ਜਾਗਦੀਆਂ ਅੱਖਾਂ, ਜਾਗਦਾ ਮਨ - Punjabi Story - Radio Haanji

ਇੱਕ ਰਾਜਕੁਮਾਰ ਅਤੇ ਗੁਰੂ ਦੀ ਪ੍ਰੇਰਨਾਦਾਇਕ ਕਹਾਣੀ, ਜਿੱਥੇ ਤਲਵਾਰ ਚਲਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਹਮਲਿਆਂ ਤੋਂ ਬਚਾਉਣ, ਚੱਤੇ ਪਹਿਰ ਸਤਰਕ ਰਹਿਣ ਅਤੇ ਜੀਵਨ ਵਿੱਚ ਮਨ ਇਕਾਗਰ ਕਰਨ ਦਾ ਅਸਲ ਹੁਨਰ ਸਿਖਾਇਆ ਗਿਆ ਹੈ।

Jun 11, 2026 - 11:11
 0  0

Share -

ਜਾਗਦੀਆਂ ਅੱਖਾਂ, ਜਾਗਦਾ ਮਨ - Punjabi Story - Radio Haanji

ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਨੇ ਆਪਣੇ ਪੁੱਤ ਨੂੰ ਤਲਵਾਰਬਾਜ਼ੀ ਸਿਖਾਉਣੀ ਸੀ। ਪੁਰਾਣੇ ਸਮਿਆਂ ਦੇ ਮੁਤਾਬਿਕ ਉਹਨੂੰ ਆਸ਼ਰਮ ਦੇ ਵਿੱਚ ਭੇਜ ਦਿੱਤਾ ਗਿਆ। ਸਭ ਤੋਂ ਬਿਹਤਰ ਜਿੱਥੇ ਉਹਨੂੰ ਤਲਵਾਰਬਾਜ਼ੀ ਸਿਖਾਈ ਜਾ ਸਕਦੀ ਹੋਵੇ। ਉਹ ਬੰਦੇ ਕੋਲ ਜਿਹੜਾ ਸਭ ਤੋਂ ਬਿਹਤਰ ਮੰਨਿਆ ਜਾਂਦਾ ਸੀ। ਚਾਹੇ ਬਜ਼ੁਰਗ ਸੀ ਪਰ ਕਹਿੰਦੇ ਨੇ ਕਿ ਆਪਣੇ ਸਮੇਂ ਦੇ ਵਿੱਚ ਜਾਂ ਫਿਰ ਹੁਣ ਵੀ ਉਹਦੇ ਤੋਂ ਬਿਹਤਰ ਕੋਈ ਤਲਵਾਰ ਨਹੀਂ ਸੀ ਚਲਾ ਸਕਦਾ।
ਰਾਜੇ ਨੇ ਆਪਣੇ ਪੁੱਤ ਨੂੰ ਉੱਥੇ ਛੱਡ ਦਿੱਤਾ। ਪਹਿਲੇ ਦਿਨ ਜਾ ਕੇ ਗੁਰੂ ਨੂੰ ਮੱਥਾ ਟੇਕਿਆ, ਜਿੱਦਾਂ ਰਾਜੇ ਨੇ ਦੱਸਿਆ ਸੀ। ਉਸੇ ਤਰੀਕੇ ਦੇ ਨਾਲ ਨਤਮਸਤਕ ਹੋ ਕੇ ਕਹਿਣ ਲੱਗਾ ਜੀ ਮੈਂ ਤਲਵਾਰਬਾਜ਼ੀ ਸਿੱਖਣੀ ਐ। ਤੇ ਅੱਗੋਂ ਕੋਈ ਜਵਾਬ ਦੇਣ ਦੀ ਬਜਾਏ ਗੁਰੂ ਕਹਿਣ ਲੱਗਾ, "ਆਪਣਾ ਖਿਆਲ ਰੱਖੀਂ।" ਉਹਨੂੰ ਕੁਝ ਬਹੁਤਾ ਸਮਝ ਨਹੀਂ ਆਇਆ। ਉਹਨੂੰ ਲੱਗਾ ਸ਼ਾਇਦ ਗੁਰੂ ਨੂੰ ਪਤਾ ਨਹੀਂ ਲੱਗਾ ਕਿ ਮੈਂ ਕੌਣ ਐ। ਅਗਲੇ ਦਿਨ ਵਿਸਥਾਰ ਦੇ ਨਾਲ ਦੱਸਿਆ ਜੀ, "ਮੈਂ ਫਲਾਣੇ ਰਾਜੇ ਦਾ ਫਲਾਣਾ ਪੁੱਤ, ਮੈਂ ਇਸ ਤਰੀਕੇ ਦੇ ਨਾਲ ਆਇਆ।" ਤੇ "ਮੈਂ ਤੁਹਾਡੇ ਕੋਲੋਂ ਤਲਵਾਰਬਾਜ਼ੀ ਦੇ ਗੁਰ ਸਿੱਖਣੇ ਐ।" ਤੇ ਗੁਰੂ ਦੇ ਫਿਰ ਉਹੀ ਬੋਲ, "ਆਪਣਾ ਖਿਆਲ ਰੱਖੀਂ, ਸਤਰਕ ਰਹੀਂ।"
ਇਸੇ ਤਰ੍ਹਾਂ ਦੇ ਨਾਲ ਉਹ ਹਰ ਰੋਜ਼ ਜਾਂਦਾ, ਮੱਥਾ ਟੇਕਦਾ ਤੇ ਗੁਰੂ ਕੋਲੋਂ ਮੰਗ ਕਰਦਾ ਕਿ ਮੈਂ ਤਲਵਾਰਬਾਜ਼ੀ ਸਿੱਖਣੀ ਐ। ਤੇ ਗੁਰੂ ਹਰ ਰੋਜ਼ ਇੱਕੋ ਹੀ ਬੋਲ ਕਰਦਾ, "ਭਾਈ ਜੇ ਆਇਆ ਐਂ, ਤੇ ਸਤਰਕ ਰਹੀਂ, ਆਪਣਾ ਖਿਆਲ ਰੱਖੀਂ।" ਇੰਨਾ ਕਹਿ ਕੇ ਹੋਰ ਕੁਝ ਉਹ ਦੱਸੇ ਹੀ ਨਾ। ਦੋ ਚਾਰ ਦਿਨ ਬੀਤ ਗਏ ਤੇ ਹੁਣ ਰਾਜੇ ਦਾ ਪੁੱਤ ਜਿਹੜਾ ਨਾਲ ਤਲਵਾਰਾਂ ਲੈ ਕੇ ਆਇਆ ਸੀ, ਜਿਹੜੀਆਂ ਵਧੀਆ-ਵਧੀਆ ਤਲਵਾਰਾਂ ਉਹਦੇ ਨਾਲ ਭੇਜੀਆਂ ਗਈਆਂ ਸੀ ਕਿ ਇਹਨਾਂ ਦੇ ਨਾਲ ਤੂੰ ਅਭਿਆਸ ਕਰੀਂ, ਇਹਨਾਂ ਦੇ ਨਾਲ ਤੂੰ ਕਰਨ ਨੂੰ ਲੜਨਾ। ਇੱਕ ਦਿਨ ਇੱਕ ਤਲਵਾਰ ਲੈ ਕੇ ਗੁਰੂ ਕੋਲ ਪਹੁੰਚ ਗਿਆ, "ਜੀ ਮੈਂ ਆਹ ਤਲਵਾਰ ਲੈ ਕੇ ਆਇਆ, ਤੁਸੀਂ ਵੇਖ ਕੇ ਦੱਸ ਸਕਦੇ ਹੋ ਕਿ ਇਹ ਵਧੀਆ ਐ? ਕੀ ਇਹ ਬਿਹਤਰ ਐ? ਕੀ ਇਹ ਮੇਰੇ ਲਈ ਠੀਕ ਰਹੂਗੀ?" ਮਨ ਦੇ ਵਿੱਚ ਸੀ ਕਿ ਗੁਰੂ ਬੜਾ ਖੁਸ਼ ਹੋਊਗਾ, "ਮੈਂ ਤੇ ਸਭ ਤੋਂ ਬਿਹਤਰ ਤਲਵਾਰਾਂ ਦੇ ਵਿੱਚੋਂ ਇਹ ਲੈ ਕੇ ਆਇਆ।" ਗੁਰੂ ਨੇ ਚੱਜ ਦੇ ਨਾਲ ਵੇਖੀ ਵੀ ਨਹੀਂ ਤੇ ਫੜ ਕੇ ਲਾਗੇ ਪਏ ਕਚਰੇ ਦੇ ਢੇਰ 'ਚ ਸੁੱਟ ਦਿੱਤੀ ਤੇ ਫਿਰ ਉਹੀ ਗੱਲ, "ਕਾਕਾ ਆਪਣਾ ਖਿਆਲ ਰੱਖੀਂ, ਸਤਰਕ ਰਹੀਂ।"
ਤੇ ਹੁਣ ਜਿੱਦਾਂ ਉਹਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੇਰੇ ਵੱਲ ਇਹ ਧਿਆਨ ਹੀ ਨਹੀਂ ਦਿੰਦਾ। ਮੈਨੂੰ ਇਹ ਸਿਖਾਉਣਾ ਹੀ ਨਹੀਂ ਚਾਹੁੰਦਾ। ਰਾਜੇ ਨੂੰ ਸੁਨੇਹਾ ਭੇਜਿਆ ਪਰ ਰਾਜੇ ਨੇ ਸਿਆਣਪ ਵਰਤਦਿਆਂ ਅੱਗੋਂ ਇਹੋ ਸੁਨੇਹਾ ਵਾਪਸ ਭੇਜਿਆ ਕਿ ਜੋ ਜਿੱਦਾਂ ਉਹ ਕਰਦਾ, ਉਹਨੂੰ ਕਰਨ ਦੋ। ਤੂੰ ਬੱਸ ਉੱਥੇ ਰਹਿਣਾ ਤੇ ਉਸੇ ਕੋਲੋਂ ਹੀ ਸਿੱਖਣਾ।
ਇਸੇ ਦੇ ਦਰਮਿਆਨ ਅਚਾਨਕ ਇੱਕ ਦਿਨ ਰਾਜੇ ਦੇ ਪੁੱਤ ਦੇ ਉੱਤੇ ਹਮਲਾ ਹੋ ਜਾਂਦਾ। ਸਵੇਰੇ-ਸਵੇਰੇ ਦੇ ਸਮੇਂ ਹਾਲੇ, ਹਾਲੇ ਉਹ ਉੱਠਿਆ ਹੀ ਸੀ ਕਿ ਪਿੱਛੋਂ ਕਿਸੇ ਨੇ ਸੋਟੇ ਦੇ ਨਾਲ ਉਹਦੇ ਇੰਨੇ ਕੁ ਜ਼ੋਰ ਦੀ ਵਾਰ ਕੀਤਾ ਕਿ ਮੁੱਢੇ ਦੇ ਉੱਤੇ ਸੱਟ ਲੱਗ ਗਈ। ਅਗਲੇ ਦਿਨ ਆ ਕੇ ਗੁਰੂ ਨੂੰ ਉਹ ਸ਼ਿਕਾਇਤ ਵੀ ਕਰਦਾ, "ਮੇਰੇ ਉੱਤੇ ਪਤਾ ਨਹੀਂ ਆਸ਼ਰਮ ਦੇ ਵਿੱਚੋਂ ਕਿਸ ਨੇ ਹਮਲਾ ਕੀਤਾ।" ਜਿੰਨੇ ਚਿਰ ਨੂੰ ਮੈਂ ਘੁੰਮ ਕੇ ਵੇਖਦਾ, ਕੋਈ ਉੱਥੇ ਨਹੀਂ ਸੀ। ਤੇ ਗੁਰੂ ਨੇ ਫਿਰ ਉਹੀ ਕਿਹਾ, "ਮੈਂ ਤੈਨੂੰ ਹਰ ਰੋਜ਼ ਕਹਿੰਦਾ ਕਿ ਆਪਣਾ ਧਿਆਨ ਰੱਖੀਂ, ਸਤਰਕ ਰਹੀਂ।"
ਤੇ ਹੁਣ ਇਹ ਹਰ ਰੋਜ਼ ਦਾ ਪ੍ਰਚਲਨ ਬਣ ਗਿਆ। ਕਹਿੰਦੇ ਨੇ ਹਰ ਰੋਜ਼ ਰਾਜੇ ਦੇ ਪੁੱਤ ਦੇ ਉੱਤੇ ਹਮਲਾ ਹੁੰਦਾ। ਕਦੀ ਕੋਈ ਸੱਜਿਓਂ ਨਿਕਲ ਆਉਂਦਾ, ਕਦੀ ਕੋਈ ਖੱਬਿਓਂ ਨਿਕਲ ਆਉਂਦਾ। ਕਦੀ ਉਹ ਕਿਸੇ ਕੰਮਕਾਰ ਦੇ ਵਿੱਚ ਮਸਰੂਫ਼ ਹੁੰਦਾ, ਰੋਟੀ ਖਾਂਦਾ, ਪਾਣੀ ਪੀਂਦਾ, ਕੋਈ ਪਤਾ ਨਹੀਂ ਕਿਹੜੇ ਵੇਲੇ, ਕਦੋਂ, ਕੋਈ ਕਿੱਧਰੋਂ ਸੋਟਾ ਕੱਢ ਮਾਰਦਾ। ਕਈ ਵਾਰੀ ਤਾਂ ਉਹਨੂੰ ਇਹ ਵੀ ਮਹਿਸੂਸ ਹੁੰਦਾ ਕਿ ਅੱਜ ਕਿਸੇ ਨੇ ਕਿਰਪਾਨ ਦੇ ਨਾਲ ਹਮਲਾ ਕੀਤਾ। ਹਰ ਰੋਜ਼ ਆ ਕੇ ਉਹ ਗੁਰੂ ਕੋਲ ਸ਼ਿਕਾਇਤ ਕਰਦਾ, ਆਪਣੇ ਪਿਓ ਤੱਕ ਸੁਨੇਹਾ ਭੇਜਦਾ ਪਰ ਕੁਝ ਖਾਸ ਫਰਕ ਨਹੀਂ ਸੀ ਪੈਣ ਵਾਲਾ।
ਹੌਲੀ-ਹੌਲੀ ਉਹ ਰਾਤਾਂ ਨੂੰ ਸੌਂਦਾ ਵੀ ਨਾ। ਜਦੋਂ ਵੀ ਗੁਰੂ ਨੂੰ ਆ ਕੇ ਦੱਸਦਾ ਤੇ ਉਹ ਫਿਰ ਉਹੀ ਗੱਲ ਕਰਦਾ, "ਤੈਨੂੰ ਮੈਂ ਕਿਹਾ ਸੀ ਕਾਕਾ ਸਤਰਕ ਰਹੀਂ, ਆਪਣਾ ਖਿਆਲ ਰੱਖੀਂ, ਆਪਣੀ ਸਿਹਤ ਦਾ ਖਿਆਲ ਰੱਖੀਂ, ਆਸ-ਪਾਸ ਦਾ ਧਿਆਨ ਰੱਖਿਆ ਕਰ।" ਹਾਲੇ ਤੱਕ ਉਹਨੇ ਤਲਵਾਰ ਸਿਖਾਉਣੀ ਤਾਂ ਕੀ ਸੀ, ਤਲਵਾਰ ਫੜਾਉਣੀ ਵੀ ਸ਼ੁਰੂ ਨਹੀਂ ਕੀਤੀ।
ਇਸੇ ਤਰੀਕੇ ਦੇ ਨਾਲ ਦਿਨ ਬੀਤਦੇ ਗਏ ਪਰ ਹੁਣ, ਹੁਣ ਰਾਜੇ ਦੇ ਪੁੱਤ ਨੂੰ ਸਮਝ ਆ ਚੁੱਕੀ ਸੀ। ਉਹਨੂੰ ਸਮਝ ਆ ਚੁੱਕੀ ਸੀ ਕਿ ਮੈਨੂੰ ਆਪਣੀ ਰੱਖਿਆ ਆਪੇ ਕਰਨੀ ਪੈਣੀ ਐ। ਮੇਰਾ ਪਿਓ ਮੈਨੂੰ ਵਾਪਸ ਘਰ ਆਉਣ ਨਹੀਂ ਦਿੰਦਾ। ਇੱਥੇ ਮੇਰੀ ਕੋਈ ਸੁਣਦਾ ਨਹੀਂ। ਨਾ ਵੀ ਸਿੱਖੂੰਗਾ ਤਾਂ ਦਿਨ ਤਾਂ ਕੱਟਣੇ ਪੈਣੇ ਐ। ਇਸ ਕਰਕੇ ਹੁਣ ਉਹ ਦਿਨ ਕੱਟਣ ਦੇ ਲਈ ਥੋੜ੍ਹੀ ਜਿਹੀ ਹੁਸ਼ਿਆਰੀ ਵਿਖਾਉਣ ਲੱਗ ਪਿਆ। ਹੁਣ ਉਹ, ਹੁਣ ਚੱਤੇ ਪਹਿਰ ਉਹਨੂੰ ਡਰ ਜਿਹਾ ਲੱਗਾ ਰਹਿੰਦਾ, ਪਤਾ ਨਹੀਂ ਕਿਸ ਨੇ ਕਿਹੜੇ ਪਾਸਿਓਂ ਹਮਲਾ ਕਰ ਦੇਣਾ। ਤੇ ਇਸ ਸਭ ਦੇ ਦਰਮਿਆਨ ਉਹ, ਹੁਣ ਉਹ ਕਾਫੀ ਆਪਣਾ ਬਚਾਅ-ਬਚਾਅ ਕਰਨਾ ਸ਼ੁਰੂ ਹੋ ਚੁੱਕਾ ਹੈ। ਪਰ ਇੱਕ ਦਿਨ, ਇੱਕ ਦਿਨ ਇਸ ਤੋਂ ਅੱਗੇ ਇੱਕ ਕਦਮ ਵਧ ਗਿਆ। ਰਾਤ ਸੁੱਤੇ ਪਏ ਦੇ ਉੱਤੇ ਹਮਲਾ ਕਰ ਦਿੱਤਾ ਕਿਸੇ ਨੇ, ਉਹ ਵੀ ਤਲਵਾਰ ਦੇ ਨਾਲ। ਬਾਂਹ ਦੇ ਉੱਤੇ ਕੱਟ ਲੱਗਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚ ਨਿਕਲਿਆ।
ਪਰ ਉਹ ਅੱਜ ਆ ਕੇ ਫਿਰ ਦੁਬਾਰਾ ਗੁਰੂ ਨਾਲ ਸ਼ਿਕਾਇਤ ਕਰਦਾ, "ਪਹਿਲਾਂ ਤਾਂ ਮੇਰੇ ਉੱਤੇ ਦਿਨੇ ਹਮਲੇ ਹੁੰਦੇ ਸੀ ਤੁਹਾਡੇ ਇਸ ਆਸ਼ਰਮ ਦੇ ਵਿੱਚ, ਹੁਣ ਮੇਰੇ ਉੱਤੇ ਰਾਤ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਐ। ਮੈਂ ਦਿਨੇ ਵੀ ਚੈਨ ਦੇ ਨਾਲ ਨਹੀਂ ਰਹਿ ਸਕਦਾ ਤੇ ਰਾਤ ਦੇ ਸਮੇਂ ਵੀ ਹੁਣ ਮੈਨੂੰ ਸੌਣ ਵੀ ਨਹੀਂ ਦਿੱਤਾ ਜਾਂਦਾ। ਤੁਹਾਡੇ ਆਸ਼ਰਮ ਦੇ ਵਿੱਚ ਚੱਲ ਕੀ ਰਿਹਾ? ਜੇ ਤੁਸੀਂ ਨਹੀਂ ਮੈਨੂੰ ਸਿਖਾਉਣਾ ਚਾਹੁੰਦੇ ਤਾਂ ਤੁਸੀਂ ਕਿਉਂ ਨਹੀਂ ਕਹਿ ਦਿੰਦੇ ਮੇਰੇ ਬਾਪ ਨੂੰ? ਮੈਂ ਇੱਥੋਂ ਚਲਿਆ ਜਾਵਾਂ। ਜਾਂ ਫਿਰ ਮੇਰੇ ਵੱਲੋਂ ਕੋਈ ਕਮੀ-ਪੇਸ਼ੀ ਐ, ਤੇ ਮੈਨੂੰ ਦੱਸ ਕਿਉਂ ਨਹੀਂ ਦਿੰਦੇ?" ਤਾਂ ਗੁਰੂ ਨੇ ਫਿਰ ਉਹੀ ਸ਼ਬਦ ਦੁਹਰਾਏ, "ਕਾਕਾ ਆਪਣਾ ਧਿਆਨ ਰੱਖੀਂ, ਆਪਣਾ ਖਿਆਲ ਰੱਖੀਂ, ਭਾਵੇਂ ਦਿਨ, ਭਾਵੇਂ ਰਾਤ ਕੀ ਫਰਕ ਪੈਂਦਾ? ਭਾਵੇਂ ਤੂੰ ਰਾਤ ਨੂੰ ਸੁੱਤਾ ਵੀ ਹੋਵੇਂ ਤਾਂ ਵੀ ਤਾਂ ਤੂੰ ਉਹੀ ਐਂ। ਵਜੂਦ ਤੇਰਾ ਉਹੀ ਐ। ਫਿਰ ਵੀ ਤੂੰ ਰਾਜਕੁਮਾਰ ਐਂ। ਫਿਰ ਵੀ ਤੇਰੇ ਵਿੱਚ ਉਹੀ ਜਾਨ ਐ। ਮਰ ਤਾਂ ਤੂੰ ਦਿਨੇ ਵੀ ਸਕਦਾ ਐਂ ਤੇ ਰਾਤ ਨੂੰ ਸੁੱਤੇ ਪਏ ਕੋਈ ਹਮਲਾ ਕਰੇ ਤਾਂ ਵੀ ਮਰ ਸਕਦਾ ਐਂ। ਫਰਕ ਕੀ ਐ ਰਾਤ ਤੇ ਦਿਨ ਦੇ ਵਿੱਚ?" ਇੰਨਾ ਕਹਿ ਕੇ ਗੁਰੂ ਨੇ ਫਿਰ ਅੱਖਾਂ ਬੰਦ ਕਰ ਲਈਆਂ, ਉਹ ਆਪਣਾ ਰੱਬ-ਰੱਬ ਕਰਨ ਲੱਗ ਪਿਆ।
ਤੇ ਰਾਜਕੁਮਾਰ ਦਾ ਗੁੱਸਾ ਹੁਣ ਸੱਤਵੇਂ ਆਸਮਾਨ ਦੇ ਉੱਤੇ। ਹੁਣ ਉਹ ਹੌਲੀ-ਹੌਲੀ ਇਹ ਸੋਚਦਾ ਕਿ ਮੈਂ ਪਹਿਲਾਂ ਆਪ ਹੀ ਇਸ ਚੀਜ਼ ਦਾ ਕੋਈ ਹੱਲ ਕਰਾਂ। ਲੱਭਾਂ ਇਹ ਕਿਹੜਾ ਬੰਦਾ ਐ ਜਿਹੜੇ ਚਾਹੁੰਦਾ ਐ ਕਿ ਮੈਂ ਇਸ ਆਸ਼ਰਮ ਦੇ ਵਿੱਚ ਨਾ ਰਹਾਂ, ਜਿਹੜਾ ਮੈਨੂੰ ਮਾਰਨਾ ਚਾਹੁੰਦਾ ਐ, ਇਹ ਹੈ ਕੌਣ? ਪਰ ਹੁਣ ਉਹ ਕਾਫੀ, ਕਾਫੀ ਜ਼ਿਆਦਾ ਧਿਆਨ ਰੱਖਦਾ ਹੈ। ਹੁਣ ਬਹੁਤੀ ਵਾਰ ਉਹ ਵਾਰ ਹੋਣ ਤੋਂ ਪਹਿਲਾਂ ਹੀ ਸੰਭਲ ਜਾਂਦਾ। ਇੱਕ ਦਿਨ ਰਾਤ ਦੇ ਸਮੇਂ ਜਦੋਂ ਉਹਦੇ ਉੱਤੇ ਹਮਲਾ ਕੀਤਾ ਗਿਆ ਤਾਂ ਉਹ ਕਾਫੀ ਸਤਰਕ ਸੀ। ਉਹਨੇ ਉੱਠ ਕੇ ਮਗਰ ਭੱਜਿਆ। ਉਹਨੂੰ ਇੱਦਾਂ ਪ੍ਰਤੀਤ ਹੋਇਆ ਜਿੱਦਾਂ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਸੀ, ਗੁਰੂ ਆਪ ਹੀ ਸੀ।
ਅਗਲੇ ਦਿਨ ਜਾ ਕੇ ਗੁਰੂ ਦੇ ਨਾਲ ਅੱਜ ਬਦਲੇ ਲੈਣੇ ਜਿਹੇ ਦੇ ਵਿੱਚ ਗੱਲ ਕੀਤੀ, "ਗੁਰੂ ਜੀ, ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਨੂੰ ਰਾਤ ਦੀ ਪਰਛਾਈ ਦੇ ਵਿੱਚ ਇਹ ਪਤਾ ਲੱਗਾ ਕਿ ਸ਼ਾਇਦ ਹਮਲਾ ਕਰਨ ਵਾਲਾ ਹੋਰ ਕੋਈ ਨਹੀਂ, ਤੁਸੀਂ ਮੇਰੇ 'ਤੇ ਹਮਲਾ ਕਰ ਰਹੇ ਹੋ।" ਤੇ ਗੁਰੂ ਨੇ ਕਿਹਾ, "ਕੀ ਫਰਕ ਪੈਂਦਾ? ਤੇਰੇ 'ਤੇ ਹਮਲਾ ਦਿਨੇ ਹੋਵੇ, ਰਾਤ ਹੋਵੇ ਕੀ ਫਰਕ ਪੈਂਦਾ? ਤੇਰੇ 'ਤੇ ਹਮਲਾ ਮੈਂ ਕਰਾਂ ਜਾਂ ਕੋਈ ਹੋਰ, ਕੀ ਫਰਕ ਪੈਂਦਾ? ਤੇਰਾ ਕੰਮ ਆ, ਆਪਣਾ ਬਚਾਅ ਕਰਨਾ। ਜਿੱਦਾਂ ਮਰਜ਼ੀ ਹੋਵੇ ਕਰ।" ਤੇ ਹੁਣ ਉਹ ਸਮਝ ਚੁੱਕਾ ਸੀ ਕਿ ਮੈਨੂੰ ਮੇਰਾ ਬਚਾਅ ਆਪ ਹੀ ਆਪਣੇ ਆਪ ਕਰਨਾ ਪੈਣਾ, ਗੁਰੂ ਤੋਂ ਵੀ ਕੋਈ ਆਸ ਨਹੀਂ। ਪਰ ਹੁਣ ਉਹਨੂੰ ਹੌਲੀ-ਹੌਲੀ ਕਰਕੇ ਦਿਨ ਜਿੱਦਾਂ-ਜਿੱਦਾਂ ਬੀਤੇ, ਬਹੁਤੀ ਲੋੜ ਨਹੀਂ ਸੀ ਪੈਂਦੀ ਸ਼ਿਕਾਇਤ ਕਰਨ ਦੀ।
ਹੁਣ ਉਹ ਹੌਲੀ-ਹੌਲੀ ਪੈਰਾਂ ਦੀ ਆਹਟ ਹੀ ਸਮਝਣ ਲੱਗ ਪਿਆ ਸੀ। ਪਹਿਲੇ ਦਿਨ ਜਿਹੜਾ ਆਇਆ ਬਿਲਕੁਲ ਬੇਧਿਆਨਾ ਤੁਰਿਆ ਫਿਰਦਾ ਸੀ, ਹੁਣ ਉਹ ਪੂਰੀ ਤਰ੍ਹਾਂ ਦੇ ਨਾਲ ਸਤਰਕ ਰਹਿੰਦਾ। ਕੋਈ ਵੀ ਕੰਮ ਕਰਦਾ ਉਹਦੇ ਕੰਨ, ਉਹਦੀਆਂ ਸੈਂਸਿਜ਼ (Senses) ਇਸੇ ਪਾਸੇ ਨੂੰ ਕੰਮ ਕਰਦੀਆਂ ਕਿ ਕਦੋਂ ਕੋਈ ਪੈਰਾਂ ਦੀ ਆਵਾਜ਼ ਆਵੇ। ਪਤਾ ਨਹੀਂ ਕਦੋਂ ਕੋਈ ਹਮਲਾ ਕਰ ਦੇਵੇ। ਇਸ ਕਰਕੇ ਹੁਣ ਉਹ ਬਹੁਤੀ ਵਾਰ ਆਪਣੇ ਆਪ ਨੂੰ ਹਮਲੇ ਤੋਂ ਬਚਾਅ ਲੈਂਦਾ ਤੇ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ, ਗੁਰੂ ਆਪ ਹੁੰਦਾ। ਹੁਣ ਤਾਂ ਉਹ ਇੰਨਾ ਤੇਜ਼ ਹੋ ਗਿਆ ਸੀ ਕਿ ਘੁੰਮ ਕੇ ਜਦੋਂ ਵੇਖਦਾ ਤਾਂ ਗੁਰੂ ਨੂੰ ਉੱਥੋਂ ਗਾਇਬ ਹੋਣ ਦਾ ਵੀ ਸਮਾਂ ਨਾ ਦਿੰਦਾ। ਹੁਣ ਉਹਨੂੰ ਪ੍ਰਤੱਖ ਪਤਾ ਸੀ ਕਿ ਗੁਰੂ ਹੀ ਇਹ ਕੰਮ ਕਰਦਾ ਪਰ ਹੁਣ ਉਹਨੂੰ ਇਸ ਖੇਡ ਦੇ ਵਿੱਚ ਮਜ਼ਾ ਆਉਣਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਉਹ ਇਸ ਚੀਜ਼ ਨੂੰ ਇੱਕ ਖੇਡ ਵਜੋਂ, ਇੱਕ ਆਨੰਦ ਵਜੋਂ ਲੈਣ ਲੱਗ ਪਿਆ।
ਤੇ ਜਿੱਦਾਂ ਹੀ ਉਹਦਾ ਦਿਮਾਗ ਥੋੜ੍ਹਾ ਜਿਹਾ ਵਿਹਲਾ ਹੋਇਆ, ਇੱਕ ਦਿਨ ਆਸ਼ਰਮ ਦੇ ਵਿੱਚ ਗੁਰੂ ਦੇ ਸਾਹਮਣੇ ਬੈਠਾ ਕੁਝ ਨਿੱਕਾ-ਮੋਟਾ ਕੰਮਕਾਰ ਕਰਦਿਆਂ, ਦਿਮਾਗ ਦੇ ਵਿੱਚ ਇੱਕ ਫੁਰਨਾ ਫੁਰਿਆ। "ਇਹ ਬੁੱਢਾ ਰੋਜ਼ ਮੇਰੇ ਉੱਤੇ ਹਮਲਾ ਕਰਦਾ, ਹੋਵੇ ਨਾ ਤਾਂ ਕਿਸੇ ਦਿਨ ਮੈਂ ਇਹਦੇ ਉੱਤੇ ਹਮਲਾ ਕਰਾਂ।" ਗੁਰੂ ਅੱਖਾਂ ਬੰਦ ਕਰਕੇ ਰੱਬ-ਰੱਬ ਕਰੀ ਜਾਵੇ, ਇੱਧਰ ਇਹਦੇ ਦਿਮਾਗ ਦੇ ਵਿੱਚ ਫੁਰਨਾ ਫੁਰਿਆ। ਹਾਲੇ ਉੱਠਣ ਦਾ ਸੋਚ ਹੀ ਰਿਹਾ ਸੀ ਕਿ ਗੁਰੂ ਨੇ ਇੱਕਦਮ ਅੱਖਾਂ ਖੋਲ੍ਹੀਆਂ ਤੇ ਕਹਿਣ ਲੱਗਾ, "ਕਾਕਾ ਵੇਖੀਂ ਇਹ ਨਾ ਕੰਮ ਕਰੀਂ ਜਿਹੜਾ ਤੂੰ ਸੋਚ ਰਿਹਾ। ਜੋ ਤੇਰੇ ਦਿਮਾਗ ਦੇ ਵਿੱਚ ਇਸ ਟਾਈਮ ਚੱਲ ਰਿਹਾ, ਇਹ ਕੰਮ ਨਾ ਕਰੀਂ। ਮੈਂ ਬਜ਼ੁਰਗ ਆਂ, ਬੁੱਢੀਆਂ ਹੱਡੀਆਂ। ਜੇ ਮੇਰੇ ਕਿਤੇ ਥਾਂਕ-ਥਾਂਕ ਵੱਜ ਗਈ ਨਾ, ਤੇ ਇਸ ਉਮਰੇ ਸੱਟ ਛੇਤੀ ਠੀਕ ਨਹੀਂ ਹੋਣੀ।" ਰਾਜਕੁਮਾਰ ਦੇ ਜਿੱਦਾਂ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਹੋਵੇ। "ਇਹਨੂੰ ਕਿੱਦਾਂ ਪਤਾ? ਹਾਲੇ ਤਾਂ ਮੈਂ ਸਿਰਫ਼ ਦਿਮਾਗ ਦੇ ਵਿੱਚ ਸੋਚਿਆ ਹੀ ਆ।"
ਤੇ ਗੁਰੂ ਨੇ ਅਗਲੇ ਦਿਨ, ਅਗਲੇ ਦਿਨ ਤੜਕਸਾਰ ਸਵੇਰੇ ਸੱਦ ਲਿਆ। ਅੱਜ ਪਹਿਲੀ ਵਾਰ ਸੀ ਜਦੋਂ ਗੁਰੂ ਨੇ ਖੁੱਲ੍ਹ ਕੇ ਇਸ ਵਿਸ਼ੇ ਦੇ ਉੱਤੇ ਉਹਦੇ ਨਾਲ ਗੱਲ ਕੀਤੀ। "ਵੇਖ ਕਾਕਾ, ਤਲਵਾਰਬਾਜ਼ੀ ਸਿੱਖਣੀ, ਸਿਖਾਉਣੀ ਜਾਂ ਕੋਈ ਵੀ ਹੁਨਰ, ਤੂੰ ਇਸ ਕਰਕੇ ਤਲਵਾਰਬਾਜ਼ੀ ਸਿੱਖਣੀ ਚਾਹੁੰਦਾ ਕਿ ਦੁਸ਼ਮਣ ਦਾ ਸਾਹਮਣਾ ਕਰ ਸਕੇਂ, ਦੁਸ਼ਮਣ ਦੇ ਵਾਰ ਕਰ ਸਕੇਂ, ਉਹਨੂੰ ਸੱਟ ਪਹੁੰਚਾ ਸਕੇਂ, ਉਹਦੇ ਤੋਂ ਜਿੱਤ ਸਕੇਂ। ਪਰ ਉਸ ਤੋਂ ਪਹਿਲਾਂ ਵੀ ਬੜੇ ਕਦਮ ਹੁੰਦੇ ਨੇ ਜਿੱਥੇ ਬਹੁਤ ਲੋਕੀਂ ਮਾਰ ਖਾ ਜਾਂਦੇ ਨੇ। ਉਸ ਤੋਂ ਵੀ ਜ਼ਰੂਰੀ ਇਹ ਆ ਕਿ ਪਹਿਲਾਂ ਤੂੰ ਕਿਸੇ ਦੇ ਵਾਰ ਤੋਂ ਆਪਣੇ ਆਪ ਨੂੰ ਕਿੱਦਾਂ ਬਚਾਉਣਾ। ਤਲਵਾਰ ਤਾਂ ਤੈਨੂੰ ਪਹਿਲਾਂ ਵੀ ਫੜਨੀ ਆਉਂਦੀ ਸੀ, ਥੋੜ੍ਹੀ-ਬਹੁਤੀ ਤੂੰ ਚਲਾ ਵੀ ਲੈਂਦਾ ਹੋਵੇਂਗਾ। ਮੈਨੂੰ ਉਸ ਚੀਜ਼ ਦੇ ਨਾਲ ਕੋਈ ਲੈਣ-ਦੇਣ ਨਹੀਂ, ਉਹ ਸਭ ਬਾਅਦ ਦੀਆਂ ਗੱਲਾਂ। ਪਰ ਸਭ ਤੋਂ ਪਹਿਲਾਂ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੇਰੇ ਵਿੱਚ ਪੇਸ਼ੈਂਸ (Patience) ਕਿੰਨਾ? ਤੂੰ ਕਿੰਨੇ ਕੁ ਦਿਨ ਇੱਥੇ ਕਿੰਨੇ ਕੁ ਸਿਰੜ ਦੇ ਨਾਲ ਕੱਢਦਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ ਆਪਣੇ ਪਿਓ ਦਾ ਆਗਿਆਕਾਰ ਕਿੰਨਾ। ਪਿਓ ਦੇ ਵਾਰ-ਵਾਰ ਕਹਿਣ ਦੇ ਉੱਤੇ ਤੂੰ ਇੱਥੋਂ ਭੱਜ ਤਾਂ ਨਹੀਂ ਜਾਂਦਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ, ਤੂੰ ਗੁਰੂ ਦਾ ਆਗਿਆਕਾਰ ਕਿੰਨਾ। ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਤੂੰ ਗੁਰੂ 'ਤੇ ਭਰੋਸਾ ਕਿੰਨਾ ਕੁ ਕਰਦਾ। ਬੇਸ਼ੱਕ ਤੇਰੇ ਮਨ ਦੇ ਵਿੱਚ ਇਹ ਸ਼ੱਕ ਕਾਫੀ ਦਿਨ ਪਹਿਲਾਂ ਪੈ ਚੁੱਕਾ ਸੀ। ਪਰ ਫਿਰ ਵੀ ਕਿਤੇ ਨਾ ਕਿਤੇ ਤੂੰ ਭਰੋਸਾ ਬਰਕਰਾਰ ਰੱਖਿਆ।"
"ਸੋ ਇਹ ਨਾ ਸੋਚੀਂ ਕਿ ਇੰਨੇ ਦਿਨਾਂ ਦੇ ਵਿੱਚ ਤੂੰ ਕੁਝ ਸਿੱਖਿਆ ਨਹੀਂ। ਇੰਨੇ ਦਿਨਾਂ ਦੇ ਵਿੱਚ ਤੂੰ ਬਹੁਤ ਸਾਰਾ ਕੁਝ ਸਿੱਖ ਚੁੱਕਾ ਐਂ। ਜਦਕਿ ਵੇਖਿਆ ਜਾਵੇ ਤਾਂ ਵੱਡਾ ਹਿੱਸਾ ਤੂੰ ਇੰਨੇ ਦਿਨਾਂ 'ਚ ਸਿੱਖ ਚੁੱਕਾ ਐਂ। ਹੁਣ ਤੂੰ ਇਹ ਸਿੱਖ ਚੁੱਕਾ ਐਂ ਕਿ ਆਪਣੇ ਆਪ ਨੂੰ ਕਿਸੇ ਹਮਲੇ ਤੋਂ ਬਚਾਉਣਾ ਕਿੱਦਾਂ, ਚਾਹੇ ਤੂੰ ਰਾਤ ਦੇ ਸਮੇਂ ਸੁੱਤਾ ਵੀ ਪਿਆ ਹੋਵੇਂ। ਹੁਣ ਤੈਨੂੰ ਪੈਰਾਂ ਦੀ ਆਹਟ ਸਮਝਣੀ ਆ ਗਈ ਐ ਤੇ ਇਹ, ਇਹ ਉਦੋਂ ਹੀ ਆ ਸਕਦੀ ਐ ਜਦੋਂ ਬੰਦਾ ਬਹੁਤ ਧਿਆਨ ਲਾਉਂਦਾ। ਹੁਣ ਤੈਨੂੰ ਆਪਣੇ ਧਿਆਨ ਦੇ ਉੱਤੇ ਕੇਂਦਰ ਕਰਨਾ ਆ ਗਿਆ। ਹੁਣ ਥੋੜ੍ਹੀ ਕੀਤਿਆਂ ਕੋਈ ਤੈਨੂੰ ਸੱਟ ਨਹੀਂ ਮਾਰ ਸਕਦਾ। ਪਹਿਲਾਂ ਤਾਂ ਤੂੰ ਐਵੇਂ ਬੇਧਿਆਨਾ ਤੁਰਿਆ ਫਿਰਦਾ ਸੀ, ਬੇਸੁੱਧ ਤੁਰਿਆ ਫਿਰਦਾ ਸੀ। ਜਿੰਨਾ ਚਿਰ ਤੇਰੇ ਸਾਹਮਣੇ ਕੋਈ ਤਲਵਾਰ ਫੜ ਕੇ ਨਾ ਆਵੇ, ਉੱਨੇ ਚਿਰ ਤੱਕ ਤੈਨੂੰ ਤਾਂ ਕੀ ਪਤਾ। ਇਸ ਚੀਜ਼ ਦੀ ਕੀ ਗਾਰੰਟੀ ਕੋਈ ਅੱਗੋਂ ਆਵੇ, ਪਿੱਛੋਂ ਆਵੇ, ਸੁੱਤੇ ਪਏ 'ਤੇ ਹਮਲਾ ਕਰੇ। ਇਸ ਕਰਕੇ ਸਾਨੂੰ ਹਰ ਵੇਲੇ ਸਤਰਕ ਰਹਿਣਾ ਪਊਗਾ। ਤੇ ਕੱਲ੍ਹ ਦੇ ਦਿਨ ਤੋਂ ਅਗਲੇ 'ਤੇ ਹਮਲਾ ਕਰਨਾ ਕਿੱਦਾਂ, ਆਪਾਂ ਇਹਦੀ ਤਿਆਰੀ ਕਰਾਂਗੇ।"
ਸੋ ਇਸ ਤਰੀਕੇ ਦੇ ਨਾਲ ਗੁਰੂ ਨੇ ਆਪਣੇ ਅੰਦਾਜ਼ ਦੇ ਵਿੱਚ ਆਪਣੇ ਚੇਲੇ ਨੂੰ ਟ੍ਰੇਨ (Train) ਕਰ ਦਿੱਤਾ। ਬਹੁਤੇ ਆਪਾਂ ਵੀ ਆਪਣੇ-ਆਪਣੇ ਕੰਮਾਂ ਦੇ ਵਿੱਚ ਵੈਸੇ ਬੇਧਿਆਨੀ ਤੁਰੇ ਫਿਰਦੇ ਆਂ। ਹੋ ਸਕਦਾ ਅੱਜ ਦੇ ਦਿਨ ਕਿਸੇ ਨੇ ਸਮੇਂ ਦੇ ਮੁਤਾਬਿਕ ਤਲਵਾਰਬਾਜ਼ੀ ਤਾਂ ਨਾ ਸਿੱਖਣੀ ਹੋਵੇ ਪਰ ਹੋਰ ਬਹੁਤ ਸਾਰੇ ਕਾਰਜ ਆਪਾਂ ਸਿੱਖਦੇ ਆਂ। ਉਹਨਾਂ ਬਹੁਤੇ ਕੰਮਾਂ ਦੇ ਵਿੱਚ ਆਪਾਂ ਬੜਾ ਕੁਝ ਬੇਧਿਆਨੀ ਕਰਦੇ ਆਂ। ਖਾਸ ਤੌਰ ਦੇ ਉੱਤੇ ਉਸ ਯੁੱਗ ਦੇ ਵਿੱਚ ਜਦੋਂ, ਜਦੋਂ ਚੱਤੇ ਪਹਿਰ ਸਾਡਾ ਧਿਆਨ ਫੋਨ ਦੇ ਵਿੱਚ ਰਹਿੰਦਾ। ਤੇ ਅਜੋਕੇ ਸਮੇਂ ਦੇ ਨਾਲੋਂ ਵੱਧ ਬੇਧਿਆਨਾ ਇਨਸਾਨ ਸ਼ਾਇਦ ਕਦੀ ਵੀ ਨਹੀਂ ਸੀ।
ਜਿੱਦਾਂ-ਜਿੱਦਾਂ ਸੁੱਖ-ਸੁਵਿਧਾਵਾਂ ਵਧੀਆਂ ਨੇ, ਜਿੱਦਾਂ-ਜਿੱਦਾਂ ਜੇਬ ਦੇ ਵਿੱਚ ਫੋਨ ਪਾ ਕੇ ਇਨਸਾਨ ਘੁੰਮਦਾ, ਉੱਦਾਂ-ਉੱਦਾਂ ਉਹ ਬੇਧਿਆਨਾ ਹੋ ਗਿਆ। ਬੇਧਿਆਨਾ ਕਾਹਦਾ ਹੋ ਗਿਆ, ਬੇਸੁੱਧ ਹੋ ਗਿਆ। ਕਈ ਵਾਰ ਤਾਂ ਕਈਆਂ ਨੂੰ ਆਵਾਜ਼ ਮਾਰ ਲਓ ਤੇ ਪਹਿਲੀ ਆਵਾਜ਼ੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਉਹ ਇੰਨਾ ਕੁ ਜ਼ਿਆਦਾ ਖੁੱਭ ਚੁੱਕੇ ਹੁੰਦੇ ਆ। ਸੋ ਅਜਿਹੇ ਦੇ ਵਿੱਚ ਕੋਈ ਪਿੱਛੋਂ ਕੀ ਕੋਈ ਸਾਹਮਣਿਓਂ ਆ ਕੇ ਵੀ ਵਾਰ ਕਰ ਦੇਵੇ, ਕੀ ਪਤਾ ਲੱਗਦਾ।
ਸੋ ਗੱਲ ਇੱਥੇ ਥੋੜ੍ਹੀ ਜਿਹੀ ਧਿਆਨ ਦੀ ਵੀ ਐ, ਸੁੱਧ-ਬੁੱਧ ਦੀ ਵੀ ਐ। ਸਾਨੂੰ ਆਸ-ਪਾਸ ਦੀ ਸੁੱਧ-ਬੁੱਧ ਰਹੇ, ਕੀ ਹੋ ਰਿਹਾ, ਕੀ ਵਾਪਰ ਰਿਹਾ। ਸਾਡੀ ਜ਼ਿੰਦਗੀ ਥੋੜ੍ਹੀ ਜਿਹੀ ਹੋਰ ਸੁਖਾਲੀ ਹੋ ਜਾਊਗੀ। ਜਾਂ ਫਿਰ ਇਹ ਕਹਾਣੀ ਪੜ੍ਹਦਿਆਂ ਜਾਂ ਸੁਣਦਿਆਂ ਇੱਕ ਚੀਜ਼ ਹੋਰ ਤੁਹਾਡੇ ਧਿਆਨ ਦੇ ਵਿੱਚ ਜ਼ਰੂਰ ਆਉਂਦੀ ਹੋਊਗੀ, ਜਿੱਦਾਂ ਇਹ ਤਲਵਾਰ ਚਲਾਉਣੀ ਸਿੱਖਣੀ ਚਾਹੁੰਦਾ ਸੀ ਕਿ ਪਹਿਲੇ ਦਿਨ ਤੋਂ ਹੀ ਮੈਨੂੰ ਤਲਵਾਰ ਫੜਾ ਦਿੱਤੀ ਜਾਵੇ। ਪਰ ਗੁਰੂ ਨੂੰ ਜ਼ਿਆਦਾ ਜ਼ਰੂਰੀ ਇਹ ਲੱਗਾ ਕਿ ਪਹਿਲਾਂ ਇਹ ਦੂਸਰਿਆਂ ਦੇ ਹਮਲੇ ਤੋਂ ਬਚਣਾ ਸਿੱਖ ਲਵੇ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਆਪਾਂ, ਆਪਾਂ ਸਾਰੇ ਬੋਲਣਾ ਸਿੱਖ ਲੈਂਦੇ ਆਂ, ਬੋਲਦੇ ਆਂ, ਗੱਲਾਂ ਕਰਦੇ ਆਂ ਪਰ ਸੁਣਨਾ ਸਾਨੂੰ ਭੁੱਲਦਾ ਜਾਂਦਾ। ਸਭ ਤੋਂ ਪਹਿਲਾਂ ਸਾਨੂੰ ਸੁਣਨਾ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਸਾਨੂੰ ਆਪਣਾ ਮਨ ਇਕਾਗਰ ਕਰਨਾ ਆਉਣਾ ਚਾਹੀਦਾ। ਬੋਲਣ ਦਾ ਕੀ ਐ, ਬੋਲ ਤਾਂ ਜਦੋਂ ਮਰਜ਼ੀ ਲਵਾਂਗੇ। ਕਿਸੇ 'ਤੇ ਚਾਹੇ ਉਹ ਸ਼ਬਦੀ ਹਮਲਾ ਹੋਵੇ, ਚਾਹੇ ਡਾਂਗ-ਸੋਟੇ ਦੇ ਨਾਲ, ਉਹ ਤੇ ਬਾਅਦ ਦੀ ਗੱਲ ਐ। ਪਹਿਲਾਂ ਆਪਣਾ ਆਪ ਤਾਂ ਬਚਾਉਣਾ ਆਵੇ। ਆਸ ਕਰਦੇ ਆਂ ਕਿ ਇਹ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

What's Your Reaction?

like

dislike

love

funny

angry

sad

wow