹੋਵੇ,
ਕਿਸੇ ਭੈਣ ਦੀ ਰੱਖੜੀ ਵੀਰ ਦੀ ਤਸਵੀਰ ਅੱਗੇ ਨਾ ਰਹਿ ਜਾਵੇ।
ਕਿਸੇ ਸੁਹਾਗਣ ਨੂੰ ਸਾਰੀ ਉਮਰ ਉਡੀਕ ਦਾ ਸਰਾਪ ਨਾ ਮਿਲੇ,
ਕਿਸੇ ਬੱਚੇ ਦੇ ਸਿਰ ਤੋਂ ਪਿਉ ਦਾ ਸਾਇਆ ਨਾ ਉੱਠੇ।
ਮੇਰੇ ਪੁੱਤੋ, ਘਰ ਮੁੜ ਆਓ…
ਛੱਡ ਦਿਓ ਇਹ ਨਸ਼ੇ, ਇਹ ਬੰਦੂਕਾਂ, ਇਹ ਆਪਸੀ ਵੈਰ।
ਮੈਨੂੰ ਤੁਹਾਡੀਆਂ ਲਾਸ਼ਾਂ ਨਹੀਂ, ਤੁਹਾਡੇ ਹਾਸੇ ਚਾਹੀਦੇ ਨੇ।
ਮੈਨੂੰ ਕਫ਼ਨਾਂ ਵਿੱਚ ਲਿਪਟੀਆਂ ਜਵਾਨੀਆਂ ਨਹੀਂ,
ਮਾਵਾਂ ਦੇ ਵਿਹੜਿਆਂ ਵਿੱਚ ਵੱਜਦੀਆਂ ਸ਼ਹਿਨਾਈਆਂ ਚਾਹੀਦੀਆਂ ਨੇ।
ਮੈਂ ਪੰਜਾਬ ਸਿੰਘ..
ਅੱਜ ਪਹਿਲੀ ਵਾਰ ਆਪਣੀ ਅਣਖ ਨੂੰ ਪਾਸੇ ਰੱਖ ਕੇ,
ਆਪਣੇ ਹੀ ਪੁੱਤਾਂ ਅੱਗੇ ਝੋਲੀ ਅੱਡੀ ਖੜ੍ਹਾ ਹਾਂ।
ਮੈਨੂੰ ਮੇਰੀਆਂ ਮਾਵਾਂ ਦੀ ਬੇਫ਼ਿਕਰ ਨੀਂਦ,
ਮੇਰੇ ਪੁੱਤਾਂ ਦੀਆਂ ਅੱਖਾਂ ਵਿੱਚ ਸੁਪਨੇ,
ਮੇਰੀਆਂ ਧੀਆਂ ਦੇ ਹਾਸੇ,
ਤੇ ਮੇਰਾ ਉਹੀ ਸਾਂਝਾਂ ਵਾਲਾ, ਬੇਖ਼ੌਫ਼,
ਹੱਸਦਾ-ਵੱਸਦਾ ਰੰਗਲਾ ਪੰਜਾਬ ਵਾਪਸ ਕਰ ਦਿਓ।
ਬੇਵੱਸ ਪੰਜਾਬ ਸਿੰਘ ਦੀ ਧੀ,
ਸੁਖਪ੍ਰੀਤ ਕੌਰ ਪਵਾਰ
Roti & Roots
What's Your Reaction?
