ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਲੈ ਕੇ ਨਵਾਂ ਵਿਵਾਦ, ਪਾਕਿਸਤਾਨ ਨੇ ਮੈਚਾਂ ਲਈ ਮੰਗਿਆ ਨਿਰਪੱਖ ਸਥਾਨ
ਕਿਸਤਾਨ ਹਾਕੀ ਫੈਡਰੇਸ਼ਨ ਨੇ ਏਸ਼ੀਅਨ ਹਾਕੀ ਫੈਡਰੇਸ਼ਨ ਤੋਂ ਮੰਗ ਕੀਤੀ ਹੈ ਕਿ ਭਾਰਤ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਪਾਕਿਸਤਾਨ ਦੇ ਮੈਚ ਕਿਸੇ ਨਿਰਪੱਖ ਸਥਾਨ (Neutral Venue) 'ਤੇ ਕਰਵਾਏ ਜਾਣ। ਫੈਡਰੇਸ਼ਨ ਨੇ ਇਸ ਮੰਗ ਦੇ ਪਿੱਛੇ ਸੁਰੱਖਿਆ ਅਤੇ ਭਾਰਤ-ਪਾਕਿਸਤਾਨ ਦੇ ਮੌਜੂਦਾ ਹਾਲਾਤਾਂ ਨੂੰ ਕਾਰਨ ਦੱਸਿਆ ਹੈ। ਪਾਕਿਸਤਾਨ ਨੇ ਟੂਰਨਾਮੈਂਟ ਤੋਂ ਹਟਣ ਦੀ ਗੱਲ ਨਹੀਂ ਕੀਤੀ ਅਤੇ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਇੱਛਾ ਜਤਾਈ ਹੈ। ਹੁਣ ਇਸ ਮੰਗ 'ਤੇ ਅੰਤਿਮ ਫੈਸਲਾ ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਕੀਤਾ ਜਾਣਾ ਹੈ।
ਭਾਰਤ ਵਿੱਚ ਹੋਣ ਵਾਲੀ ਪੁਰਸ਼ਾਂ ਦੀ ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਹਾਕੀ ਨੂੰ ਲੈ ਕੇ ਨਵਾਂ ਮੋੜ ਸਾਹਮਣੇ ਆਇਆ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਨੇ ਏਸ਼ੀਅਨ ਹਾਕੀ ਫੈਡਰੇਸ਼ਨ (AHF) ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਪੂਰਾ ਟੂਰਨਾਮੈਂਟ ਭਾਰਤ ਤੋਂ ਕਿਸੇ ਹੋਰ ਦੇਸ਼ ਵਿੱਚ ਤਬਦੀਲ ਕੀਤਾ ਜਾਵੇ ਜਾਂ ਪਾਕਿਸਤਾਨ ਦੇ ਸਾਰੇ ਮੈਚ ਕਿਸੇ Neutral Venue 'ਤੇ ਕਰਵਾਏ ਜਾਣ।
ਸੁਰੱਖਿਆ ਅਤੇ ਮੌਜੂਦਾ ਹਾਲਾਤਾਂ ਦਾ ਦਿੱਤਾ ਹਵਾਲਾ
PHF ਦੇ ਪ੍ਰਧਾਨ ਮੋਹਿਯੁੱਦੀਨ ਅਹਿਮਦ ਵਾਨੀ ਨੇ ਕਿਹਾ ਕਿ ਇਹ ਮੰਗ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਸੰਵੇਦਨਸ਼ੀਲ ਹਾਲਾਤ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
ਫੈਡਰੇਸ਼ਨ ਮੁਤਾਬਕ ਇਸ ਦਾ ਮਕਸਦ ਪਾਕਿਸਤਾਨੀ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਸੁਰੱਖਿਅਤ ਅਤੇ ਢੁਕਵਾਂ ਮਾਹੌਲ ਯਕੀਨੀ ਬਣਾਉਣਾ ਹੈ।
ਪਾਕਿਸਤਾਨ ਟੂਰਨਾਮੈਂਟ ਤੋਂ ਹਟਿਆ ਨਹੀਂ
PHF ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਲਈ ਵਚਨਬੱਧ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਉਹ ਭਾਰਤ ਸਮੇਤ ਸਾਰੀਆਂ FIH ਮੈਂਬਰ ਟੀਮਾਂ ਖ਼ਿਲਾਫ਼ ਖੇਡਣ ਲਈ ਤਿਆਰ ਹੈ, ਪਰ ਪਾਕਿਸਤਾਨ ਦੇ ਮੈਚ ਭਾਰਤ ਤੋਂ ਬਾਹਰ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਪੰਜਾਬ ਵਿੱਚ ਹੋਣਾ ਹੈ ਟੂਰਨਾਮੈਂਟ
2026 ਦੀ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿੱਚ ਹੋਣੀ ਹੈ। ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਚੀਨ, ਜਾਪਾਨ, ਮਲੇਸ਼ੀਆ ਅਤੇ ਕੋਰੀਆ ਦੇ ਹਿੱਸਾ ਲੈਣ ਦੀ ਯੋਜਨਾ ਹੈ।
ਜਲੰਧਰ ਵਿੱਚ ਲੀਗ ਪੜਾਅ ਦੇ ਮੁਕਾਬਲੇ ਹੋਣੇ ਹਨ, ਜਦਕਿ ਮੋਹਾਲੀ ਵਿੱਚ ਟੂਰਨਾਮੈਂਟ ਦੇ ਆਖਰੀ ਪੜਾਅ ਦੇ ਮੈਚ ਕਰਵਾਏ ਜਾਣੇ ਹਨ।
ਹੁਣ ਫੈਸਲਾ ਏਸ਼ੀਅਨ ਹਾਕੀ ਫੈਡਰੇਸ਼ਨ 'ਤੇ
ਪਾਕਿਸਤਾਨ ਵੱਲੋਂ ਕੀਤੀ ਗਈ ਇਸ ਮੰਗ 'ਤੇ ਹੁਣ ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਫੈਸਲਾ ਕੀਤਾ ਜਾਣਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੀ ਭਾਰਤ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਗੀਦਾਰੀ ਨੂੰ ਲੈ ਕੇ ਵੱਖ-ਵੱਖ ਬਿਆਨ ਸਾਹਮਣੇ ਆਏ ਸਨ। ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਪਹਿਲਾਂ ਕਿਹਾ ਸੀ ਕਿ ਟੀਮ ਦੇ ਭਾਰਤ ਦੌਰੇ ਲਈ ਸਰਕਾਰੀ ਮਨਜ਼ੂਰੀ ਜ਼ਰੂਰੀ ਹੋਵੇਗੀ।
ਹੁਣ ਨਿਰਪੱਖ ਸਥਾਨ ਦੀ ਮੰਗ ਤੋਂ ਬਾਅਦ ਟੂਰਨਾਮੈਂਟ ਵਿੱਚ ਪਾਕਿਸਤਾਨ ਦੀਆਂ ਖੇਡਾਂ ਕਿੱਥੇ ਹੋਣਗੀਆਂ, ਇਸ ਬਾਰੇ ਅਗਲਾ ਫੈਸਲਾ AHF ਵੱਲੋਂ ਕੀਤਾ ਜਾਣਾ ਹੈ।
What's Your Reaction?