ਅੰਮ੍ਰਿਤਸਰ ਪੁਲੀਸ ਵੱਲੋਂ ਹਥਿਆਰ ਤੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫ਼ਾਸ਼: ਵਿਦੇਸ਼ੀ ਹੈਂਡਲਰਾਂ ਨਾਲ ਜੁੜੇ 8 ਮੁਲਜ਼ਮ ਗ੍ਰਿਫ਼ਤਾਰ; 11 ਆਧੁਨਿਕ ਪਿਸਤੌਲ ਤੇ 2.29 ਕਿੱਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰੋਂ ਚੱਲ ਰਹੇ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਤਿੰਨ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫ਼ਾਸ਼ ਕਰਦਿਆਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਤਿੰਨ 9 ਐੱਮਐੱਮ ਗਲੋਕ ਸਮੇਤ 11 ਆਧੁਨਿਕ ਪਿਸਤੌਲ, ਚਾਰ ਜ਼ਿੰਦਾ ਕਾਰਤੂਸ ਅਤੇ 2.293 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਥਾਣਾ ਛੇਹਰਟਾ ਸਮੇਤ ਵੱਖ-ਵੱਖ ਥਾਵਾਂ ’ਤੇ ਚਲਾਏ ਗਏ ਆਪਰੇਸ਼ਨਾਂ ਦੌਰਾਨ ਇਹ ਸਫ਼ਲਤਾ ਮਿਲੀ। ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਅਪਰਾਧਿਕ ਅਨਸਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਦੇ ਸਨ।

Oct 31, 2026 - 01:23
 0  0

Share -

ਅੰਮ੍ਰਿਤਸਰ ਪੁਲੀਸ ਵੱਲੋਂ ਹਥਿਆਰ ਤੇ ਨਸ਼ਾ ਤਸਕਰੀ ਦੇ 3 ਨੈੱਟਵਰਕਾਂ ਦਾ ਪਰਦਾਫ਼ਾਸ਼: ਵਿਦੇਸ਼ੀ ਹੈਂਡਲਰਾਂ ਨਾਲ ਜੁੜੇ 8 ਮੁਲਜ਼ਮ ਗ੍ਰਿਫ਼ਤਾਰ; 11 ਆਧੁਨਿਕ ਪਿਸਤੌਲ ਤੇ 2.29 ਕਿੱਲੋ ਹੈਰੋਇਨ ਬਰਾਮਦ
Image used for representation purpose only

ਸੂਬੇ ਵਿੱਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਸ਼ਾ ਅਤੇ ਨਾਜਾਇਜ਼ ਅਸਲਾ ਤਸਕਰੀ ਦੇ ਤਿੰਨ ਵੱਖ-ਵੱਖ ਸਿੰਡੀਕੇਟਾਂ ਨੂੰ ਤੋੜਿਆ ਹੈ। ਪੁਲੀਸ ਨੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਜੁੜੇ ਅੱਠ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 11 ਵਿਦੇਸ਼ੀ ਤੇ ਆਧੁਨਿਕ ਪਿਸਤੌਲ, ਗੋਲਾ-ਸਿੱਕਾ ਅਤੇ 2.293 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਬੱਬੂ (ਭੱਲਾ ਕਲੋਨੀ, ਅੰਮ੍ਰਿਤਸਰ), ਕਰਨ ਸਿੰਘ ਉਰਫ਼ ਵੰਸ਼ ਅਤੇ ਕਰਨਦੀਪ ਸਿੰਘ ਉਰਫ਼ ਕਰਨ (ਦੋਵੇਂ ਵਾਸੀ ਪਿੰਡ ਨੌਸ਼ਹਿਰਾ ਢੱਲਾ, ਤਰਨ ਤਾਰਨ), ਅੰਗਰੇਜ਼ ਸਿੰਘ ਉਰਫ਼ ਸ਼ੰਕੀ ਅਤੇ ਰਾਹੁਲ ਉਰਫ਼ ਸ਼ਾਨੀ (ਦੋਵੇਂ ਵਾਸੀ ਪਿੰਡ ਘਣੂਪੁਰ ਕਾਲੇ, ਅੰਮ੍ਰਿਤਸਰ), ਮਨਪ੍ਰੀਤ ਸਿੰਘ ਉਰਫ਼ ਕਰਨ (ਵਾਸੀ ਅਟਾਰੀ), ਕਪਿਲ ਉਰਫ਼ ਪਾਪਲ (ਗਵਾਲ ਮੰਡੀ, ਅੰਮ੍ਰਿਤਸਰ) ਅਤੇ ਨਿਖਿਲ ਗਿੱਲ ਉਰਫ਼ ਸੱਪ (ਸਦਰ ਬਾਜ਼ਾਰ ਕੈਂਟ, ਅੰਮ੍ਰਿਤਸਰ) ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਅੰਗਰੇਜ਼ ਸਿੰਘ, ਕਪਿਲ ਅਤੇ ਨਿਖਿਲ ਗਿੱਲ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਐੱਨਡੀਪੀਐੱਸ ਤੇ ਅਸਲਾ ਐਕਟ ਦੇ ਕਈ ਕੇਸਾਂ ਵਿੱਚ ਨਾਮਜ਼ਦ ਹਨ।

ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਖ਼ਤਾ ਖ਼ੁਫ਼ੀਆ ਸੂਹ ਦੇ ਆਧਾਰ 'ਤੇ ਤਿੰਨ ਵੱਖ-ਵੱਖ ਆਪਰੇਸ਼ਨ ਚਲਾਏ ਗਏ। ਪਹਿਲੇ ਆਪਰੇਸ਼ਨ ਵਿੱਚ ਥਾਣਾ ਛੇਹਰਟਾ ਦੀ ਟੀਮ ਨੇ ਕਰਨਦੀਪ ਸਿੰਘ ਉਰਫ਼ ਬੱਬੂ ਨੂੰ ਦੋ ਪਿਸਤੌਲਾਂ ਸਮੇਤ ਦਬੋਚਿਆ। ਦੂਜੀ ਕਾਰਵਾਈ ਦੌਰਾਨ ਛੇ ਮੁਲਜ਼ਮਾਂ—ਕਰਨ ਸਿੰਘ, ਅੰਗਰੇਜ਼ ਸਿੰਘ, ਮਨਪ੍ਰੀਤ ਸਿੰਘ, ਰਾਹੁਲ, ਕਪਿਲ ਅਤੇ ਨਿਖਿਲ ਗਿੱਲ—ਨੂੰ ਸੱਤ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ। ਤੀਜੇ ਆਪਰੇਸ਼ਨ ਵਿੱਚ ਪੁਲੀਸ ਨੇ ਥਾਣਾ ਛੇਹਰਟਾ ਖੇਤਰ ਵਿੱਚੋਂ ਕਰਨਦੀਪ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਦੋ ਪਿਸਤੌਲ ਅਤੇ 2.293 ਕਿੱਲੋ ਹੈਰੋਇਨ ਬਰਾਮਦ ਕੀਤੀ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ ਆਧੁਨਿਕ 9 ਐੱਮਐੱਮ ਗਲੋਕ (Glock) ਪਿਸਤੌਲ, ਦੋ .30 ਬੋਰ ਸਟਾਰ ਪਿਸਤੌਲ, ਇੱਕ .30 ਬੋਰ ਬੇਰੇਟਾ, ਇੱਕ .30 ਬੋਰ ਪੀਐਕਸ-5, ਤਿੰਨ .30 ਬੋਰ ਪਿਸਤੌਲ, ਇੱਕ ਦੇਸੀ .32 ਬੋਰ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਸ਼ਾਮਲ ਹਨ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਬਾਹਰਲੇ ਮੁਲਕਾਂ ਵਿੱਚ ਬੈਠੇ ਆਪਣੇ ਆਕਾਵਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਭਰ ਵਿੱਚ ਸਰਗਰਮ ਜੁਰਮ ਪੇਸ਼ਾ ਗਿਰੋਹਾਂ ਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ। ਪੁਲੀਸ ਨੇ ਤਿੰਨ ਵੱਖ-ਵੱਖ ਐੱਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

What's Your Reaction?

like

dislike

love

funny

angry

sad

wow