ਐੱਫ.ਆਈ.ਐੱਚ. ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਟੀਮ 'ਚ ਪੰਜਾਬ ਦੇ 8 ਖਿਡਾਰੀ ਸ਼ਾਮਲ, ਹਰਮਨਪ੍ਰੀਤ ਸਿੰਘ ਕਰਨਗੇ ਕਪਤਾਨੀ
ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2026 ਲਈ ਐਲਾਨੀ ਗਈ ਭਾਰਤੀ ਟੀਮ ਵਿੱਚ ਪੰਜਾਬ ਦੇ 8 ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਟੀਮ ਦੀ ਕਪਤਾਨੀ ਪੰਜਾਬ ਦੇ ਹਰਮਨਪ੍ਰੀਤ ਸਿੰਘ ਕਰਨਗੇ, ਜਦਕਿ ਟੀਮ ਵਿੱਚ ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮੰਦੀਪ ਸਿੰਘ ਸ਼ਾਮਲ ਹਨ। ਹਾਕੀ ਪੰਜਾਬ ਦੇ ਅਹੁਦੇਦਾਰਾਂ ਨੇ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਵਿਸ਼ਵ ਕੱਪ ਵਿੱਚ ਬਿਹਤਰੀਨ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ।
ਅਗਲੇ ਮਹੀਨੇ 15 ਤੋਂ 30 ਅਗਸਤ ਤੱਕ ਨੀਦਰਲੈਂਡਜ਼ ਅਤੇ ਬੈਲਜੀਅਮ ਵਿੱਚ ਸਾਂਝੇ ਤੌਰ 'ਤੇ ਖੇਡੇ ਜਾਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਿਸ਼ਵ ਕੱਪ 2026 ਲਈ ਭਾਰਤੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਭਾਰਤੀ ਟੀਮ ਵਿੱਚ ਪੰਜਾਬ ਦੇ 8 ਪ੍ਰਮੁੱਖ ਹਾਕੀ ਖਿਡਾਰੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਰਾਸ਼ਟਰੀ ਟੀਮ ਦੀ ਅਗਵਾਈ ਇੱਕ ਵਾਰ ਫਿਰ ਪੰਜਾਬ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਕਰਨਗੇ।
ਚੁਣੀ ਗਈ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੋਂ ਇਲਾਵਾ ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ ਅਤੇ ਮੰਦੀਪ ਸਿੰਘ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਵਿੱਚੋਂ ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮੰਦੀਪ ਸਿੰਘ ਅਤੇ ਸੁਖਜੀਤ ਸਿੰਘ ਦਾ ਸਬੰਧ ਜਲੰਧਰ ਨਾਲ ਹੈ, ਜਦਕਿ ਬਾਕੀ ਖਿਡਾਰੀ ਵੀ ਜਲੰਧਰ ਦੇ ਇਤਿਹਾਸਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਅਭਿਆਸ ਕਰਕੇ ਅੱਗੇ ਵਧੇ ਹਨ। ਭਾਰਤ ਦੇ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਖਿਡਾਰੀ ਮਨਪ੍ਰੀਤ ਸਿੰਘ ਦਾ ਤਜਰਬਾ ਟੀਮ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕੁਝ ਸਾਲ ਪਹਿਲਾਂ ਅਧਰੰਗ ਵਰਗੀ ਗੰਭੀਰ ਬਿਮਾਰੀ ਨੂੰ ਮਾਤ ਦੇ ਕੇ ਵਾਪਸੀ ਕਰਨ ਵਾਲੇ ਫਾਰਵਰਡ ਸੁਖਜੀਤ ਸਿੰਘ ਦੀ ਚੋਣ ਵੀ ਪ੍ਰੇਰਨਾਦਾਇਕ ਹੈ, ਜੋ ਪੈਰਿਸ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਸਨ।
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੋਵਾਰ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰ ਰਹੇ ਹਨ ਅਤੇ ਮਨਪ੍ਰੀਤ ਸਿੰਘ ਵਰਗੇ ਤਜਰਬੇਕਾਰ ਖਿਡਾਰੀ ਟੀਮ ਦੇ ਨਾਲ ਹਨ। ਅਹੁਦੇਦਾਰਾਂ ਅਨੁਸਾਰ ਇਹ ਟੀਮ ਸੀਨੀਅਰ ਅਤੇ ਨੌਜਵਾਨ ਖਿਡਾਰੀਆਂ ਦਾ ਵਧੀਆ ਮਿਸ਼ਰਣ ਹੈ ਅਤੇ ਭਾਰਤੀ ਟੀਮ ਵਿੱਚ ਵਿਸ਼ਵ ਕੱਪ ਜਿੱਤਣ ਦੀ ਪੂਰੀ ਸਮਰੱਥਾ ਹੈ।
What's Your Reaction?