ਮੱਧ ਮਾਰਗ: ਗੌਤਮ ਬੁੱਧ ਦਾ ਸੰਤੁਲਿਤ ਜੀਵਨ ਫ਼ਲਸਫ਼ਾ ਅਤੇ ਅਜੋਕਾ ਸਮਾਂ
ਗੌਤਮ ਬੁੱਧ ਦੀ ਕਠਿਨ ਤਪੱਸਿਆ, ਸੁਜਾਤਾ ਦੀ ਖੀਰ ਅਤੇ ਮੱਧ ਮਾਰਗ ਦੀ ਸ਼ੁਰੂਆਤ। ਜਾਣੋ ਕਿਵੇਂ ਭਗਵਾਨ ਬੁੱਧ ਦਾ ਸੰਤੁਲਨ ਦਾ ਸਿਧਾਂਤ ਅੱਜ ਸਾਡੀ ਸਿਹਤ, ਕੰਮ ਅਤੇ ਖ਼ੁਸ਼ਹਾਲੀ ਲਈ ਜ਼ਰੂਰੀ ਹੈ।
ਕਹਿੰਦੇ 28-29 ਸਾਲ ਦੇ ਆਸ-ਪਾਸ ਉਮਰ ਸੀ ਜਦੋਂ ਗੌਤਮ ਨੇ ਇਹ ਫ਼ੈਸਲਾ ਕੀਤਾ ਕਿ ਉਹ ਹੁਣ ਘਰ ਛੱਡ ਕੇ ਚਲੇ ਜਾਣਗੇ। ਉਸ ਰਾਹ ਦੇ ਉੱਤੇ ਚੱਲਣਾ ਜਿੱਥੇ ਉਹਨੂੰ ਰੱਬ ਦੇ ਗੁੱਝੇ ਭੇਤਾਂ ਦਾ ਪਤਾ ਲੱਗ ਸਕੇ, ਜ਼ਿੰਦਗੀ ਦੇ ਸੱਚ ਦਾ ਪਤਾ ਲੱਗ ਸਕੇ, ਜ਼ਿੰਦਗੀ ਦੇ ਅਸਲ ਮਨੋਰਥ ਦਾ ਪਤਾ ਲੱਗ ਸਕੇ। ਇਹ ਪਤਾ ਲੱਗ ਸਕੇ ਕਿ ਦੁਨੀਆ ਦੇ ਵਿੱਚ ਦੁੱਖ ਕਿਉਂ ਨੇ। ਇਹ ਪਤਾ ਲੱਗ ਸਕੇ ਕਿ ਇਹਨਾਂ ਦੁੱਖਾਂ ਨੂੰ ਦੂਰ ਕਿੱਦਾਂ ਕੀਤਾ ਜਾ ਸਕਦਾ। ਉਹ ਪਤਾ ਲੱਗ ਸਕੇ ਜਿਹੜਾ ਸ਼ਾਇਦ ਦੁਨੀਆ ਦੇ ਉੱਤੇ ਕੁਝ ਲੋਕਾਂ ਨੇ ਪਤਾ ਕਰ ਲਿਆ ਵਾ ਤੇ ਜਾਂ ਫਿਰ ਪਤਾ ਹੋਣ ਦਾ ਦਾਅਵਾ ਹੀ ਕਰਦੇ ਨੇ।
ਖ਼ੈਰ, ਇਹ ਸੋਚ ਕੇ ਜਦੋਂ ਸਿਧਾਰਥ ਆਪਣੇ ਬੁੱਧ ਵਾਲੇ ਸਫ਼ਰ ਦੇ ਉੱਤੇ ਨਿਕਲਦੇ ਨੇ ਤੇ ਕਹਿੰਦੇ ਨੇ ਕਿ ਜਿੱਥੇ ਵੀ ਕਿਤੇ ਪਤਾ ਲੱਗਦਾ ਆਹ ਫ਼ਲਾਨੇ ਬੰਦੇ ਨੇ ਰੱਬ ਦਾ ਭੇਤ ਪਾਇਆ, ਤੇ ਉਸੇ ਜਗ੍ਹਾ 'ਤੇ ਪਹੁੰਚ ਜਾਂਦੇ। ਕਈ ਸਫ਼ਰ ਕਾਫ਼ੀ ਆਸਾਨ ਰਹੇ ਤੇ ਬੁੱਧ ਨੇ ਆਮ ਦੂਜਿਆਂ ਦੇ ਨਾਲੋਂ ਉਹ ਵਾਲੀ ਪੜ੍ਹਾਈ, ਉਹ ਵਾਲੀ ਸਿੱਖਿਆ, ਉਹ ਵਾਲਾ ਇਲਮ ਬੜੀ ਛੇਤੀ ਹਾਸਲ ਕਰ ਲਿਆ।
ਪਰ ਗੱਲ ਬਣੀ ਨਹੀਂ। ਹੌਲੀ-ਹੌਲੀ ਕਦਮ ਅੱਗੇ ਵੱਧਦੇ ਰਹੇ। ਇੱਕ ਜਗ੍ਹਾ ਦੇ ਉੱਤੇ ਜਾ ਕੇ ਪਤਾ ਲੱਗਦਾ ਕਿ ਹੁਣ ਇੱਥੋਂ ਗੱਲ ਨਹੀਂ ਬਣਨੀ, ਦੂਸਰਾ ਕੋਈ ਹੋਰ ਡੇਰਾ ਵਾ, ਕੋਈ ਹੋਰ ਥਾਂ ਆ, ਹੋਰ ਅੱਗੇ ਤੁਰ ਪੈਣਾ।
ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵਧੇਰੇ ਕਹਿੰਦੇ ਨੇ ਔਖਾ ਸਫ਼ਰ ਆ, ਉਹਦੇ ਵਿੱਚ ਲਗਭਗ 6 ਸਾਲ ਲੱਗੇ। ਬਾਕੀ ਕਿਤੇ ਕਿਤੇ ਸਾਲ, ਕਿਤੇ 6 ਮਹੀਨੇ... ਹੋ ਸਕਦਾ ਕਿਤੇ ਵੱਧ ਵੀ ਲੱਗੇ ਹੋਣ। ਪਰ ਇਹ ਪਹਿਲਾ ਸਫ਼ਰ ਦੱਸਦੇ ਨੇ ਜਿੱਥੇ 6 ਮਹੀਨੇ ਲੱਗੇ ਤੇ ਸਭ ਤੋਂ ਔਖਾ ਸਫ਼ਰ ਜਿਹੜੇ ਪਾਸੇ ਨੂੰ ਕੋਈ ਮੂੰਹ ਨਹੀਂ ਕਰਦਾ। ਔਖਾ ਕਿਉਂ? ਕਿਉਂਕਿ ਇਸ ਸਫ਼ਰ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿੰਨਾ ਤੁਸੀਂ ਘੱਟ ਖਾਂਦੇ ਹੋ, ਜਿੰਨਾ ਤੁਸੀਂ ਅੰਨ ਦਾ ਤਿਆਗ ਕਰ ਦਿੰਦੇ ਹੋ, ਉਨਾ ਤੁਸੀਂ ਨੇੜੇ ਪਹੁੰਚ ਜਾਂਦੇ ਹੋ ਸੱਚ ਦੇ। ਇਹੋ ਹੀ ਇੱਕ ਤਰੀਕਾ ਕਿ ਤੁਸੀਂ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਤੰਗ ਕਰੋ, ਵੱਧ ਤੋਂ ਵੱਧ ਔਕੜਾਂ ਝੱਲੋ ਤੇ ਫਿਰ ਤੁਸੀਂ ਉਨੀ ਛੇਤੀ ਤੇ ਚੰਗੇ ਤਰੀਕੇ ਦੇ ਨਾਲ ਜਾਣ ਲੋਗੇ।
ਖ਼ੈਰ, ਇਸ ਸਫ਼ਰ ਦੇ ਦਰਮਿਆਨ ਬਹੁਤ ਸਾਰੇ ਲੋਕ ਇੱਦਾਂ ਦੇ ਮਿਲੇ ਜਿਹੜੇ ਸ਼ਾਇਦ ਐਵੇਂ ਦਿਖਾਵਾ ਹੀ ਕਰਦੇ ਸੀ ਕਿ ਉਹਨਾਂ ਨੇ ਸੱਚ ਜਾਣ ਲਿਆ। ਤੇ ਬੁੱਧ ਨੇ ਇਹ ਰਾਹ ਚੁਣਨ ਦਾ ਫ਼ੈਸਲਾ ਕਰ ਲਿਆ। ਹੌਲੀ-ਹੌਲੀ ਘਟਾਉਂਦਿਆਂ-ਘਟਾਉਂਦਿਆਂ ਰੋਟੀ, ਕਈ ਤਾਂ ਇਹ ਕਹਿੰਦੇ ਨੇ ਕਿ ਇੱਕ ਦਿਨ ਦੇ ਵਿੱਚ ਇੱਕ ਚੌਲਾਂ ਦਾ ਦਾਣਾ ਖਾਣਾ ਸ਼ੁਰੂ ਕਰ ਦਿੱਤਾ, ਤੇ ਕਈ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਹੌਲੀ-ਹੌਲੀ ਉਹਦੇ ਵਿੱਚੋਂ ਵੀ ਮਾਈਨਸ ਕਰਦਿਆਂ-ਕਰਦਿਆਂ ਹਫ਼ਤੇ ਦੇ ਵਿੱਚ ਕਈ ਵਾਰੀ ਇੱਕ ਦਾਣਾ ਖਾਣਾ ਹੁੰਦਾ ਸੀ। ਖ਼ੈਰ, ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਾਰੇ ਇਸ ਚੀਜ਼ ਨੂੰ ਲਿਖਦੇ ਨੇ, ਪਰ ਇੱਕ ਗੱਲ ਪੱਕੀ ਕਿ ਇਹਨਾਂ ਛੇਹਾਂ ਸਾਲਾਂ ਦੇ ਵਿੱਚ ਗੌਤਮ ਦੇ ਸਰੀਰ ਦੇ ਵਿੱਚ ਸਿਰਫ਼ ਹੱਡੀਆਂ ਦਾ ਪਿੰਜਰ ਰਹਿ ਗਿਆ।
ਹੁਣ ਆਪਾਂ ਸੋਚ ਕੇ ਵੇਖੀਏ ਕਿ ਜੇਕਰ ਕੋਈ ਇੱਕ ਚੌਲਾਂ ਦਾ ਦਾਣਾ ਤਾਂ ਛੱਡੋ, ਜੇ ਕੋਈ ਦਿਹਾੜੀ ਦੇ ਵਿੱਚ ਕੋਈ ਇੱਕ ਬੁਰਕੀ ਵੀ ਖਾਂਦਾ ਤੇ ਉਹਦਾ ਕੀ ਹਾਲ ਹੋਊਗਾ। ਹੌਲੀ-ਹੌਲੀ ਸਰੀਰ ਦੇ ਵਿੱਚੋਂ ਜਾਨ ਜਾਂਦੀ ਰਹਿਣੀ। ਹੌਲੀ-ਹੌਲੀ ਤੁਹਾਡਾ ਸਰੀਰ ਤੁਹਾਡੇ, ਤੁਹਾਡੇ ਆਪਣੇ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ, ਯਾਨੀ ਕਿ ਚਰਬੀ ਖੁਰਨੀ ਸ਼ੁਰੂ ਹੋ ਜਾਂਦੀ ਆ। ਵੈਸੇ ਇਹ ਕੋਈ ਸੌਖਾ ਰਾਹ ਨਹੀਂ ਸੀ। ਅੱਜ ਵੀ ਸੋਚ ਕੇ ਵੇਖਿਆ ਜਾਵੇ ਤਾਂ ਇਹ ਬੜੀ ਘੋਰ ਤਪੱਸਿਆ। ਪਰ ਸਵਾਲ ਇਹ ਆ ਕਿ ਕੀ ਇਸ, ਇਸ ਔਖੇ ਰਾਹ ਦੇ ਉੱਤੇ, ਘੋਰ ਤਪੱਸਿਆ ਦੇ ਵਿੱਚ ਆਪਣੇ ਸਰੀਰ ਨੂੰ ਇੰਨੇ ਜਿਆਦਾ ਜ਼ੋਖਮ ਦੇ ਕੇ, ਇੰਨੀਆਂ ਜਿਆਦਾ ਆਪਣੇ ਸਰੀਰ ਨੂੰ ਬੰਦਿਸ਼ਾਂ ਦੇ ਕੇ ਰੱਬ ਪਾਇਆ ਜਾ ਸਕਦਾ? ਜਾਂ ਫਿਰ ਕਿਤੇ ਇਹ ਤਾਂ ਨਹੀਂ ਕਿ ਬਹੁਤਿਆਂ ਨੂੰ ਭਜਾਉਣ ਦੇ ਲਈ ਇੱਦਾਂ ਠੀਕ ਹੋਵੇ, ਨਾ ਕੋਈ ਇੱਦਾਂ ਦਾ ਕੁਝ ਕਰੇ ਤੇ ਨਾ ਹੀ ਉਹਨੂੰ ਪਤਾ ਲੱਗੇ।
ਖ਼ੈਰ, ਇਸ ਸਫ਼ਰ ਦੇ ਉੱਤੇ ਗੌਤਮ ਇਕੱਲੇ ਨਹੀਂ ਸੀ। ਇਸ ਸਫ਼ਰ ਦੇ ਵਿੱਚ ਹੋਰ ਵੀ ਲੋਕ ਨਾਲ ਰਲ਼ਦੇ ਜਾਂਦੇ ਸੀ ਤੇ ਜਿੱਥੇ ਜਾਂਦੇ ਸੀ ਉੱਥੇ ਵੀ ਚਾਰ ਮਿਲ ਜਾਂਦੇ ਸੀ। ਇੱਕ ਚੀਜ਼ ਤਾਂ ਪੱਕੀ ਕਹਿੰਦੇ ਗੌਤਮ ਦੀ ਪਰਸਨੈਲਿਟੀ ਨੂੰ ਵੇਖ ਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਜਾਂਦੇ ਸੀ, ਕਿਉਂਕਿ ਆਮ ਲੋਕ ਜਿਹੜੇ ਕਈ ਸਾਲ ਲਾ ਕੇ ਅਚੀਵ ਕਰਦੇ, ਉਹ ਕਈ ਚੀਜ਼ਾਂ ਗੌਤਮ ਦੇ ਵਿੱਚ ਪਹਿਲਾਂ ਹੀ ਮੌਜੂਦ ਸੀ। ਠੰਡਕ ਚਿਹਰੇ ਦੇ ਉੱਤੇ, ਹਲੀਮੀ, ਸਾਦਾ ਸੁਭਾਅ, ਇੱਕ ਤਸੱਲੀ, ਇੱਕ ਸਿਰੜ।
ਸੋ, ਇਸੇ ਤਰ੍ਹਾਂ ਦੇ ਨਾਲ ਸਮਾਂ ਬੀਤਦਾ ਗਿਆ। ਪਰ ਉਸ ਤੋਂ ਬਾਅਦ ਇੱਕ ਦਿਨ ਐਸਾ ਆਇਆ ਜਦੋਂ ਗੌਤਮ ਨੇ ਸਾਰੇ ਨਿਯਮ ਤੋੜ ਦਿੱਤੇ। ਜਦੋਂ ਗੌਤਮ ਨੂੰ ਇਹ ਅਹਿਸਾਸ ਹੋਇਆ ਕਿ ਨਹੀਂ, ਇਸ ਤਰੀਕੇ ਦੇ ਨਾਲ ਸ਼ਾਇਦ ਨਹੀਂ ਪਾਇਆ ਜਾ ਸਕਦਾ ਰੱਬ ਨੂੰ, ਇਸ ਤਰੀਕੇ ਦੇ ਨਾਲ ਗੁੱਝਾ ਭੇਤ ਨਹੀਂ ਪਾਇਆ ਜਾ ਸਕਦਾ। ਹੋਇਆ ਕੁਝ ਇਸ ਤਰ੍ਹਾਂ ਕਿ ਇੱਕ ਦਿਨ, ਇੱਕ ਦਿਨ ਇੱਕ ਔਰਤ ਨੇ ਗੌਤਮ ਨੂੰ ਰੁੱਖ ਥੱਲੇ ਬੈਠਿਆਂ ਵੇਖਿਆ। ਔਰਤ ਬਹੁਤ ਪ੍ਰਭਾਵਿਤ ਹੋਈ ਇਸ ਗੱਲ ਤੋਂ ਕਿ ਇਸ ਤਪੱਸਵੀ ਦਾ ਕਿੰਨਾ ਸਿਰੜ ਆ। ਪਰ ਉਹਨੂੰ ਨਾਲ ਦੀ ਨਾਲ ਇਹ ਵੀ ਅਹਿਸਾਸ ਹੋਇਆ ਕਿ ਜੇਕਰ ਇਹ ਥੋੜ੍ਹੇ ਦਿਨ ਹੋਰ ਨਾ ਕੁਝ ਇਹਨੇ ਖਾਧਾ, ਸਰੀਰ ਇਹਦਾ ਆਲਰੇਡੀ ਪਹਿਲਾਂ ਤੋਂ ਹੀ ਸਿਰਫ਼ ਹੱਡੀਆਂ ਜੋਗਾ ਰਹਿ ਗਿਆ, ਤੇ ਜੇਕਰ ਇਹਨੇ ਨਾ ਕੁਝ ਖਾਧਾ ਤਾਂ ਸ਼ਾਇਦ ਇਹ ਦੁਨੀਆ ਤੋਂ ਚਲੇ ਹੀ ਨਾ ਜਾਵੇ।
ਇਸ ਵਜ੍ਹਾ ਕਰਕੇ ਉਹ ਆਪਣੇ ਘਰ ਗਈ ਤੇ ਸੁਜਾਤਾ ਨਾਂ ਦੀ ਇਹ, ਇਹ ਔਰਤ ਕਹਿੰਦੇ ਨੇ ਆਪਣੇ ਘਰੋਂ ਖੀਰ ਬਣਾ ਕੇ ਲੈ ਕੇ ਆਈ। ਸੁਜਾਤਾ ਦੇ ਪਿੰਡ ਦੇ ਲਾਗੇ ਗੌਤਮ ਉਸ ਸਮੇਂ ਬੈਠੇ ਤਪੱਸਿਆ ਕਰ ਰਹੇ ਸੀ। ਲਿਆ ਕੇ ਵਾਪਸ ਉਹਨੇ ਜੰਗਲ ਦੇ ਵਿੱਚ ਦਰੱਖਤ ਦੇ ਹੇਠਾਂ ਬੈਠੇ ਸਿਧਾਰਥ, ਜਿਹੜੇ ਕਿ ਉਸ ਸਮੇਂ ਹਲੇ ਬੁੱਧ ਬਣੇ ਤਾਂ ਨਹੀਂ ਸੀ, ਸਿਧਾਰਥ ਦੇ ਕਮਜ਼ੋਰ ਸਰੀਰ ਨੂੰ ਵੇਖ ਕੇ ਉਹਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, "ਜੇ ਤੁਸੀਂ ਇਹ ਖਾ ਲਓ ਤਾਂ ਮੈਨੂੰ ਵਧੀਆ ਲੱਗੂਗਾ।" ਤਾਂ ਕਹਿੰਦੇ ਨੇ ਗੌਤਮ ਨੇ ਥੋੜ੍ਹੀ ਦੇਰ ਸੋਚਣ ਤੋਂ ਬਾਅਦ ਉਹ ਖੀਰ ਖਾਣੀ ਸ਼ੁਰੂ ਕਰ ਦਿੱਤੀ।
ਵੈਸੇ ਇਹ ਸਫ਼ਰ ਕੋਈ ਸੌਖਾ ਨਹੀਂ ਸੀ ਕਿਉਂਕਿ ਇਹੋ ਹੀ ਉਹ ਸਮਾਂ ਸੀ ਜਦੋਂ ਕਹਿੰਦੇ ਨੇ ਕਿ ਗੌਤਮ ਦੇ ਨਾਲ ਬੈਠੇ ਜਿਹੜੇ ਹੋਰ ਪੰਜ ਲੋਕ ਸੀ, ਇਸੇ ਕਰਕੇ ਛੱਡ ਕੇ ਪਿੱਛੇ ਹੋ ਗਏ—ਇਹਨੇ ਤਾਂ ਆਪਣਾ ਸਿਰੜ ਛੱਡ ਦਿੱਤਾ, ਇਹ ਤਾਂ ਲਾਗੋ ਹੋ ਕੇ ਮੁੜ ਆਇਆ, ਇਹ ਪਖੰਡੀ ਆ, ਢੋਂਗੀ ਆ, ਇਹ ਖੀਰ ਵੇਖ ਕੇ ਬੇਈਮਾਨ ਹੋ ਗਿਆ। ਤੇ ਕਹਿੰਦੇ ਨੇ ਉਸ ਸਮੇਂ ਉਹ ਛੱਡ ਕੇ ਚਲੇ ਗਏ ਸੀ। ਇਸ ਤੋਂ ਪਹਿਲਾਂ ਉਹ ਗੌਤਮ ਨੂੰ ਆਪਣਾ ਆਦਰਸ਼ ਮੰਨਦੇ ਸੀ।
ਖ਼ੈਰ, ਸਿਧਾਰਥ ਨੇ ਕਹਿੰਦੇ ਜਦੋਂ ਖੀਰ ਦਾ ਕਟੋਰਾ ਖਾਧਾ, ਸੁਜਾਤਾ ਦੀ ਬੇਨਤੀ ਪ੍ਰਵਾਨ ਕੀਤੀ, ਤਾਂ ਇਸ ਸਮੇਂ ਇੱਕ ਵੱਡੀ ਘਟਨਾ ਘਟੀ। ਇਸ ਸਮੇਂ ਬੁੱਧ ਦੇ ਸਿਧਾਂਤਾਂ ਦੇ ਵਿੱਚੋਂ ਇੱਕ ਵੱਡਾ ਸਿਧਾਂਤ ਹੋਂਦ ਦੇ ਵਿੱਚ ਆਇਆ। ਕਿਉਂਕਿ ਇਸ ਸਮੇਂ, ਇਸ ਸਮੇਂ ਸਿਧਾਰਥ ਨੂੰ ਇਸ ਚੀਜ਼ ਦਾ ਅਹਿਸਾਸ ਹੋ ਚੁੱਕਾ ਸੀ ਕਿ ਜੇਕਰ ਸਰੀਰ ਹੀ ਨਾ ਰਿਹਾ ਤਾਂ ਫਿਰ ਇਹ ਭੇਤ ਜਾਣ ਕੇ ਵੀ ਕੀ ਕਰਨੇ? ਫਿਰ ਰੱਬ ਨੂੰ ਪਾ ਕੇ ਵੀ ਕੀ ਕਰਨਾ ਜੇ ਸਰੀਰ 'ਚ ਜਾਨ ਨਾ ਰਹੀ ਜਾਂ ਫਿਰ ਸਰੀਰ ਹੀ ਨਾ ਰਿਹਾ, ਇਨਸਾਨ ਹੀ ਨਾ ਰਿਹਾ? ਤੇ ਬਾਕੀ ਚੀਜ਼ਾਂ ਸਾਰੀਆਂ ਬੇਮਾਇਨੇ ਹੋ ਗਈਆਂ।
ਇਹ ਸੁਜਾਤਾ ਦੀ ਖੀਰ ਵਾਲਾ ਉਹ, ਉਹ ਇੰਸੀਡੈਂਟ ਸੀ ਜਾਂ ਸਿਧਾਰਥ ਦੀ ਜ਼ਿੰਦਗੀ ਦਾ ਉਹ ਚੈਪਟਰ ਸੀ ਜਦੋਂ, ਜਦੋਂ ਮੱਧ ਮਾਰਗ ਹੋਂਦ ਦੇ ਵਿੱਚ ਆਇਆ। ਤੇ ਸ਼ਾਇਦ ਇਹੋ ਹੀ ਉਹ ਮਾਰਗ ਹੈ ਜਿਹੜਾ ਅਜੋਕੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਆ।
ਖ਼ੈਰ, ਵਾਪਸ ਆਪਾਂ ਕਹਾਣੀ ਵੱਲ ਨੂੰ ਆਈਏ ਤਾਂ ਕਹਿੰਦੇ ਨੇ ਕਿ ਜੋ ਜਿੱਦਾਂ ਲਿਖਿਆ ਵੈਸੇ ਥੋੜ੍ਹੇ-ਥੋੜ੍ਹੇ ਅਲੱਗ-ਅਲੱਗ ਤਰੀਕਿਆਂ ਦੇ ਨਾਲ, ਪਰ ਇਸ ਇੰਸੀਡੈਂਟ ਤੋਂ ਬਾਅਦ ਥੋੜ੍ਹਾ ਹੀ ਸਮਾਂ ਲੱਗਾ ਜਾਂ ਫਿਰ ਥੋੜ੍ਹੇ ਦਿਨਾਂ ਬਾਅਦ ਹੀ ਗੌਤਮ ਨੂੰ ਸੱਚ ਦਾ ਪਤਾ ਲੱਗ ਗਿਆ। ਗੌਤਮ ਨੇ ਜੋ ਜਾਣਿਆ, ਉਹ ਅੱਗੇ ਫਿਰ ਸਭ ਤੋਂ ਪਹਿਲਾਂ ਉਹ ਜਿਹੜੇ ਪੰਜ ਛੱਡ ਕੇ ਗਏ ਸੀ, ਉਹਨਾਂ ਤੱਕ ਪਹੁੰਚਾਇਆ। ਤੇ ਫਿਰ ਹੌਲੀ-ਹੌਲੀ ਹੋਰ ਵੀ ਜਿਹੜਾ ਜਾਨਣਾ ਚਾਹੁੰਦਾ ਸੀ।
ਖ਼ੈਰ, ਇਹ ਮੱਧ ਮਾਰਗ ਹੈ ਕੀ ਸੀ ਇਸ ਤੋਂ ਪਹਿਲਾਂ ਜਿਹੜੀ ਚੀਜ਼ ਨਹੀਂ ਸੀ ਧਿਆਨ ਦੇ ਵਿੱਚ? ਐਸਾ ਕੀ ਗੌਤਮ ਦੇ ਧਿਆਨ ਦੇ ਵਿੱਚ ਆ ਗਿਆ? ਅੱਜ ਜੇਕਰ ਆਪਾਂ ਇਸ ਮੱਧ ਮਾਰਗ ਤੱਕ ਰਹਿੰਦੇ ਹੀ ਗੱਲ ਕਰੀਏ ਤਾਂ ਮਤਲਬ ਇਹੀ ਸੀ ਕਿ ਬਿਲਕੁਲ ਭੁੱਖੇ ਰਹਿ ਕੇ ਵੀ ਗੁਜ਼ਾਰਾ ਨਹੀਂ, ਤੇ ਜੇਕਰ ਐਵੇਂ ਆਪਾਂ ਠੂੰਸ-ਠੂੰਸ ਕੇ ਖਾਈ ਜਾਈਏ ਉਹਦੇ ਨਾਲ ਵੀ ਤੁਹਾਡਾ ਧਿਆਨ ਭਗਤੀ ਦੇ ਵਿੱਚ ਨਹੀਂ ਲੱਗਣਾ। ਪਰ ਜਦੋਂ ਸਾਨੂੰ ਕੋਈ ਇੱਕ ਗੱਲ ਸਮਝ ਆ ਜਾਂਦੀ ਆ ਤਾਂ ਫਿਰ ਉਹਦੇ ਇਰਦ-ਗਿਰਦ ਹੋਰ ਬਹੁਤ ਸਾਰੀਆਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇੱਦਾਂ ਜਿੱਦਾਂ ਇੱਕ ਦਰਵਾਜ਼ਾ ਖੁੱਲ੍ਹ ਗਿਆ ਹੋਵੇ, ਇੱਕ ਤਾਲੇ ਨੂੰ ਚਾਬੀ ਲੱਗ ਗਈ ਹੋਵੇ, ਤੇ ਫਿਰ ਉਸਦੇ ਉਸ ਕਮਰੇ ਦੇ ਵਿੱਚ ਪਿਆ ਬਾਕੀ ਸਾਰਾ ਕੁਝ ਵੀ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਂਦਾ। ਉਸ ਘਰ ਦੇ ਵਿੱਚ ਤੁਹਾਡੀ ਐਂਟਰੀ ਹੋ ਜਾਂਦੀ ਆ ਤੇ ਉੱਥੇ ਤੁਹਾਨੂੰ ਰਸੋਈ ਵੀ ਦਿਖਦੀ ਆ, ਕਮਰੇ ਵੀ ਦਿਖਦੇ ਨੇ, ਲਾਂਡਰੀ ਵੀ ਦਿਖਦੀ ਆ ਤੇ ਹੋਰ ਸਾਰਾ ਕੁਝ ਜੋ ਉਸ ਘਰ ਦੇ ਵਿੱਚ ਸਾਜ਼ੋ-ਸਾਮਾਨ ਪਿਆ।
ਸੋ, ਆਪਣੀ, ਆਪਣੀ ਪਿਆਸ ਤੇ ਆਪਣੀ ਭੁੱਖ ਤਿਆਗ ਕੇ ਜਦੋਂ ਗੌਤਮ ਨੂੰ ਇਹ ਪਤਾ ਲੱਗਾ ਕਿ ਭੁੱਖੇ ਰਹਿ ਕੇ ਗੱਲ ਨਹੀਂ ਬਣਨੀ, ਤਾਂ ਫਿਰ ਉਹਦੇ ਨਾਲ ਇਸ ਮੱਧ ਮਾਰਗ ਦਾ ਜਨਮ ਹੋਇਆ ਸੀ। ਦੁਨੀਆ ਦੇ ਉੱਤੇ ਜਿੰਨੇ ਵੀ ਪੈਗੰਬਰ ਹੋਏ ਨੇ ਉਹ, ਜਿਹਨਾਂ ਦਾ ਦੁਨੀਆ ਦੇ ਉੱਤੇ ਨਾਂ ਆ ਉਹ, ਜਿਹਨਾਂ ਨੇ ਕੁਝ ਜਾਣਿਆ ਤੇ ਅੱਗੇ ਦੁਨੀਆ ਨੂੰ ਦੱਸਿਆ। ਕਿਉਂਕਿ ਦੁਨੀਆ 'ਤੇ ਕਹਿੰਦੇ ਨੇ ਬਹੁਤ ਸਾਰੇ ਲੋਕ ਇੱਦਾਂ ਵੀ ਹੋਏ ਜਿਹੜੇ ਜਾਣ ਤਾਂ ਗਏ ਪਰ ਅੱਗੇ ਦੱਸ ਹੀ ਨਹੀਂ ਪਾਏ। ਪਰ ਗੌਤਮ ਉਹਨਾਂ ਦੇ ਵਿੱਚੋਂ ਇੱਕ ਜਿਹਨੇ ਜਾਣਿਆ ਵੀ ਤੇ ਅੱਗੇ ਵੀ ਦੱਸਿਆ।
ਅੱਜ ਦੇ ਸਮੇਂ ਦੇ ਵਿੱਚ ਵੀ ਵੇਖੀਏ ਤਾਂ ਸਾਨੂੰ ਇਸ ਸਿਧਾਂਤ ਦੀ ਕਾਫ਼ੀ ਲੋੜ ਲੱਗਦੀ ਆ। ਇਹ ਨਹੀਂ ਕਿ ਆਪਾਂ ਸਿਰਫ਼ ਖਾਣ-ਪੀਣ ਤੱਕ ਹੀ ਇਹਨੂੰ ਸੀਮਿਤ ਰੱਖੀਏ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਇਹ ਸਿਧਾਂਤ ਸ਼ਾਇਦ ਲਾਗੂ ਕਰਨ ਦੀ ਮਾਹਰਾਂ ਦੇ ਕੋਲੋਂ ਰਾਏ ਸੁਣਦੇ ਵੀ ਆਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ, ਜਿੱਦਾਂ ਆਪਾਂ ਆਪਣੇ ਕੰਮ-ਕਾਰ ਨੂੰ ਵੰਡਦੇ ਆਂ, ਜਿੱਦਾਂ ਆਪਾਂ ਵਰਕ-ਲਾਈਫ ਬੈਲੇਂਸ ਦੀ ਗੱਲ ਕਰਦੇ ਆਂ, ਤੇ ਉਹ ਵੀ ਸ਼ਾਇਦ ਇਸੇ, ਇਸੇ ਸਿਧਾਂਤ ਦੇ ਨੇੜੇ-ਤੇੜੇ ਆਣ ਡਿੱਗਦਾ।
ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਇਹ ਨਹੀਂ ਕਿ ਕੰਮ ਹੀ ਕਰੀ ਜਾਈਏ ਤੇ ਆਪਣੇ ਆਪ ਨੂੰ ਆਪਾਂ ਥਕਾ ਲਈਏ। ਪੈਸੇ ਭਾਵੇਂ ਜਿੰਨੇ ਮਰਜ਼ੀ ਕਮਾ ਲਈਏ, ਪਰ ਉਸ ਤੋਂ ਬਾਅਦ ਜੋ ਸਾਡੀ ਸਿਹਤ ਖ਼ਰਾਬ ਹੋਣੀ ਆ, ਜੋ ਸਾਡੀ ਮਾਨਸਿਕ ਸਿਹਤ ਦਾ ਖ਼ਰਾਬਾ ਹੋਣਾ, ਉਹ ਆਪਾਂ ਆਸ-ਪਾਸ ਵੇਖਦੇ ਹੀ ਆਂ। ਤੇ ਦੂਸਰੇ ਪਾਸੇ ਉਹਨਾਂ ਲੋਕਾਂ ਵੱਲ ਵੀ ਵੇਖ ਲਈਏ ਜਿਹੜੇ ਬਿਲਕੁਲ ਹੀ ਮਿਹਨਤ ਨਹੀਂ ਕਰਦੇ, ਜਿਹੜੇ ਚੁੱਪ ਕਰਕੇ ਘਰੇ ਬੈਠੇ ਰਹਿੰਦੇ, ਜਿਹਨਾਂ ਨੂੰ ਆਪਾਂ ਆਲਸੀ ਕਹਿੰਦੇ ਆਂ, ਜਿਹੜੇ ਸਮਾਂ ਲੰਘਣ ਦੇ ਉੱਤੇ ਪਛਤਾਉਂਦੇ ਆ। ਸੋ, ਵੇਖਿਆ ਜਾਵੇ ਤਾਂ ਇਹ ਦੋਵੇਂ ਹੀ ਸੂਰਤਾਂ ਦੇ ਵਿੱਚ ਬੰਦਾ ਨੁਕਸਾਨ ਖਾਂਦਾ।
ਚਾਹੀਦਾ ਤਾਂ ਇਹ ਆ ਕਿ ਤੁਸੀਂ ਸਿਹਤਮੰਦ ਜ਼ਿੰਦਗੀ ਬਤੀਤ ਕਰੋ। ਚਾਹੀਦਾ ਤਾਂ ਇਹ ਆ ਕਿ ਤੁਸੀਂ ਉਨਾ ਕੁ ਕੰਮ ਕਰੋ ਜਿਹਦੇ ਵਿੱਚ ਤੁਹਾਨੂੰ ਪਰਿਵਾਰ ਲਈ ਵੀ ਸਮਾਂ ਮਿਲ ਜਾਏ ਤੇ ਜਿਹਦੇ ਵਿੱਚ ਤੁਸੀਂ ਰੈਸਟ ਵੀ ਕਰ ਸਕੋ, ਅਗਲੇ ਦਿਨ ਦੇ ਲਈ ਫਿਰ ਤਿਆਰੀ ਹੋ ਜਾਵੇ। ਇਸ ਤਰੀਕੇ ਦੇ ਨਾਲ ਬੰਦਾ ਅੱਕਦਾ ਨਹੀਂ, ਇਸ ਤਰੀਕੇ ਨਾਲ ਥੱਕਦਾ ਨਹੀਂ, ਇਸ ਤਰੀਕੇ ਦੇ ਨਾਲ ਉਹਨੂੰ ਇਹ ਵੀ ਸਮਾਂ ਮਿਲ ਜਾਂਦਾ ਕਿ ਕੀਤੀ ਉਹਦੀ ਕਮਾਈ ਦਾ ਉਹ ਕੁਝ ਨਾ ਕੁਝ ਸੋਚ-ਵਿਚਾਰ ਕਰ ਲਵੇ, ਉਹਨੂੰ ਸਾਂਭ ਲਵੇ।
ਜਾਂ ਫਿਰ ਆਪਾਂ ਸੋਸ਼ਲ ਮੀਡੀਆ ਵੱਲ ਨੂੰ ਆ ਜਾਈਏ। ਇਹ ਜਿਹੜੀ ਭਰ-ਭਰ ਕੇ ਸਾਨੂੰ ਰੀਲਾਂ ਮਿਲਦੀਆਂ ਨੇ, ਸ਼ਾਰਟਸ ਮਿਲਦੇ ਨੇ, ਆਪਾਂ ਵੇਖਦੇ ਹਾਂ ਕਿ ਜੇਕਰ ਆਪਾਂ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਚਲੇ ਜਾਂਦੇ ਆਂ ਤੇ ਮਾਨਸਿਕ ਸ਼ਾਂਤੀ ਸਾਡੀ ਖ਼ਤਮ ਹੋ ਜਾਂਦੀ ਹੈ, ਧਿਆਨ ਸਾਡਾ ਭਟਕਦਾ ਰਹਿੰਦਾ। ਆਪ ਵੀ ਆਪਾਂ ਇਸੇ ਸਫ਼ਰ ਦੇ ਉੱਤੇ ਆਂ ਤੇ ਪਰਿਵਾਰ ਦੇ ਬਾਕੀ ਜੀਆਂ ਦੇ ਵਿੱਚ ਵੀ ਆਪਾਂ ਇਹ ਚੀਜ਼ ਵੇਖਦੇ ਹਾਂ। ਪਰ ਦੂਸਰੇ ਪਾਸੇ ਹੁਣ ਮੱਧ ਮਾਰਗ ਕਹਿੰਦਾ ਕੀ ਕਿ ਜੇਕਰ ਆਪਾਂ ਬਿਲਕੁਲ ਹੀ ਆਪਣੇ ਆਪ ਨੂੰ ਟੈਕਨੋਲੋਜੀ ਤੋਂ ਕੱਟ ਕੇ ਇਹ ਸਾਰਾ ਕੁਝ ਬੰਦ ਕਰਕੇ ਹੀ ਆਪਾਂ ਰੱਖ ਦਈਏ, ਤਾਂ ਸ਼ਾਇਦ ਅਜੋਕੇ ਦੌਰ ਦੇ ਵਿੱਚ ਸਾਡਾ ਸਮੇਂ ਦੇ ਹਾਣੀ ਹੋਣਾ ਬੜਾ ਮੁਸ਼ਕਿਲ ਹੋ ਜਾਵੇ।
ਸੋ, ਮੱਧ ਮਾਰਗ ਫਿਰ ਕੀ ਹੋਇਆ ਕਿ ਆਪਾਂ ਆਪਣਾ ਸਮਾਂ ਤੈਅ ਕਰ ਲਈਏ। ਆਪਣੇ ਆਪ ਦੇ ਉੱਤੇ ਸੰਜਮ ਰੱਖੀਏ, ਕੰਟਰੋਲ ਰੱਖੀਏ ਕਿ ਦਿਹਾੜੀ ਦੇ ਵਿੱਚ ਆਪਾਂ ਬੱਸ ਇੰਨਾ ਕੁ ਵੇਖਣਾ ਜਿੰਨਾ ਕੁ ਜ਼ਰੂਰੀ ਆ। ਜਿੰਨਾ ਸਾਨੂੰ ਦੇਸ਼-ਦੁਨੀਆ ਦਾ ਪਤਾ ਲੱਗ ਜਾਏ ਕੀ ਹੋ ਰਿਹਾ, ਕੀ ਵਾਪਰ ਰਿਹਾ। ਜਿਹਦੇ ਨਾਲ ਅਸੀਂ ਦੁਨੀਆ ਨੂੰ ਦੱਸ ਦਈਏ ਕਿ ਸਾਡੇ ਨਾਲ ਕੀ ਚੱਲ ਰਿਹਾ। ਜਿਹਦੇ ਨਾਲ ਆਪਾਂ ਆਪਣਾ ਸੁੱਖ-ਚੈਨ, ਆਰਾਮ ਆਪਾਂ ਬਰਕਰਾਰ ਰੱਖ ਸਕੀਏ।
ਜਾਂ ਫਿਰ ਆਪਾਂ ਖਾਣ-ਪੀਣ ਵੱਲ ਜੇ ਆ ਜਾਈਏ, ਤੇ ਉਹ ਫਿਰ ਸਾਡੀ ਡਾਈਟ ਆ, ਸਾਡੀ ਫਿਟਨੈਸ ਆ। ਕਈ ਆਪਾਂ ਵੇਖਦੇ ਹਾਂ ਕਿ ਉਹ ਅਜਾਈਂ ਸਾਰਾ ਦਿਨ ਭੱਜ-ਭੱਜ ਕੇ, ਸਾਰਾ ਦਿਨ ਜਿਮ ਕਰ-ਕਰ ਕੇ ਆਪਣੀਆਂ ਹੱਡੀਆਂ ਹੀ ਖੋਰ ਲੈਂਦੇ ਆ। ਹੱਡੀਆਂ ਖੋਰਨ ਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਆਪ ਨੂੰ, ਆਪਣੇ ਆਪ ਨੂੰ ਕੋਈ ਬਿਮਾਰੀ ਲਾ ਲੈਂਦੇ ਆ। ਖ਼ੈਰ, ਉਹ ਵੀ ਇੱਕ ਸਟੇਜ ਹੈ। ਪਰ ਬਹੁਤ ਵਾਰੀ ਆਪਾਂ ਵੇਖਦੇ ਹਾਂ ਸਾਡੇ ਆਸ-ਪਾਸ ਕਈ ਲੋਕ ਜਿਹੜੇ ਕਸਰਤ ਕਰਦੇ ਆ, ਵਰਜਿਸ਼ ਕਰਦੇ ਆ, ਜਿਮ ਜਾਂਦੇ ਆ, ਉਹ ਫਿਰ ਬਾਕੀ ਸਾਰੀ ਦੁਨੀਆ ਨੂੰ ਕੀੜੇ-ਮਕੌੜੇ ਸਮਝਣ ਲੱਗ ਪੈਂਦੇ ਆ। ਉਹਨਾਂ ਦੇ ਉੱਤੇ ਕਸਰਤ ਇੰਨੀ ਕੁ ਜ਼ਿਆਦਾ ਹਾਵੀ ਹੋ ਜਾਂਦੀ ਆ, ਉਹ ਰਾਤ-ਦਿਨ ਬਸ ਇੱਕੋ ਚੀਜ਼ ਵੱਲ ਹੀ ਬਸ ਧਿਆਨ ਰਹਿ ਜਾਂਦਾ। ਉਸ ਚੱਕਰ ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਤੇ ਹੋਰ ਦੁਨੀਆ ਦੇ ਉੱਤੇ ਜਿੰਨੀਆਂ ਵੀ ਸ਼ੈਆਂ ਨੇ, ਉਹ ਸਾਰੀਆਂ ਵਿਅਰਥ ਨੇ। ਖ਼ੈਰ, ਕਰਦੀਆਂ ਤਾਂ ਇਹ ਤੁਹਾਡਾ ਨੁਕਸਾਨ ਨੇ। ਪਰ ਕਈ ਵਾਰੀ ਆਪਾਂ ਵੇਖਦੇ ਹਾਂ ਉਹ ਬੜੇ ਰੂਡ ਤਰੀਕੇ ਦੇ ਨਾਲ ਬਾਕੀਆਂ ਨੂੰ ਇਹ ਸਾਰਾ ਕੁਝ ਸਾਡੇ ਤੋਂ ਪਰ੍ਹੇ ਲੈ ਕੇ ਜਾਣ ਨੂੰ ਕਹਿੰਦੇ ਨੇ। ਇਸੇ ਚੱਕਰ ਦੇ ਵਿੱਚ ਆਪਾਂ ਵੇਖਦੇ ਹਾਂ ਬੜੇ ਲੋਕ ਆਪਣੇ ਰਿਸ਼ਤੇ ਵੀ ਗਵਾ ਬਹਿੰਦੇ ਨੇ। ਬੜੇ ਲੋਕ ਨੇ ਜਿਹੜੇ ਕਰੈਸ਼ ਡਾਈਟਾਂ ਕਰ-ਕਰ ਕੇ ਆਪਣੇ ਸਰੀਰ ਦਾ ਸੱਤਿਆਨਾਸ ਮਾਰ ਲੈਂਦੇ ਨੇ।
ਮੱਧ ਮਾਰਗ ਫਿਰ ਕੀ ਕਹਿੰਦਾ ਕਿ ਆਪਾਂ ਬੈਲੇਂਸ ਡਾਈਟ ਦੇ ਉੱਤੇ ਆ ਜਾਈਏ, ਘਰ ਦਾ ਸਾਫ਼-ਸੁਥਰਾ ਆਪਾਂ ਖਾ ਲਈਏ। ਪਰ ਕਦੇ-ਕਦਾਈਂ ਜੇਕਰ ਕੁਝ ਨਹੀਂ ਲੱਭਦਾ, ਬਾਹਰ-ਅੰਦਰ ਤੁਸੀਂ ਗਏ ਹੋ, ਆਪਣੇ ਆਪ ਨੂੰ ਭੁੱਖਾ ਰੱਖਣ ਦੀ ਬਜਾਏ, ਖਿਝਣ ਦੀ ਬਜਾਏ, ਦੂਸਰਿਆਂ ਦੇ ਨੁਕਸ ਕੱਢਣ ਦੀ ਬਜਾਏ ਕੋਈ ਮਨਚਾਹੀ ਚੀਜ਼ ਆ ਤਾਂ ਸਾਨੂੰ ਇੱਕ ਸੰਜਮ ਦੇ ਵਿੱਚ ਰਹਿ ਕੇ ਖਾ ਵੀ ਲੈਣੀ ਚਾਹੀਦੀ ਹੈ। ਤੇ ਜੇ ਕੋਈ ਦੂਸਰਾ ਕੋਲ ਆ ਕੇ ਖਾਂਦਾ ਤਾਂ ਉਹਨੂੰ ਸਿਰਫ਼ ਉਨਾ ਕੁ ਵਰਜਣ ਦੀ ਜ਼ਰੂਰਤ ਜਿੰਨਾ ਕੁ ਉਹ ਸਹਿ ਲੈਂਦਾ ਹੋਵੇ। ਅਗਲੇ ਨਾਲ ਐਵੇਂ ਰਿਲੇਸ਼ਨ ਖ਼ਰਾਬ ਕਰਨ ਦੀ ਤਾਂ ਜ਼ਰੂਰਤ ਨਹੀਂ।
ਸਾਰੀ ਦਿਹਾੜੀ ਜਿਮ ਦੇ ਵਿੱਚ ਅਜਾਈਂ ਗਵਾਉਣ ਦੇ ਨਾਲੋਂ ਚੰਗਾ ਉਨੀ ਕੁ ਕਸਰਤ ਕੀਤੀ ਜਾਵੇ ਜਿੰਨੀ ਕੁ ਤੁਹਾਡੇ ਸਰੀਰ ਦੇ ਲਈ ਜ਼ਰੂਰੀ ਆ, ਜਿੰਨਾ ਕੁ ਤੁਹਾਡਾ ਟੀਚਾ ਪੂਰਾ ਹੋ ਜਾਵੇ। ਨਹੀਂ ਤੇ ਫਿਰ ਹੁੰਦਾ ਇਹ ਆ ਕਿ ਆਪਾਂ ਜਦੋਂ ਬਹੁਤ ਜ਼ਿਆਦਾ ਤੇ ਥੋੜ੍ਹੇ ਦਿਨਾਂ ਦੇ ਵਿੱਚ ਕੁਝ ਕਰਨ ਦੀ, ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਅਸੀਂ ਅੱਕ ਜਾਂਦੇ ਹਾਂ, ਫਿਰ ਅਸੀਂ ਥੱਕ ਜਾਂਦੇ ਹਾਂ, ਤੇ ਬਹੁਤ ਸਾਰੇ ਲੋਕ ਆਪਾਂ ਵੇਖੇ ਹੋਣਗੇ ਕਿ ਫਿਰ ਬਿਲਕੁਲ ਹੀ ਹਥਿਆਰ ਸੁੱਟ ਕੇ ਫਿਰ ਦੁਬਾਰਾ ਤੋਂ ਜ਼ਿੰਦਗੀ ਦੀ ਉਸੇ ਰੁਟੀਨ ਦੇ ਵਿੱਚ ਆ ਜਾਂਦੇ ਨੇ ਜਿੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ।
ਸੋ, ਅਜੋਕੇ ਸਮੇਂ ਦੇ ਵਿੱਚ ਵੀ ਆਪਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਉੱਤੇ ਲਾਗੂ ਕਰਕੇ ਵੇਖ ਸਕਦੇ ਹਾਂ। ਗੌਤਮ ਬੁੱਧ ਦੇ ਦਿੱਤੇ ਗਏ ਬਹੁਤ ਸਾਰੇ ਸਿਧਾਂਤਾਂ ਦੇ ਵਿੱਚੋਂ ਇੱਕ ਮੱਧ ਮਾਰਗ... ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਮੰਨ ਰਹੇ ਨੇ ਕਿ ਅਜੋਕੇ ਸਮੇਂ ਦੇ ਵਿੱਚ ਇਹਦੀ ਜ਼ਿਆਦਾ ਜ਼ਰੂਰਤ ਆ ਇਨਸਾਨ ਨੂੰ। ਇਸ ਤੋਂ ਪਹਿਲਾਂ, ਇਸ ਤੋਂ ਪਹਿਲਾਂ ਜੇਕਰ ਆਪਾਂ ਵੇਖੀਏ ਤਾਂ ਟੈਕਨੋਲੋਜੀ ਦੇ ਅਣਹੋਂਦ ਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਹੱਦ ਦੇ ਵਿੱਚ ਮੱਧ ਮਾਰਗ ਅਪਣਾ ਕੇ ਬੈਠੇ ਸੀ। ਉਹਨਾਂ ਨੂੰ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਸੀ। ਪਰ ਅੱਜ-ਕੱਲ੍ਹ ਦੇ ਸਮੇਂ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਬਹੁਤ ਸਾਰੇ ਲੋਕ ਜਿਹਨਾਂ ਨੇ ਇੱਕ ਪਾਸਾ ਕਰ ਲਿਆ। ਇੱਕ ਉਹ ਨੇ ਜਿਹੜੇ ਖਾਣ-ਪੀਣ ਹੀ ਛੱਡ ਕੇ ਬੈਠੇ ਆ, ਜਿਹੜੇ ਕਹਿੰਦੇ ਆ ਕਿ ਆਹ ਫ਼ਲਾਨੀ ਚੀਜ਼ ਘੋਲ਼ ਕੇ ਪੀ ਲਾਂਗੇ ਤੇ ਗੁਜ਼ਾਰਾ ਹੋ ਜਾਊਗਾ, ਆਹ ਟੀਕਾ ਲਾ ਲਾਂਗੇ ਤੇ ਗੁਜ਼ਾਰਾ ਹੋ ਜਾਊਗਾ। ਤੇ ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਨੇ, "ਕੀ ਲੈਣਾ? ਜ਼ਿੰਦਗੀ ਦਾ ਲੁਤਫ਼ ਲੈਣਾ ਚਾਹੀਦਾ।" ਪਾਸੇ ਤਾਂ ਦੋਵੇਂ ਹੀ ਮਾੜੇ ਨੇ।
ਬਹੁਤ ਲੋਕ ਤੁਹਾਨੂੰ ਇੱਦਾਂ ਦੇ ਵੀ ਮਿਲ ਜਾਣਗੇ ਅੱਜ-ਕੱਲ੍ਹ ਜਿਹੜੇ ਖੁੱਲ੍ਹਾ ਪੈਸਾ ਉਡਾਉਂਦੇ ਨੇ, ਜਿਹੜੇ ਕਰਜ਼ੇ 'ਤੇ ਕਰਜ਼ਾ ਚੁੱਕੀ ਜਾਂਦੇ ਨੇ, ਗੱਡੀ ਵੱਡੀ ਤੋਂ ਵੱਡੀ ਲੈਂਦੇ ਨੇ, ਕ੍ਰੈਡਿਟ ਕਾਰਡਾਂ ਦਾ ਢੇਰ ਲੱਗਾ ਪਿਆ ਹੁੰਦਾ, ਲੋਨ ਮੁੱਕਣ 'ਤੇ ਨਹੀਂ ਆਉਂਦੇ। ਤੇ ਦੂਸਰੇ ਪਾਸੇ ਉਹ ਨੇ ਜਿਹੜੇ ਪੈਸਾ ਜੋੜਨ ਦੇ ਚੱਕਰ ਦੇ ਵਿੱਚ ਕੰਜੂਸ ਹੀ ਬਣ ਜਾਂਦੇ ਨੇ। ਜਿਹੜੇ ਪਰਿਵਾਰ ਦੀਆਂ ਬੁਨਿਆਦੀ ਖ਼ੁਸ਼ੀਆਂ ਵੀ ਨਹੀਂ ਉਹਨਾਂ ਨੂੰ ਖ਼ਰੀਦ ਕੇ ਦੇ ਪਾਉਂਦੇ। ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਆਪਣੇ ਬੱਚਿਆਂ ਦੇ ਕੋਲੋਂ ਵੀ ਖੋਹ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਪੈਸਾ ਵੱਧ ਤੋਂ ਵੱਧ ਜੋੜਨਾ ਚਾਹੀਦਾ ਤੇ ਔਖੇ ਵੇਲੇ ਪੈਸਾ ਸਾਡੇ ਕੰਮ ਆਊਗਾ। ਪਰ ਉਹ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਕੰਜੂਸ ਬਣਾ ਲੈਂਦੇ ਨੇ ਕਿ ਉਹ ਪੈਸਾ ਫਿਰ ਕਮਾਉਂਦੇ ਤਾਂ ਜ਼ਰੂਰ ਨੇ, ਪਰ ਖ਼ਰਚਣ ਵਾਲੇ ਉਹਨਾਂ 'ਚ ਕਿਟਾਣੂ ਮਰ ਜਾਂਦੇ ਨੇ।
ਸੋ, ਇੱਥੇ ਨਾ ਤਾਂ ਫਿਰ ਕੰਜੂਸੀ ਚੰਗੀ ਤੇ ਨਾ ਐਵੇਂ ਅੰਨ੍ਹੇਵਾਹ ਚੁੱਕੇ ਲੋਨ ਚੰਗੇ। ਕੋਸ਼ਿਸ਼ ਇਹ ਹੋਵੇ ਕਿ ਸਾਡੇ ਕੋਲ ਡਿਸਿਪਲਿਨ ਹੋਵੇ। ਸਾਨੂੰ ਪਤਾ ਹੋਵੇ ਕਿੱਥੇ ਖ਼ਰਚਣੇ ਆਂ, ਕਿੱਥੇ ਬਚਾਉਣੇ ਆਂ। ਸੇਵਿੰਗ ਵੀ ਜ਼ਰੂਰੀ ਸਾਨੂੰ ਪਤਾ ਹੋਵੇ, ਇਨਵੈਸਟਮੈਂਟ ਵੀ ਜ਼ਰੂਰੀ ਸਾਨੂੰ ਪਤਾ ਹੋਵੇ। ਹਰ ਇੱਕ ਚੀਜ਼ ਇੱਕ ਸੰਤੁਲਨ ਦੇ ਵਿੱਚ ਰਹੇ, ਇੱਕ ਬੈਲੇਂਸ ਦੇ ਵਿੱਚ ਰਹੇ। ਕਿਸੇ ਵੀ ਚੀਜ਼ ਦੇ ਜਦੋਂ ਆਪਾਂ ਆਦੀ ਹੋ ਜਾਂਦੇ ਆਂ ਉਦੋਂ ਆਪਾਂ ਨੁਕਸਾਨ ਖਾਨੇ ਆਂ। ਕੋਈ ਵੀ ਚੀਜ਼ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਸੰਜਮ ਦੇ ਨਾਲ ਵਰਤਦੇ ਆਂ, ਹੋਸ਼ ਦੇ ਨਾਲ ਵਰਤਦੇ ਆਂ ਤਾਂ ਫਿਰ ਉਹ ਸਾਨੂੰ ਖ਼ੁਸ਼ੀ ਦਿੰਦੀ ਹੈ, ਫਿਰ ਉਹ ਸਾਨੂੰ ਸ਼ਾਂਤੀ ਦਿੰਦੀ ਹੈ।
ਤੇ ਸ਼ਾਇਦ ਇਹੋ ਹੀ ਆਪਾਂ ਚਾਹੁੰਦੇ ਆਂ। ਇਹੋ ਹੀ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚੋਂ ਅੱਜ ਦੇ ਸਮੇਂ ਦੇ ਵਿੱਚ ਮਿਸਿੰਗ ਆ। ਸੋ, ਦੁਨੀਆ 'ਤੇ ਹੋਏ ਉਹ ਵੱਡੇ ਲੋਕ, ਉਹ ਮਹਾਨ ਲੋਕ ਜਿਹਨਾਂ ਨੇ ਘਾਲਣਾ ਘਾਲੀ, ਜਿਹਨਾਂ ਨੇ ਕੁਝ ਜਾਣਿਆ ਕੀਤਾ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ। ਤੇ ਉੱਥੋਂ, ਉੱਥੋਂ ਕੋਈ ਜ਼ਰੂਰੀ ਨਹੀਂ ਆ ਕਿ ਤੁਸੀਂ ਸੰਨਿਆਸੀ ਬਣਨਾ, ਪਰ ਜ਼ਿੰਦਗੀ ਦੇ, ਜ਼ਿੰਦਗੀ ਦੇ ਵਿੱਚ ਵਿਚਰਦਿਆਂ ਉਹਨਾਂ ਦੀਆਂ ਸਿੱਖਿਆਵਾਂ ਹਰ ਥਾਂ ਦੇ ਉੱਤੇ ਆਪਾਂ ਵਰਤ ਸਕਦੇ ਹੁੰਨੇ ਆਂ।
Frequently Asked Questions
ਗੌਤਮ ਬੁੱਧ ਦਾ 'ਮੱਧ ਮਾਰਗ' (Middle Path) ਕੀ ਹੈ?
ਸੁਜਾਤਾ ਦੀ ਖੀਰ ਵਾਲੀ ਘਟਨਾ ਬੁੱਧ ਦੇ ਜੀਵਨ ਵਿੱਚ ਕਿਉਂ ਮਹੱਤਵਪੂਰਨ ਮੰਨੀ ਜਾਂਦੀ ਹੈ?
ਅੱਜ ਦੇ ਦੌਰ ਵਿੱਚ ਮੱਧ ਮਾਰਗ ਦੀ ਕੀ ਲੋੜ ਹੈ?
What's Your Reaction?
