ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੀ ਤਿਆਰੀ; ਦਿੱਲੀ ’ਚ ਹਾਈਕਮਾਨ ਦੀ ਬੈਠਕ ਮਗਰੋਂ 15 ਨਾਵਾਂ ’ਤੇ ਲੱਗੀ ਲਗਪਗ ਮੋਹਰ, ਭਲਕੇ ਹੋਵੇਗਾ ਰਸਮੀ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰਾਂ ਨਾਲੋਂ ਬਾਜ਼ੀ ਮਾਰਦਿਆਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਨਵੀਂ ਦਿੱਲੀ ਵਿੱਚ ਪਾਰਟੀ ਹਾਈਕਮਾਨ ਨਾਲ ਹੋਈ ਅਹਿਮ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸ਼ੁਰੂਆਤੀ ਸੂਚੀ ਭਲਕੇ ਜਾਰੀ ਕਰ ਦਿੱਤੀ ਜਾਵੇਗੀ। ਮੀਟਿੰਗ ਵਿੱਚ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਸ਼ਾਮਲ ਹੋਏ। ਸੂਤਰਾਂ ਅਨੁਸਾਰ ਪਹਿਲੀ ਸੂਚੀ ਵਿੱਚ ਲਗਭਗ 15 ਸੀਟਾਂ ਲਈ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਦੋ ਵਾਰ ਚੋਣ ਜਿੱਤ ਚੁੱਕੇ ਮੌਜੂਦਾ ਵਿਧਾਇਕਾਂ ਨੂੰ ਮੁੜ ਮੈਦਾਨ ਵਿੱਚ ਉਤਾਰਨ ਦੀ ਰਣਨੀਤੀ ਅਪਣਾਈ ਗਈ ਹੈ ਤਾਂ ਜੋ ਉਨ੍ਹਾਂ ਨੂੰ ਪ੍ਰਚਾਰ ਲਈ ਭਰਪੂਰ ਸਮਾਂ ਮਿਲ ਸਕੇ।

Oct 31, 2026 - 01:20
 0  0

Share -

ਪੰਜਾਬ ਵਿਧਾਨ ਸਭਾ ਚੋਣਾਂ: 'ਆਪ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੀ ਤਿਆਰੀ; ਦਿੱਲੀ ’ਚ ਹਾਈਕਮਾਨ ਦੀ ਬੈਠਕ ਮਗਰੋਂ 15 ਨਾਵਾਂ ’ਤੇ ਲੱਗੀ ਲਗਪਗ ਮੋਹਰ, ਭਲਕੇ ਹੋਵੇਗਾ ਰਸਮੀ ਐਲਾਨ
Punjab CM Bhagwant Singh Mann File Photo

ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਪਹਿਲਾਂ ਚੋਣ ਮੋਡ ਵਿੱਚ ਆਉਂਦਿਆਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨਣ ਦਾ ਫ਼ੈਸਲਾ ਕਰ ਲਿਆ ਹੈ।

ਨਵੀਂ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਉੱਚ ਪੱਧਰੀ ਰਣਨੀਤਕ ਬੈਠਕ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਸ਼ਟੀ ਕੀਤੀ ਕਿ ਉਮੀਦਵਾਰਾਂ ਦੀ ਪਹਿਲੀ ਸੂਚੀ ਕੱਲ੍ਹ ਰਸਮੀ ਤੌਰ ’ਤੇ ਜਾਰੀ ਕੀਤੀ ਜਾਵੇਗੀ। ਇਸ ਬੈਠਕ ਵਿੱਚ ਪੰਜਾਬ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ (PAC) ਦੇ ਮੈਂਬਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸ਼ਾਮਲ ਹੋਏ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਦੇ ਪ੍ਰਮੁੱਖ ਲੋਕ ਮੁੱਦਿਆਂ ਅਤੇ 117 ਵਿਧਾਨ ਸਭਾ ਸੀਟਾਂ ਦੇ ਸਮੀਕਰਨਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਭਲਕੇ ਪੀਏਸੀ ਦੀ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ।

ਪਾਰਟੀ ਸੂਤਰਾਂ ਅਨੁਸਾਰ ਹਾਈਕਮਾਨ ਨੇ ਪਹਿਲੇ ਪੜਾਅ ਵਿੱਚ ਕਰੀਬ 15 ਵਿਧਾਨ ਸਭਾ ਹਲਕਿਆਂ ਲਈ ਨਾਂ ਲਗਪਗ ਤੈਅ ਕਰ ਲਏ ਹਨ। ਇਸ ਸ਼ੁਰੂਆਤੀ ਸੂਚੀ ਵਿੱਚ ਉਨ੍ਹਾਂ ਸੀਨੀਅਰ ਆਗੂਆਂ ਅਤੇ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਲਗਾਤਾਰ ਦੋ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ ਅਤੇ ਹਲਕੇ ਵਿੱਚ ਉਨ੍ਹਾਂ ਦਾ ਅਧਾਰ ਮਜ਼ਬੂਤ ਮੰਨਿਆ ਜਾਂਦਾ ਹੈ। ਪਾਰਟੀ ਉਨ੍ਹਾਂ ’ਤੇ ਲਗਾਤਾਰ ਤੀਜੀ ਵਾਰ ਭਰੋਸਾ ਜਤਾਉਣ ਜਾ ਰਹੀ ਹੈ।

ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੋਧ (SIR) ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 'ਆਪ' ਦੀ ਰਣਨੀਤੀ ਹੈ ਕਿ ਉਮੀਦਵਾਰਾਂ ਨੂੰ ਕਾਫ਼ੀ ਸਮਾਂ ਪਹਿਲਾਂ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਜੋ ਉਹ ਘਰ-ਘਰ ਜਾ ਕੇ ਸਰਕਾਰ ਦੇ ਲੋਕ-ਭਲਾਈ ਕਾਰਜਾਂ, ਮੁਫ਼ਤ ਬਿਜਲੀ, ਸਿੱਖਿਆ-ਸਿਹਤ ਸੁਧਾਰਾਂ ਅਤੇ 70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਰਿਕਾਰਡ ਨੂੰ ਵੋਟਰਾਂ ਸਾਹਮਣੇ ਰੱਖ ਸਕਣ। 117 ਮੈਂਬਰੀ ਵਿਧਾਨ ਸਭਾ ਵਿੱਚ ਇਸ ਸਮੇਂ 'ਆਪ' ਦੇ 94 ਵਿਧਾਇਕ ਹਨ ਅਤੇ ਸਭ ਤੋਂ ਪਹਿਲਾਂ ਟਿਕਟਾਂ ਦਾ ਐਲਾਨ ਕਰਕੇ ਪਾਰਟੀ ਸੂਬੇ ਵਿੱਚ ਮਨੋਵਿਗਿਆਨਕ ਬੜ੍ਹਤ ਬਣਾਉਣ ਦੀ ਤਿਆਰੀ ਵਿੱਚ ਹੈ।

What's Your Reaction?

like

dislike

love

funny

angry

sad

wow