ਇਲਿਆਸ: ਲਿਓ ਟਾਲਸਟਾਏ ਦੀ ਇੱਕ ਅਨਮੋਲ ਕਹਾਣੀ

ਲਿਓ ਟਾਲਸਟਾਏ (Leo Tolstoy), ਪੰਜਾਬੀ ਕਹਾਣੀਆਂ (Punjabi Stories), ਇਲਿਆਸ (Ilyas), ਮਾਨਸਿਕ ਸ਼ਾਂਤੀ (Mental Peace).

May 10, 2026 - 02:49
 0  0

Share -

ਇਲਿਆਸ: ਲਿਓ ਟਾਲਸਟਾਏ ਦੀ ਇੱਕ ਅਨਮੋਲ ਕਹਾਣੀ

ਇਲਿਆਸ ਇੱਕ ਬੜਾ ਅਮੀਰ ਵਿਅਕਤੀ ਸੀ। ਵੈਸੇ ਉਹ ਪਹਿਲਾਂ ਇੰਨਾ ਅਮੀਰ ਨਹੀਂ ਸੀ। ਉਹਦੇ ਪਿਓ ਨੇ ਉਹਨੂੰ ਕੁਝ ਕੁ ਭੇਡਾਂ, ਕੁਝ ਗਾਵਾਂ, ਕੁਝ ਘੋੜੀਆਂ ਜ਼ਰੂਰ ਦਿੱਤੀਆਂ ਸੀ ਰਿਆਸਤ ਦੇ ਵਿੱਚ, ਪਰ ਉਸ ਤੋਂ ਬਾਅਦ ਉਹਨੇ ਇੰਨੀ ਕੁ ਜ਼ਿਆਦਾ ਮਿਹਨਤ ਕੀਤੀ ਕਿ ਉਹਨਾਂ ਥੋੜ੍ਹੇ ਜਿਹੇ ਮਾਲ-ਡੰਗਰਾਂ ਨੂੰ ਉਹਨੇ ਹਜ਼ਾਰਾਂ ਦੇ ਵਿੱਚ ਤਬਦੀਲ ਕਰ ਲਿਆ, ਸੈਂਕੜਿਆਂ ਦੇ ਵਿੱਚ ਤਬਦੀਲ ਕਰ ਲਿਆ। ਆਸ-ਪਾਸ ਉਹਦੀਆਂ ਧੁੰਮਾਂ ਪੈ ਗਈਆਂ, ਸੋਹਣਾ ਪੈਸਾ ਕਮਾਉਣ ਲੱਗ ਪਿਆ। ਪੈਸਾ ਕਮਾਇਆ ਤੇ ਰੁਤਬਾ ਵੀ ਵੱਧ ਗਿਆ, ਦੂਰ-ਦੁਰਾਡੇ ਤੱਕ ਉਹਦੀਆਂ ਉਦਾਹਰਨਾਂ ਦਿੱਤੀਆਂ ਜਾਣ ਲੱਗੀਆਂ।

ਬੜੇ ਫ਼ਖਰ ਦੇ ਨਾਲ ਉਹ ਦੱਸਦਾ ਕਿ 'ਮੇਰੇ ਪੁੱਤ ਮੇਰੇ ਕੰਮ ਦੇ ਵਿੱਚ ਮੇਰਾ ਹੱਥ ਵੰਡਾਉਂਦੇ ਨੇ'। ਪਰ ਜਿੱਦਾਂ-ਜਿੱਦਾਂ ਪੈਸਾ ਵੱਧਦਾ ਗਿਆ, ਪੁੱਤਾਂ ਨੇ ਕੰਮ ਘਟਾਉਣਾ ਸ਼ੁਰੂ ਕਰ ਦਿੱਤਾ। ਹੁਣ ਨੌਕਰ ਕੰਮ-ਕਾਰ ਕਰਦੇ ਨੇ, ਇਲਿਆਸ ਨੂੰ ਵੀ ਚੰਗਾ ਲੱਗਦਾ। ਉਹਦੇ ਪੁੱਤ ਹੁਣ ਬਹਿ ਕੇ ਖਾਣ, ਹੌਲੀ-ਹੌਲੀ ਉਹਨਾਂ ਨੂੰ ਵਿਹਲੇ ਬਹਿਣ ਦੀ ਆਦਤ ਪੈ ਗਈ। ਵੱਡਾ ਮੁੰਡਾ ਨਸ਼ੇ ਕਰਨ ਲੱਗ ਪਿਆ। ਛੋਟੇ ਮੁੰਡੇ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਤੇ ਇਹੋ ਜਿਹੀ ਵਹੁਟੀ ਲੈ ਕੇ ਆਇਆ, ਉਹਨੇ ਘਰ ਦੇ ਵਿੱਚ ਇੱਕ ਦਿਨ ਵੀ ਕਿਸੇ ਨੂੰ ਚੈਨ ਨਾਲ ਨਹੀਂ ਬਹਿਣ ਦਿੱਤਾ। ਥੋੜ੍ਹੇ ਸਮੇਂ ਬਾਅਦ ਉਹਨੇ ਅੱਡ ਹੋਣ ਦੀ ਜ਼ਿੱਦ ਕੀਤੀ ਤੇ ਇਲਿਆਸ ਦੀ ਅੱਧੀ ਜਾਇਦਾਦ ਲੈ ਕੇ ਉਹ ਵੱਖਰਾ ਹੋ ਕੇ ਬਹਿ ਗਿਆ।

ਕਹਿੰਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਤਾਂ ਪਤਾ ਨਹੀਂ ਲੱਗਦਾ ਕਿੱਥੋਂ-ਕਿੱਥੋਂ, ਕਿਹੜੀ-ਕਿਹੜੀ ਮੁਸੀਬਤ ਕਿਹੜੇ ਰਾਹ ਲੱਭ ਕੇ ਆ ਜਾਂਦੀ ਹੈ। ਉਸ ਸਾਲ ਬਿਮਾਰੀ ਫੈਲੀ ਤੇ ਉਹਦੀਆਂ ਸਾਰੀਆਂ ਭੇਡਾਂ ਮਰ ਗਈਆਂ। ਹਾਲੇ ਉਸ ਮੁਸੀਬਤ ਤੋਂ ਉੱਭਰ ਹੀ ਰਿਹਾ ਸੀ ਕਿ ਉਹਦੇ ਸਭ ਤੋਂ ਮਹਿੰਗੇ ਘੋੜੇ ਰਾਤ ਕਿਸੇ ਨੇ ਸੰਨ੍ਹ ਲਾ ਕੇ ਚੋਰੀ ਕਰ ਲਏ। ਉਹਨੇ ਬੜੀ ਕੋਸ਼ਿਸ਼ ਕੀਤੀ, ਪਰ ਇਹ ਸਭ ਕੁਝ ਵਾਪਸ ਉਹਨੂੰ ਨਹੀਂ ਮਿਲ ਪਾਇਆ। ਹੌਲੀ-ਹੌਲੀ ਕਰਜ਼ੇ ਥੱਲੇ ਡੁੱਬ ਗਿਆ। ਕਰਦੇ-ਕਰਦੇ ਦਿਨ ਇੰਨੇ ਮਾੜੇ ਆ ਗਏ ਕਿ ਉਹਨੂੰ ਆਪਣਾ ਸਾਰਾ ਕੁਝ ਵੇਚਣਾ ਪਿਆ। ਹੁਣ ਘਰ ਦੇ ਵਿੱਚ ਬਸ ਸੀ ਇਲਿਆਸ ਤੇ ਉਹਦੀ ਵਹੁਟੀ— ਬਜ਼ੁਰਗ ਅਵਸਥਾ।

ਬੜਾ ਚਿਰ ਤਾਂ ਉਹ ਇਸ ਗ਼ਮ ਦੇ ਵਿੱਚੋਂ, ਇਸ ਸਦਮੇ ਦੇ ਵਿੱਚੋਂ ਉੱਭਰ ਹੀ ਨਹੀਂ ਪਾਏ ਤੇ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਇੱਕ ਬੜੇ ਨੇਕ ਗੁਆਂਢੀ ਦੇ ਘਰ ਨੌਕਰੀ ਕਰ ਲੈਣਗੇ। ਵੈਸੇ ਇਹ ਕੋਈ ਸੌਖਾ ਫੈਸਲਾ ਨਹੀਂ ਸੀ, ਜਿਹੜੇ ਗੁਆਂਢ ਦੇ ਵਿੱਚ ਤੁਸੀਂ ਸਰਦਾਰੀ ਹੰਢਾਈ ਹੋਵੇ, ਤੁਸੀਂ ਮਾਲਕ ਹੋਵੋ ਤੇ ਅਗਲੇ ਪਲ ਤੁਸੀਂ ਜਾ ਕੇ ਕਿਸੇ ਦੇ ਨੌਕਰ ਬਣਨਾ ਹੋਵੇ— ਬੜਾ ਔਖਾ। ਪਰ ਇਲਿਆਸ ਨੇ ਆਪਣੀ ਵਹੁਟੀ ਸਮੇਤ ਇਹ ਫੈਸਲਾ ਕੀਤਾ ਕਿ ਹੁਣ ਉਹ ਕਿਸੇ ਦੇ ਕੰਮ ਕਰਕੇ ਗੁਜ਼ਾਰਾ ਕਰ ਲੈਣਗੇ। ਤੇ ਹੁਣ ਉਹ ਆਪਣੇ ਗੁਆਂਢੀ ਦੇ ਕੰਮ ਕਰਦੇ। ਗੁਆਂਢੀ ਨੂੰ ਵੀ ਕਾਫੀ ਫਾਇਦਾ ਹੋਇਆ, ਕਿਉਂਕਿ ਉਹਨਾਂ ਨੂੰ ਪਤਾ ਸੀ ਮਾਲ-ਡੰਗਰ ਦੀ ਕਿੱਦਾਂ ਰਾਖੀ ਕਰਨੀ ਹੈ, ਕਿੱਦਾਂ ਦੇਖ-ਰੇਖ ਕਰਨੀ ਹੈ। ਗੁਆਂਢੀ ਦਾ ਜਿੱਦਾਂ ਸਾਹ ਸੌਖਾ ਹੋ ਗਿਆ ਹੋਵੇ, ਉਹ ਹਮੇਸ਼ਾ ਆਪਣਾ ਕੰਮ ਸਮਝ ਕੇ ਕੰਮ ਕਰਦੇ ਤੇ ਰਾਤ-ਦਿਨ ਕੰਮ ਦੇ ਵਿੱਚ ਲੱਗੇ ਰਹਿੰਦੇ, ਰੱਬ ਦਾ ਨਾਂ ਲੈਂਦੇ।

ਅੱਜ ਉਹਨਾਂ ਦੇ ਘਰ ਪ੍ਰਾਹੁਣੇ ਆਏ ਨੇ। ਉਹ ਪ੍ਰਾਹੁਣੇ ਬੈਠੇ ਰੋਟੀ ਖਾ ਰਹੇ ਨੇ, ਉਹ ਰੋਟੀ ਜਿਹੜੀ ਇਲਿਆਸ ਦੀ ਵਹੁਟੀ ਨੇ ਬਣਾਈ ਸੀ। ਇੰਨੇ ਨੂੰ ਇਲਿਆਸ ਬੂਹੇ ਦੇ ਅੱਗੋਂ ਲੰਘਿਆ ਤਾਂ ਮਾਲਕ ਨੇ ਆਪਣੇ ਮਹਿਮਾਨਾਂ ਨੂੰ ਦੱਸਿਆ 'ਇਹ ਜਿਹੜਾ ਬਜ਼ੁਰਗ ਹੁਣੇ ਲੰਘਿਆ ਨਾ, ਇਹਦਾ ਨਾਂ ਇਲਿਆਸ ਹੈ। ਇਸ ਇਲਾਕੇ ਦਾ ਬੜਾ ਵੱਡਾ ਕਾਰੋਬਾਰੀ ਰਿਹਾ ਹੈ'।

ਮਹਿਮਾਨਾਂ ਦੀ ਜਗਿਆਸਾ ਜਾਗੀ, ਉਹਨਾਂ ਨੇ ਇਲਿਆਸ ਨੂੰ ਮਿਲਣ ਦੀ ਇੱਛਾ ਜਤਾਈ। ਇਲਿਆਸ ਸਾਹਮਣੇ ਬੈਠ ਗਿਆ ਤੇ ਵਹੁਟੀ ਪਰਦੇ ਦੇ ਪਿੱਛੇ ਜਾ ਕੇ ਘਰ ਦੀ ਸੁਆਣੀ ਦੇ ਨਾਲ ਬੈਠ ਗਈ। ਇੱਕ ਮਹਿਮਾਨ ਨੇ ਪੁੱਛਿਆ— 'ਤੁਸੀਂ ਇੱਕ ਸਮੇਂ ਮਾਲਕ ਰਹੇ ਹੋ ਤੇ ਅੱਜ ਨੌਕਰ ਬਣ ਕੇ ਦਿਨ ਬਤੀਤ ਕਰ ਰਹੇ ਹੋ, ਅੰਦਰੋਂ ਮਹਿਸੂਸ ਤਾਂ ਹੁੰਦਾ ਹੋਣਾ?' ਇਲਿਆਸ ਨੇ ਮੁਸਕਰਾ ਕੇ ਕਿਹਾ— 'ਮੈਂ ਚਾਹਵਾਂਗਾ ਕਿ ਮੇਰੀ ਧਰਮ ਪਤਨੀ ਇਹਦਾ ਜਵਾਬ ਦੇਵੇ, ਉਹ ਤੁਹਾਨੂੰ ਮੇਰੇ ਨਾਲੋਂ ਬਿਹਤਰ ਜਵਾਬ ਦੇਵੇਗੀ'।

ਪਰਦੇ ਦੇ ਪਿੱਛੋਂ ਆਵਾਜ਼ ਆਈ— 'ਸ਼੍ਰੀਮਾਨ ਜਿੰਨੇ ਸੁਖੀ ਆਪਾਂ ਹੁਣੇ ਹਾਂ, ਇੰਨੇ ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲਾਂ ਕਦੀ ਵੀ ਨਹੀਂ ਸੀ ਹੋਏ। ਜਿੰਨੇ ਹੌਲੇ ਆਪਾਂ ਹੁਣ ਮਹਿਸੂਸ ਕਰਦੇ ਹਾਂ, ਜਿੰਨਾ ਰੱਬ ਦਾ ਸ਼ੁਕਰਾਨਾ ਹੁਣ ਮਹਿਸੂਸ ਕਰਦੇ ਹਾਂ, ਇਹ ਕਦੀ ਪੈਸੇ ਦੇ ਹੁੰਦਿਆਂ ਨਹੀਂ ਸੀ ਕੀਤਾ। ਹੁਣ ਅਸੀਂ ਸਵੇਰੇ ਆਰਾਮ ਨਾਲ ਉੱਠਦੇ ਹਾਂ, ਖੁਦਾ ਦੀ ਬੰਦਗੀ ਕਰਦੇ ਹਾਂ। ਪਹਿਲਾਂ ਤਾਂ ਸਾਰਾ ਦਿਨ ਚਿੰਤਾਵਾਂ 'ਚ ਹੀ ਨਿਕਲ ਜਾਂਦਾ ਸੀ। ਹੁਣ ਆਪਾਂ ਦੋਵੇਂ ਇੱਕ ਦੂਸਰੇ ਵੱਲ ਵੇਖ ਕੇ ਮੁਸਕਰਾਉਂਦੇ ਹਾਂ। ਪਹਿਲਾਂ ਸੌਣ ਲੱਗਿਆਂ ਬੇਚੈਨੀ ਹੁੰਦੀ ਸੀ, ਹੁਣ ਸਕੂਨ ਹੈ।

ਸੱਚ ਜਾਣਿਓ ਇੰਨਾ ਪਿਆਰ ਦੇ ਨਾਲ ਆਪਾਂ ਕਦੀ ਪਹਿਲਾਂ ਇੱਕ ਦੂਸਰੇ ਨਾਲ ਬੋਲੇ ਨਹੀਂ, ਜਿੰਨਾ ਹੁਣ ਬੋਲਦੇ ਹਾਂ। ਪਹਿਲਾਂ ਪੈਸਾ ਸਾਡੇ ਦਰਮਿਆਨ ਇੱਕ ਦੀਵਾਰ ਬਣ ਕੇ ਖੜ੍ਹਾ ਸੀ। ਹੁਣ ਪਤਾ ਲੱਗਾ ਕਿ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਚਾਹੀਦਾ ਹੀ ਨਹੀਂ। ਸਾਨੂੰ ਛੱਤ ਮਿਲੀ ਹੈ, ਇੱਜ਼ਤ ਮਿਲੀ ਹੈ। ਇਸ ਤੋਂ ਇਲਾਵਾ ਜ਼ਿੰਦਗੀ 'ਚ ਕੁਝ ਨਹੀਂ ਚਾਹੀਦਾ'।

ਇਲਿਆਸ ਨੇ ਉਹਦੀਆਂ ਗੱਲਾਂ 'ਚ ਹਾਮੀ ਭਰੀ— 'ਜੋ ਇਹ ਕਹਿ ਰਹੀ ਹੈ, ਉਹ ਬਿਲਕੁਲ ਸੱਚ ਹੈ। ਮੈਂ ਮਹਿਸੂਸ ਕੀਤਾ ਕਿ ਦੌਲਤ ਹਮੇਸ਼ਾ ਇਨਸਾਨੀਅਤ ਤੇ ਰੱਬ ਦੇ ਵਿੱਚ ਆ ਕੇ ਖੜ੍ਹ ਜਾਂਦੀ ਸੀ। ਹੁਣ ਅਸੀਂ ਆਜ਼ਾਦ ਹਾਂ'।

What's Your Reaction?

like

dislike

love

funny

angry

sad

wow