ਇੱਕ ਦੀਵਾ ਮਾਫ਼ੀ ਦਾ - Sukhpreet Pawar
ਕੱਲ੍ਹ ਘਰ ਦੀ ਸਾਫ਼-ਸਫ਼ਾਈ ਕਰਦਿਆਂ ਅਚਾਨਕ ਮਨ ਵਿੱਚ ਇੱਕ ਖ਼ਿਆਲ ਆਇਆ…
ਦੀਵਾਲੀ ਨੇੜੇ ਆਉਂਦਿਆਂ ਹੀ ਅਸੀਂ ਘਰ ਦੇ ਕੋਨਿਆਂ ਵਿੱਚ ਜੰਮੀ ਧੂੜ ਤਾਂ ਹਰ ਸਾਲ ਝਾੜ ਦਿੰਦੇ ਹਾਂ, ਪਰ ਮਨ ਦੇ ਕੋਨਿਆਂ ਵਿੱਚ ਸਾਲਾਂ ਤੋਂ ਜੰਮੀ ਧੂੜ ਦਾ ਕੀ?
ਕਿਸੇ ਦੀ ਕਹੀ ਕੌੜੀ ਗੱਲ,
ਕਿਸੇ ਆਪਣੇ ਨਾਲ ਹੋਈ ਨਾਰਾਜ਼ਗੀ,
ਪੁਰਾਣੇ ਗਿਲੇ-ਸ਼ਿਕਵੇ,
ਈਰਖਾ, ਗੁੱਸਾ ਅਤੇ ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ… ਕਿੰਨਾ ਕੁਝ ਅਸੀਂ ਆਪਣੇ ਮਨ ਦੀਆਂ ਅਲਮਾਰੀਆਂ ਵਿੱਚ ਸਾਂਭੀ ਬੈਠੇ ਹਾਂ।
ਕਈ ਵਾਰ ਨਾਰਾਜ਼ਗੀਆਂ ਇੰਨੀਆਂ ਪੁਰਾਣੀਆਂ ਹੋ ਜਾਂਦੀਆਂ ਹਨ ਕਿ ਸਾਨੂੰ ਇਹ ਵੀ ਯਾਦ ਨਹੀਂ ਹੁੰਦਾ ਕਿ ਅਸੀਂ ਇੱਕ-ਦੂਜੇ ਨਾਲ ਰੁੱਸੇ ਕਿਉਂ ਸੀ। ਕਾਰਨ ਭੁੱਲ ਜਾਂਦੇ ਹਾਂ, ਪਰ ਰੁੱਸੇ ਰਹਿਣਾ ਨਹੀਂ ਭੁੱਲਦੇ।
ਅਜੀਬ ਗੱਲ ਹੈ ਨਾ? ਘਰ ਵਿੱਚ ਪਈ ਬੇਲੋੜੀ ਚੀਜ਼ ਤਾਂ ਅਸੀਂ ਬਾਹਰ ਕੱਢ ਦਿੰਦੇ ਹਾਂ, ਪਰ ਮਨ ਵਿੱਚ ਪਈਆਂ ਪੁਰਾਣੀਆਂ ਨਾਰਾਜ਼ਗੀਆਂ ਨੂੰ ਸਾਲਾਂ ਤੱਕ ਸੰਭਾਲੀ ਰੱਖਦੇ ਹਾਂ।
ਨਾ ਤਾਂ ਹਰ ਗੱਲ ਨੂੰ ਦਿਲ ਨਾਲ ਲਾ ਕੇ ਰੱਖਣਾ ਜ਼ਰੂਰੀ ਹੁੰਦਾ ਹੈ ਤੇ ਨਾ ਹੀ ਹਰ ਦੁੱਖ ਨੂੰ ਸਾਰੀ ਉਮਰ ਆਪਣੇ ਨਾਲ ਲੈ ਕੇ ਤੁਰਨਾ। ਜ਼ਿੰਦਗੀ ਵਿੱਚ ਵਾਪਰਨ ਵਾਲੀ ਹਰ ਘਟਨਾ ਸਾਡੇ ਵੱਸ ਵਿੱਚ ਨਹੀਂ ਹੁੰਦੀ, ਪਰ ਉਸ ਘਟਨਾ ਨੂੰ ਆਪਣੇ ਮਨ ਵਿੱਚ ਕਿੰਨੀ ਥਾਂ ਦੇਣੀ ਹੈ, ਇਹ ਕਾਫ਼ੀ ਹੱਦ ਤੱਕ ਸਾਡੇ ਆਪਣੇ ਹੱਥ ਹੁੰਦਾ ਹੈ।
ਤਾਂ ਕਿਉਂ ਨਾ ਇਸ ਦੀਵਾਲੀ ਘਰ ਦੇ ਨਾਲ-ਨਾਲ ਆਪਣੇ ਮਨ ਦੀ ਵੀ ਸਫ਼ਾਈ ਕਰ ਲਈਏ? ਜਿਵੇਂ ਅਸੀਂ ਘਰ ਦੀਆਂ ਖਿੜਕੀਆਂ ਖੋਲ੍ਹ ਕੇ ਤਾਜ਼ੀ ਹਵਾ ਅੰਦਰ ਆਉਣ ਦਿੰਦੇ ਹਾਂ, ਉਵੇਂ ਹੀ ਆਪਣੇ ਮਨ ਦੇ ਬੂਹੇ ਵੀ ਚੰਗੇ ਵਿਚਾਰਾਂ, ਉਮੀਦਾਂ, ਸ਼ੁਕਰਾਨੇ ਅਤੇ ਪਿਆਰ ਲਈ ਖੋਲ੍ਹ ਦੇਈਏ।
ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਤੇ ਕਿਉਂ ਨਾ ਇਸ ਵਾਰ ਕੁਝ ਦੀਵੇ ਆਪਣੇ ਰਿਸ਼ਤਿਆਂ ਦੇ ਨਾਮ ਵੀ ਜਗਾਈਏ?
ਇੱਕ ਦੀਵਾ ਮਾਫ਼ੀ ਦਾ।
ਇੱਕ ਦੀਵਾ ਸਬਰ ਦਾ।
What's Your Reaction?

