ਆਸਟਰੇਲੀਆ ਤੋਂ ਪਰਤੇ ਪਤੀ ਨੇ ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਦਾ ਛੁਰਾ ਮਾਰ ਕੇ ਕੀਤਾ ਕਤਲ: ਲੁਧਿਆਣਾ ਦੇ ਵਿਕਾਸ ਨਗਰ ਦੀ ਘਟਨਾ; ਪੁੱਤ ਨੂੰ ਦੁੱਧ ਲੈਣ ਭੇਜ ਕੇ ਵਾਰਦਾਤ ਨੂੰ ਦਿੱਤਾ ਅੰਜਾਮ, ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿੱਚ ਆਸਟਰੇਲੀਆ ਤੋਂ ਪਰਤੇ 50 ਸਾਲਾ ਵਿਅਕਤੀ ਰਵਿੰਦਰ ਸਿੰਘ ਨੇ ਚਰਿੱਤਰ ’ਤੇ ਸ਼ੱਕ ਦੇ ਚਲਦਿਆਂ ਆਪਣੀ 49 ਸਾਲਾ ਪਤਨੀ ਕਮਲਦੀਪ ਕੌਰ ਦਾ ਰਸੋਈ ਵਾਲੇ ਛੁਰੇ ਨਾਲ ਤਾਬੜਤੋੜ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਸ਼ਨਿੱਚਰਵਾਰ ਦੇਰ ਸ਼ਾਮ ਉਸ ਵੇਲੇ ਵਾਪਰੀ ਜਦੋਂ ਮੁਲਜ਼ਮ ਨੇ ਆਪਣੇ ਵੱਡੇ ਪੁੱਤਰ ਗਗਨਦੀਪ ਨੂੰ ਬਾਜ਼ਾਰ ਵਿੱਚ ਦੁੱਧ ਲੈਣ ਲਈ ਭੇਜਿਆ ਅਤੇ ਪਿੱਛੋਂ ਇਕੱਲੀ ਪਤਨੀ ਦੇ ਢਿੱਡ ਅਤੇ ਗਰਦਨ ’ਤੇ ਕਈ ਵਾਰ ਕੀਤੇ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਛੁਰਾ ਧੋ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ। ਥਾਣਾ ਦੁਗਰੀ ਦੀ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਜ਼ਬਤ ਕਰ ਲਿਆ ਹੈ।

Nov 3, 2026 - 01:45
 0  0

Share -

ਆਸਟਰੇਲੀਆ ਤੋਂ ਪਰਤੇ ਪਤੀ ਨੇ ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਦਾ ਛੁਰਾ ਮਾਰ ਕੇ ਕੀਤਾ ਕਤਲ: ਲੁਧਿਆਣਾ ਦੇ ਵਿਕਾਸ ਨਗਰ ਦੀ ਘਟਨਾ; ਪੁੱਤ ਨੂੰ ਦੁੱਧ ਲੈਣ ਭੇਜ ਕੇ ਵਾਰਦਾਤ ਨੂੰ ਦਿੱਤਾ ਅੰਜਾਮ, ਮੁਲਜ਼ਮ ਗ੍ਰਿਫ਼ਤਾਰ
Image Source Parwinder Singh Jhota Official Facebook Page

ਸਨਅਤੀ ਸ਼ਹਿਰ ਲੁਧਿਆਣਾ ਦੇ ਪੱਖੋਵਾਲ ਰੋਡ ’ਤੇ ਸਥਿਤ ਵਿਕਾਸ ਨਗਰ ਵਿੱਚ ਘਰੇਲੂ ਕਲੇਸ਼ ਅਤੇ ਸ਼ੱਕ ਦੇ ਚੱਲਦਿਆਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਆਸਟਰੇਲੀਆ ਤੋਂ ਮਹਿਜ਼ ਦੋ ਦਿਨ ਪਹਿਲਾਂ ਵਾਪਸ ਪਰਤੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਬੇਬੁਨਿਆਦ ਸ਼ੱਕ ਕਰਦਿਆਂ ਉਸ ਦਾ ਤੇਜ਼ਧਾਰ ਛੁਰੇ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਕਮਲਦੀਪ ਕੌਰ (49) ਵਜੋਂ ਹੋਈ ਹੈ, ਜਦਕਿ ਕਤਲ ਦਾ ਦੋਸ਼ ਉਸ ਦੇ ਪਤੀ ਰਵਿੰਦਰ ਸਿੰਘ (50) 'ਤੇ ਲੱਗਾ ਹੈ, ਜੋ ਲੁਧਿਆਣਾ ਵਿੱਚ ਪਿਕ-ਅੱਪ ਵੈਨ ਚਲਾਉਣ ਦਾ ਕੰਮ ਕਰਦਾ ਹੈ।

ਪੁਲੀਸ ਜਾਂਚ ਅਨੁਸਾਰ ਇਹ ਜੋੜਾ ਆਸਟਰੇਲੀਆ ਵਿੱਚ ਰਹਿੰਦੇ ਆਪਣੇ ਛੋਟੇ ਪੁੱਤਰ ਕੋਲ ਗਿਆ ਹੋਇਆ ਸੀ। ਕਮਲਦੀਪ ਕੌਰ ਚਾਰ ਮਹੀਨੇ ਪਹਿਲਾਂ ਭਾਰਤ ਪਰਤ ਆਈ ਸੀ, ਜਦਕਿ ਰਵਿੰਦਰ ਸਿੰਘ 29 ਅਕਤੂਬਰ ਨੂੰ ਆਸਟਰੇਲੀਆ ਤੋਂ ਵਾਪਸ ਆਇਆ ਸੀ। ਇੱਥੇ ਉਹ ਆਪਣੇ ਵੱਡੇ ਪੁੱਤਰ ਗਗਨਦੀਪ ਸਿੰਘ ਨਾਲ ਰਹਿ ਰਹੇ ਸਨ। ਗਗਨਦੀਪ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਪਿਤਾ ਦੇ ਵਾਪਸ ਆਉਣ ਮਗਰੋਂ ਪਰਿਵਾਰ ਵਿੱਚ ਕਿਸੇ ਕਿਸਮ ਦਾ ਕੋਈ ਸਿੱਧਾ ਝਗੜਾ ਜਾਂ ਮਨਮੁਟਾਵ ਦੇਖਣ ਨੂੰ ਨਹੀਂ ਮਿਲਿਆ ਸੀ।

ਸ਼ਨਿੱਚਰਵਾਰ ਸ਼ਾਮ ਨੂੰ ਯੋਜਨਾਬੱਧ ਤਰੀਕੇ ਨਾਲ ਰਵਿੰਦਰ ਸਿੰਘ ਨੇ ਆਪਣੇ ਪੁੱਤਰ ਗਗਨਦੀਪ ਨੂੰ ਬਾਜ਼ਾਰ ਵਿੱਚੋਂ ਦੁੱਧ ਲੈਣ ਲਈ ਭੇਜ ਦਿੱਤਾ। ਜਦੋਂ ਗਗਨਦੀਪ ਕੁਝ ਸਮੇਂ ਬਾਅਦ ਘਰ ਵਾਪਸ ਮੁੜਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਕਾਹਲੀ-ਕਾਹਲੀ ਘਰੋਂ ਬਾਹਰ ਭੱਜਦੇ ਦੇਖਿਆ। ਪੁੱਛਣ ’ਤੇ ਰਵਿੰਦਰ ਨੇ ਉਸ ਨੂੰ ਅੰਦਰ ਜਾ ਕੇ ਦੇਖਣ ਲਈ ਕਿਹਾ। ਜਦੋਂ ਨੌਜਵਾਨ ਕਮਰੇ ਵਿੱਚ ਗਿਆ ਤਾਂ ਉਸ ਦੀ ਮਾਂ ਬੈੱਡ ’ਤੇ ਖ਼ੂਨ ਨਾਲ ਲੱਥਪੱਥ ਪਈ ਤੜਫ਼ ਰਹੀ ਸੀ ਅਤੇ ਉਸ ਦੇ ਢਿੱਡ ਤੇ ਧੌਣ ’ਤੇ ਛੁਰੇ ਦੇ ਡੂੰਘੇ ਜ਼ਖ਼ਮ ਸਨ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਦੁਗਰੀ ਦੇ ਐੱਸਐੱਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਤੇਜ਼ਧਾਰ ਛੁਰੇ ਨਾਲ ਆਪਣੀ ਪਤਨੀ ’ਤੇ ਅੰਨ੍ਹੇਵਾਹ ਕਈ ਵਾਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਸ ਨੇ ਸ਼ਾਤਿਰ ਢੰਗ ਨਾਲ ਛੁਰੇ ਨੂੰ ਧੋ ਕੇ ਵਾਪਸ ਰਸੋਈ ਵਿੱਚ ਰੱਖ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਮੁਲਜ਼ਮ ਆਸਟਰੇਲੀਆ ਤੋਂ ਹੀ ਕਤਲ ਦੀ ਯੋਜਨਾ ਬਣਾ ਕੇ ਆਇਆ ਜਾਪਦਾ ਹੈ, ਕਿਉਂਕਿ ਵਾਪਸ ਪਰਤਣ ਦੇ ਮਹਿਜ਼ ਦੋ ਦਿਨਾਂ ਦੇ ਅੰਦਰ ਹੀ ਉਸ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲੀਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਵਰਤਿਆ ਛੁਰਾ ਵੀ ਬਰਾਮਦ ਕਰ ਲਿਆ ਹੈ।

What's Your Reaction?

like

dislike

love

funny

angry

sad

wow