ਅਣਗੌਲਾ - Angaula - Pujnabi Story - Sandeep Sidhu

ਜਿਹੜੇ ਲੋਕ ਪਲ-ਪਲ, ਹਰ ਪਲ, ਕਿਸੇ ਵੇਲੇ ਵੀ ਸਾਡੇ ਲਈ ਹਾਜ਼ਰ ਹੁੰਦੇ ਨੇ, ਆਪਾਂ ਉਨ੍ਹਾਂ ਨੂੰ ਅਣਗੌਲਿਆਂ ਤਾਂ ਜ਼ਰੂਰ ਕਰ ਦਿੰਦੇ ਹਾਂ, A Punjabi emotional story about invisible love — free on Radio Haanji Kitaab Kahani.

Mar 20, 2026 - 03:05
 0  0

Share -

ਅਣਗੌਲਾ - Angaula - Pujnabi Story - Sandeep Sidhu
Angaula - Pujnabi Story - Radio Haanji

ਪਿੰਡ ਦੇ ਵਿੱਚ ਜਗਤਾਰ ਤੇ ਉਸਦੀ ਘਰਵਾਲੀ, ਦਿਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ। ਕਿਰਨ ਸਾਰਾ ਦਿਨ ਰਸੋਈ ਦੇ ਧੂਏਂ ਨਾਲ ਧੂੰਆਂ ਹੋਈ ਰਹਿੰਦੀ—ਚਾਹ-ਪਾਣੀ, ਆਇਆ-ਗਿਆ, ਹਰ ਇੱਕ ਦੀ ਸੇਵਾ ਦੇ ਵਿੱਚ ਲੱਗੀ ਰਹਿੰਦੀ। ਖਾਸ ਕਰਕੇ ਬੇਬੇ-ਬਾਪੂ ਦੇ। ਬੇਬੇ-ਬਾਪੂ ਦੇ ਕੱਪੜੇ ਧੋਣੇ, ਵੇਲੇ ਸਿਰ ਉਨ੍ਹਾਂ ਦੇ ਇਸ਼ਨਾਨ ਕਰਨ ਦਾ ਸਮਾਨ ਰੈਡੀ ਕਰਨਾ ਤੇ ਵੇਲੇ ਸਿਰ ਉਨ੍ਹਾਂ ਦੇ ਹੱਥ ਰੋਟੀ ਫੜਾਉਣੀ। ਕਿਰਨ ਦਾ ਸਾਰਾ ਦਿਨ ਇਨ੍ਹਾਂ ਨਿੱਕੇ-ਨਿੱਕੇ ਕੰਮਾਂ ਦੇ ਵਿੱਚ ਲੰਘ ਜਾਂਦਾ।

ਪਰ ਇਹ ਸਭ ਕੁਝ ਰੋਜ਼ਾਨਾ ਦਾ ਕੰਮ ਬਣ ਗਿਆ ਸੀ। ਕਿਸੇ ਨੂੰ ਇਹ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕਿ ਕੋਈ ਹੱਡ ਗਾਲ ਕੇ ਕਰ ਰਿਹਾ, ਕੋਈ ਔਖਾ ਹੋ ਕੇ ਕਰ ਰਿਹਾ, ਕਿਸੇ ਦੇ ਲਈ ਇਹ ਜ਼ਿਆਦਾ ਵੀ ਹੋ ਸਕਦਾ। ਕੋਈ ਇਹ ਵੀ ਨਾ ਵੇਖਦਾ ਕਿ ਅੱਜ ਉਹਦੀ ਤਬੀਅਤ ਖਰਾਬ ਹੈ, ਕੋਈ ਇਹ ਵੀ ਨਾ ਵੇਖਦਾ ਕਿ ਅੱਜ ਉਹ ਥੱਕੀ-ਟੁੱਟੀ ਹੈ।

ਪਰ ਦੂਸਰੇ ਪਾਸੇ ਉਨ੍ਹਾਂ ਦਾ ਪੁੱਤਰ ਕੁਲਦੀਪ, ਜਿਹੜਾ ਮਹੀਨੇ ਕੁ ਬਾਅਦ ਸ਼ਹਿਰੋਂ ਗੇੜਾ ਮਾਰਦਾ। ਆਉਂਦਿਆਂ ਉਹ ਬਾਪੂ ਦੇ ਲਈ ਕੋਈ ਸਸਤਾ ਜਿਹਾ ਤੌਲੀਆ, ਕੋਈ ਚੱਪਲਾਂ, ਕੋਈ ਕੁੜਤਾ-ਪਜਾਮਾ ਜਾਂ ਬੇਬੇ ਦੇ ਲਈ ਕੋਈ ਮਾੜੀ-ਮੋਟੀ ਚੀਜ਼ ਲੈ ਕੇ ਆਉਂਦਾ ਤਾਂ ਉਹਨੂੰ ਆਉਂਦਿਆਂ ਜਿੱਦਾਂ ਹੱਥਾਂ 'ਤੇ ਚੁੱਕ ਲਿਆ ਜਾਂਦਾ। ਘਰ ਦੇ ਵਿੱਚ ਜਿੱਦਾਂ ਕਿਸੇ ਤਿਉਹਾਰ ਵਰਗਾ ਮਾਹੌਲ ਬਣ ਜਾਂਦਾ। ਸਾਰਿਆਂ ਦੇ ਲਈ ਜਿੱਦਾਂ ਅੱਜ ਦੀਵਾਲੀ ਹੋਵੇ। ਬਾਪੂ ਉਸੇ ਵੇਲੇ ਗੁਆਂਢੀਆਂ ਨੂੰ ਸੱਦ ਲੈਂਦਾ। ਉਹ ਮਾੜੀਆਂ-ਮੋਟੀਆਂ ਜਿਹੀਆਂ ਚੀਜ਼ਾਂ ਗੁਆਂਢੀਆਂ ਨੂੰ ਇੰਨੇ ਚਾਅ ਦੇ ਨਾਲ ਵਿਖਾਉਂਦਾ ਜਿੱਦਾਂ ਪਤਾ ਨਹੀਂ ਕਿਹੜੀ ਕੋਈ ਸ਼ੈਅ ਲੈ ਕੇ ਆਇਆ ਹੋਵੇ ਸ਼ਹਿਰੋਂ। ਗੱਲ ਕਾਹਦੀ ਕਿ ਬੇਬੇ-ਬਾਪੂ ਦਾ ਚਾਅ ਸਾਂਭਿਆ ਨਾ ਸਾਂਭਿਆ ਜਾਂਦਾ।

ਇੱਕ ਦਿਨ ਜਗਤਾਰ ਨੇ ਵੇਖਿਆ ਕਿ ਕਿਰਨ ਕਾਫੀ ਥੱਕੀ-ਟੁੱਟੀ ਹੈ, ਰਸੋਈ ਦੇ ਵਿੱਚ ਕੰਮ ਕਰ ਰਹੀ ਹੈ ਤੇ ਆਪ ਵੀ ਉਹ ਤੜਕੇ ਦਾ ਕੰਮ 'ਤੇ ਲੱਗਾ ਹੈ। ਬਸ ਇਸੇ ਤਰ੍ਹਾਂ ਫਿਰ ਸ਼ਾਮਾਂ ਪੈ ਗਈਆਂ। ਕਿੰਨੇ ਧਿਆਨ ਦੇਣਾ ਸੀ। ਘਰ ਮੁੜਿਆ ਤੇ ਆਉਂਦਿਆਂ ਹੀ ਉਹਨੇ ਵੇਖਿਆ ਕਿ ਬਾਪੂ ਤੇ ਬੇਬੇ ਅੱਜ ਫਿਰ ਕੁਲਦੀਪ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਰਹੇ ਨੇ। "ਵੇਖੋ ਖਾਂ ਉਹ ਕਿੰਨੀ ਦੂਰ ਰਹਿ ਕੇ ਵੀ ਸਾਡਾ ਕਿੰਨਾ ਧਿਆਨ ਰੱਖਦਾ। ਦੂਰ ਰਹਿ ਕੇ ਵੀ ਉਹਨੇ ਮੋਹ ਦੀਆਂ ਤੰਦਾਂ ਨਹੀਂ ਤੋੜੀਆਂ। ਜੀ ਜਦੋਂ ਵੀ ਆਉਂਦਾ ਨਾ ਉਹ ਜ਼ਰੂਰ ਕੋਈ ਨਾ ਕੋਈ ਨੌਂਗਾ ਪਾਉਂਦਾ। ਮੈਂ ਤਾਂ ਕਿੰਨੀ ਵਾਰੀ ਕਹਿ ਦਿੰਦੀ ਆਂ—ਨਾ ਲਿਆਇਆ ਕਰ ਕੁਝ।" ਤੇ ਬਾਪੂ ਵੀ ਇਨ੍ਹਾਂ ਹੀ ਗੱਲਾਂ ਦੇ ਵਿੱਚ ਹਾਂ ਦੇ ਵਿੱਚ ਹਾਂ ਮਿਲਾਉਂਦਾ ਨਜ਼ਰ ਆਇਆ। ਬਾਪੂ ਦੇ ਚਿਹਰੇ ਦਾ ਉਹ ਜਲਾਲ ਦੱਸਦਾ ਸੀ ਕਿ ਬਾਪੂ ਉਸੇ ਪੁੱਤ ਦੇ ਉੱਤੇ ਜ਼ਿਆਦਾ ਮਾਣ ਮਹਿਸੂਸ ਕਰਦਾ।

ਆਪਸ ਵਿੱਚ ਦੀਆਂ ਇਹ ਗੱਲਾਂ ਜਗਤਾਰ ਕਾਫੀ ਦੇਰ ਸੁਣਦਾ ਰਿਹਾ। ਪਹਿਲਾਂ ਵੀ ਬੇਬੇ-ਬਾਪੂ ਨੂੰ ਆਨੇ-ਬਹਾਨੇ ਕੁਲਦੀਪ ਦੀਆਂ ਸਿਫ਼ਤਾਂ ਕਰਦੇ ਉਹ ਕਾਫੀ ਵਾਰ ਸੁਣ ਚੁੱਕਾ ਸੀ। ਉਹ ਅਕਸਰ ਹੀ ਕਹਿੰਦੇ ਕਿ ਉਹ ਸ਼ਹਿਰ ਬੜੀ ਹੱਡ-ਭੰਨਵੀਂ ਕਮਾਈ ਕਰਦਾ, ਬੜੀ ਮਿਹਨਤ ਕਰਦਾ, ਵਿਚਾਰਾ ਥੱਕ ਜਾਂਦਾ, ਕੰਮ ਕਰ-ਕਰ ਕੇ ਉਹਨੇ ਆਪਣਾ ਆਪ, ਆਪਣੇ ਸਰੀਰ ਦਾ ਨਾਸ਼ ਮਾਰਿਆ ਪਿਆ। ਹੁਣ ਇਨ੍ਹਾਂ ਨੂੰ ਕਿਹੜਾ ਦੱਸੇ—ਇਹ ਨਾਸ਼ ਤਾਂ ਅਗਲੇ ਜਿਮ ਜਾ-ਜਾ ਕੇ ਮਾਰਦੇ ਆ, ਪੈਸੇ ਦੇ-ਦੇ ਕੇ ਭਾਰ ਘਟਾਉਂਦੇ ਆ। ਜਿਹਨੂੰ ਤੁਸੀਂ ਕਮਜ਼ੋਰ ਕਹਿੰਦੇ ਹੋ ਉਹਨੂੰ ਇਹ ਸ਼ਹਿਰ ਵਾਲੇ ਫਿੱਟ ਕਹਿੰਦੇ ਨੇ।

ਇਹ ਸਾਰਾ ਕੁਝ ਸੁਣ ਕੇ ਜਗਤਾਰ ਕੋਲੋਂ ਅੱਜ ਰਿਹਾ ਨਾ ਗਿਆ। ਉਸਨੇ ਹੌਲੀ ਜਿਹੀ ਬਾਪੂ ਦੇ ਨਾਲ ਗੱਲ ਤੋਰ ਹੀ ਲਈ। "ਬਾਪੂ ਜੀ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ, ਸਾਰਾ ਮੋਹ ਤੁਹਾਡਾ ਜਾਇਜ਼ ਹੈ। ਪਰ ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ—ਚੱਲ ਮੇਰੀ ਤਾਂ ਛੱਡੋ, ਮੈਂ ਸਾਰਾ ਦਿਨ ਬਾਹਰ ਰਹਿੰਦਾ। ਆਹ ਕਿਰਨ ਸਾਰਾ ਦਿਨ ਤੁਹਾਡਾ ਰੋਟੀ-ਪਾਣੀ, ਲੀੜੇ-ਲੱਤੇ ਆਪਣਾ ਆਪ ਨਹੀਂ ਵੇਹੰਦੀ। ਉਹ ਵੀ ਆਪਣੇ ਸਰੀਰ ਦਾ ਨਾਸ਼ ਮਾਰ ਕੇ ਸਾਡੇ ਸਾਰਿਆਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਕਦੀ ਕੋਈ ਦੋ ਬੋਲ ਉਹਨੂੰ ਹੱਲਾਸ਼ੇਰੀ ਦੇ ਵੀ ਦੇ ਦਿਆ ਕਰੋ। ਤੁਹਾਡੇ ਮੂੰਹੋਂ ਕਦੀ ਉਹਦੀ ਸਿਫ਼ਤ ਨਹੀਂ ਸੁਣੀ ਗਈ। ਤੁਸੀਂ ਹਾਲੇ ਮੂੰਹੋਂ ਕੱਢਦੇ ਨਹੀਂ ਤੇ ਉਹ ਪੂਰੀ ਕਰ ਦਿੰਦੀ ਹੈ। ਤੁਹਾਨੂੰ ਕਹਿਣਾ ਨਹੀਂ ਪੈਂਦਾ ਕਿ ਤੁਹਾਨੂੰ ਪਿਆਸ ਲੱਗੀ ਹੈ, ਤੁਹਾਨੂੰ ਕਹਿਣਾ ਨਹੀਂ ਪੈਂਦਾ ਕਿ ਚਾਹ ਦਾ ਟਾਈਮ ਹੋ ਗਿਆ। ਸਾਰੇ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਤੇ ਮੈਂ ਵੀ ਆਪਣੇ ਵੱਲੋਂ ਕਦੀ ਕੋਈ ਕਸਰ ਤੁਹਾਡੀ ਛੱਡੀ ਹੈ? ਅਖੀਰਕਾਰ ਤੁਸੀਂ ਸਾਡੇ ਮਾਂ-ਪਿਓ ਹੋ। ਅਸੀਂ ਮੱਥੇ ਵੱਟ ਪਾਈਏ ਵੀ ਕਿਉਂ? ਜੇ ਕੁਲਦੀਪ ਕੁਝ ਲੈ ਕੇ ਆਉਂਦਾ ਤਾਂ ਉਹ ਅਹਿਸਾਨ ਨਹੀਂ ਕਰਦਾ। ਤੁਸੀਂ ਉਹਨੂੰ ਜੰਮਿਆ, ਤੁਸੀਂ ਉਹਨੂੰ ਪਾਲਿਆ, ਇਸ ਘਰ ਦਾ ਹਿੱਸਾ ਆ ਉਹ। ਮੈਂ ਤਾਂ ਮੰਨਦਾ ਇਸ ਤੋਂ ਕਿਤੇ ਵਧੇਰੇ ਕਰਨਾ ਚਾਹੀਦਾ ਉਹਨੂੰ। ਨਾਲੇ ਜਿਹਦੀਆਂ ਤੁਸੀਂ ਸਿਫ਼ਤਾਂ ਕਰਦੇ ਨਹੀਂ ਨਾ ਥੱਕਦੇ, ਤੁਹਾਨੂੰ ਸ਼ਾਇਦ ਯਾਦ ਭੁੱਲ ਗਿਆ—ਆਹ ਪਿੱਛੇ ਜੇ ਜਦੋਂ ਬਿਮਾਰ ਪਏ ਸੀ ਨਾ ਤੁਸੀਂ, ਤੇ ਉਹ ਮਿਲਣ ਤੱਕ ਨਹੀਂ ਸੀ ਆਇਆ। ਮਿਲਣਾ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਉਹਨੇ ਹਾਲ-ਚਾਲ ਵੀ ਨਹੀਂ ਸੀ ਪੁੱਛਿਆ। ਬਸ ਇੰਨਾ ਕਹਿ ਕੇ ਕੱਟ ਦਿੱਤਾ ਸੀ ਕਿ ਜਿੱਦਾਂ ਹੀ ਮੈਨੂੰ ਛੁੱਟੀ ਮਿਲੂਗੀ ਮੈਂ ਜ਼ਰੂਰ ਆਉਂਦਾ, ਤੁਸੀਂ ਖਿਆਲ ਰੱਖਿਓ ਬੇਬੇ-ਬਾਪੂ ਦਾ। ਤੇ ਤੁਸੀਂ ਦਿਨ-ਰਾਤ ਉਹਦੇ ਗੁਣ ਗਾਉਂਦੇ ਰਹਿੰਦੇ ਹੋ। ਮੈਨੂੰ ਕੋਈ ਗਿਲਾ ਨਹੀਂ ਇਸ ਗੱਲ ਦਾ, ਨਾ ਹੀ ਕਿਰਨ ਨੂੰ ਕੋਈ ਦੁੱਖ ਹੈ। ਪਰ ਜਦੋਂ ਤੁਸੀਂ ਸਾਰਾ ਦਿਨ ਉਹਦੀਆਂ ਹੀ ਸਿਫ਼ਤਾਂ ਕਰਦੇ ਰਹਿੰਦੇ ਹੋ ਨਾ, ਆਹ ਕੁਝ ਟੁੱਟੀਆਂ ਜਿਹੀਆਂ ਚੱਪਲਾਂ ਪਿੱਛੇ ਜਾਂ ਫਿਰ ਆਹ ਉਹਦੇ ਲਿਆਂਦੇ ਤੌਲੀਏ ਪਿੱਛੇ, ਤਾਂ ਕਈ ਵਾਰੀ ਦਿਲ ਦੁੱਖਦਾ। ਇੱਦਾਂ ਲੱਗਦਾ ਕਿ ਤੁਸੀਂ ਸਾਨੂੰ ਆਸ-ਪਾਸ ਕਿਤੇ ਗੌਲਦੇ ਹੀ ਨਹੀਂ।" ਅੱਜ ਭਰੇ ਮਨ ਦੇ ਨਾਲ ਜਗਤਾਰ ਨੇ ਸਾਰਾ ਦੁੱਖ-ਸੁਖ ਬੇਬੇ ਦੇ ਸਾਹਮਣੇ ਫੋਲ ਦਿੱਤਾ।

ਅੱਗੋਂ ਬਾਪੂ ਨੇ ਜਵਾਬ ਦਿੱਤਾ। ਬਸ ਹੁਣ ਇਹੋ ਸੁਣਨ ਨੂੰ ਰਹਿ ਗਿਆ ਸੀ। ਬਾਪੂ ਨੇ ਬੜੇ ਰੁੱਖੇ ਜਿਹੇ ਲਹਿਜ਼ੇ ਦੇ ਵਿੱਚ ਬੋਲਿਆ ਸੀ। ਉਧਰੋਂ ਬੇਬੇ ਬੋਲੀ—"ਹੁਣ ਤੁਸੀਂ ਸਾਡੀ ਸੇਵਾ ਕਰਕੇ ਸਾਡੇ 'ਤੇ ਅਹਿਸਾਨ ਕਰ ਰਹੇ ਹੋ? ਜਿਹੜੀ ਦੋ ਡੰਗ ਦੀ ਰੋਟੀ ਦਿੰਦੀ ਹੈ ਨਾ ਇਹ ਜਾਂ ਲੀੜੇ-ਲੱਤੇ ਧੋ ਕੇ ਦਿੰਦੀ ਹੈ, ਜੇ ਇੱਦਾਂ ਦੀਆਂ ਗੱਲਾਂ ਸਾਨੂੰ ਸੁਣਾਉਣੀਆਂ ਤਾਂ ਸਾਨੂੰ ਨਹੀਂ ਚਾਹੀਦੀ ਰੋਟੀ। ਤੇ ਨਾ ਜੇ ਤੁਹਾਨੂੰ ਇੰਨੀ ਤਕਲੀਫ਼ ਆ ਨਾ, ਤੇ ਨਾ ਕਰਿਆ ਕਰੋ। ਹਾਲੇ ਹੱਡ-ਪੈਰ ਚਲਦੇ ਆ ਮੇਰੇ, ਬਣਾ ਲਵਾਂਗੀ ਮੈਂ ਆਪੇ ਚਾਹ। ਅਸੀਂ ਮੰਗ ਕੇ ਨਹੀਂ ਖਾਂਦੇ। ਲੱਗਾ ਹੋਰ ਗੱਲਾਂ ਸੁਣਾਉਣ।" ਤੇ ਬਸ ਇਨ੍ਹਾਂ ਗੱਲਾਂ ਦੇ ਵਿੱਚ ਬਾਪੂ ਨੇ ਵੀ ਹੋਰ ਚਾਰ ਲਾ ਦਿੱਤੀਆਂ।

ਕਹਿਣ ਲੱਗਾ—"ਉਹ ਜਿਹਦੇ ਬਾਰੇ ਤੂੰ ਗੱਲਾਂ ਕਰਨ ਰਿਹਾ ਨਾ, ਉਹ ਭਾਵੇਂ ਸ਼ਹਿਰ ਰਹਿੰਦਾ, ਉਹਨੇ ਕਦੀ ਜਤਾਇਆ ਨਹੀਂ ਇੱਦਾਂ ਚੀਜ਼ਾਂ ਲਿਆ ਕੇ। ਸਾਰਾ ਦਿਨ ਉਹ ਵੀ ਹੱਡ-ਭੰਨਵੀਂ ਮਿਹਨਤ ਕਰਦਾ, ਸ਼ਹਿਰਾਂ ਦੇ ਵਿੱਚ ਰਹਿਣਾ ਕੋਈ ਸੌਖਾ ਨਹੀਂ ਹੈ। ਸਾਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਇੰਨਾ ਜ਼ਹਿਰ ਭਰੀ ਫਿਰਦਾ ਮਨ ਦੇ ਵਿੱਚ।" ਤੇ ਉਧਰੋਂ ਮਾਂ ਬੋਲੀ—"ਇਹ ਕਿਰਨ ਹੀ ਇਹਦੇ ਕੰਨ ਭਰਦੀ ਹੋਣੀ ਆ।" ਉਧਰ ਰਸੋਈ ਦੇ ਵਿੱਚ ਕੰਮ ਕਰਦੀ ਕਿਰਨ, ਉਹਦੇ ਹੱਥ ਕੰਮ ਕਰਦੀ ਦੇ ਉੱਥੇ ਦੇ ਉੱਥੇ ਰੁਕ ਚੁੱਕੇ ਸੀ। ਉਹਦੀਆਂ ਅੱਖਾਂ ਭਰ ਆਈਆਂ। ਘੁੰਮ ਕੇ ਵੇਖਿਆ ਤਾਂ ਉਹਦੇ ਚਿਹਰੇ ਤੋਂ ਸਾਫ਼ ਦਿਖਾਈ ਦੇ ਰਿਹਾ ਸੀ—ਉਹਨੇ ਸਾਰੀਆਂ ਗੱਲਾਂ ਸੁਣ ਵੀ ਲਈਆਂ ਨੇ ਤੇ ਸ਼ਾਇਦ ਉਹ ਵੀ ਇਹੋ ਹੀ ਮਹਿਸੂਸ ਕਰਦੀ ਸੀ ਜੋ ਮੈਂ ਕਹਿ ਦਿੱਤਾ।

ਉਸਦੀ ਸਾਲਾਂ ਦੀ ਸੇਵਾ ਜਿੱਦਾਂ ਇੱਕ ਪਲ ਦੇ ਵਿੱਚ ਤਹਿਸ-ਨਹਿਸ ਹੋ ਗਈ ਹੋਵੇ। 'ਅਹਿਸਾਨ' ਨਾਂ ਦੇ ਇੱਕ ਛੋਟੇ ਜਿਹੇ ਸ਼ਬਦ ਨੇ ਉਹਦੀ ਸਾਰੀ ਸੇਵਾ ਮਿੱਟੀ ਕਰ ਦਿੱਤੀ ਹੋਵੇ। ਉਹਨੇ ਤੇ ਜਗਤਾਰ ਨੇ ਕਦੀ ਬੇਬੇ-ਬਾਪੂ ਨੂੰ ਕੋਈ ਤਕਲੀਫ਼ ਨਹੀਂ ਸੀ ਆਉਣ ਦਿੱਤੀ। ਪਰ ਬੇਬੇ-ਬਾਪੂ ਉਨ੍ਹਾਂ ਨੂੰ ਇਹ ਸਭ ਕੁਝ ਕਹਿਣਗੇ, ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਸੀ। ਜਗਤਾਰ ਵੀ ਚੁੱਪ ਸੀ, ਵਹੁਟੀ ਵੀ ਚੁੱਪ। ਸਮਝ ਨਹੀਂ ਸੀ ਆ ਰਿਹਾ ਹੁਣ ਰਹਿ ਕੀ ਗਿਆ ਕਹਿਣ ਦੇ ਲਈ।

ਉਸਦੀ ਮਿਹਨਤ ਸਿਰਫ਼ ਇੱਕ ਡਿਊਟੀ, ਪਰ ਜਿਹੜਾ ਦੂਰ ਬੈਠਾ ਕਦੀ-ਕਦੀ ਫੋਨ ਦੇ ਉੱਤੇ ਹਾਲ ਪੁੱਛ ਲੈਂਦਾ, ਉਸਦਾ ਰੁੱਖਾ ਬੋਲ ਵੀ ਮਾਪਿਆਂ ਨੂੰ ਮੋਹ ਜਾਪਦਾ। ਪਰ ਫਿਰ ਵੀ ਉਹ ਹੱਥ ਰੁਕੇ ਨਹੀਂ—ਕਿਰਨ ਨੇ ਚੁੱਪ-ਚਾਪ ਚਾਹ ਲਿਆ ਕੇ ਬੇਬੇ-ਬਾਪੂ ਦੇ ਅੱਗੇ ਰੱਖ ਦਿੱਤੀ। ਉਨ੍ਹਾਂ ਨੇ ਚੁੱਪ-ਚਾਪ ਚੁੱਕੀ ਤੇ ਪੀਣੀ ਸ਼ੁਰੂ ਕਰ ਦਿੱਤੀ, ਜਿੱਦਾਂ ਕੁਝ ਹੋਇਆ ਹੀ ਨਾ ਹੋਵੇ। ਉਹ ਆਪਣੇ ਕੰਮ 'ਚ ਜੁਟ ਗਈ, ਜਗਤਾਰ ਆਪਣੇ ਕੰਮ ਦੇ ਵਿੱਚ।

What's Your Reaction?

like

dislike

love

funny

angry

sad

wow