ਆਸਟਰੇਲੀਆ ’ਚ ਸਿੱਖ ਵਿਰਾਸਤ ਦੀ ਇਤਿਹਾਸਕ ਖੋਜ: 1920 ਵਿੱਚ ਸੁਸ਼ੋਭਿਤ ਹੋਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ; ਦੋ ਸਥਾਨਕ ਇਤਿਹਾਸਕਾਰਾਂ ਨੇ ਲੱਭਿਆ ਸੁਨਹਿਰੀ ਇਤਿਹਾਸ ਤੇ ਪਾਵਨ ਸਰੂਪ ਵਾਲੀ ਇਤਿਹਾਸਕ ਬੱਘੀ

ਕਰੀਬ ਡੇਢ ਦਹਾਕੇ (15 ਸਾਲਾਂ) ਤੋਂ ਵੱਧ ਸਮੇਂ ਦੀ ਨਿਰੰਤਰ ਖੋਜ ਤੋਂ ਬਾਅਦ ਆਸਟਰੇਲੀਆ ਦੇ ਦੋ ਉੱਘੇ ਇਤਿਹਾਸਕਾਰਾਂ—85 ਸਾਲਾ ਲੈਨ ਕੈਨਾ (Len Kenna) ਅਤੇ 80 ਸਾਲਾ ਕ੍ਰਿਸਟਲ ਜੌਰਡਨ (Crystal Jordan)—ਨੇ ਇਹ ਸਥਾਪਿਤ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਲ 1920 ਵਿੱਚ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ ’ਤੇ ਪਹੁੰਚਿਆ ਸੀ। ਖੋਜਕਰਤਾਵਾਂ ਨੇ ਨਾ ਸਿਰਫ਼ ਪਹਿਲੇ ਅਖੰਡ ਪਾਠ ਸਾਹਿਬ ਦੇ ਅਸਥਾਨ ਦਾ ਪਤਾ ਲਾਇਆ ਹੈ, ਸਗੋਂ ਉਸ ਇਤਿਹਾਸਕ ਘੋੜਾ-ਬੱਘੀ ਨੂੰ ਵੀ ਲੱਭ ਲਿਆ ਹੈ ਜਿਸ ਵਿੱਚ ਪਾਵਨ ਸਰੂਪ ਨੂੰ ਸਤਿਕਾਰ ਸਹਿਤ ਲਿਜਾਇਆ ਜਾਂਦਾ ਸੀ। ਇਹ ਸਾਰੇ ਤੱਥ ਉਨ੍ਹਾਂ ਦੀ ਨਵੀਂ ਪੁਸਤਕ 'ਸਿਵਾਸਿੰਘ ਬੇਨਾਲਾ' (Siva Singh Benalla) ਵਿੱਚ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਥਾਨਕ ਕੌਂਸਲ ਨੇ ਬੇਨਾਲਾ ਦੇ ਕੇਂਦਰੀ ਪਾਰਕ ਵਿੱਚ ਇੱਕ ਸਿੱਖ ਯਾਦਗਾਰ ਸਥਾਪਿਤ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ।

Oct 28, 2026 - 04:21
 0  0

Share -

ਆਸਟਰੇਲੀਆ ’ਚ ਸਿੱਖ ਵਿਰਾਸਤ ਦੀ ਇਤਿਹਾਸਕ ਖੋਜ: 1920 ਵਿੱਚ ਸੁਸ਼ੋਭਿਤ ਹੋਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ; ਦੋ ਸਥਾਨਕ ਇਤਿਹਾਸਕਾਰਾਂ ਨੇ ਲੱਭਿਆ ਸੁਨਹਿਰੀ ਇਤਿਹਾਸ ਤੇ ਪਾਵਨ ਸਰੂਪ ਵਾਲੀ ਇਤਿਹਾਸਕ ਬੱਘੀ
Shri Guru Granth Sahib Ji

ਆਸਟਰੇਲੀਆ ਵਿੱਚ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੁੜਿਆ ਇੱਕ ਬੇਹੱਦ ਮਾਣਮੱਤਾ ਤੇ ਸੁਨਹਿਰੀ ਅਧਿਆਇ ਸਾਹਮਣੇ ਆਇਆ ਹੈ। ਆਸਟਰੇਲੀਆਈ ਮੂਲ ਦੇ ਦੋ ਸੀਨੀਅਰ ਖੋਜਕਰਤਾਵਾਂ ਲੈਨ ਕੈਨਾ ਅਤੇ ਕ੍ਰਿਸਟਲ ਜੌਰਡਨ ਦੀ 15 ਸਾਲਾਂ ਦੀ ਅਣਥੱਕ ਮਿਹਨਤ ਸਦਕਾ ਇਹ ਇਤਿਹਾਸਕ ਤੱਥ ਸਾਹਮਣੇ ਆਇਆ ਹੈ ਕਿ ਆਸਟਰੇਲੀਆ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਅਤੇ ਅਖੰਡ ਪਾਠ ਸਾਲ 1920 ਵਿੱਚ ਹੋਇਆ ਸੀ।

ਦੋਵਾਂ ਇਤਿਹਾਸਕਾਰਾਂ ਨੇ ਵਿਕਟੋਰੀਆ ਦੇ ਬੇਨਾਲਾ ਸ਼ਹਿਰ ਵਿਖੇ 'ਟੂਮਾਰੋ ਟੂਡੇ ਫਾਊਂਡੇਸ਼ਨ' ਵਿੱਚ ਰਿਲੀਜ਼ ਹੋਈ ਆਪਣੀ ਪੁਸਤਕ 'ਸਿਵਾਸਿੰਘ ਬੇਨਾਲਾ' ਵਿੱਚ ਇਸ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਹੈ। ਇਹ ਪੁਸਤਕ ਸਿਵਾ ਸਿੰਘ ਨਾਮਕ ਇੱਕ ਸਿੱਖ ਫੇਰੀਵਾਲੇ (ਹਾਕਰ) ਅਤੇ ਕਿਸਾਨ ਦੇ ਜੀਵਨ ਦੁਆਲੇ ਘੁੰਮਦੀ ਹੈ, ਜੋ 1897 ਤੋਂ 1955 ਤੱਕ ਬੇਨਾਲਾ ਖੇਤਰ ਵਿੱਚ ਰਹੇ। ਸਿਵਾ ਸਿੰਘ ਉਸ ਸਮੇਂ ਇਲਾਕੇ ਦੀ ਸੰਗਤ ਲਈ ਧਾਰਮਿਕ ਆਗੂ ਵਜੋਂ ਸੇਵਾ ਨਿਭਾਉਂਦੇ ਸਨ, ਗੁਰਬਾਣੀ ਦੇ ਪਾਠ ਅਤੇ ਅਰਦਾਸਾਂ ਕਰਵਾਉਂਦੇ ਸਨ ਅਤੇ ਉੱਤਰ-ਪੂਰਬੀ ਵਿਕਟੋਰੀਆ ਵਿੱਚ ਸਸਕਾਰ ਸਮੇਤ ਹੋਰ ਧਾਰਮਿਕ ਰਸਮਾਂ ਮੁਕੰਮਲ ਕਰਦੇ ਸਨ।

ਖੋਜਕਰਤਾਵਾਂ ਨੇ ਨਾ ਸਿਰਫ਼ 1920 ਦੇ ਪਹਿਲੇ ਅਖੰਡ ਪਾਠ ਦੀ ਇਤਿਹਾਸਕ ਤਸਵੀਰ ਸੁਰੱਖਿਅਤ ਲੱਭੀ ਹੈ, ਸਗੋਂ ਉਸ ਪਵਿੱਤਰ ਘੋੜਾ-ਬੱਘੀ ਨੂੰ ਵੀ ਲੱਭ ਕੱਢਿਆ ਹੈ ਜਿਸ ਵਿੱਚ ਸਿਵਾ ਸਿੰਘ ਪਾਵਨ ਸਰੂਪ ਨੂੰ ਪੂਰਨ ਅਦਬ ਅਤੇ ਸਤਿਕਾਰ ਨਾਲ ਲਿਜਾਇਆ ਕਰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਇੱਕ ਸਥਾਨਕ ਆਸਟਰੇਲੀਆਈ ਕਿਸਾਨ ਨੇ ਇਸ ਬੱਘੀ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ, ਜਿਸ ਨੂੰ ਹੁਣ ਸੁਰੱਖਿਅਤ ਕਰਕੇ ਬੇਨਾਲਾ ਵਿਖੇ ਪੱਕੀ ਨੁਮਾਇਸ਼ ਲਈ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਬੇਨਾਲਾ ਕੌਂਸਲ ਨੇ ਸਿਵਾ ਸਿੰਘ ਦੀਆਂ ਸੇਵਾਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਾਠ ਦੀ ਯਾਦ ਵਿੱਚ ਇੱਕ ਕੇਂਦਰੀ ਪਾਰਕ ਵਿੱਚ ਯਾਦਗਾਰ ਸਥਾਪਿਤ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਦੱਸਣਯੋਗ ਹੈ ਕਿ 85 ਸਾਲਾ ਲੈਨ ਕੈਨਾ ਅਤੇ 80 ਸਾਲਾ ਕ੍ਰਿਸਟਲ ਜੌਰਡਨ ਸਾਲ 1985 ਤੋਂ ਆਸਟਰੇਲੀਆ ਵਿੱਚ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੇ ਯੋਗਦਾਨ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਕੰਮ ਕਰ ਰਹੇ ਹਨ। ਲੈਨ ਕੈਨਾ ਨੂੰ ਇਸ ਖੋਜ ਦੀ ਪ੍ਰੇਰਨਾ ਆਪਣੇ ਬਚਪਨ ਤੋਂ ਮਿਲੀ, ਜਦੋਂ ਇੱਕ ਸਿੱਖ ਫੇਰੀਵਾਲਾ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਉਸ ਦੀ ਮਾਂ ਉਸ ਦੀਆਂ ਦਸਤਾਰਾਂ ਧੋਂਦੀ ਸੀ। ਦੋਵਾਂ ਨੇ ਬਿਨਾਂ ਆਧੁਨਿਕ ਤਕਨੀਕਾਂ ਦੇ ਦਹਾਕਿਆਂ ਪੁਰਾਣੇ ਆਸਟਰੇਲੀਆਈ ਸਰਕਾਰੀ ਦਸਤਾਵੇਜ਼ਾਂ ਅਤੇ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਈਸਟ ਇੰਡੀਆ ਕੰਪਨੀ ਦੇ ਰਿਕਾਰਡਾਂ ਦੀ ਘੋਖ ਕੀਤੀ।

ਸਾਲ 2012 ਵਿੱਚ ਇਨ੍ਹਾਂ ਨੇ 'ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ' ਦੀ ਸਥਾਪਨਾ ਕੀਤੀ ਅਤੇ ਪਹਿਲੇ ਵਿਸ਼ਵ ਯੁੱਧ ਦੇ ਭਾਰਤੀ-ਆਸਟਰੇਲੀਆਈ ਫ਼ੌਜੀ ਪ੍ਰਾਈਵੇਟ ਗਣੇਸ਼ਾ ਸਿੰਘ ਦੇ ਤਗ਼ਮੇ ਵੀ ਆਪਣੀ ਪੈਨਸ਼ਨ ਦੇ ਪੈਸਿਆਂ ਨਾਲ ਖ਼ਰੀਦ ਕੇ ਦੇਸ਼ ਵਾਪਸ ਲਿਆਂਦੇ। ਉਨ੍ਹਾਂ ਦੀ ਖੋਜ ਅਨੁਸਾਰ ਆਸਟਰੇਲੀਆ ਵਿੱਚ ਪਹਿਲੇ ਸਿੱਖ 1844 ਵਿੱਚ ਦਾਬੀ ਸਿੰਘ ਦੇ ਰੂਪ ਵਿੱਚ ਕੁਈਨਜ਼ਲੈਂਡ ਪਹੁੰਚੇ ਸਨ। ਬਜ਼ੁਰਗ ਖੋਜਕਰਤਾ ਜੋੜੇ ਦੀ ਇੱਛਾ ਹੈ ਕਿ ਇਹ ਸਮੁੱਚਾ ਵਿਰਾਸਤੀ ਸੰਗ੍ਰਹਿ ਵਿਕਟੋਰੀਆ ਦੇ ਕਿਸੇ ਅਜਾਇਬ ਘਰ ਵਿੱਚ ਪੱਕੇ ਤੌਰ 'ਤੇ ਸੰਭਾਲਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਿੱਖਾਂ ਦੇ ਸਾਂਝੇ ਵਿਰਸੇ ਤੋਂ ਜਾਣੂ ਹੋ ਸਕਣ।

What's Your Reaction?

like

dislike

love

funny

angry

sad

wow