ਰਾਹੁਲ ਗਾਂਧੀ ਦੇ 6 ਘੰਟੇ ਲੰਮੇ ਧਰਨੇ ਮਗਰੋਂ ਦਿੱਲੀ ਪੁਲੀਸ ਨੇ ਪੈਲੇਟ ਗੰਨ ਹਮਲੇ ਦੇ ਮਾਮਲੇ ’ਚ ਦਰਜ ਕੀਤੀ ਐੱਫਆਈਆਰ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪਾਰਲੀਮੈਂਟ ਸਟ੍ਰੀਟ ਪੁਲੀਸ ਸਟੇਸ਼ਨ ਦੇ ਬਾਹਰ ਦਿੱਤੇ ਲਗਭਗ 6 ਘੰਟੇ ਲੰਮੇ ਧਰਨੇ ਤੋਂ ਬਾਅਦ ਦਿੱਲੀ ਪੁਲੀਸ ਨੇ ਜ਼ਖ਼ਮੀ ਵਿਦਿਆਰਥੀ ਸਾਹਿਲ ਲੋਹਚਬ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕਰ ਲਈ ਹੈ। ਇਹ ਮਾਮਲਾ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਪੈਲੇਟ ਗੰਨ ਚਲਾਉਣ ਅਤੇ ਗੰਭੀਰ ਸੱਟਾਂ ਲੱਗਣ ਨਾਲ ਸਬੰਧਤ ਹੈ। ਪੁਲੀਸ ਵੱਲੋਂ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 118 ਅਤੇ 125 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਉਪਰੰਤ ਰਾਹੁਲ ਗਾਂਧੀ ਨੇ ਆਪਣਾ ਧਰਨਾ ਸਮਾਪਤ ਕੀਤਾ।

Aug 22, 2026 - 02:24
 0  0

Share -

ਰਾਹੁਲ ਗਾਂਧੀ ਦੇ 6 ਘੰਟੇ ਲੰਮੇ ਧਰਨੇ ਮਗਰੋਂ ਦਿੱਲੀ ਪੁਲੀਸ ਨੇ ਪੈਲੇਟ ਗੰਨ ਹਮਲੇ ਦੇ ਮਾਮਲੇ ’ਚ ਦਰਜ ਕੀਤੀ ਐੱਫਆਈਆਰ
Rahul Gandhi File Photo

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਦਿੱਲੀ ਦੇ ਪਾਰਲੀਮੈਂਟ ਸਟ੍ਰੀਟ ਥਾਣੇ ਦੇ ਬਾਹਰ ਦਿੱਤੇ ਲਗਭਗ ਛੇ ਘੰਟੇ ਲੰਮੇ ਧਰਨੇ ਤੋਂ ਬਾਅਦ ਦਿੱਲੀ ਪੁਲੀਸ ਨੇ ਆਖ਼ਰਕਾਰ ਪੈਲੇਟ ਗੰਨ ਨਾਲ ਜ਼ਖ਼ਮੀ ਹੋਏ 19 ਸਾਲਾ ਵਿਦਿਆਰਥੀ ਸਾਹਿਲ ਲੋਹਚਬ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਦਿੱਲੀ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 118 (ਜਾਨਲੇਵਾ ਹਥਿਆਰਾਂ ਨਾਲ ਗੰਭੀਰ ਸੱਟ ਪਹੁੰਚਾਉਣਾ) ਅਤੇ 125 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਵਾਲਾ ਕੰਮ) ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

ਇਹ ਪੂਰਾ ਮਾਮਲਾ ਬੀਤੀ 20 ਜੁਲਾਈ ਨੂੰ ਜੰਤਰ-ਮੰਤਰ ਨੇੜੇ ਪੇਪਰ ਲੀਕ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਵਾਪਰੀ ਘਟਨਾ ਨਾਲ ਸਬੰਧਤ ਹੈ। ਦੋਸ਼ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਕਾਰਵਾਈ ਦੌਰਾਨ ਪੈਲੇਟ ਗੰਨ ਦੀ ਵਰਤੋਂ ਕੀਤੀ ਗਈ ਸੀ, ਜਿਸ ਵਿੱਚ ਸਾਹਿਲ ਲੋਹਚਬ ਗੰਭੀਰ ਜ਼ਖ਼ਮੀ ਹੋ ਗਿਆ ਸੀ। ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਸਾਹਿਲ ਦੇ ਸਰੀਰ ਵਿੱਚੋਂ ਕੱਢੇ ਗਏ ਪੈਲੇਟ ਦਿਖਾਉਂਦਿਆਂ ਦਾਅਵਾ ਕੀਤਾ ਕਿ ਏਮਜ਼ (AIIMS) ਦੀ ਮੈਡੀਕਲ ਰਿਪੋਰਟ ਅਨੁਸਾਰ ਨੌਜਵਾਨ ਦੇ ਸਰੀਰ ਵਿੱਚ 200 ਤੋਂ ਵੱਧ ਪੈਲੇਟ ਲੱਗੇ ਹੋਏ ਹਨ ਅਤੇ 3 ਪੈਲੇਟ ਉਸ ਦੀ ਅੱਖ ਵਿੱਚ ਧਸ ਗਏ ਸਨ, ਜਿਸ ਕਾਰਨ ਉਸ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ ਹੈ। ਇਸ ਤੋਂ ਇਲਾਵਾ ਕੁਝ ਪੈਲੇਟ ਦਿਲ ਦੇ ਬਿਲਕੁਲ ਨੇੜੇ ਹੋਣ ਕਾਰਨ ਉਨ੍ਹਾਂ ਨੂੰ ਸਰਜਰੀ ਰਾਹੀਂ ਬਾਹਰ ਨਹੀਂ ਕੱਢਿਆ ਜਾ ਸਕਿਆ।

ਕਾਂਗਰਸ ਪਾਰਟੀ ਅਨੁਸਾਰ ਸਾਹਿਲ ਨੇ ਆਪਣੇ ਵਕੀਲਾਂ ਰਾਹੀਂ 14 ਅਗਸਤ ਨੂੰ ਦਿੱਲੀ ਪੁਲੀਸ ਕੋਲ 7 ਪੰਨਿਆਂ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ, ਪਰ ਪੁਲੀਸ ਨੇ ਨਾ ਤਾਂ ਐੱਫਆਈਆਰ ਦਰਜ ਕੀਤੀ ਅਤੇ ਨਾ ਹੀ ਕੋਈ ਡਾਇਰੀ ਨੰਬਰ ਜਾਂ ਜਾਂਚ ਅਧਿਕਾਰੀ (IO) ਦਾ ਵੇਰਵਾ ਦਿੱਤਾ। 17 ਅਗਸਤ ਨੂੰ ਵਾਰ-ਵਾਰ ਫ਼ੋਨ ਅਤੇ ਈਮੇਲ ਰਾਹੀਂ ਸੰਪਰਕ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ’ਤੇ ਰਾਹੁਲ ਗਾਂਧੀ ਸ਼ੁੱਕਰਵਾਰ ਦੁਪਹਿਰ ਸਾਹਿਲ ਅਤੇ ਉਸਦੀ ਮਾਂ ਨੂੰ ਨਾਲ ਲੈ ਕੇ ਡੀਸੀਪੀ ਦਫ਼ਤਰ ਪਹੁੰਚੇ। ਪੁਲੀਸ ਵੱਲੋਂ ਤੁਰੰਤ ਕੇਸ ਦਰਜ ਕਰਨ ਤੋਂ ਇਨਕਾਰ ਕਰਨ ’ਤੇ ਰਾਹੁਲ ਗਾਂਧੀ ਥਾਣੇ ਦੇ ਬਾਹਰ ਹੀ ਧਰਨੇ ’ਤੇ ਬੈਠ ਗਏ।

ਇਸ ਪ੍ਰਦਰਸ਼ਨ ਵਿੱਚ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ, ਜੈਰਾਮ ਰਮੇਸ਼, ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਵੀ ਸ਼ਾਮਲ ਹੋ ਗਏ। ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਪੁਲੀਸ ਨੂੰ ਉੱਪਰੋਂ ਦਬਾਅ ਪਾ ਕੇ ਕਾਰਵਾਈ ਕਰਨ ਤੋਂ ਰੋਕਿਆ ਜਾ ਰਿਹਾ ਸੀ।

ਪੁਲੀਸ ਵੱਲੋਂ ਦੇਰ ਸ਼ਾਮ ਐੱਫਆਈਆਰ ਦੀ ਕਾਪੀ ਸੌਂਪੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਧਰਨਾ ਸਮਾਪਤ ਕਰਦਿਆਂ ਇਸ ਨੂੰ ਇਨਸਾਫ਼ ਵੱਲ ਪਹਿਲਾ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਪੂਰਾ ਨਿਆਂ ਦਿਵਾਉਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ।

What's Your Reaction?

like

dislike

love

funny

angry

sad

wow