ਐਂਟਨ ਚੈਖਵ ਦੀ ਕਹਾਣੀ 'ਦ ਐਲਬਮ' (The Album by Anton Chekhov in Punjabi)

ਐਂਟਨ ਚੈਖਵ ਦੀ ਮਸ਼ਹੂਰ ਵਿਅੰਗਾਤਮਕ ਕਹਾਣੀ 'The Album' ਦਾ ਪੰਜਾਬੀ ਰੂਪਾਂਤਰਨ। ਜਾਣੋ ਕਿਵੇਂ ਇੱਕ ਰਿਟਾਇਰ ਹੋ ਰਹੇ ਬੌਸ ਦੇ ਤੋਹਫ਼ੇ ਰਾਹੀਂ ਮਨੁੱਖੀ ਸੁਭਾਅ ਅਤੇ ਫੋਕੀ ਵਾਹ-ਵਾਹੀ ਦੇ ਨਕਾਬ ਨੂੰ ਉਤਾਰਿਆ ਗਿਆ ਹੈ।

Jul 1, 2026 - 10:20
 0  0

Share -

ਐਂਟਨ ਚੈਖਵ ਦੀ ਕਹਾਣੀ 'ਦ ਐਲਬਮ' (The Album by Anton Chekhov in Punjabi)
An old retired boss holding a photo album with an emotional expression, looking at a creative toy tank made from matchboxes and cutout photos by a child, digital art style.

ਐਂਟਨ ਚੈਖਵ ਲਿਖਦਾ ਹੈ ਕਿ ਇੱਕ ਵੱਡਾ ਬੌਸ ਅੱਜ ਰਿਟਾਇਰ ਹੋਣ ਜਾ ਰਿਹਾ ਹੈ। ਉਹ ਆਪਣੇ ਦਫ਼ਤਰ ਦੇ ਵਿੱਚ ਬੈਠਾ ਹੈ, ਤੇ ਇੱਕ ਕਲਰਕ ਕਰਮਚਾਰੀ ਉਹਦੇ ਕੋਲ ਇੱਕ ਤੋਹਫ਼ਾ ਲੈ ਕੇ ਆਉਂਦਾ ਹੈ। ਆ ਕੇ ਬੜੇ ਪਿਆਰ ਭਰੇ ਸ਼ਬਦ ਬੋਲਦਾ ਹੈ, "ਜਨਾਬ, ਤੁਸੀਂ ਪਿਛਲੇ ਇਹਨਾਂ 10 ਸਾਲਾਂ ਦੇ ਵਿੱਚ ਬਹੁਤ ਮਿਹਨਤ ਕੀਤੀ, ਸਾਡਾ ਬਹੁਤ ਖ਼ਿਆਲ ਰੱਖਿਆ... ਸਾਨੂੰ ਸ਼ਾਇਦ ਤੁਹਾਡੇ ਤੋਂ ਬਿਹਤਰ ਕੋਈ ਅਫ਼ਸਰ ਨਾ ਮਿਲਦਾ, ਅਸੀਂ ਸਾਰੇ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ..."

ਇੰਨੇ ਨੂੰ ਪਿੱਛੋਂ ਕੰਨ ਦੇ ਵਿੱਚ ਕਿਸੇ ਨੇ ਫੁਸਫੁਸਾਇਆ ਕਿ 10 ਤੋਂ ਵੀ ਵਧੇਰੇ ਸਾਲ ਹੋ ਚੁੱਕੇ ਆ। ਕਲਰਕ ਝੱਟ ਆਪਣੀ ਗੱਲ ਬਦਲਦਾ ਹੋਇਆ ਕਹਿਣ ਲੱਗਾ, "ਹਾਂ ਹਾਂ ਸੱਚ, 10 ਤੋਂ ਵੀ ਵਧੇਰੇ ਸਾਲ ਹੋ ਚੁੱਕੇ ਆ... ਅਸੀਂ ਹੁਣ ਸ਼ਬਦਾਂ ਦੇ ਵਿੱਚ ਕਿੱਦਾਂ ਬਿਆਨ ਕਰੀਏ, ਜੋ ਤੁਸੀਂ ਸਾਨੂੰ ਸਿਖਾਇਆ, ਜੋ ਤੁਸੀਂ ਸਾਡੇ ਲਈ ਕੀਤਾ। ਆਪਾਂ ਤੁਹਾਡੇ ਕੋਲੋਂ ਇਸ ਸਰਵਿਸ ਦੇ ਦਰਮਿਆਨ, ਇਸ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ ਹੈ। ਤੁਹਾਡੇ ਵਰਗੇ ਅਫ਼ਸਰ ਕਰਮਾਂ ਦੇ ਨਾਲ ਮਿਲਦੇ ਆ। ਹੁਣ ਤੁਸੀਂ ਸੇਵਾ ਮੁਕਤ ਹੋ ਰਹੇ ਹੋ ਤੇ ਅਸੀਂ ਸਾਰੇ ਬਹੁਤ ਭਾਵੁਕ ਹਾਂ। ਅਸੀਂ ਸਾਰਿਆਂ ਨੇ ਇਹ ਸੋਚਿਆ ਕਿ ਤੁਹਾਨੂੰ ਕੋਈ ਤੋਹਫ਼ਾ ਦਿੱਤਾ ਜਾਵੇ।"

"ਤਾਂ ਉਸ ਤੋਹਫ਼ੇ ਦੇ ਵਜੋਂ ਅਸੀਂ ਇੱਕ ਐਲਬਮ ਬਣਾਈ ਹੈ। ਇਸ ਐਲਬਮ ਦੇ ਵਿੱਚ ਸਾਰੇ ਕਰਮਚਾਰੀਆਂ ਦੀਆਂ ਫ਼ੋਟੋਆਂ ਨੇ। ਇਹ ਤਸਵੀਰਾਂ ਤੁਹਾਨੂੰ ਯਾਦ ਕਰਵਾਉਣਗੀਆਂ ਕਿ ਤੁਸੀਂ ਕਦੀ ਇਸ ਦਫ਼ਤਰ ਦੇ ਵਿੱਚ ਬੌਸ ਸੀ ਤੇ ਆਪਾਂ ਸਾਰੇ ਤੁਹਾਡੇ ਨਾਲ ਕੰਮ ਕਰਦੇ ਸੀ। ਇਹ ਤਸਵੀਰਾਂ ਤੁਹਾਨੂੰ ਯਾਦ ਕਰਵਾਉਣਗੀਆਂ ਕਿ ਕਿਹੜੇ-ਕਿਹੜੇ ਚਿਹਰੇ ਸੀ ਤੁਹਾਡੇ ਦਫ਼ਤਰ ਦੇ ਵਿੱਚ... ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਨੂੰ ਭੁੱਲ ਜਾਓ।" ਉੱਥੇ ਖੜ੍ਹਾ ਦੂਸਰਾ ਕਰਮਚਾਰੀ ਬੋਲਿਆ, "ਹਾਂ ਸਰ, ਅਸੀਂ ਭੁੱਲਣ ਵੀ ਨਹੀਂ ਦਿਆਂਗੇ ਤੁਹਾਨੂੰ! ਜਦੋਂ ਵੀ ਤੁਹਾਡਾ ਦਿਲ ਕਰੇ ਪੁਰਾਣੀਆਂ ਯਾਦਾਂ ਦੇ ਵਿੱਚ ਉੱਤਰਨ ਦੇ ਲਈ, ਤਾਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ।" ਇੱਕ ਹੋਰ ਜਣਾ ਹੱਸ ਕੇ ਬੋਲਿਆ, "ਹਾਂ, ਸਾਡੀਆਂ ਕੀਤੀਆਂ ਗ਼ਲਤੀਆਂ ਵੀ ਤੁਸੀਂ ਇਸ ਐਲਬਮ ਦੇ ਵਿੱਚੋਂ ਵੇਖ ਸਕਦੇ ਹੋ।" ਇੰਨਾ ਕਹਿ ਕੇ ਹਲਕਾ ਜਿਹਾ ਸਾਰੇ ਹੱਸ ਪਏ।

ਇਸ ਸਾਰੇ ਵਰਤਾਰੇ ਦੇ ਨਾਲ ਬੌਸ ਕਾਫ਼ੀ ਭਾਵੁਕ ਹੋ ਗਿਆ। ਕਲਰਕ ਨੇ ਜਦੋਂ ਉਹਦੇ ਚਿਹਰੇ ਵੱਲ ਝਾਤੀ ਮਾਰੀ, ਤਾਂ ਉਹਦੇ ਝੁਰੜੀਆਂ ਵਾਲੇ ਚਿਹਰੇ ਤੋਂ ਕੀ ਵੇਖਦਾ ਹੈ ਕਿ ਖੱਬੀ ਅੱਖ ਦੇ ਵਿੱਚੋਂ ਇੱਕ ਅੱਥਰੂ ਗੱਲ ਦੇ ਉੱਤੋਂ ਦੀ ਹੋ ਕੇ ਹੇਠਾਂ ਨੂੰ ਲਮਕ ਰਿਹਾ ਹੈ। ਕੋਲ ਖਲੋਤੇ ਕੁਝ ਕਰਮਚਾਰੀ ਇਹ ਦੇਖ ਕੇ ਹੋਰ ਵੀ ਭਾਵੁਕ ਹੋ ਗਏ। ਬੌਸ ਨੇ ਆਪਣੀ ਅੱਖ ਪੂੰਝਦਿਆਂ ਕਿਹਾ, "ਮੈਂ... ਹਾਂ ਮੈਂ ਕਿੰਨਾ ਕਰਮਾਂ ਵਾਲਾ ਹਾਂ। ਮੈਨੂੰ ਤੁਹਾਡੇ ਵਰਗੇ ਲੋਕ ਮਿਲੇ, ਤੁਹਾਡੇ ਵਰਗੇ ਕਰਮਚਾਰੀ ਮਿਲੇ, ਤੁਹਾਡਾ ਵਰਗਾ ਸਟਾਫ਼ ਮਿਲਿਆ... ਤਾਂ ਇਹ ਸਫ਼ਰ ਹੋਰ ਵੀ ਆਸਾਨ ਹੋ ਗਿਆ। ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਕਿ ਤੁਸੀਂ ਸਾਰੇ ਬਹੁਤ ਚੰਗੇ ਹੋ। ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਇਹ ਸਮਾਂ ਬਹੁਤ ਵਧੀਆ ਲੰਘਿਆ।"

"ਹਾਂ, ਜੇ ਮੈਂ ਕਦੀ ਕਿਸੇ ਨੂੰ ਉੱਚਾ ਬੋਲ ਬੋਲਿਆ ਹੋਵੇ, ਤੁਹਾਡੇ ਵਿੱਚੋਂ ਕਈਆਂ ਨੂੰ ਝਿੜਕਾਂ ਮਾਰੀਆਂ ਹੋਣ... ਯਕੀਨ ਮੰਨਿਓ, ਉਹ ਤੁਹਾਡੀ ਭਲਾਈ ਦੇ ਲਈ ਮਾਰੀਆਂ ਹੋਣਗੀਆਂ, ਕੰਮ ਦੇ ਲਈ ਮਾਰੀਆਂ ਹੋਣਗੀਆਂ। ਮੈਂ ਦਿਲੋਂ ਕਦੀ ਤੁਹਾਨੂੰ ਕਿਸੇ ਨੂੰ ਮਾੜਾ ਨਹੀਂ ਜਾਣਿਆ। ਤੁਸੀਂ ਇਸ ਤਰੀਕੇ ਦੇ ਨਾਲ ਇਹ ਛੋਟੀ ਜਿਹੀ ਵਿਦਾਇਗੀ ਪਾਰਟੀ ਮਨਾਉਣ ਜਾ ਰਹੇ ਹੋ, ਮੇਰੇ ਦਫ਼ਤਰ ਛੱਡ ਜਾਣ ਦੇ ਉੱਤੇ ਤੁਸੀਂ ਇੰਨਾ ਭਾਵੁਕ ਹੋ ਰਹੇ ਹੋ... ਇਹ ਮੈਂ ਸੱਚਮੁੱਚ ਹੀ ਜ਼ਿੰਦਗੀ ਭਰ ਨਹੀਂ ਭੁੱਲ ਸਕੂੰਗਾ। ਇਹ ਬਹੁਤ ਵਧੀਆ ਪਲ ਨੇ ਤੇ ਤੁਸੀਂ ਬਹੁਤ ਸੋਹਣਾ ਕੀਤਾ, ਜਿਹੜਾ ਇਹਨਾਂ ਤਸਵੀਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਇਸ ਐਲਬਮ ਦੇ ਵਜੋਂ ਮੈਨੂੰ ਦੇ ਰਹੇ ਹੋ। ਮੈਂ ਹਮੇਸ਼ਾ ਇਹਨੂੰ ਆਪਣੇ ਨਾਲ ਰੱਖੂੰਗਾ।"

ਦਫ਼ਤਰ ਦੇ ਵਿੱਚ ਮਾਹੌਲ ਪੂਰੀ ਤਰ੍ਹਾਂ ਭਾਵੁਕ ਬਣ ਗਿਆ। ਸਾਰੇ ਜਣੇ ਆਪੋ ਆਪਣੇ ਬੀਤੇ ਤਜਰਬੇ ਦੱਸਣ ਲੱਗੇ। ਖ਼ੈਰ, ਦਿਨ ਦੀ ਸਮਾਪਤੀ ਹੋਈ। ਅੱਜ ਬੌਸ ਬੜਾ ਖ਼ੁਸ਼ ਹੈ। ਉਹਨੇ ਆਪਣਾ ਸਾਰਾ ਸਮਾਨ ਸਮੇਟਿਆ, ਆਪਣੇ ਸਹਿਯੋਗੀਆਂ ਦੇ ਵੱਲੋਂ ਦਿੱਤਾ ਗਿਆ ਤੋਹਫ਼ਾ—ਉਹ ਐਲਬਮ—ਕੱਛੇ ਮਾਰੀ ਤੇ ਆਪਣੇ ਘਰ ਨੂੰ ਚਲਾ ਗਿਆ।

ਰਾਤ ਦੇ ਖਾਣੇ ਦੇ ਉੱਤੇ ਘਰ ਦੇ ਵਿੱਚ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅੱਜ ਦਾ ਖਾਣਾ ਕੁਝ ਖ਼ਾਸ ਸੀ। ਕੁਝ ਯਾਰ-ਦੋਸਤ ਤੇ ਨਜ਼ਦੀਕੀ ਰਿਸ਼ਤੇਦਾਰ ਵੀ ਮੌਜੂਦ ਸਨ। ਅਫ਼ਸਰ ਨੇ ਜਾਂਦਿਆਂ ਹੀ ਦਫ਼ਤਰ ਵਾਲੀ ਗੱਲ ਬੜੇ ਮਾਣ ਨਾਲ ਦੱਸਣੀ ਸ਼ੁਰੂ ਕੀਤੀ, "ਹਾਂ, ਅੱਜ ਮੈਂ ਕਾਫ਼ੀ ਭਾਵੁਕ ਹਾਂ... ਅੱਜ ਮੈਨੂੰ ਵਾਕਈ ਮਹਿਸੂਸ ਹੋ ਰਿਹਾ ਕਿ ਮੈਂ ਆਪਣੇ ਦੇਸ਼ ਦੇ ਲਈ, ਆਪਣੇ ਮਹਿਕਮੇ ਦੇ ਲਈ, ਆਪਣੇ ਲੋਕਾਂ ਦੇ ਲਈ ਕੁਝ ਕੀਤਾ ਹੈ। ਜਦੋਂ ਤੁਹਾਨੂੰ ਹੱਲਾਸ਼ੇਰੀ ਮਿਲਦੀ ਹੈ, ਐਪਰੀਸ਼ੀਏਸ਼ਨ ਮਿਲਦੀ ਹੈ, ਤੁਹਾਡੇ ਆਸ-ਪਾਸ ਦੇ ਲੋਕਾਂ ਕੋਲੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਤੁਸੀਂ ਕੁਝ ਵਧੀਆ ਕੀਤਾ... ਤਾਂ ਹਾਂ, ਉਹ ਵਾਕਈ ਕਿਸੇ ਮੈਡਲ ਤੋਂ ਘੱਟ ਨਹੀਂ ਹੁੰਦਾ। ਅੱਜ ਮੇਰੇ ਕਰਮਚਾਰੀਆਂ ਨੇ ਮੇਰਾ ਕੱਦ ਹੋਰ ਵੀ ਉੱਚਾ ਕਰ ਦਿੱਤਾ।"

ਉਸਨੇ ਉਹ ਐਲਬਮ ਕੱਢ ਕੇ ਸਾਰਿਆਂ ਨੂੰ ਦਿਖਾਈ, "ਆਹ ਦੇਖੋ, ਜਿਨ੍ਹਾਂ ਬਾਰੇ ਤੁਹਾਨੂੰ ਨਹੀਂ ਪਤਾ, ਮੈਂ ਦੱਸਦਾ ਹਾਂ..." ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਤਾਂ ਸਾਰਿਆਂ ਨੇ ਬੜੀ ਖ਼ੁਸ਼ੀ ਮਨਾਈ। ਉਧਰੋਂ ਅਫ਼ਸਰ ਦੀ ਕੁੜੀ ਦਾ ਧਿਆਨ ਅਚਾਨਕ ਉਸ ਐਲਬਮ 'ਤੇ ਪਿਆ। ਰੋਟੀ ਖਾਂਦੀ ਨੇ ਕਿਹਾ, "ਓ ਵਾਓ! ਪਾਪਾ, ਇਹ ਐਲਬਮ ਤਾਂ ਬਹੁਤ ਸੋਹਣੀ ਹੈ। ਜਿੰਨੇ ਵੀ ਇਹ ਐਲਬਮ ਚੁਣੀ ਹੈ, ਉਹਦਾ ਧੰਨਵਾਦ ਬਣਦਾ। ਜੇ ਤੁਸੀਂ ਬੁਰਾ ਨਾ ਮਨਾਓ... ਤਾਂ ਇਹ ਮੈਂ ਰੱਖ ਲਾਂ?" ਪਾਪਾ ਨੇ ਆਪਣੀ ਪਰੀ ਨੂੰ ਨਾਂ ਕਿੱਦਾਂ ਕਰਨੀ ਸੀ; ਹਾਂ ਦੇ ਵਿੱਚ ਸਿਰ ਹਿਲਾ ਦਿੱਤਾ। ਖਾਣਾ ਖ਼ਤਮ ਹੋਇਆ ਤਾਂ ਕੁੜੀ ਉਹ ਐਲਬਮ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਈ ਤੇ ਪੜ੍ਹਾਈ ਵਾਲੀਆਂ ਕਿਤਾਬਾਂ ਦੇ ਨਾਲ ਇੱਕ ਦਰਾਜ਼ ਵਿੱਚ ਟਿਕਾ ਦਿੱਤੀ।

ਅਗਲੇ ਹੀ ਦਿਨ, ਜਦੋਂ ਬਾਕੀ ਰੁਝੇਵਿਆਂ ਤੋਂ ਥੋੜ੍ਹਾ ਵੇਲ੍ਹ ਮਿਲਿਆ, ਉਹਨੇ ਉਹ ਐਲਬਮ ਕੱਢੀ। ਉਹਨੇ ਇੱਕ-ਇੱਕ ਕਰਕੇ ਸਾਰੇ ਕਰਮਚਾਰੀਆਂ ਦੀਆਂ ਫ਼ੋਟੋਆਂ ਬਾਹਰ ਕੱਢੀਆਂ... ਤੇ ਬਾਹਰ ਕੱਢ ਕੇ ਫ਼ਰਸ਼ 'ਤੇ ਸੁੱਟ ਦਿੱਤੀਆਂ। ਫਿਰ ਉਹਨੇ ਆਪਣੇ ਸਕੂਲ ਦੀਆਂ, ਐਨੂਅਲ ਫੰਕਸ਼ਨ ਦੀਆਂ ਤੇ ਬਚਪਨ ਦੀਆਂ ਫ਼ੋਟੋਆਂ—ਜਿਹੜੀਆਂ ਉਹਨੂੰ ਬਹੁਤ ਪਸੰਦ ਸੀ—ਉਸ ਐਲਬਮ ਦੇ ਵਿੱਚ ਇੱਕ-ਇੱਕ ਕਰਕੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਕਰਮਚਾਰੀਆਂ ਦੀਆਂ ਫ਼ੋਟੋਆਂ ਫ਼ਰਸ਼ 'ਤੇ ਰੁਲ ਰਹੀਆਂ ਸੀ ਤੇ ਐਲਬਮ ਦੇ ਵਿੱਚ ਉਸ ਕੁੜੀ ਦੀਆਂ ਆਪਣੀਆਂ ਫ਼ੋਟੋਆਂ ਸ਼ਿੰਗਾਰ ਬਣ ਚੁੱਕੀਆਂ ਸੀ।

ਉਸ ਵੱਡੇ ਅਫ਼ਸਰ ਦਾ ਛੋਟਾ ਮੁੰਡਾ ਹੌਲੀ-ਹੌਲੀ ਟਹਿਲਦਾ ਹੋਇਆ ਜਦੋਂ ਭੈਣ ਦੇ ਕਮਰੇ ਦੇ ਵਿੱਚ ਆਇਆ, ਤਾਂ ਉਹ ਤਸਵੀਰਾਂ ਫ਼ਰਸ਼ ਦੇ ਉੱਤੇ ਪਈਆਂ ਵੇਖ ਕੇ ਕਹਿਣ ਲੱਗਾ, "ਓਏ, ਮੈਂ ਇਹਨਾਂ ਤਸਵੀਰਾਂ ਨਾਲ ਖੇਡ ਸਕਦਾ ਹਾਂ?" ਭੈਣ ਨੇ ਲਾਪਰਵਾਹੀ ਨਾਲ ਕਿਹਾ, "ਹਾਂ, ਕਿਉਂ ਨਹੀਂ ਖੇਡ ਸਕਦਾ... ਵੈਸੇ ਵੀ ਤਾਂ ਇਹ ਕਚਰਾ ਹੀ ਨੇ।" ਬੱਚੇ ਨੇ ਕੋਲੋਂ ਇੱਕ ਕੈਂਚੀ ਫੜੀ ਤੇ ਉਹਨਾਂ ਤਸਵੀਰਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਬੜੇ ਅਜੀਬ ਤਰੀਕੇ ਦੇ ਨਾਲ ਉਹਨੇ ਫ਼ੋਟੋਆਂ ਦੇ ਚਿਹਰੇ ਬਦਲਣੇ ਸ਼ੁਰੂ ਕੀਤੇ—ਜਿਹੜੇ ਕਰਮਚਾਰੀ ਦੇ ਮੁੱਛਾਂ ਨਹੀਂ ਸੀ, ਉਹਦੇ ਪੈੱਨ ਨਾਲ ਮੁੱਛਾਂ ਬਣਾ ਦਿੱਤੀਆਂ; ਜੋ ਥੋੜ੍ਹਾ ਕਾਲਾ ਸੀ, ਉਹਨੂੰ ਗੋਰਾ ਕਰਨ ਦੀ ਕੋਸ਼ਿਸ਼ ਕੀਤੀ; ਕਿਸੇ ਦੀਆਂ ਅੱਖਾਂ ਵੱਡੀਆਂ ਕਰ ਦਿੱਤੀਆਂ, ਕਿਸੇ ਦਾ ਟੇਢਾ ਨੱਕ ਸਿੱਧਾ ਕਰ ਦਿੱਤਾ ਤੇ ਕਿਸੇ ਦੇ ਬਾਹਰ ਨੂੰ ਨਿਕਲੇ ਕੰਨ ਸੈੱਟ ਕਰ ਦਿੱਤੇ। ਕੁੱਲ ਮਿਲਾ ਕੇ, ਕਰਮਚਾਰੀਆਂ ਦੇ ਚਿਹਰਿਆਂ ਵਿੱਚ ਜਿੰਨੀਆਂ ਵੀ ਉਣਤਾਈਆਂ ਸੀ, ਉਹ ਬੱਚਾ ਉਹਨਾਂ ਨੂੰ 'ਠੀਕ' ਕਰਨ ਦੀ ਖੇਡ ਖੇਡ ਰਿਹਾ ਸੀ।

ਆਖ਼ਰਕਾਰ, ਉਹਨੇ ਇੱਕ ਕਰਮਚਾਰੀ ਦੀ ਤਸਵੀਰ ਚੰਗੀ ਤਰ੍ਹਾਂ ਕੱਟੀ। ਉਹਨੂੰ ਉਹਦਾ ਚਿਹਰਾ ਚੰਗਾ ਲੱਗਾ, ਪਰ ਫਿਰ ਲੱਗਿਆ ਕਿ ਅੱਖਾਂ ਠੀਕ ਨਹੀਂ ਹਨ। ਉਹਨੇ ਭੈਣ ਦੇ ਟੇਬਲ ਤੋਂ ਮੇਖਾਂ ਚੁੱਕੀਆਂ ਤੇ ਉਸ ਤਸਵੀਰ ਦੀਆਂ ਅੱਖਾਂ ਵਿੱਚ ਮਾਰ ਦਿੱਤੀਆਂ। ਕੋਲ ਹੀ ਪਈ ਮਾਚਿਸ ਦੀ ਡੱਬੀ ਉੱਤੇ ਉਸ ਚਿਹਰੇ ਨੂੰ ਪੈੱਨ ਦੀ ਸਹਾਇਤਾ ਨਾਲ ਇਸ ਤਰੀਕੇ ਟਿਕਾਇਆ ਕਿ ਹੁਣ ਉਹ "ਫ਼ੌਜੀ" ਬਣ ਗਿਆ। ਬੱਚਾ ਹੁਣ ਫ਼ੌਜੀ-ਫ਼ੌਜੀ ਖੇਡਣ ਲੱਗ ਪਿਆ ਕਿ ਇਹ ਫ਼ੌਜੀ ਹੈ, ਜੋ ਦੂਸਰੇ ਦੁਸ਼ਮਣਾਂ ਨੂੰ ਮਾਰ ਰਿਹਾ ਹੈ। ਉਹ ਉਸ ਮਾਚਿਸ ਦੀ ਡੱਬੀ ਨੂੰ 'ਟੈਂਕ' ਬਣਾ ਕੇ ਪੂਰੇ ਘਰ ਦੇ ਵਿੱਚ ਭਜਾਉਣ ਲੱਗਾ। ਉਸ ਡੱਬੀ ਦੇ ਉੱਤੇ ਬੈਠਾ ਉਹ ਕਰਮਚਾਰੀ ਹੁਣ ਪਛਾਣ ਤੋਂ ਵੀ ਬਾਹਰ ਹੋ ਚੁੱਕਾ ਸੀ।

ਟੈਂਕ ਭਜਾਉਂਦਾ-ਭਜਾਉਂਦਾ ਜਦੋਂ ਉਹ ਪਾਪਾ ਦੇ ਕਮਰੇ ਦੇ ਵਿੱਚ ਗਿਆ ਤਾਂ ਕਹਿਣ ਲੱਗਾ, "ਪਾਪਾ ਦੇਖੋ! ਦੇਖੋ ਮੈਂ ਕੀ ਬਣਾਇਆ... ਮੈਂ ਲੜਾਈ-ਲੜਾਈ ਖੇਡ ਰਿਹਾ ਹਾਂ ਤੇ ਆਹ ਵੇਖੋ, ਆਹ ਫ਼ੌਜੀ ਇਸ ਟੈਂਕ ਦੇ ਉੱਤੇ ਬੈਠਾ ਦੁਸ਼ਮਣਾਂ ਨੂੰ ਗੋਲੀਆਂ ਮਾਰ ਰਿਹਾ—ਡਿਸ਼ੂਮ... ਠਾਹ!" ਪਾਪਾ ਨੇ ਜਦੋਂ ਧਿਆਨ ਨਾਲ ਵੇਖਿਆ, ਤਾਂ ਉਹ ਇੱਕ ਕਰਮਚਾਰੀ ਦੀ ਤਸਵੀਰ ਸੀ। ਉਹ ਝੱਟ ਸਮਝ ਗਿਆ ਕਿ ਐਲਬਮ ਦੇ ਨਾਲ ਕੁਝ ਨਾ ਕੁਝ ਹੋਇਆ ਹੈ, ਪਰ ਉਹਨੂੰ ਇਹ ਮੰਜ਼ਰ ਗੁੱਸਾ ਆਉਣ ਦੀ ਬਜਾਏ ਕਾਫ਼ੀ ਹਾਸੋਹੀਣਾ ਲੱਗਾ। ਉਹ ਖਿੜਖਿੜਾ ਕੇ ਹੱਸਿਆ, "ਵਾਹ ਵਾਹ ਵਾਹ ਮੇਰੇ ਪੁੱਤ! ਤੂੰ ਤਾਂ ਬੜਾ ਕਲਾਕਾਰ ਬਣ ਗਿਆ। ਤੇਰੀ ਮੰਮੀ ਨੇ ਵੇਖਣਾ ਤਾਂ ਕਿੰਨੀ ਖ਼ੁਸ਼ ਹੋਣਾ... ਜਾਹ, ਰਸੋਈ ਦੇ ਵਿੱਚ ਆਪਣੀ ਮੰਮੀ ਨੂੰ ਦਿਖਾ ਕੇ ਆ।" ਤੇ ਬੱਚਾ ਉਹੀ ਟੈਂਕ ਭਜਾ ਕੇ ਰਸੋਈ ਵੱਲ ਦੌੜ ਗਿਆ।

ਐਂਟਨ ਚੈਖਵ ਇੱਥੇ ਆਪਣੀ ਕਹਾਣੀ ਖ਼ਤਮ ਕਰਦਾ ਹੈ। ਇਹੋ ਹੀ ਅੰਦਾਜ਼ ਹੈ ਇਸ ਮਹਾਨ ਕਹਾਣੀਕਾਰ ਦਾ—ਉਹ ਬੜੇ ਹਾਸਰਸ ਅਤੇ ਵਿਅੰਗਾਤਮਕ ਤਰੀਕੇ ਦੇ ਨਾਲ ਇਨਸਾਨੀ ਦਿਮਾਗ਼ ਨੂੰ ਚਿਤਰਦਾ ਹੈ। ਬਹੁਤਿਆਂ ਨੂੰ ਲੱਗਦਾ ਹੈ ਕਿ ਇਹ ਬੜੀ ਹਾਸੋਹੀਣੀ ਕਹਾਣੀ ਹੈ, ਉਹ ਹੱਸਦੇ ਨੇ ਤੇ ਅੱਗੇ ਲੰਘ ਜਾਂਦੇ ਨੇ, ਪਰ ਕਹਾਣੀਕਾਰ ਇਸ ਤੋਂ ਕਿਤੇ ਡੂੰਘੀ ਗੱਲ ਕਹਿ ਰਿਹਾ ਹੁੰਦਾ ਹੈ। ਉਹ ਸਾਡੇ ਸਮਾਜ ਦੇ ਉਸ ਕੋਝੇਪਨ ਨੂੰ ਫੜਦਾ ਹੈ, ਜਿੱਥੇ ਸਭ ਕੁਝ ਨਕਲੀ ਹੈ। ਵੇਖਿਆ ਜਾਵੇ ਤਾਂ ਕੀ ਉਹ ਕਲਰਕ ਵਾਕਈ ਆਪਣੇ ਬੌਸ ਤੋਂ ਖ਼ੁਸ਼ ਸਨ? ਬਿਲਕੁਲ ਨਹੀਂ। ਉਹਨਾਂ ਨੇ ਵੀ ਬੌਸ ਨੂੰ ਖ਼ੁਸ਼ ਕਰਨ ਲਈ, ਆਪਣਾ ਉੱਲੂ ਸਿੱਧਾ ਕਰਨ ਲਈ ਜਾਂ ਜਾਂਦੇ-ਜਾਂਦੇ ਕੋਈ ਕਾਗਜ਼-ਪੱਤਰ ਜਾਂ ਸਾਈਨ ਕਰਵਾਉਣ ਦੇ ਲਾਲਚ ਵਿੱਚ ਉਹ ਐਲਬਮ ਦਿੱਤੀ ਸੀ। ਦਿਲੋਂ ਤਾਂ ਉਹਨਾਂ ਨੇ ਵੀ ਕੁਝ ਨਹੀਂ ਸੀ ਦਿੱਤਾ।

ਤੇ ਉਹ ਅਫ਼ਸਰ, ਜਿਹਨੂੰ ਖ਼ੁਦ ਪਤਾ ਸੀ ਕਿ ਮੈਂ ਇਹਨਾਂ ਨਾਲ ਸਮੇਂ-ਸਮੇਂ 'ਤੇ ਬਥੇਰੇ ਧੱਕੇ ਕੀਤੇ ਨੇ, ਉਹ ਵੀ ਆਪਣੀ ਫੋਕੀ ਤਾਰੀਫ਼ ਸੁਣ ਕੇ ਭਾਵੁਕ ਹੋ ਗਿਆ। ਅੱਜਕੱਲ੍ਹ ਸਾਡਾ ਸਮਾਜ ਤਾਰੀਫ਼ਾਂ ਦੇ ਸਿਰ 'ਤੇ ਚੱਲਦਾ ਹੈ। ਇਹ ਤਾਰੀਫ਼ਾਂ ਸਾਡੇ ਲਈ ਬਾਲਣ (ਤੇਲ) ਦਾ ਕੰਮ ਕਰਦੀਆਂ ਨੇ। ਆਪਣੀਆਂ ਨਾਕਾਮੀਆਂ ਦਾ ਪਤਾ ਹੋਣ ਦੇ ਬਾਵਜੂਦ, ਜਦੋਂ ਕੋਈ ਦੋ ਹਮਦਰਦੀ ਦੇ ਬੋਲ ਕਹਿ ਦਿੰਦਾ ਹੈ, ਤਾਂ ਇਨਸਾਨ ਆਪਣੇ ਆਪ ਨੂੰ ਭੁਲੇਖਾ ਪਾ ਲੈਂਦਾ ਹੈ ਕਿ "ਮੈਂ ਬਹੁਤ ਚੰਗਾ ਅਫ਼ਸਰ ਹਾਂ, ਚੰਗਾ ਪਿਓ ਹਾਂ, ਚੰਗੀ ਮਾਂ ਹਾਂ।" ਇਸ ਪ੍ਰਸ਼ੰਸਾ ਦੇ ਪਰਦੇ ਹੇਠ ਅਸੀਂ ਇੰਨੇ ਵਧੀਆ ਐਕਟਰ ਬਣ ਜਾਂਦੇ ਹਾਂ ਕਿ ਸਾਨੂੰ ਕਦੇ ਆਪਣਾ ਅਸਲ ਚਿਹਰਾ ਦਿਖਦਾ ਹੀ ਨਹੀਂ।

ਪਰ ਜਿਸ ਤੋਹਫ਼ੇ ਨੇ ਅਫ਼ਸਰ ਨੂੰ ਇੰਨਾ ਮਾਣ ਮਹਿਸੂਸ ਕਰਵਾਇਆ, ਉਹਦਾ ਵਜੂਦ ਘਰ ਆਉਂਦਿਆਂ ਹੀ ਖ਼ਤਮ ਹੋ ਗਿਆ। ਉਹ ਆਪਣੀ ਧੀ ਨੂੰ ਉਹ ਐਲਬਮ ਦੇਣੋਂ ਨਾ ਰੋਕ ਸਕਿਆ। ਉਸ ਐਲਬਮ ਦੀ ਕੀਮਤ ਅਸਲ ਵਿੱਚ ਕੋਈ ਨਹੀਂ ਸੀ ਜਾਣਦਾ। ਜੇਕਰ ਕੋਈ ਸਭ ਤੋਂ ਵੱਧ ਇਮਾਨਦਾਰੀ ਦੇ ਨਾਲ ਪੇਸ਼ ਆਇਆ, ਤਾਂ ਉਹ ਉਹ ਛੋਟਾ ਬੱਚਾ ਸੀ, ਜਿਹਦੇ ਮਨ ਵਿੱਚ ਕੋਈ ਵਲ-ਛਲ ਨਹੀਂ ਸੀ। ਉਹਦੇ ਲਈ ਉਹ ਤਸਵੀਰਾਂ ਨਾ ਮਹਿੰਗੀਆਂ ਸਨ, ਨਾ ਸਸਤੀਆਂ—ਉਹ ਸਿਰਫ਼ ਇੱਕ ਖਿਡੌਣਾ ਸਨ। ਉਹਨੇ ਉਹਨਾਂ ਨੂੰ ਗੌਹ ਨਾਲ ਦੇਖਿਆ, ਉਹਨਾਂ ਦੇ ਨੁਕਸ ਕੱਢੇ ਤੇ ਖੇਡ ਲਿਆ। ਅਫ਼ਸਰ ਨੇ ਤਾਂ ਸ਼ਾਇਦ ਉਹ ਤਸਵੀਰਾਂ ਹਾਲੇ ਚੱਜ ਨਾਲ ਵੇਖੀਆਂ ਵੀ ਨਹੀਂ ਹੋਣਗੀਆਂ।

ਇਸ ਲਈ, ਜ਼ਿੰਦਗੀ ਵਿੱਚ ਫੋਕੀ ਵਾਹ-ਵਾਹੀ ਦੇ ਮੁਥਾਜ ਹੋਣ ਦੀ ਬਜਾਏ, ਸਾਨੂੰ ਆਪਣਾ ਫ਼ਰਜ਼ ਸਮਝ ਕੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਨੇ ਸਭ ਦੀਆਂ ਅਲੱਗ-ਅਲੱਗ ਡਿਊਟੀਆਂ ਲਾਈਆਂ ਨੇ। ਚਾਹੇ ਤੁਸੀਂ ਨੌਕਰੀ ਕਰ ਰਹੇ ਹੋ, ਕਾਰੋਬਾਰ ਕਰ ਰਹੇ ਹੋ ਜਾਂ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ—ਜੇਕਰ ਅਸੀਂ ਇਸਨੂੰ ਰੱਬ ਦਾ ਹੁਕਮ ਮੰਨ ਕੇ ਇਮਾਨਦਾਰੀ ਨਾਲ ਨਹੀਂ ਕਰਾਂਗੇ, ਤਾਂ ਸਮਾਂ ਆਉਣ 'ਤੇ ਇਹ ਡਿਊਟੀ ਕਿਸੇ ਹੋਰ ਮਿਹਨਤੀ ਇਨਸਾਨ ਨੂੰ ਸੌਂਪ ਦਿੱਤੀ ਜਾਵੇਗੀ। ਆਓ, ਆਪਾਂ ਵੀ ਉਹਨਾਂ ਮਿਹਨਤੀ ਤੇ ਸੱਚੇ ਲੋਕਾਂ ਵਿੱਚ ਸ਼ਾਮਲ ਹੋਈਏ ਅਤੇ ਆਪਣੇ ਬਣਦੇ ਫ਼ਰਜ਼ ਨਿਭਾਈਏ।

What's Your Reaction?

like

dislike

love

funny

angry

sad

wow