ਇੱਕ ਰੋਟੀ ਦੀ ਸਾਂਝ ਤੇ ਬਦਲਦੀ ਜ਼ਿੰਦਗੀ - Punjabi Motivational Story
ਪਾਸਪੋਰਟ ਦਫ਼ਤਰ ਦੇ ਇੱਕ ਰੁੱਖੇ ਕਲਰਕ ਨਾਲ ਸਾਂਝੀ ਕੀਤੀ ਰੋਟੀ ਨੇ ਕਿਵੇਂ ਬਦਲ ਦਿੱਤੀ ਉਸ ਦੀ ਪੂਰੀ ਜ਼ਿੰਦਗੀ? ਪੜ੍ਹੋ ਰਿਸ਼ਤਿਆਂ, ਇਨਸਾਨੀਅਤ ਤੇ ਅਹਿਸਾਸ ਦੀ ਇੱਕ ਭਾਵੁਕ ਪੰਜਾਬੀ ਕਹਾਣੀ।
ਕਈ ਸਾਲ ਪਹਿਲਾਂ ਦੀ ਗੱਲ ਹੈ, ਆਪਣੇ ਦੋਸਤ ਦੇ ਨਾਲ ਪਾਸਪੋਰਟ ਦਫ਼ਤਰ ਗਿਆ ਸੀ। ਕਿਉਂਕਿ ਤਤਕਾਲ ਸਕੀਮ ਦੇ ਹੇਠ ਉਹਨੂੰ ਬੜੀ ਕਾਹਲੀ ਸੀ ਪਾਸਪੋਰਟ ਬਣਾਉਣ ਦੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਮੀਆਂ ਕਤਾਰਾਂ, ਭੁੱਖੇ-ਤਿਹਾਏ, ਕਾਗ਼ਜ਼ੀ ਕਾਰਵਾਈ, ਦਿਸ-ਦੈਟ। ਕਹਿਣ ਨੂੰ ਇਹ... ਇਹ ਪ੍ਰਕਿਰਿਆ ਬੜੀ ਸਰਲ ਸੀ, ਪਰ ਸਭ ਤੋਂ ਔਖੀ ਫ਼ਿਲਹਾਲ ਵਾਰੀ ਦੀ ਉਡੀਕ ਕਰਨੀ।
ਪਰ ਜਦੋਂ ਫਾਰਮ ਜਮ੍ਹਾਂ ਕਰਾਉਣ ਦੀ ਵਾਰੀ ਆਈ, ਐਨ ਆਪਾਂ ਉੱਥੇ ਕ ਜਿਹੇ ਖੜ੍ਹੇ ਸੀ ਕਿ ਕਲਰਕ ਨੇ ਪੰਜ ਮਿੰਟ ਰਹਿੰਦਿਆਂ ਖਿੜਕੀ ਸਾਡੇ ਮੂੰਹ ’ਤੇ ਬੰਦ ਕਰਦਿਆਂ ਕਿਹਾ, "ਅੱਜ ਦਾ ਸਮਾਂ ਪੂਰਾ ਹੋ ਗਿਆ, ਕੱਲ੍ਹ ਆ ਜਾਇਓ ਭਾਈ।" ਦੋਵੇਂ ਹੱਥ ਜੋੜ ਕੇ ਬੜੀ... ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, "ਅਸੀਂ ਪਿੰਡੋਂ ਬੜੀ ਦੂਰੋਂ ਆਏ ਹਾਂ। ਇੱਦਾਂ ਕਰੋ, ਸਾਡੀ ਫ਼ੀਸ ਹੀ ਲੈ ਲਵੋ। ਕੱਲ੍ਹ ਫਿਰ ਦੁਬਾਰਾ ਸਾਨੂੰ ਕਤਾਰ ’ਚ ਨਹੀਂ ਲੱਗਣਾ ਪਊਗਾ।" ਪਰ ਇਹ ਗੱਲ ਕਲਰਕ ਨੂੰ ਪਸੰਦ ਨਹੀਂ ਆਈ।
ਉਹ ਖਿੱਝ ਕੇ ਬੋਲਿਆ, "ਮੇਰਾ ਕੀ ਕਸੂਰ ਹੈ? ਪਹਿਲਾਂ ਆ ਜਾਂਦੇ। ਸਰਕਾਰ ਨੂੰ ਕਹੋ, ਮੈਨੂੰ ਕੀ ਕਹਿੰਦੇ ਜੇ? ਸਰਕਾਰ ਹੋਰ ਬੰਦੇ ਭਰਤੀ ਕਰ ਲਵੇ। ਖਿੜਕੀਆਂ ਇੱਕ ਦੀਆਂ ਦੋ ਹੋ ਜਾਣ, ਤਿੰਨ ਹੋ ਜਾਣ। ਆਪੇ ਤੁਹਾਨੂੰ ਕਤਾਰਾਂ ’ਚ ਨਾ ਖੜ੍ਹਨਾ ਪਵੇ। ਚਲੋ-ਚਲੋ, ਪਾਸੇ ਹੋਵੋ।"
ਇੰਨਾ ਰੁੱਖਾ! ਇੰਨਾ ਰੁੱਖਾ ਕੋਈ ਕਿੱਦਾਂ ਬੋਲ ਸਕਦਾ? ਆਖ਼ਰਕਾਰ ਉਹ ਸਰਕਾਰ ਦਾ ਕਰਮਚਾਰੀ ਹੈ। ਸਰਕਾਰ ਦਾ ਕਰਮਚਾਰੀ, ਸਾਡਾ ਕਰਮਚਾਰੀ। ਕਿਤਾਬੀ ਗੱਲਾਂ ਤਾਂ ਮਨ ਦੇ ਉੱਤੇ ਬਹੁਤ ਹਾਵੀ ਰਹਿੰਦੀਆਂ, ਪਰ ਹਕੀਕਤ ਕੁਝ ਹੋਰ ਹੁੰਦੀ ਹੈ।
ਮੇਰਾ ਦੋਸਤ, ਜਿਹਦੇ ਨਾਲ ਮੈਂ ਸਵੇਰ ਤੋਂ ਖੜ੍ਹਾ ਸੀ, ਜਿੱਦਾਂ ਉਹਦੇ ਮਨ ਦੇ ਵਿੱਚ ਹੀ ਪਤਾ ਨਹੀਂ ਕਿਹੜੇ ਸੁਪਨੇ ਚੂਰ ਹੋ ਰਹੇ ਸੀ—ਪਾਸਪੋਰਟ ਨਾ ਬਣਿਆ, ਤਾਂ ਕਹਾਣੀ ਇੱਥੇ ਖ਼ਤਮ। ਮੇਰਾ ਦੋਸਤ ਲਗਭਗ ਅੰਦਰੋਂ ਟੁੱਟ ਚੁੱਕਾ ਸੀ। ਵਾਪਸ ਮੁੜਨ ਲੱਗਿਆਂ ਥ੍ਰੀ-ਵ੍ਹੀਲਰ ’ਚ ਬਹਿਣ ਲੱਗੇ ਤੇ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ। ਮੈਂ ਕਿਹਾ, "ਯਾਰ, ਇੱਕ ਪਲ ਤਾਂ ਰੁਕ, ਚੱਲ ਆ ਮੇਰੇ ਨਾਲ।"
ਕੰਟੀਨ ਦੇ ਵਿੱਚੋਂ ਇੱਕ-ਇੱਕ ਚਾਹ ਦਾ ਕੱਪ ਫੜਿਆ। ਇੱਧਰ-ਉੱਧਰ ਨਜ਼ਰਾਂ ਘੁਮਾਈਆਂ ਤਾਂ ਸਾਹਮਣੇ ਉਹ ਕਲਰਕ ਬੈਠਾ ਥੈਲੇ ਦੇ ਵਿੱਚੋਂ ਰੋਟੀ ਕੱਢ ਰਿਹਾ ਸੀ। ਪਤਾ ਨਹੀਂ ਮਨ ਦੇ ਵਿੱਚ ਕੀ ਫੁਰਨਾ ਫੁਰਿਆ, ਹੌਲੀ ਜਿਹੀ ਜਾ ਕੇ ਮੈਂ ਕੋਲ ਬਹਿ ਗਿਆ। ਉਹਨੇ ਆਪਣਾ ਟਿਫ਼ਨ ਖੋਲ੍ਹਿਆ। ਹੌਲੀ-ਹੌਲੀ ਰੋਟੀਆਂ ਨੂੰ ਪਏ ਵੱਟ ਸਿੱਧੇ ਕਰਨ ਲੱਗਾ।
ਸਹੀ ਸਮਾਂ ਵੇਖ ਕੇ ਮੈਂ ਗੱਲਬਾਤ ਸ਼ੁਰੂ ਕੀਤੀ, "ਜਨਾਬ, ਸਤਿ ਸ੍ਰੀ ਅਕਾਲ। ਤੁਹਾਡਾ ਕੰਮ ਬਹੁਤ ਔਖਾ। ਕਿੰਨੇ ਜਣਿਆਂ ਨੂੰ ਰੋਜ਼ ਤੁਸੀਂ ਭੁਗਤਾਉਂਦੇ ਹੋ। ਆਹ ਰੋਟੀ ਖਾਣ ਦਾ ਵੀ ਸਮਾਂ ਮਸਾਂ ਲੱਗਦਾ ਹੋਣਾ। ਵੈਸੇ ਤੁਹਾਡੇ ਕੰਮ ਦੇ ਵਿੱਚ ਤੁਸੀਂ ਬੜੇ ਵੱਡੇ-ਵੱਡੇ ਅਫ਼ਸਰਾਂ ਨੂੰ ਵੀ ਮਿਲਦੇ ਹੋਵੋਗੇ ਨਾ?" ਜਿੱਦਾਂ ਗੱਲ ਟਿਕਾਣੇ ਲੱਗੀ ਸੀ, ਬੜੇ ਮਾਣ ਦੇ ਨਾਲ ਦੱਸਣ ਲੱਗ ਪਿਆ, "ਹਾਂ, ਆਈ.ਏ.ਐੱਸ., ਆਈ.ਪੀ.ਐੱਸ., ਆਹ ਪੁਲਿਸ ਵਾਲੇ ਵੱਡੇ-ਵੱਡੇ ਅਧਿਕਾਰੀ, ਸਾਰਿਆਂ ਨੂੰ ਸਾਡੇ ਕੋਲ ਹੀ ਆਉਣਾ ਪੈਂਦਾ। ਇਸੇ ਖਿੜਕੀ ਦੇ ਉੱਤੇ ਆ ਕੇ ਖੜ੍ਹਦੇ ਨੇ ਸਾਰੇ, ਲਾਈਨ ’ਚ ਇੱਥੇ ਹੀ ਲੱਗਦੇ ਨੇ।"
"ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਤੁਹਾਡੀ ਥਾਲੀ ਦੇ ਵਿੱਚੋਂ ਇੱਕ ਰੋਟੀ ਲੈ ਸਕਦਾ ਹਾਂ?" ਪਹਿਲਾਂ ਤਾਂ ਉਹ ਬਹੁਤ ਹੈਰਾਨ ਹੋਇਆ, ਪਰ ਮਨ੍ਹਾ ਵੀ ਕਿੱਦਾਂ ਕਰਦਾ। ਉਹਦੀ ਥਾਲੀ ਦੇ ਵਿੱਚੋਂ ਇੱਕ ਰੋਟੀ ਫੜੀ। ਆਪਣੇ ਕੋਲ ਥੋੜ੍ਹਾ-ਬਹੁਤਾ ਅਚਾਰ ਦਾ ਜੁਗਾੜ ਸੀ। ਬੜੇ ਸਵਾਦ ਦੇ ਨਾਲ ਸਾਹਮਣੇ ਬਹਿ ਕੇ ਖਾਧੀ। ਨਾਲੇ ਜਦੋਂ ਇੱਕੋ ਟੇਬਲ ’ਤੇ ਬਹਿ ਕੇ ਸਾਵੇਂ ਰੋਟੀ ਸਾਂਝੀ ਕਰ ਰਹੇ ਹੋਈਏ ਤਾਂ ਫਿਰ ਗੱਲ ਕਰਨੀ ਵੀ ਸ਼ਾਇਦ ਸੌਖੀ ਹੋ ਜਾਂਦੀ ਹੈ।
"ਜਨਾਬ, ਤੁਹਾਡੀ ਕੁਰਸੀ ਤਾਂ ਬੜੀ ਖ਼ਾਸ ਹੈ। ਵੱਡੇ-ਵੱਡੇ ਲੋਕ ਤੁਹਾਡੇ ਕੋਲ ਆਉਂਦੇ ਨੇ। ਪਰ ਸੋਚੋ, ਜੇ ਤੁਸੀਂ ਇਸ ਅਹੁਦੇ ਦੀ ਕਿਤੇ ਸੱਚੀ ਕਦਰ ਕਰਦੇ ਹੋਵੋ ਤਾਂ ਫਿਰ ਕੀ ਹੋਵੇ?" ਰੋਟੀ ਖਾਂਦਿਆਂ ਸ਼ਾਇਦ ਉਹ ਬਹੁਤਾ ਗੁੱਸਾ ਵੀ ਨਹੀਂ ਸੀ ਕਰ ਸਕਦਾ, ਪਰ ਹਾਂ, ਹੈਰਾਨ ਜ਼ਰੂਰ ਹੋਇਆ।
ਬੜੇ ਗੁੱਸੇ ਦੇ ਵਿੱਚ ਆਉਂਦਾ, ਤਾਂ ਫਿਰ ਦੁਬਾਰਾ ਸ਼ਾਂਤੀ ਦੇ ਨਾਲ ਸਮਝਾ ਦਿੰਦੇ। "ਜੇ ਤੁਸੀਂ ਸੱਚ-ਮੁੱਚ ਆਪਣੀ ਜ਼ਿੰਮੇਵਾਰੀ ਦੇ ਉੱਤੇ ਮਾਣ ਰੱਖਦੇ ਹੋ, ਤਾਂ ਲੋਕਾਂ ਦੇ ਨਾਲ ਤੁਸੀਂ ਇੰਨੀ ਸਖ਼ਤੀ ਦੇ ਨਾਲ ਕਿਉਂ ਪੇਸ਼ ਆਉਂਦੇ ਹੋ? ਆਹ ਵੇਖੋ ਨਾ, ਤੁਸੀਂ ਇਕੱਲੇ ਖਾਂਦੇ ਹੋ, ਮੈਂ ਇਕੱਲਾ ਖਾ ਰਿਹਾ ਹਾਂ। ਮੈਨੂੰ ਲੱਗਦਾ ਤੁਸੀਂ ਰਹਿੰਦੇ ਵੀ ਇਕੱਲੇ ਹੋ। ਥੱਕੇ-ਹਾਰੇ ਲੋਕਾਂ ਨੂੰ ਇੱਦਾਂ ਦਰਵਾਜ਼ਿਆਂ ਦੇ ਉੱਤੋਂ ਜਦੋਂ ਮੋੜ ਦਿੰਦੇ ਹੋ, ਉਹਨਾਂ ਦੀਆਂ ਆਹਾਂ-ਬਦਦੁਆਵਾਂ, ਉਹ ਤਾਂ ਨਹੀਂ ਕਿਤੇ ਤੁਹਾਨੂੰ ਲੱਗਦੀਆਂ? ਤੁਸੀਂ ਸਿਰਫ਼ ਇੰਨਾ ਕਹਿ ਕੇ ਮੋੜ ਦਿੰਦੇ ਹੋ ਕਿ ਸਟਾਫ਼ ਘੱਟ ਹੈ। ਪਰ ਮੈਂ... ਮੈਂ ਇਹ ਸੋਚ ਰਿਹਾ ਸੀ ਕਿ ਕੀ ਤੁਸੀਂ ਕਦੀ ਇੱਦਾਂ ਨਹੀਂ ਸੋਚਿਆ ਕਿ ਜੇ ਮੰਨ ਲਓ ਸਟਾਫ਼ ਹੋਰ ਰੱਖ ਲਿਆ, ਜੇ ਖਿੜਕੀਆਂ ਇੱਕ ਤੋਂ ਦੋ ਹੋ ਗਈਆਂ, ਦੋ ਤੋਂ ਚਾਰ ਹੋ ਗਈਆਂ, ਤਾਂ ਉਹ ਨਾ ਹੋਵੇ ਉਹਦੇ ਵਿੱਚੋਂ ਚੁਣ ਕੇ ਸਭ ਤੋਂ ਢਿੱਲਾ ਕਰਮਚਾਰੀ ਬਾਹਰ ਕਰ ਦੇਣ? ਵੇਖੋ, ਟੈਕਨਾਲੋਜੀ ਦਾ ਯੁੱਗ ਹੈ। ਹੋ ਸਕਦਾ ਤੁਹਾਨੂੰ ਕੰਪਿਊਟਰ ਨਾ ਚਲਾਉਣਾ ਆਉਂਦਾ ਹੋਵੇ। ਹੋ ਸਕਦਾ ਨਵਾਂ ਕੋਈ ਮੁੰਡਾ ਰੱਖ ਲੈਣ ਜਿਹੜਾ ਤਿੰਨਾਂ ਬੰਦਿਆਂ ਦਾ ਕੰਮ ਇਕੱਠਾ ਹੀ ਕਰੀ ਜਾਵੇ। ਹੋ ਸਕਦਾ ਰੱਬ ਤੁਹਾਡੇ ਉੱਤੇ ਮਿਹਰਬਾਨ ਹੋਵੇ, ਇਸ ਕਰਕੇ ਹੋਰ ਕੋਈ ਬੰਦਾ ਨਾਲ ਤੁਹਾਡੀ ਹੈਲਪ ਕਰਨ ਦੇ ਲਈ ਨਹੀਂ ਆ ਰਿਹਾ। ਇੱਕ ਪਲ ਲਈ ਸੋਚੋ ਤਾਂ ਸਹੀ, ਜੇ ਸੱਚ-ਮੁੱਚ ਹੋਰ ਸਟਾਫ਼ ਆ ਗਿਆ ਤਾਂ ਤੁਹਾਡੀ ਤਾਂ ਵੁੱਕਤ ਹੀ ਘੱਟ ਜਾਣੀ ਹੈ। ਉਹ ਅਫ਼ਸਰ ਜਿਹਨੂੰ ਤੁਹਾਨੂੰ ਦੋ ਵਾਰੀ ਸਲੂਟ ਮਾਰਨਾ ਪੈਂਦਾ, ਕਿਸੇ ਦੂਸਰੇ ਨੂੰ ਇੱਕ ਵਾਰੀ ਮਾਰਿਆਂ ਸਰ ਜੂਗਾ, ਉਹ ਤੁਹਾਡੇ ਕੋਲ ਕਿਉਂ ਆਊਗਾ ਭਲਾ?" ਇਹ ਗੱਲ ਸੁਣ ਕੇ ਜਿੱਦਾਂ ਕਲਰਕ ਚੁੱਪ ਜਿਹਾ ਹੋ ਗਿਆ।
"ਵੇਖਿਆ ਜਾਵੇ ਤਾਂ ਇਹ ਅਹੁਦਾ ਤੁਹਾਡਾ ਸਿਰਫ਼ ਕਮਾਈ ਵਾਲਾ ਨਹੀਂ, ਸਗੋਂ ਲੋਕਾਂ ਦੇ ਨਾਲ ਰਿਸ਼ਤੇ ਬਣਾਉਣ ਵਾਲਾ ਹੈ। ਤੁਸੀਂ ਸੋਚੋ, ਜਦੋਂ ਤੁਸੀਂ ਕਿਤੇ ਰਿਟਾਇਰ ਹੋ ਗਏ ਜਾਂ ਫਿਰ ਹੁਣ ਪੰਜ ਵਜੇ ਤੋਂ ਬਾਅਦ ਜਦੋਂ ਇਸ ਕੁਰਸੀ ਤੋਂ ਉੱਠ ਕੇ ਤੁਸੀਂ ਚਲੇ ਜਾਣਾ, ਉਸ ਮੌਕੇ ਕੋਈ ਤੁਹਾਨੂੰ ਦੁਆ-ਸਲਾਮ ਕਰਨ ਵਾਲਾ ਥੋੜ੍ਹੀ ਹੋਣਾ? ਤੁਹਾਡੀ... ਤੁਹਾਡੇ ਤਰਲੇ ਕਰਨ ਵਾਲਾ ਥੋੜ੍ਹੀ ਹੋਣਾ? ਉਸ ਮੌਕੇ ਤਾਂ ਤੁਹਾਡੇ ਰਿਸ਼ਤੇ-ਗੰਢੇ ਤੁਹਾਡੇ ਕੰਮ ਆਉਣੇ ਆਂ। ਪੈਸਾ ਤਾਂ ਬਹੁਤ ਕਮਾਇਆ ਜਾ ਸਕਦਾ, ਪਰ ਰਿਸ਼ਤੇ ਥੋੜ੍ਹੀ ਬਣਦੇ ਆ। ਫਿਰ ਇਹੋ ਜਿਹੀ ਕਮਾਈ ਦਾ ਕੀ ਫ਼ਾਇਦਾ ਹੋਇਆ?"
ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ... ਜਿੱਦਾਂ ਸੱਟ ਟਿਕਾਣੇ ਵੱਜ ਰਹੀ ਹੈ। ਜਿੱਦਾਂ-ਜਿੱਦਾਂ, ਜਿੰਨਾ-ਜਿੰਨਾ ਉਹ ਸੁਣਦਾ ਜਾਂਦਾ, ਰੋਟੀ ਖਾਂਦੇ-ਖਾਂਦੇ ਉਨੀ-ਉਨੀ ਟਕੋਰ ਆਪਾਂ ਹੋਰ ਕਰੀ ਜਾਂਦੇ। ਖ਼ੈਰ, ਉਸ ਤੋਂ ਬਾਅਦ ਕੁਝ ਕੁ ਗੱਲਾਂ ਉਹਨੇ ਵੀ ਆਪਣੀਆਂ ਸਾਂਝੀਆਂ ਕੀਤੀਆਂ। ਆਸ ਤਾਂ ਨਹੀਂ ਸੀ, ਪਰ ਜਾਂਦੇ-ਜਾਂਦੇ ਉਹ ਕਹਿ ਹੀ ਗਿਆ, "ਤੁਸੀਂ ਇੱਦਾਂ ਕਰੋ, ਆਹ ਪਿਛਲੇ ਪਾਸਿਓਂ ਦੀ ਹੋ ਕੇ ਖਿੜਕੀ ’ਤੇ ਆ ਜਾਓ, ਮੈਂ ਅੱਜ ਤੁਹਾਡਾ ਫਾਰਮ ਲੈ ਲੈਨਾ। ਮੈਨੂੰ... ਮੈਨੂੰ ਕਈ ਗੱਲਾਂ ਤੁਹਾਡੀਆਂ ਠੀਕ ਲੱਗੀਆਂ।"
ਆਖ਼ਰਕਾਰ ਉਸ ਨੇ ਸਾਡਾ ਕੰਮ ਕਰ ਦਿੱਤਾ। ਤੇ ਜਾਣ ਤੋਂ ਪਹਿਲਾਂ ਮੇਰਾ ਨੰਬਰ ਵੀ ਲੈ ਲਿਆ। ਕਹਿਣ ਲੱਗਾ, "ਤੁਸੀਂ ਕਾਫ਼ੀ... ਕਾਫ਼ੀ ਸੁਲਝੇ ਜਿਹੇ ਬੰਦੇ ਲੱਗਦੇ ਹੋ। ਚਲੋ, ਜੇ ਤੁਸੀਂ ਰਿਸ਼ਤੇ ਬਣਾਉਣ ਨੂੰ ਕਹਿ ਰਹੇ ਹੋ ਤਾਂ ਫਿਰ ਇਹ ਰਿਸ਼ਤਾ ਬਣਾ ਵੀ ਲੈਨੇ ਆਂ।" ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ।
ਬਹੁਤ ਸਮਾਂ ਬੀਤ ਗਿਆ, ਕਈ ਸਾਲ। ਇੱਕ ਦਿਨ ਸ਼ਾਇਦ ਰੱਖੜੀ ਵਾਲਾ ਦਿਨ ਸੀ, ਉਸੇ ਕਲਰਕ ਦਾ ਫ਼ੋਨ ਆਇਆ, "ਸਰ, ਮੈਂ ਰਵਿੰਦਰ ਕੁਮਾਰ ਚੌਧਰੀ ਬੋਲ ਰਿਹਾ ਹਾਂ ਜੀ। ਕਈ ਸਾਲ ਪਹਿਲਾਂ ਪਾਸਪੋਰਟ ਦਫ਼ਤਰ ਦੇ ਵਿੱਚ ਮਿਲੇ ਸੀ। ਉਹ ਯਾਦ ਹੈ ਰੋਟੀ ਸਾਂਝੀ ਕੀਤੀ ਸੀ ਆਪਾਂ ਇੱਕੋ ਟੇਬਲ ’ਤੇ?" ਇੱਕ ਪਲ ਦੇ ਲਈ ਜਿੱਦਾਂ ਮੈਨੂੰ ਹੈਰਾਨੀ ਹੋਈ, ਇਹ ਕਿਉਂ ਕਾਲ ਕਰ ਰਿਹਾ? ਸਭ ਕੁਝ ਜਿੱਦਾਂ ਉਸੇ ਤਰ੍ਹਾਂ ਦੇ ਨਾਲ ਹੂ-ਬ-ਹੂ ਅੱਖਾਂ ਦੇ ਸਾਹਮਣੇ ਆ ਗਿਆ।
ਭਾਵੁਕ ਹੋ ਕੇ ਬੋਲਿਆ, "ਉਸ ਦਿਨ ਤੋਂ ਬਾਅਦ ਮੈਂ ਬਹੁਤ ਕੁਝ ਕਦੀ ਨਹੀਂ ਸੋਚਿਆ। ਬਹੁਤ ਲੋਕ... ਬਹੁਤ ਲੋਕ ਪੈਸੇ ਦੇ ਜਾਂਦੇ ਨੇ, ਪਰ ਬੈਠ ਕੇ ਖਾਣਾ ਸਾਂਝਾ ਕਰਨ ਵਾਲਾ ਉਸ ਤੋਂ ਬਾਅਦ ਸੱਚੀਂ ਕੋਈ ਨਹੀਂ ਮਿਲਿਆ। ਪਤਾ ਨਹੀਂ ਕਿਉਂ, ਉਸ ਦਿਨ ਗੁੱਸਾ ਤਾਂ ਤੁਹਾਡੇ ’ਤੇ ਬਹੁਤ ਆਇਆ ਸੀ। ਪਰ ਉਸ ਤੋਂ ਬਾਅਦ ਮੈਂ ਬੜੀ ਵਾਰੀ ਸੋਚਣ ਦੀ ਕੋਸ਼ਿਸ਼ ਕੀਤੀ ਹੈ, ਇੱਦਾਂ ਦੀ ਹਿੰਮਤ ਸ਼ਾਇਦ ਉਹੀ ਬੰਦਾ ਕਰੂ ਜਿਹੜਾ ਅੰਦਰੋਂ ਦਿਲੋਂ ਸਾਫ਼ ਹੋਊ। ਨਾਲੇ ਤੁਹਾਡੀਆਂ ਕਈ ਗੱਲਾਂ... ਕਈ ਗੱਲਾਂ ਐਨ ਟਿਕਾਣੇ ਲੱਗੀਆਂ ਸੀ। ਸੋਚਿਆ ਅੱਜ ਤੁਹਾਨੂੰ ਫ਼ੋਨ ਕਰਦਾਂ। ਮੇਰੀ ਬੇਟੀ ਦਾ ਵਿਆਹ ਹੈ। ਮੈਂ ਸੋਚ ਰਿਹਾ ਸੀ ਕਿ ਉਹ ਕਿਹੜੇ ਬੰਦੇ ਜਿਹਨਾਂ ਨੂੰ ਮੈਂ ਆਪਣੀ ਧੀ ਦੇ ਵਿਆਹ ’ਤੇ ਸੱਦ ਸਕਦਾ? ਉਹ ਬੰਦੇ ਜਿਹੜੇ ਕਿਸੇ ਲਾਲਚਵੱਸ ਮੇਰੇ ਨਾਲ ਨਹੀਂ ਵਰਤ ਰਹੇ। ਮੇਰੇ ਨਾਲ ਵਾਕਈ ਇਨਸਾਨੀਅਤ ਦੇ ਨਾਤੇ ਵਰਤ ਰਹੇ ਨੇ, ਜਿਹਨਾਂ ਨੇ ਕੋਈ ਚੱਜ ਦੀ, ਅਕਲ ਦੀ ਕੋਈ ਗੱਲ ਮੈਨੂੰ ਜ਼ਿੰਦਗੀ ਦੇ ਵਿੱਚ ਸਿਖਾਈ। ਜਿਹਨਾਂ ਦੇ ਕਰਕੇ ਮੇਰਾ... ਮੇਰਾ ਪਰਿਵਾਰ ਇੱਕ ਹੋਇਆ ਰਿਹਾ, ਦੁਬਾਰਾ ਵੱਸ ਗਿਆ।"
"ਜਿਸ ਦਿਨ ਮੈਂ ਟੇਬਲ ’ਤੇ ਤੁਹਾਡੇ ਨਾਲ ਰੋਟੀ ਸਾਂਝੀ ਕਰ ਰਿਹਾ ਸੀ ਨਾ, ਸੱਚ-ਮੁੱਚ ਮੈਂ ਇਕੱਲਾ ਹੀ ਸੀ। ਕੰਮ ਦੇ ਬੋਝ ਕਰਕੇ, ਖਿੱਝ-ਖਪਾਟ ਦੇ ਕਰਕੇ ਮੇਰੀ ਵਹੁਟੀ, ਮੇਰੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਚਲੇ ਗਈ ਸੀ। ਬੁੱਢੀ ਮਾਂ ਚਾਰ ਕੁ ਰੋਟੀਆਂ ਬਣਾ ਦਿੰਦੀ ਤੇ ਮੈਂ ਆ ਕੇ ਉਸੇ ਟੇਬਲ ਦੇ ਉੱਤੇ ਬੈਠਾ ਇਕੱਲਾ ਖਾ ਲੈਂਦਾ। ਅਕਸਰ ਸੋਚਦਾ ਰਹਿੰਦਾ—ਨਾ ਘਰ, ਨਾ ਬਾਹਰ, ਮੇਰੇ ਨਾਲ ਯਾਰ ਕੋਈ ਰੋਟੀ ਖਾਣ ਵਾਲਾ ਵੀ ਨਹੀਂ। ਜਦੋਂ ਤੂੰ ਆ ਕੇ ਟੇਬਲ ’ਤੇ ਬੈਠਾ ਨਾ ਵੀਰ, ਮੇਰੇ ਮਨ ਦੇ ਵਿੱਚ ਇਹੋ ਚੱਲ ਰਿਹਾ ਸੀ, 'ਰੱਬਾ, ਮੈਂ ਇਹੋ ਜਿਹਾ ਕੀ ਗੁਨਾਹ ਕਰ ਦਿੱਤਾ?' ਤੇ ਰੱਬ ਨੇ ਅਗਲੇ ਹੀ ਪਲ ਮੈਨੂੰ ਸਾਥ ਦੇ ਦਿੱਤਾ। ਇਸੇ ਕਰਕੇ ਮੈਨੂੰ ਬਹੁਤਾ ਸੋਚਣਾ ਨਹੀਂ ਸੀ ਪਿਆ ਇੱਕ ਰੋਟੀ ਤੁਹਾਨੂੰ ਫੜਾਉਣ ਦੇ ਲਈ। ਝਿਜਕ ਇਸ ਗੱਲ ਦੀ ਸੀ ਕਿ ਰੱਬ... ਰੱਬ ਐਡੀ ਛੇਤੀ ਮੰਨ ਲੈਂਦਾ?"
"ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਘਰ ਨਹੀਂ ਸੀ ਗਿਆ। ਮਾਂ ਨੂੰ ਫ਼ੋਨ ਕੀਤਾ ਤਾਂ ਸਿੱਧਾ ਆਪਣੇ ਸਹੁਰੇ ਚਲੇ ਗਿਆ। ਤੇ ਮੈਂ ਇਹੀ ਗੱਲ ਆਪਣੀ ਵਹੁਟੀ ਦੇ ਨਾਲ ਜਾ ਕੇ ਸਾਂਝੀ ਕੀਤੀ, 'ਲੱਖਾਂ ਗੁੱਸੇ-ਗਿਲੇ ਹੋਣਗੇ, ਪਰ ਮੈਂ ਯਾਰ ਇਕੱਲਾ ਰੋਟੀ ਖਾ-ਖਾ ਕੇ ਅੱਕ ਗਿਆ, ਥੱਕ ਗਿਆ। ਕੀ ਤੂੰ... ਕੀ ਤੂੰ ਇੱਕ ਰੋਟੀ ਬਹਿ ਕੇ ਮੇਰੇ ਨਾਲ ਸਾਂਝੀ ਕਰ ਸਕਦੀ ਏਂ?' ਬਸ ਇੰਨੀ ਗੱਲ ਸੀ, ਹੋਰ ਤਾਂ ਮੈਨੂੰ ਕੁਝ ਕਹਿਣਾ ਹੀ ਨਹੀਂ ਪਿਆ। ਉਸ ਦੇ ਅੰਦਰ ਤਾਂ ਭਰਿਆ ਦਰਦ ਸਾਰਾ ਉੱਥੇ ਉਸੇ ਜਗ੍ਹਾ ਡੁੱਲ੍ਹ ਗਿਆ। ਅਸੀਂ ਦੋਵੇਂ ਖ਼ੂਬ ਰੋਏ, ਖ਼ੂਬ ਭਾਵੁਕ ਹੋਏ। ਪਰ ਉਸ ਦਿਨ ਤੋਂ ਬਾਅਦ ਫ਼ੈਸਲਾ ਕੀਤਾ, ਰੋਟੀ ਇਕੱਠਿਆਂ ਖਾਇਆ ਕਰਨੀ ਹੈ। ਕੰਮ ਦਾ ਜਿੰਨਾ ਮਰਜ਼ੀ ਬੋਝ ਹੋਵੇ, ਪਰ ਇੱਕ-ਦੂਸਰੇ ਦੇ ਨਾਲ ਰਿਸ਼ਤਾ ਨਹੀਂ ਖ਼ਰਾਬ ਕਰਨਾ।"
"ਬਸ ਬੱਚੀ ਨੂੰ ਲਿਆ ਤੇ ਵਾਪਸ ਆਪਾਂ ਘਰ ਆ ਗਏ। ਬੱਚੀ ਨੇ ਮੂੰਹੋਂ ਤਾਂ ਕੁਝ ਨਹੀਂ ਬੋਲਿਆ, ਪਰ ਉਸ ਦਿਨ ਉਹ ਮੇਰੇ ਨਾਲ ਖ਼ੂਬ ਖੇਡੀ। ਅੱਧੀ ਰਾਤ ਤੱਕ ਆਪਾਂ ਖੇਡਦੇ ਰਹੇ, ਗੱਲਾਂ ਕਰਦੇ ਰਹੇ। ਜ਼ੁਬਾਨੋਂ ਤਾਂ ਨਹੀਂ, ਪਰ... ਪਰ ਅੱਖਾਂ ਹੀ ਅੱਖਾਂ ਦੇ ਨਾਲ ਬੱਚੀ ਕਹਿ ਰਹੀ ਸੀ, 'ਪਾਪਾ, ਥੈਂਕ ਯੂ। ਮੈਂ ਬੜੇ ਦਿਨਾਂ ਤੋਂ ਇਹ ਮਿੱਸ ਕਰ ਰਹੀ ਸੀ—ਤੁਹਾਡੇ ਨਾਲ ਖੇਡਣਾ, ਤੁਹਾਡੇ ਨਾਲ ਬਹਿਣਾ, ਗੱਲਾਂ ਕਰਨਾ, ਰੋਟੀ ਖਾਣੀ।' ਅੱਜ ਉਸੇ ਬੇਟੀ ਦਾ ਵਿਆਹ ਹੈ ਤੇ ਮੈਂ ਸੋਚਿਆ, ਉਸ ਬੰਦੇ ਨੂੰ ਜ਼ਰੂਰ ਬੁਲਾਵਾਂ ਜਿਹਦੇ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਹ... ਇਹ ਤਬਦੀਲੀ ਆਈ। ਮੈਨੂੰ ਅਸਲ ’ਚ ਸਮਝ ਨਹੀਂ ਸੀ ਆ ਰਹੀ ਉਦੋਂ, ਮੈਂ ਕਿਵੇਂ ਇਸ ਸਭ ਕੁਝ ਦੇ ਨਾਲ ਨਿੱਝਠਾਂ।"
"ਹੁਣ ਮੈਂ ਸਿਰਫ਼ ਪੈਸਾ ਨਹੀਂ ਕਮਾਉਂਦਾ, ਹੁਣ ਮੈਂ ਰਿਸ਼ਤੇ ਵੀ ਕਮਾਉਂਦਾ ਤੇ ਸਭ ਤੋਂ ਪਹਿਲਾ ਰਿਸ਼ਤਾ ਮੈਂ ਤੁਹਾਡੇ ਨਾਲ ਕਮਾਇਆ। ਹੁਣ ਮੇਰੇ ਕੋਲ ਜੋ ਵੀ ਆਉਂਦਾ, ਮੈਂ ਉਹਨਾਂ ਖ਼ੁਸ਼ੀ-ਖ਼ੁਸ਼ੀ ਗੱਲ ਕਰਦਾ। ਮੈਂ ਘਰੋਂ ਖ਼ੁਸ਼ੀ ਲੈ ਕੇ ਆਉਂਦਾ ਤੇ ਉਸ ਖਿੜਕੀ ’ਤੇ ਬਹਿ ਕੇ ਅੱਗੇ ਖ਼ੁਸ਼ੀਆਂ ਵੰਡਦਾ। ਜਿਸ ਬੰਦੇ ਨੇ ਮੈਨੂੰ ਸਿਖਾਇਆ ਰਿਸ਼ਤੇ ਕੀ ਹੁੰਦੇ ਨੇ, ਅੱਜ ਮੈਂ ਮਾਣ ਮਹਿਸੂਸ ਕਰ ਰਿਹਾ ਉਸ ਬੰਦੇ ਨੂੰ ਫ਼ੋਨ ਕਰਦਿਆਂ। ਅਗਲੇ ਮਹੀਨੇ ਮੇਰੀ ਧੀ ਦਾ ਵਿਆਹ ਹੈ। ਮੈਂ ਚਾਹਵਾਂਗਾ ਤੁਸੀਂ... ਤੁਸੀਂ ਆਸ਼ੀਰਵਾਦ ਦੇਣ ਜ਼ਰੂਰ ਆਓ। ਇਹ ਮੇਰੀ... ਇਹ ਮੇਰੀ ਸਭ ਤੋਂ ਵੱਡੀ ਦੌਲਤ ਹੋਊਗੀ, ਇਹ ਮੇਰੀ ਸਭ ਤੋਂ ਵੱਡੀ ਕਮਾਈ ਹੋਊਗੀ।"
ਸ਼ਾਇਦ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਨਹੀਂ ਸੀ। ਮੈਂ ਚੁੱਪ-ਚਾਪ ਸਭ ਕੁਝ ਸੁਣ ਰਿਹਾ ਸੀ, ਬੜੀ ਸ਼ਿੱਦਤ ਦੇ ਨਾਲ। ਮੈਂ ਸ਼ਾਇਦ ਉਸ ਸਮੇਂ ਉਹਦੀਆਂ ਗੱਲਾਂ ਦਾ, ਉਹਦੀ ਸ਼ਿੱਦਤ ਦਾ ਅੰਦਾਜ਼ਾ ਵੀ ਨਹੀਂ ਲਾ ਸਕਿਆ। ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਸਿਰਫ਼ ਇੰਨਾ ਸੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਗੇੜਾ ਬਚ ਜੇ, ਮੈਂ ਆਪਣੇ ਦੋਸਤ ਦਾ ਕੰਮ ਕਢਾ ਕੇ ਜਾਵਾਂ। ਬਾਕੀ ਰੱਬ ਕਰਾਉਣ ਵਾਲਾ, ਪਤਾ ਨਹੀਂ ਉਹਨੇ ਕਿਹੜੇ ਤਰੀਕੇ ਦੇ ਨਾਲ ਕੀ ਕਰਾ ਦਿੱਤਾ, ਕੀ ਮੂੰਹੋਂ, ਕੀ ਜ਼ੁਬਾਨੋਂ ਕਢਵਾ ਦਿੱਤਾ। ਮੈਨੂੰ ਤਾਂ ਸਮਝ ਵੀ ਨਹੀਂ ਆਈ, ਮੈਂ ਉਹਦੇ ਕੋਲੋਂ ਰੋਟੀ ਕਿਉਂ ਮੰਗੀ ਸੀ?
ਉਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਕਿਹਦੀ ਕਿੱਦਾਂ ਮਦਦ ਕਰਵਾ ਦਿੰਦਾ। ਨਹੀਂ ਤਾਂ ਮੈਂ ਰੋਟੀ ਤੋਂ ਬਿਨਾਂ ਵੀ ਸ਼ਾਇਦ ਗੱਲ ਕਰ ਸਕਦਾ ਸੀ। ਹੋ ਸਕਦਾ ਗੱਲ ਕਰਦੇ ਹੀ ਨਾ। ਹੋ ਸਕਦਾ ਲੜ ਕੇ ਉੱਠ ਪੈਂਦੇ। ਪਰ ਕਿਉਂ, ਕਿੱਦਾਂ? ਸਾਰਾ ਕੁਝ ਤਾਂ ਉਹਦੇ ਹੁਕਮ ’ਚ ਹੈ। ਜੋ ਉਹਨੇ ਚਾਹਿਆ, ਜਿੱਦਾਂ ਚਾਹਿਆ, ਉੱਦਾਂ ਹੋ ਗਿਆ। ਮੈਂ ਕੌਣ ਹੁੰਨਾ ਮਨ੍ਹਾ ਕਰਨ ਵਾਲਾ? ਮੇਰਾ ਵਿਆਹ ’ਤੇ ਜਾਣਾ ਤਾਂ ਬਣਦਾ।
ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੱਦਾਂ, ਕਿਹੜੇ ਤਰੀਕੇ ਦੇ ਨਾਲ ਕੀ ਸਮੀਕਰਨ ਬਣਦੇ ਨੇ। ਰੱਬ ਤੁਹਾਨੂੰ ਕਿੱਧਰੋਂ ਤੋੜ ਕੇ ਕਿਹੜੇ ਪਾਸੇ ਨੂੰ ਕਿੱਦਾਂ ਲੈ ਕੇ ਜਾਂਦਾ। ਕੁਝ ਅਜਨਬੀ ਲੋਕ ਮਿਲਦੇ ਨੇ, ਤੇ ਤੁਸੀਂ ਉਹਨਾਂ ਦੇ ਨਾਲ ਗੱਲਾਂ ਕਰਦੇ ਹੋ, ਉਹਨਾਂ ਨਾਲ ਉਹ ਵਰਤਾਰਾ ਕਰਦੇ ਹੋ ਜਿਹੜਾ ਕਦੀ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਪਰ ਇੱਕ ਗੱਲ ਸੱਚ ਹੈ, ਬਿਨਾਂ... ਬਿਨਾਂ ਉਹਦੇ ਕੀਤਿਆਂ ਕੁਝ ਨਹੀਂ ਹੁੰਦਾ। ਕਹਿੰਦੇ ਨੇ, ਪੱਤਾ ਵੀ ਨਹੀਂ ਹਿੱਲਦਾ। ਕੋਈ ਦੋ ਪਲ ਕਿਸੇ ਕੋਲ ਹੋਣ, ਕਿਸੇ ਦੇ ਮੋਢੇ ਦੇ ਉੱਤੇ ਹੱਥ ਧਰਨ ਦੇ ਲਈ, ਉਹਨੂੰ ਪੁੱਛਣ ਲਈ, ਕਹਿਣ ਲਈ, ਦੱਸਣ ਲਈ, ਤੇ ਸ਼ਾਇਦ ਤੁਹਾਡੀ ਤੇ ਉਹਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਜਾਂਦੀ ਹੈ।
ਲੋਕਾਂ ਦੇ ਦਿਲ ਇਸ ਟਾਈਮ ਬੜੇ ਸਾਰੇ ਰੂਲ-ਰੈਗੂਲੇਸ਼ਨ ’ਚ ਬੱਝੇ ਰਹੇ। ਤਾਕਤ ਚਾਹੁੰਦੇ ਨੇ ਲੋਕ, ਪੈਸਾ ਚਾਹੁੰਦੇ ਨੇ ਲੋਕ। ਪਰ ਚਾਹੀਦਾ ਤਾਂ ਸਾਨੂੰ ਨਿੱਘ ਹੈ, ਚਾਹੀਦਾ ਤਾਂ ਸਤਿਕਾਰ ਹੈ, ਚਾਹੀਦਾ ਤਾਂ ਸੱਚੇ ਰਿਸ਼ਤੇ ਬਣਾਉਣਾ। ਪਰ ਇਹ ਸਭ ਕੁਝ ਛੱਡ ਕੇ ਆਪਾਂ ਬਣਾ ਰਹੇ ਹਾਂ ਪੈਸਾ। ਪੈਸਾ ਬਣਾਉਣਾ ਕੋਈ ਗ਼ਲਤ ਗੱਲ ਨਹੀਂ, ਪਰ ਇਸ ਪੈਸੇ ਨੂੰ ਕਮਾਉਣ ਦੇ ਲਈ, ਇਕੱਠਾ ਕਰਨ ਦੇ ਲਈ ਸਾਨੂੰ ਤਿਆਗ ਕਰਨਾ ਪੈਂਦਾ, ਤੇ ਕਈ ਵਾਰੀ ਉਹ ਤਿਆਗ ਰਿਸ਼ਤਿਆਂ ਦਾ ਹੁੰਦਾ। ਇਹ ਬੜਾ ਮਹਿੰਗਾ ਪੈ ਜਾਂਦਾ।
ਜੋ ਸਾਨੂੰ ਮਿਲਿਆ, ਕਈ ਵਾਰੀ ਆਪਾਂ ਉਸ ਦਿਨ ਹੀ ਆਪਣਾ ਸਮਝ ਕੇ ਬਹਿ ਜਾਂਦੇ ਹਾਂ। ਇਹ ਤਾਂ ਹੈ ਹੀ ਸਾਡਾ—ਇਹ ਅਹੁਦਾ, ਇਹ ਪੈਸਾ, ਇਹ ਤਾਂ ਸਾਨੂੰ ਮਿਲਣਾ ਹੀ ਸੀ, ਸਾਨੂੰ ਮਿਲ ਗਿਆ। ਇਸ ਤੋਂ ਅੱਗੇ ਕੀ, ਪਰੇ ਕੀ? ਪਰ ਆਪਾਂ ਇਹ ਭੁੱਲ ਜਾਂਦੇ ਹਾਂ, ਜੋ ਦੇਣ ਵਾਲਾ, ਜਦੋਂ ਮਰਜ਼ੀ ਚਾਹਵੇ ਕਿਸੇ ਹੋਰ ਨੂੰ ਫੜ ਕੇ ਦੇ ਦੇਵੇ। ਚਾਹੇ ਅਸੀਂ ਕੰਮ ਕਰ ਰਹੇ ਹਾਂ, ਚਾਹੇ ਨੌਕਰੀ ਕਰ ਰਹੇ ਹਾਂ, ਕਾਰੋਬਾਰ ਕਰ ਰਹੇ ਹਾਂ, ਜਿੰਨਾ ਮਰਜ਼ੀ ਮਾਣ ਹੋਵੇ ਸਾਨੂੰ, ਪਰ ਯਾਦ ਰਹੇ, ਇਹ ਸਿਰਫ਼ ਉਹਦੀਆਂ ਲਾਈਆਂ ਡਿਊਟੀਆਂ ਨੇ। ਆਪਾਂ ਸਿਰਫ਼ ਉਹਦੀ ਲਾਈ ਡਿਊਟੀ ਨਿਭਾ ਰਹੇ ਹਾਂ।
ਤੇ ਜਿਹੜਾ ਬੰਦਾ ਰੋਜ਼ ਡਿਊਟੀ ’ਤੇ ਆਉਂਦਾ ਹੋਵੇ, ਉਹਨੂੰ ਇਹ ਚੀਜ਼ ਜ਼ਰੂਰ ਧਿਆਨ ’ਚ ਰੱਖਣੀ ਚਾਹੀਦੀ ਹੈ ਕਿ ਮੈਂ ਜਿਹੜੀ ਡਿਊਟੀ ਦੇ ਉੱਤੇ ਹਾਂ, ਜਿਹੜੇ ਰੱਬ ਨੇ ਮੈਨੂੰ ਇਸ ਡਿਊਟੀ ਦੇ ਉੱਤੇ ਲਾਇਆ, ਕੀ ਮੈਂ ਇਸ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਕਰ ਰਿਹਾਂ? ਤੇ ਜੇ ਆਪਾਂ ਨਹੀਂ ਕਰ ਰਹੇ, ਅੰਦਰੋਂ ਜਵਾਬ ਆਵੇ 'ਨਹੀਂ', ਤਾਂ ਫਿਰ ਉਹ ਇੰਪਲੋਇਰ ਹੈ ਭਾਈ, ਉਹ ਉਸ ਬੰਦੇ ਨੂੰ ਦਊਗਾ ਜਿਹੜਾ ਇਹਨੂੰ ਹੋਰ ਤੇ ਤੁਹਾਡੇ ਨਾਲੋਂ ਬਿਹਤਰ ਕਰ ਸਕਦਾ ਹੋਵੇ। ਤੇ ਤੁਸੀਂ ਫਿਰ ਉਹ ਕੰਮ ਕਰੋਗੇ ਕੱਲ੍ਹ ਨੂੰ, ਜਿਹੜਾ ਤੁਹਾਡੀ ਕਾਬਲੀਅਤ ਦੇ ਮੁਤਾਬਕ ਹੋਵੇ, ਜੋ ਕਿ ਇਸ ਤੋਂ ਹਲਕਾ ਹੀ ਹੋਊਗਾ। ਕੋਈ ਨਹੀਂ ਚਾਹੁੰਦਾ ਮੇਰੀ ਡਿਮੋਸ਼ਨ ਹੋਵੇ, ਸੋ ਇਸ ਕਰਕੇ ਆਪਣਾ ਕੰਮ ਭਾਈ ਇਮਾਨਦਾਰੀ ਦੇ ਨਾਲ ਕਰਦੇ ਰਹੋ।
ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਦਾ ਜਿਹਨਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਸੀ। ਲਿਖਣ ਵਾਲਿਆਂ ਦਾ, ਤੇ ਇਹ ਵੀ ਕਹਿੰਦੇ ਨੇ ਨਾਮ ਮੈਨੂੰ ਨਹੀਂ ਪਤਾ, ਪਰ ਜੇਕਰ ਕੁਝ ਸਿੱਖਣ ਨੂੰ ਮਿਲੇ, ਜਿੱਦਾਂ ਵੀ ਮਿਲੇ, ਤੇ ਉਹ ਸਿੱਖ ਲੈਣਾ ਚਾਹੀਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।
Frequently Asked Questions
ਇਹ ਕਹਾਣੀ ਸਾਨੂੰ ਮੁੱਖ ਤੌਰ 'ਤੇ ਕੀ ਸਿੱਖਿਆ ਦਿੰਦੀ ਹੈ?
ਕਲਰਕ ਦੇ ਵਿਹਾਰ ਵਿੱਚ ਅਚਾਨਕ ਤਬਦੀਲੀ ਕਿਵੇਂ ਆਈ?
ਕਲਰਕ ਨੇ ਕਈ ਸਾਲਾਂ ਬਾਅਦ ਫ਼ੋਨ ਕਿਉਂ ਕੀਤਾ ਸੀ?
What's Your Reaction?
