ਵਿਕਟੋਰੀਆ ਦੇ ਸਰਕਾਰੀ ਹਸਪਤਾਲਾਂ ’ਚ 20 ਸਾਲਾਂ ਬਾਅਦ ਡਾਕਟਰਾਂ ਵੱਲੋਂ ਇਤਿਹਾਸਕ ਹੜਤਾਲ: ਤਨਖ਼ਾਹਾਂ ਅਤੇ ਕੰਮ ਦੀਆਂ ਸ਼ਰਤਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ; ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ

ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ ਤਨਖ਼ਾਹਾਂ ਵਿੱਚ ਵਾਧੇ ਅਤੇ ਕੰਮ ਕਰਨ ਦੀਆਂ ਔਖੀਆਂ ਸ਼ਰਤਾਂ ਨੂੰ ਲੈ ਕੇ ਇਸ ਵੀਰਵਾਰ ਨੂੰ ਸੂਬਾ-ਪੱਧਰੀ ਹੜਤਾਲ ਕਰਨ ਜਾ ਰਹੇ ਹਨ। ਪਿਛਲੇ ਦੋ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਡਾਕਟਰਾਂ ਵੱਲੋਂ ਇਸ ਪੱਧਰ ’ਤੇ ਕੰਮ ਰੋਕ ਕੇ ਵਿਰੋਧ ਜਤਾਇਆ ਜਾ ਰਿਹਾ ਹੈ। ਇਹ ਹੜਤਾਲ ਦੁਪਹਿਰ 1:30 ਤੋਂ ਸ਼ਾਮ 5:30 ਵਜੇ ਤੱਕ 4 ਘੰਟਿਆਂ ਲਈ ਹੋਵੇਗੀ, ਜਿਸ ਦੌਰਾਨ ਮਰੀਜ਼ਾਂ ਦੀ ਦੇਖਭਾਲ ਯਕੀਨੀ ਬਣਾਉਣ ਲਈ ਐਮਰਜੈਂਸੀ ਵਿਭਾਗਾਂ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਡਾਕਟਰ ਯੂਨੀਅਨ ਵੱਲੋਂ 4 ਸਾਲਾਂ ਦੌਰਾਨ 30 ਫ਼ੀਸਦੀ ਤਨਖ਼ਾਹ ਵਾਧੇ, 12.5 ਘੰਟਿਆਂ ਤੋਂ ਵੱਧ ਦੀਆਂ ਲੰਮੀਆਂ ਸ਼ਿਫ਼ਟਾਂ ’ਤੇ ਪਾਬੰਦੀ ਅਤੇ ਬਿਨਾਂ ਭੁਗਤਾਨ ਓਵਰਟਾਈਮ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ।

Sep 29, 2026 - 14:40
 0  0

Share -

ਵਿਕਟੋਰੀਆ ਦੇ ਸਰਕਾਰੀ ਹਸਪਤਾਲਾਂ ’ਚ 20 ਸਾਲਾਂ ਬਾਅਦ ਡਾਕਟਰਾਂ ਵੱਲੋਂ ਇਤਿਹਾਸਕ ਹੜਤਾਲ: ਤਨਖ਼ਾਹਾਂ ਅਤੇ ਕੰਮ ਦੀਆਂ ਸ਼ਰਤਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ; ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
Image used for representation purpose only

ਮੈਲਬਰਨ:

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਸਿਹਤ ਪ੍ਰਣਾਲੀ ਵੱਡੇ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਦੇ ਹਜ਼ਾਰਾਂ ਡਾਕਟਰਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਇਸ ਵੀਰਵਾਰ ਨੂੰ ਰਾਜ-ਪੱਧਰੀ ਹੜਤਾਲ ਕਰਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਿਛਲੇ 20 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਵਿਕਟੋਰੀਆ ਦੇ ਡਾਕਟਰਾਂ ਨੂੰ ਆਪਣੇ ਹੱਕਾਂ ਲਈ ਇਸ ਤਰ੍ਹਾਂ ਕੰਮ ਠੱਪ ਕਰਕੇ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਸਰਕਾਰ ਨਾਲ ਐਂਟਰਪ੍ਰਾਈਜ਼ ਬਾਰਗੇਨਿੰਗ ਐਗਰੀਮੈਂਟ (EBA) ਤਹਿਤ ਪਿਛਲੇ 14 ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਕਿਸੇ ਸਿੱਟੇ ’ਤੇ ਨਾ ਪਹੁੰਚਣ ਕਾਰਨ ਡਾਕਟਰਾਂ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਆਸਟ੍ਰੇਲੀਅਨ ਸੈਲਰੀਡ ਮੈਡੀਕਲ ਆਫ਼ੀਸਰਜ਼ ਫੈਡਰੇਸ਼ਨ (ASMOF) ਵਿਕਟੋਰੀਆ ਅਨੁਸਾਰ ਇਹ ਹੜਤਾਲ ਵੀਰਵਾਰ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਵਜੇ ਤੱਕ ਰਹੇਗੀ। ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਆਮ ਜਨਤਾ ਅਤੇ ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਐਮਰਜੈਂਸੀ ਵਿਭਾਗਾਂ (EDs) ਨੂੰ ਇਸ ਹੜਤਾਲ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ ਅਤੇ ਹਸਪਤਾਲਾਂ ਦੇ ਦੂਜੇ ਵਿਭਾਗਾਂ ਵਿੱਚ ਵੀ ਆਮ ਸ਼ਨੀਵਾਰ ਨਾਲੋਂ ਵੱਧ ਸਟਾਫ਼ ਤੈਨਾਤ ਰਹੇਗਾ ਤਾਂ ਜੋ ਗੰਭੀਰ ਮਰੀਜ਼ਾਂ ਨੂੰ ਦਿੱਕਤ ਨਾ ਆਵੇ।

ਏਐੱਸਐੱਮਓਐੱਫ ਦੇ ਪ੍ਰਧਾਨ ਡਾ. ਰੌਡਰਿਕ ਮੈਕਰੇਅ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਤੋਂ ਹਫ਼ਤੇ ਵਿੱਚ 84-84 ਘੰਟੇ ਲਗਾਤਾਰ ਕੰਮ ਲਿਆ ਜਾ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਅਤੇ ਸਰੀਰਕ ਥਕਾਵਟ (burnout) ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ਼ ਤਨਖ਼ਾਹਾਂ ਦਾ ਨਹੀਂ, ਸਗੋਂ ਹੱਦੋਂ ਵੱਧ ਥਕੇਵੇਂ ਕਾਰਨ ਮਰੀਜ਼ਾਂ ਦੀ ਸੁਰੱਖਿਆ ਨੂੰ ਦਰਪੇਸ਼ ਗੰਭੀਰ ਖ਼ਤਰਿਆਂ ਦਾ ਵੀ ਹੈ।

ਡਾਕਟਰਾਂ ਦੀਆਂ ਮੁੱਖ ਮੰਗਾਂ ਵਿੱਚ ਅਗਲੇ 4 ਸਾਲਾਂ ਦੌਰਾਨ ਤਨਖ਼ਾਹਾਂ ਵਿੱਚ 30 ਫ਼ੀਸਦੀ ਦਾ ਵਾਧਾ ਕਰਨਾ, 12.5 ਘੰਟਿਆਂ ਤੋਂ ਲੰਬੀਆਂ ਖ਼ਤਰਨਾਕ ਸ਼ਿਫ਼ਟਾਂ ’ਤੇ ਮੁਕੰਮਲ ਪਾਬੰਦੀ ਲਗਾਉਣਾ ਅਤੇ ਬਿਨਾਂ ਮੁਆਵਜ਼ੇ ਤੋਂ ਕਰਵਾਏ ਜਾਂਦੇ ਗੈਰ-ਕਾਨੂੰਨੀ ਓਵਰਟਾਈਮ ਵਿਰੁੱਧ ਸਖ਼ਤ ਨੇਮ ਬਣਾਉਣਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਯੂਨੀਅਨ ਵੱਲੋਂ 24 ਘੰਟਿਆਂ ਦੀ ਮੁਕੰਮਲ ਹੜਤਾਲ ਦੀ ਤਿਆਰੀ ਕੀਤੀ ਗਈ ਸੀ, ਪਰ ਹਸਪਤਾਲ ਪ੍ਰਬੰਧਕਾਂ ਵੱਲੋਂ ਕਾਨੂੰਨੀ ਕਾਰਵਾਈ ਦੀਆਂ ਚਿਤਾਵਨੀਆਂ ਦਿੱਤੇ ਜਾਣ ਤੋਂ ਬਾਅਦ ਮਰੀਜ਼ਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਨੂੰ ਚਾਰ ਘੰਟਿਆਂ ਦੀ ਹੜਤਾਲ ਵਿੱਚ ਤਬਦੀਲ ਕੀਤਾ ਗਿਆ ਹੈ।

What's Your Reaction?

like

dislike

love

funny

angry

sad

wow