ਘਰ ਦੀਆਂ ਸਾਝਾਂ - Punjabi Poetry - Raman Sandhu
ਘਰ ਦੀਆਂ ਸਾਝਾਂ
ਸਾਡੇ ਘਰ ਦੀਆਂ ਸਾਝਾਂ ਕੈਸੀਆਂ ਹੋਵਣ
ਪੀਢੀਆਂ ਪੱਕੀਆਂ ਓਹ ਸਿਖਰਾਂ ਛੋਹਣ
ਦੁਨੀਆਂ ਲਈ ਮਿਸਾਲ ਬਣੇ ਸੋਭਾ ਢੋਵਣ
ਦੋ ਚੁੱਲੇ ਪਰ ਇੱਕੋ ਥਾਂ ਪੀਤੀ ਜਾਂਦੀ ਚਾਹ ਹੋਵੇ
ਦੋ ਘਰੀਂ ਇੱਕ ਸਾਂਝਾ ਨਿਕਲਦਾ ਰਾਹ ਹੋਵੇ
ਚਾਚੀਆਂ ਤਾਈਆਂ ਇੱਕੋ ਥਾਂ ਰਲ ਤੇਲ ਚੋਵਣ
ਸਾਡੇ ਘਰ ਦੀਆਂ ਸਾਂਝਾ ਬਸ ਐਸੀਆਂਂ ਹੋਵਣ
ਵੰਡੀਆਂ ਦੇ ਦਰਦ ਕਿਸ ਨਹੀਂ ਹੰਡਾਓਣੇ
ਹੱਥ ਆਵਦੇ ਕਿਸ ਤਰਾਂ ਦੇ ਪੂਰਨੇ ਪਾਓਣੇ
ਪਿਓ ਚਾਚੇ ਦੇ ਸ਼ਿਕਵੇ ਪੁੱਤ ਰਲ ਕੇ ਧੋਵਣ
ਸਾਡੇ ਘਰ ਦੀਆਂ ਸਾਂਝਾਂ ਬਸ ਐਸੀਆਂ ਹੋਵਣ
ਤੀਵੀਆਂ ਨੂੰ ਬੋਲਣ ਦੀ ਵੀ ਪੂਰੀ ਖੁੱਲ ਹੋਵੇ
ਮਰਿਆਦਾ ਰੁਲਜੇ ਐਸੀ ਵੀ ਨਾ ਭੁੱਲ ਹੋਵੇ
ਸਨਮਾਨ ਮਿਲੇ ਨਾ ਧੀਆਂ ਕਰਮਾਂ ਨੂੰ ਰੋਵਣ
ਸਾਡੇ ਘਰ ਦੀਆਂ ਸਾਂਝਾਂ ਬਸ ਐਸੀਆਂ ਹੋਵਣ
ਸੰਧੂਆ ਤੇਰੇ ਘਰ ਨੂੰ ਲਾ ਤੀ ਨਜ਼ਰ ਕੀ ਲੋਕਾਂ ਨੇ
ਸਕਿਆ ਦਾ ਮੋਹ ਮਾਨਣ ਤੋਂ ਸਕਿਆ ਵੱਲੋਂ ਰੋਕਾਂ ਨੇ
ਪੁੱਤ ਫਸਲ ਨਾਂ ਵੱਢਦੇ ਪਿਆਰ ਵਾਲੀ
ਜੇ ਮਾਪੇ ਈ ਵੱਖਰਾ ਬੀ ਬੋਵਣ
ਸਾਡੇ ਘਰ ਦੀਆਂ ਸਾਂਝਾਂ ਕੈਸੀਆਂ ਹੋਵਣ
ਪੀਢੀਆਂ ਪੱਕੀਆਂ ਤੇ ਸਿਖਰਾਂ ਛੋਹਣ.....
What's Your Reaction?
