The Death Disk Punjabi Kahani: ਜਦੋਂ ਮਾਸੂਮੀਅਤ ਨੇ ਅਨੁਸ਼ਾਸਨ ਨੂੰ ਝੁਕਾ ਦਿੱਤਾ
ਮਾਰਕ ਟਵੇਨ ਦੀ ਲਿਖੀ ਮਸ਼ਹੂਰ ਕਹਾਣੀ 'ਦ ਡੈੱਥ ਡਿਸਕ' (The Death Disk) ਦਾ ਪੰਜਾਬੀ ਰੂਪਾਂਤਰਨ। ਜਾਣੋ ਕਿਵੇਂ ਇੱਕ ਮਾਸੂਮ ਬੱਚੀ ਦੇ ਭੋਲੇਪਣ ਨੇ ਫ਼ੌਜ ਦੇ ਕਰੜੇ ਕਾਨੂੰਨ ਅਤੇ ਮੌਤ ਦੀ ਸਜ਼ਾ ਨੂੰ ਬਦਲ ਦਿੱਤਾ।
ਸਤਾਰ੍ਹਵੀਂ ਸਦੀ ਦੀ ਠੰਡੀ ਜਿਹੀ ਸਵੇਰ। ਇੰਗਲੈਂਡ ਦੇ ਵਿੱਚ ਅੱਜ ਦੀ ਸਵੇਰ ਕਾਫ਼ੀ ਉਦਾਸ ਸੀ। ਉਦਾਸ ਇਸ ਕਰਕੇ, ਕਿਉਂਕਿ ਅੱਜ ਤਿੰਨ ਲੋਕਾਂ ਦੀ ਜ਼ਿੰਦਗੀ-ਮੌਤ ਦਾ ਫ਼ੈਸਲਾ ਹੋਣਾ ਸੀ। ਅਸਲ ਦੇ ਵਿੱਚ ਫ਼ੌਜ ਦੇ ਵਿੱਚ ਕਾਨੂੰਨ ਬੜੇ ਸਖ਼ਤ ਹੋਣ ਦੇ ਕਰਕੇ, ਤਿੰਨ ਲੋਕ ਜਿਨ੍ਹਾਂ ਨੇ ਕਿ ਵੱਡੇ ਅਫ਼ਸਰ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੇ ਉੱਤੇ ਕਾਰਵਾਈ ਚੱਲ ਰਹੀ ਸੀ। ਕਾਰਵਾਈ ਵੀ ਇੱਦਾਂ ਦੀ ਕਿ ਆਮ ਲੋਕਾਂ ਦੇ ਵਿੱਚ ਚਰਚੇ ਕਿ ਫ਼ੌਜੀਆਂ ਦੇ ਕਾਨੂੰਨ ਬੜੇ ਸਖ਼ਤ ਹੁੰਦੇ ਨੇ, ਬੜੇ ਬੇਰਹਿਮ ਹੁੰਦੇ ਨੇ। ਜਦੋਂ ਗੱਲ ਅਨੁਸ਼ਾਸਨ ਦੀ ਆ ਜਾਵੇ ਤਾਂ ਫਿਰ ਹੋਰ ਕੁਝ ਨਹੀਂ ਵੇਖਿਆ ਜਾਂਦਾ।
ਸੋਚ-ਵਿਚਾਰ ਇਸ ਕਰਕੇ ਜ਼ਿਆਦਾ ਚੱਲ ਰਿਹਾ ਸੀ ਕਿਉਂਕਿ ਇਹ ਜਿਹੜੇ ਤਿੰਨ ਜਵਾਨ ਸੀ, ਇਹਨਾਂ ਨੇ ਬੜੀ ਦਲੇਰੀ ਦੇ ਨਾਲ, ਕਹਿੰਦੇ ਨੇ ਕਿ ਬੜੀਆਂ ਜੰਗਾਂ ਦੇ ਵਿੱਚ ਆਪਣੇ ਦੇਸ਼ ਦੇ ਲਈ ਲੜਿਆ ਸੀ। ਇਸ ਕਰਕੇ ਇਹਨਾਂ ਦੇ ਲਈ ਮੌਤ ਦੀ ਸਜ਼ਾ ਤੈਅ ਕਰਨੀ ਥੋੜ੍ਹੀ ਔਖੀ ਲੱਗ ਰਹੀ ਸੀ। ਪਰ ਜੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲੀਏ, ਤਾਂ ਫਿਰ ਇਹਨਾਂ ਨੂੰ ਮਾਫ਼ ਨਹੀਂ ਸੀ ਕੀਤਾ ਜਾ ਸਕਦਾ। ਸਮੱਸਿਆ ਇਹ ਆਈ ਕਿ ਇਹਨਾਂ ਨੇ ਕਿਸੇ ਆਪਣੇ ਵੱਡੇ ਅਫ਼ਸਰ ਦੀ ਹੁਕਮ-ਅਦੂਲੀ ਕੀਤੀ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਨੂੰ ਕਾਫ਼ੀ ਦਿਨਾਂ ਤੋਂ ਜੇਲ੍ਹ ਦੀ ਇੱਕ ਹਨ੍ਹੇਰੀ ਕੋਠੜੀ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ। ਬਾਹਰ ਸੋਚ-ਵਿਚਾਰਾਂ ਚੱਲ ਰਹੀਆਂ ਸੀ ਕਿ ਆਖ਼ਰਕਾਰ ਇਹਨਾਂ ਤਿੰਨਾਂ ਦਾ ਕੀ ਕੀਤਾ ਜਾਵੇ। ਉਹ ਇਹਨਾਂ ਹਨ੍ਹੇਰੀਆਂ ਕੋਠੜੀਆਂ ਦੇ ਵਿੱਚ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਸੀ। ਨਾਲ ਮਨ ਦੇ ਵਿੱਚ ਵਿਚਾਰ ਆਉਂਦਾ—ਆਪਾਂ ਤਾਂ ਦੇਸ਼ ਦੇ ਲਈ ਬੜੀਆਂ ਜੰਗਾਂ ਜਿੱਤੀਆਂ ਨੇ, ਆਪਾਂ ਤਾਂ ਆਪਣੀ ਜਾਨ ਤੱਕ ਵਾਰਨ ਦੀ ਸਹੁੰ ਖਾਧੀ ਸੀ ਤੇ ਬੜੀਆਂ ਥਾਵਾਂ ਦੇ ਉੱਤੋਂ ਬਚ ਕੇ ਨਿਕਲ ਆਏ। ਉਹ ਪਤਾ ਨਹੀਂ ਕੀ ਰੱਬ ਦੀ ਕੁਦਰਤ, ਪਰ ਫਿਰ ਵੀ ਸਾਡੀ ਸੇਵਾ ਭਾਵਨਾ ਦੇ ਵਿੱਚ ਤਾਂ ਕੋਈ ਕਿਸੇ ਕਿਸਮ ਦੀ ਕਮੀ-ਪੇਸ਼ੀ ਨਹੀਂ ਸੀ। ਜੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਗਈ, ਤਾਂ ਉਹਦੇ ਪਿੱਛੇ ਵੀ ਕਾਰਨ ਕਈ ਠੋਸ ਸੀ।
ਪਰ ਇੱਧਰ ਜੇਕਰ ਕਰਨਲ ਸਾਹਿਬ ਦੀ ਗੱਲ ਕਰੀਏ, ਜਿਨ੍ਹਾਂ ਦੇ ਹਿੱਸੇ ਇਹ ਜ਼ਿੰਮੇਵਾਰੀ ਲੱਗੀ ਸੀ, ਉਹਨਾਂ ਦਾ ਵਿਚਾਰ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। ਜੇਕਰ ਅੱਜ ਇਹਨਾਂ ਨੂੰ ਸਬਕ ਨਾ ਸਿਖਾਇਆ ਗਿਆ, ਤਾਂ ਬਾਕੀ ਫ਼ੌਜੀ ਵੀ ਬਗ਼ਾਵਤ ਕਰਨਗੇ। ਅਨੁਸ਼ਾਸਨ ਦਾ ਕੀ ਬਣੇਗਾ? ਡਿਸਿਪਲਿਨ ਬਹੁਤ ਜ਼ਰੂਰੀ ਹੈ।
ਸਮੱਸਿਆ ਇਹ ਸੀ ਕਿ ਕਰਨਲ ਸਾਹਿਬ ਇਹ ਭਲੀ-ਭਾਂਤ ਜਾਣਦੇ ਸੀ—ਇਹ ਤਿੰਨੇ ਜਵਾਨ ਜਿਨ੍ਹਾਂ ਦੀ ਕਿ ਉਮਰ ਵੀ ਹਾਲੇ ਕੋਈ ਖ਼ਾਸ ਨਹੀਂ ਹੈ, ਪਹਿਲੀ ਗੱਲ ਤਾਂ ਇਹਨਾਂ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ। ਦੂਸਰੀ ਗੱਲ, ਜੇਕਰ ਇਹਨਾਂ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਫ਼ੌਜ ਦੇ ਲਈ ਇੱਕ ਵੱਡਾ ਘਾਟਾ ਹੋਵੇਗਾ। ਪਿਛਲੀਆਂ ਕਈ ਲੜੀਆਂ ਗਈਆਂ ਜੰਗਾਂ ਦੇ ਵਿੱਚ ਜੇਕਰ ਉਹਨਾਂ ਦੀ ਕਾਰਗੁਜ਼ਾਰੀ ਵੇਖੀਏ, ਤਾਂ ਇੱਦਾਂ ਦੇ ਤਿੰਨ ਜਵਾਨ ਗਵਾ ਦੇਣੇ, ਇਹ ਫ਼ੌਜ ਦੇ ਲਈ ਕੋਈ ਬਹੁਤੀ ਵਾਜਬ ਗੱਲ ਨਹੀਂ। ਸੋ, ਇਸ ਕਰਕੇ ਉਹ ਫ਼ੈਸਲਾ ਨਹੀਂ ਸੀ ਲੈ ਪਾ ਰਹੇ।
ਆਖ਼ਰਕਾਰ ਅੱਜ ਦੇ ਦਿਨ ਉਹਨਾਂ ਨੇ ਇਹ ਫ਼ੈਸਲਾ ਲਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਫ਼ਾਂਸੀ ਦੇ ਦਿੱਤੀ ਜਾਵੇ। ਬਾਕੀ ਦੋ ਨੂੰ ਬਚਾ ਲਿਆ ਜਾਵੇ। ਉਹਦੇ ਨਾਲ ਅਨੁਸ਼ਾਸਨ ਵੀ ਬਚਿਆ ਰਹੂਗਾ, ਲੋਕਾਂ ਦੇ ਵਿੱਚ ਡਰ ਵੀ ਪੈਦਾ ਰਹੂਗਾ ਤੇ ਬਣਦੀ ਸਜ਼ਾ ਵੀ ਮਿਲ ਜਾਊਗੀ। ਪਰ ਹੁਣ ਇਹ ਫ਼ੈਸਲਾ ਕੀਤਾ ਕਿੱਦਾਂ ਜਾਵੇ? ਤਿੰਨਾਂ ਦੇ ਵਿੱਚੋਂ ਕਿਹੜਾ ਐਸਾ, ਕਿਉਂਕਿ ਸਾਰਿਆਂ ਦੀ ਸਜ਼ਾ ਇੱਕੋ ਜਿਹੀ ਹੋਣੀ ਚਾਹੀਦੀ ਹੈ, ਕਿਉਂਕਿ ਸਾਰਿਆਂ ਨੇ ਜ਼ੁਰਮ ਇੱਕੋ ਜਿਹਾ ਕੀਤਾ। ਸੋ ਆਖ਼ਰਕਾਰ ਹੁਣ ਫ਼ੈਸਲਾ ਕਿਸਮਤ ਦੇ ਹੱਥਾਂ ਦੇ ਵਿੱਚ ਦੇਣ ਦਾ ਵਿਚਾਰ ਬਣਾਇਆ ਗਿਆ।
ਕਰਨਲ ਸਾਹਿਬ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਤਿੰਨ ਮੋਹਰਾਂ ਲਵਾਂਗੇ। ਤਿੰਨਾਂ ਦੇ ਵਿੱਚੋਂ ਦੋ ਚਿੱਟੀਆਂ ਤੇ ਇੱਕ ਲਾਲ। ਇਹ ਮੋਹਰ ਜਿਹੜੇ ਫ਼ੌਜੀ ਦੇ ਹਿੱਸੇ ਆ ਗਈ, ਉਹਨੂੰ ਤੰਬੂ ਦੇ ਪਿੱਛੇ ਖੜ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ, ਯਾਨੀ ਕਿ ਉਹਦੇ ਲਈ ਮੌਤ ਦੀ ਸਜ਼ਾ। ਦੂਸਰੇ ਦੋ ਬਚਾ ਲਏ ਜਾਣਗੇ। ਅੱਜ ਇਸੇ ਕਾਰਜ ਦੇ ਲਈ ਇਹਨਾਂ ਤਿੰਨਾਂ ਨੂੰ ਆਪਣੇ ਆਫ਼ਿਸ ਦੇ ਵਿੱਚ ਸੱਦਿਆ।
ਹਾਲੇ ਸੋਚ-ਵਿਚਾਰ ਚੱਲ ਹੀ ਰਹੇ ਨੇ, ਕਿ ਇਸੇ ਦੇ ਦਰਮਿਆਨ ਇੱਕ ਛੋਟੀ ਜਿਹੀ ਬੱਚੀ—ਉਮਰ ਹੋਊਗੀ ਕੋਈ ਅੱਠ-ਨੌਂ ਸਾਲ—ਉਹ ਭੱਜੀ-ਭੱਜੀ ਕਰਨਲ ਸਾਹਿਬ ਦੇ ਦਫ਼ਤਰ ਦੇ ਵਿੱਚ ਦਾਖ਼ਲ ਹੋਈ। ਬੇਹੱਦ ਮਾਸੂਮ ਜਿਹੀ ਬੱਚੀ, ਜਿਹਦਾ ਚਿਹਰਾ ਵੇਖ ਕੇ ਹੀ ਬੰਦੇ ਦੇ ਸਾਰੇ ਦੁੱਖ ਦੂਰ ਹੋ ਜਾਣ। ਜਿਹਨੂੰ ਝਿੜਕਣ ਨੂੰ ਵੀ ਜੀਅ ਨਾ ਕਰੇ ਕਿ ਤੂੰ ਕਿੱਧਰ ਆ ਗਈ ਏਂ, ਇੱਦਾਂ ਦਾ ਇੱਕ ਮਾਸੂਮ ਚਿਹਰਾ। ਵੈਸੇ ਇਹ ਚਿਹਰਾ ਕਰਨਲ ਸਾਹਿਬ ਦੇ ਲਈ ਕੋਈ ਓਪਰਾ ਨਹੀਂ ਸੀ। ਇਸੇ ਵਜ੍ਹਾ ਕਰਕੇ ਬੱਚੀ ਭੱਜ ਕੇ ਕਰਨਲ ਸਾਹਿਬ ਦੀ ਗੋਦੀ ਦੇ ਵਿੱਚ ਵੀ ਚੜ੍ਹ ਗਈ। ਉਹਨਾਂ ਦੇ ਬੇਹੱਦ ਕਰੀਬੀ ਸੱਜਣ, ਉਹਨਾਂ ਦੀ ਬੇਟੀ ਜੂ ਸੀ।
ਕਰਨਲ ਸਾਹਿਬ ਦੇ ਮਨ ਦੇ ਵਿੱਚ ਅਚਾਨਕ ਇੱਕ ਵਿਚਾਰ ਆਇਆ ਕਿ ਕਿਉਂ ਨਾ ਇਹ ਮੋਹਰਾਂ, ਇਹ ਪਰਚੀਆਂ ਇਸ ਬੱਚੀ ਕੋਲੋਂ ਚੁਕਾਈਆਂ ਜਾਣ? ਸੋ ਉਹਨਾਂ ਨੇ ਬੜੇ ਪਿਆਰ ਦੇ ਨਾਲ ਬੱਚੀ ਨੂੰ ਕੁੱਛੜੋਂ ਉਤਾਰਿਆ ਤੇ ਕਿਹਾ, "ਐਬੀ, ਮੇਰਾ ਬੱਚਾ, ਤੂੰ ਇੱਕ ਗੇਮ ਖੇਡੇਂਗੀ? ਆਪਾਂ ਦੋਵੇਂ ਅੱਜ ਇੱਕ ਗੇਮ ਖੇਡਾਂਗੇ। ਜੇ ਤੁਸੀਂ ਜਿੱਤੇ ਤਾਂ ਤੁਹਾਨੂੰ ਮਠਿਆਈ ਦਿੱਤੀ ਜਾਊਗੀ।"
ਐਬੀ ਨੇ ਖ਼ੁਸ਼ ਹੋ ਕੇ ਕਿਹਾ, "ਹਾਂ, ਮੈਂ ਤੁਹਾਡੇ ਨਾਲ ਖੇਡਣ ਹੀ ਤਾਂ ਆਈ ਸੀ।"
ਉਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ, ਉਹਦਾ ਭੋਲਾਪਣ, ਇੱਦਾਂ ਲੱਗ ਰਿਹਾ ਸੀ ਜਿੱਦਾਂ ਕਰਨਲ ਦੇ ਪੱਥਰ ਦਿਲ ਨੂੰ ਉਹਨੇ ਥੋੜ੍ਹਾ ਜਿਹਾ ਪਿਘਲਾ ਦਿੱਤਾ ਹੋਵੇ। ਪਰ ਉਸ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਅਗਲੇ ਹੀ ਪਲ ਕੀ ਹੋਣ ਵਾਲਾ ਹੈ। ਬੱਚੀ ਨੂੰ ਉਹਨਾਂ ਤਿੰਨਾਂ ਮੋਹਰਾਂ ਵਾਲੇ ਡੱਬੇ ਦੇ ਅੱਗੇ ਕਰਨਲ ਸਾਹਿਬ ਨੇ ਖੜ੍ਹਾ ਕੀਤਾ ਤੇ ਰੂਲ ਸਮਝਾਉਣੇ ਸ਼ੁਰੂ ਕਰ ਦਿੱਤੇ, "ਐਬੀ, ਬੱਚੇ, ਇਹਦੇ ਵਿੱਚੋਂ ਇੱਕ ਮੋਹਰ ਕੱਢਣੀ, ਪਹਿਲੇ ਫ਼ੌਜੀ ਨੂੰ ਦੇ ਦੇਣੀ। ਦੂਸਰੀ ਦੂਸਰੇ ਨੂੰ ਤੇ ਤੀਸਰੀ ਤੀਸਰੇ ਨੂੰ। ਇਹ ਹੁਣ ਤੁਹਾਡੇ ਹੱਥ ਆ, ਤੁਸੀਂ ਕਿਹੜੀ ਮੋਹਰ ਕਿਹਨੂੰ ਦੇਣੀ ਆ।"
ਬੱਚੀ ਨੇ ਉਵੇਂ ਹੀ ਕੀਤਾ। ਡੱਬੇ ਦੇ ਵਿੱਚੋਂ ਮੋਹਰਾਂ ਕੱਢੀਆਂ ਤੇ ਇੱਕ-ਇੱਕ ਕਰਕੇ ਫ਼ੌਜੀਆਂ ਦੇ ਹੱਥ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ। ਐਬੀ ਨੇ ਇਹਨਾਂ ਮੋਹਰਾਂ ਨੂੰ ਫ਼ੌਜੀਆਂ ਦੇ ਹੱਥਾਂ 'ਚ ਦਿੰਦਿਆਂ ਇੱਕ ਚੀਜ਼ ਨੋਟ ਕੀਤੀ—ਦੋ ਚਿੱਟੀਆਂ ਨੇ, ਇਹਨਾਂ ਦੇ ਵਿੱਚੋਂ ਇੱਕ ਲਾਲ ਮੋਹਰ ਹੈ। ਇਹ ਮੋਮ ਦੀਆਂ ਦਿਖਣ ਵਾਲੀਆਂ ਤਿੰਨ ਮੋਹਰਾਂ, ਤਿੰਨ ਟਿੱਕੀਆਂ, ਐਬੀ ਨੂੰ ਲੱਗਾ ਕਿ ਆਹ ਲਾਲ ਰੰਗ ਦੀ ਬੜੀ ਸੋਹਣੀ ਲੱਗਦੀ ਆ, ਸ਼ਾਇਦ ਉਹਦਾ ਫ਼ੇਵਰੇਟ ਕਲਰ ਸੀ। ਇਸ ਕਰਕੇ ਤਿੰਨਾਂ ਫ਼ੌਜੀਆਂ ਦੇ ਵਿੱਚੋਂ ਇੱਕ ਜਿਹੜਾ ਕਿ ਉਹਨੂੰ ਸਭ ਤੋਂ ਵੱਧ ਪਿਆਰਾ ਲੱਗਾ, ਜਿਹਨੂੰ ਸ਼ਾਇਦ ਉਹ ਕਮਰੇ ਦੇ ਵਿੱਚ ਮਿਲਣ ਲਈ ਵੀ ਆਈ ਸੀ ਜਾਂ ਲੱਭਦੀ ਹੋਈ ਆਈ ਸੀ, ਇਹ ਜਾ ਕੇ ਉਹਨੇ ਆਪਣੇ ਸਭ ਤੋਂ ਪਿਆਰੇ ਉਸ ਫ਼ੌਜੀ ਨੂੰ ਫੜਾ ਦਿੱਤੀ। ਕਿਉਂਕਿ ਉਹ ਫ਼ੌਜੀ ਕੋਈ ਹੋਰ ਨਹੀਂ, ਉਹ ਐਬੀ ਦਾ ਆਪਣਾ ਪਿਓ ਸੀ।
ਬਸ ਹੁਣ, ਹੁਣ ਕੀ ਸੀ ਕਰਨਲ ਸਾਹਿਬ ਦੇ ਸਮੇਤ ਮੌਜੂਦ ਸਾਰੇ ਲੋਕਾਂ ਦੇ ਰੰਗ ਉੱਡ ਗਏ। ਬਾਕੀ ਦੋ ਤਾਂ ਬਚ ਗਏ, ਪਰ ਇਹ ਲਾਲ ਰੰਗ ਦੀ ਟਿੱਕੀ ਜਿਹਦੇ ਹੱਥ ਵਿੱਚ ਗਈ ਸੀ, ਪਹਿਲਾਂ ਹੋਏ ਫ਼ੈਸਲੇ ਦੇ ਮੁਤਾਬਕ ਉਹ ਮੌਤ ਦੀ ਸਜ਼ਾ ਸੀ। ਉਹ ਕੋਈ ਆਮ ਟਿੱਕੀ ਨਹੀਂ, ਉਹ ਮੌਤ ਦੀ ਟਿੱਕੀ ਸੀ। ਕਮਰੇ ਦੇ ਵਿੱਚ ਜਿੱਦਾਂ ਸੁੰਨ ਛਾ ਗਈ ਹੋਵੇ। ਜਿੱਦਾਂ ਮੌਤ ਆਸ-ਪਾਸ ਸਾਰਿਆਂ ਨੂੰ ਦਿਖ ਰਹੀ ਹੋਵੇ, ਜਿੱਦਾਂ ਮੌਤ ਨੂੰ ਵੇਖ ਕੇ ਸਾਰੇ ਘਬਰਾ ਗਏ ਹੋਣ।
ਇਹ ਕੀ ਹੋਇਆ? ਅਸੂਲ ਦੇ ਮੁਤਾਬਕ ਹੁਣ ਉਸ ਫ਼ੌਜੀ ਨੂੰ, ਬੱਚੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ। ਪਰ ਇਹ ਇੰਨਾ ਸੌਖਾ ਸ਼ਾਇਦ ਨਹੀਂ ਰਿਹਾ। ਹਾਲੇ ਸ਼ਸ਼ੋਪੰਜ ਚੱਲ ਹੀ ਰਹੀ ਸੀ ਕਿ ਇਸੇ ਦੇ ਦਰਮਿਆਨ ਕਮਰੇ ਦੇ ਵਿੱਚ ਉੱਚ ਅਫ਼ਸਰ ਦੀ ਐਂਟਰੀ ਹੁੰਦੀ ਹੈ। ਜੋ ਕਿ ਇਸ ਗੱਲ ਤੋਂ ਖ਼ਫ਼ਾ ਨੇ ਕਿ ਕਰਨਲ ਸਾਹਿਬ, ਇਹ ਕੀ ਪਾਖੰਡ ਫੜਿਆ? "ਮੈਨੂੰ ਸੁਣਨ ਦੇ ਵਿੱਚ ਆ ਰਿਹਾ ਕਿ ਤੁਸੀਂ ਇਹਨਾਂ ਫ਼ੌਜੀਆਂ ਦੇ ਵਿੱਚੋਂ ਦੋ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਅਨੁਸ਼ਾਸਨ ਭੰਗ ਕਰਨ ਵਾਲੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਇਹ ਹੱਕ ਕਿੰਨੇ ਦਿੱਤਾ ਕਿ ਇਹਨਾਂ ਦੇ ਨਾਲ ਤੁਸੀਂ ਇੱਦਾਂ ਦੀਆਂ ਖੇਡਾਂ ਖੇਡੋ? ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਪਤਾ ਲੱਗਾ ਕਿ ਤੁਸੀਂ ਤਿੰਨਾਂ ਦੀ ਬਜਾਏ ਕਿਸੇ ਇੱਕ ਨੂੰ ਮਾਰਨ ਦੀ ਸੋਚ ਰਹੇ ਹੋ। ਇਹਦੇ ਨਾਲ ਫ਼ੌਜ ਦੇ ਵਿੱਚ ਕੀ ਸੁਨੇਹਾ ਜਾਏਗਾ, ਕਦੀ ਸੋਚਿਆ ਤੁਸੀਂ? ਤੇ ਨਾਲੇ ਇੰਨੀ ਦੇਰੀ ਵੀ ਕਿਉਂ ਲਾਈ ਜਾ ਰਹੀ ਹੈ? ਇਸ ਮਸਲੇ ਨੂੰ ਤਾਂ ਹੁਣ ਕਾਫ਼ੀ ਦਿਨ ਹੋ ਗਏ ਨੇ।"
ਕਰਨਲ, ਜਿਹੜਾ ਕਿ ਬੜਾ ਸਖ਼ਤ ਸੁਭਾਅ ਦਾ ਸੀ, ਜਿਹਦੇ ਫ਼ੈਸਲੇ ਬੜੇ ਕਰਖ਼ਤ ਤਰ੍ਹਾਂ ਦੇ ਹੁੰਦੇ ਸੀ, ਇਸੇ ਵਜ੍ਹਾ ਕਰਕੇ ਸ਼ਾਇਦ ਇਹ ਫ਼ੈਸਲਾ ਇਹਨੂੰ ਦਿੱਤਾ ਗਿਆ। ਅੱਜ ਉਹਦਾ ਚਿਹਰਾ ਉੱਤਰਿਆ। ਅੱਜ ਉਹਦੇ ਚਿਹਰੇ ਦੇ ਉੱਤੇ ਉਹ ਸਖ਼ਤੀ ਨਹੀਂ ਹੈ। ਉੱਚ ਅਫ਼ਸਰ ਦੇ ਚੰਗੀ ਤਰ੍ਹਾਂ ਡਾਂਟ-ਡਪਟ ਤੋਂ ਬਾਅਦ ਜਦੋਂ ਕਰਨਲ ਨੂੰ ਪੁੱਛਿਆ ਗਿਆ ਤਾਂ ਸਾਰੀ ਗੱਲ ਖੋਲ੍ਹ ਕੇ ਉਹਦੇ ਸਾਹਮਣੇ ਰੱਖ ਦਿੱਤੀ ਗਈ। ਉੱਚ ਅਧਿਕਾਰੀ ਨੇ ਜਦੋਂ ਉਸ ਛੋਟੀ ਬੱਚੀ ਵੱਲ ਨਜ਼ਰ ਮਾਰੀ ਤਾਂ ਉਹਦਾ ਵੀ ਸਾਰਾ ਗੁੱਸਾ ਜਿੱਦਾਂ ਰਫ਼ੂ-ਚੱਕਰ ਹੋ ਗਿਆ ਹੋਵੇ।
ਇਹ ਕਮਾਲ ਦੀ ਗੱਲ ਸੀ ਕਿ ਇੱਕ ਬੱਚੀ ਨੇ ਆਪਣੇ ਪਿਓ ਦੇ ਲਈ ਮੌਤ ਚੁਣੀ ਐ। ਤੇ ਇਹ ਮੌਤ ਦੀ ਚੋਣ ਦੇ ਲਈ ਹੋਰ ਕੋਈ ਜ਼ਿੰਮੇਵਾਰ ਨਹੀਂ, ਫ਼ੌਜ ਦੇ ਉੱਚ ਅਧਿਕਾਰੀ ਖ਼ੁਦ ਜ਼ਿੰਮੇਵਾਰ ਨੇ। ਉਹਨਾਂ ਨੇ ਖ਼ੁਦ ਬੱਚੀ ਨੂੰ ਇਸ ਖੇਡ ਦੇ ਵਿੱਚ ਸ਼ਾਮਲ ਕਰ ਲਿਆ। ਇਹ ਸਭ ਸੁਣ ਕੇ ਉੱਚ ਅਧਿਕਾਰੀ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਖਿਸਕ ਗਈ ਹੋਵੇ। ਉਹ ਮਾਸੂਮ, ਉਹ ਬੱਚੀ ਦਾ ਮਾਸੂਮ ਜਿਹਾ ਚਿਹਰਾ, ਉੱਧਰ ਜਦੋਂ ਉਹਦੇ ਪਿਓ ਵੱਲ ਝਾਤੀ ਮਾਰਦਾ ਤਾਂ ਸ਼ਾਇਦ ਉਹਨੂੰ ਮੌਤ ਦੀ ਜ਼ਰਾ ਭਰ ਵੀ ਸ਼ਿਕਨ ਨਹੀਂ ਸੀ। ਉਹਨੂੰ ਪਤਾ ਸੀ ਕਾਫ਼ੀ ਦਿਨਾਂ ਤੋਂ ਕਿ ਉਹਦੇ ਲਈ ਮੌਤ ਤੈਅ ਹੈ। ਪਰ ਹੁਣ, ਹੁਣ ਉਹਨੂੰ ਇੱਕ ਅਜੀਬ ਜਿਹੀ ਦੁਚਿੱਤੀ ਸੀ। ਹੁਣ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਰੰਗਤ ਸੀ, ਇੱਕ ਅਜੀਬ ਜਿਹੇ ਭਾਵ ਸੀ—ਇਸ ਗੱਲ ਦੇ ਕਿ ਕੱਲ੍ਹ ਨੂੰ ਮੇਰੀ ਬੱਚੀ ਵੱਡੀ ਹੋਊਗੀ, ਉਹਦੇ ਮਨ ਦੇ ਵਿੱਚ ਕੀ ਆਊ? ਕਿ ਆਪਣੇ ਪਿਤਾ ਦੀ ਮੌਤ ਉਹਨੇ ਆਪਣੇ ਹੱਥੀਂ ਚੁਣੀ ਸੀ? ਕੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧ ਪਾਊਗੀ?
ਉਹਨੂੰ ਇਸ ਤੋਂ ਪਹਿਲਾਂ ਤੱਕ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਕੋਈ ਕਿਸੇ ਕਿਸਮ ਦਾ ਗਿਲਾ ਨਹੀਂ ਸੀ। ਜੋ ਫ਼ੌਜ ਦੇ ਵਿੱਚ ਅਨੁਸ਼ਾਸਨ ਰੱਖਿਆ ਜਾਂਦਾ ਜਾਂ ਜਿਹੜੀ ਉਹਨਾਂ ਨੇ ਗ਼ਲਤੀ ਕੀਤੀ ਸੀ, ਉਹਨਾਂ ਨੂੰ ਪਤਾ ਸੀ ਕਿ ਸਾਨੂੰ ਇੱਦਾਂ ਦੀ ਕੁਝ ਸਜ਼ਾ ਮਿਲਣੀ ਐ। ਪਰ ਹੁਣ ਉਹਦੇ ਮਨ ਦੇ ਵਿੱਚ ਉੱਚ ਅਧਿਕਾਰੀਆਂ ਦੇ ਪ੍ਰਤੀ ਨਫ਼ਰਤ ਸੀ। ਮੌਤ ਦੀ ਸਜ਼ਾ ਦੇਣੀ ਸੀ, ਮਾਰਨਾ ਸੀ ਤਾਂ ਉੱਦਾਂ ਮਾਰ ਦਿੰਦੇ, ਪਰ ਮੇਰੀ ਬੱਚੀ ਨੂੰ ਇਸ ਸਭ ਕੁਝ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ? ਖ਼ਾਸ ਤੌਰ ਦੇ ਉੱਤੇ ਕਰਨਲ ਦੇ ਨਾਲ, ਜਿਹਦੇ ਨਾਲ ਵੈਸੇ ਹੀ ਬਹੁਤ ਪਿਆਰ ਸੀ ਇਹਦਾ। ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ-ਜੋਲ ਕਾਫ਼ੀ ਸੀ, ਆਉਣ-ਜਾਣ ਸੀ, ਸ਼ਾਇਦ ਇਸੇ ਕਰਕੇ ਬੱਚੀ ਦੇ ਨਾਲ ਵੀ ਨਜ਼ਦੀਕੀਆਂ ਸੀ। ਉੱਚ ਅਧਿਕਾਰੀ ਉਸ ਫ਼ੌਜੀ ਦੇ ਨਾਲ, ਬੱਚੀ ਦੇ ਪਿਓ ਦੇ ਨਾਲ ਨਜ਼ਰਾਂ ਨਹੀਂ ਸੀ ਮਿਲਾ ਪਾ ਰਹੇ।
ਪਹਿਲਾਂ ਤਾਂ ਉਹ ਫ਼ੌਜ ਦੇ ਉੱਚ ਅਧਿਕਾਰੀ ਸੀ। ਪਹਿਲਾਂ ਤਾਂ ਆਪਣਾ ਫ਼ਰਜ਼ ਸਮਝ ਕੇ ਫ਼ੈਸਲਾ ਕਰ ਰਹੇ ਸੀ, ਪਰ ਹੁਣ ਉਹਨਾਂ ਨੂੰ ਆਪਣੇ ਆਪ ਦੇ ਵਿੱਚੋਂ ਕਾਤਲ ਨਜ਼ਰ ਆ ਰਹੇ ਨੇ। ਹੁਣ ਕਰਨ ਤਾਂ ਕੀ ਕਰਨ? ਹੁਣ ਉਹਨਾਂ ਦੇ ਫ਼ੌਜੀ ਹੋਣ ਦੇ ਨਾਲ-ਨਾਲ ਉਹਨਾਂ ਦੇ ਅੰਦਰ ਦਾ ਇਨਸਾਨ ਵੀ ਜਾਗ ਚੁੱਕਾ ਸੀ। ਹੁਣ ਉਹ ਕਿਹੜੇ ਤਰੀਕੇ ਦੇ ਨਾਲ ਬੱਚੀ ਦੇ ਪਿਓ ਨੂੰ ਫ਼ਾਂਸੀ ਦੇਣ?
ਆਖ਼ਰਕਾਰ ਉੱਚ ਅਧਿਕਾਰੀਆਂ ਦੇ ਨਾਲ ਇੱਕ ਲੰਮੀ ਮੀਟਿੰਗ ਚੱਲੀ। ਉਸ ਮੀਟਿੰਗ ਦੇ ਵਿੱਚ ਫ਼ੈਸਲਾ ਲਿਆ ਗਿਆ ਕਿ ਇਹਨਾਂ ਤਿੰਨਾਂ ਫ਼ੌਜੀਆਂ ਨੂੰ ਬਾ-ਇੱਜ਼ਤ ਰਿਹਾਅ ਕਰ ਦਿੱਤਾ ਜਾਵੇ। ਇਸ ਕਰਕੇ ਨਹੀਂ ਕਿ ਉਹਨਾਂ ਦੀ ਕੀਤੀ ਗ਼ਲਤੀ ਛੋਟੀ ਹੋ ਗਈ, ਇਸ ਕਰਕੇ ਕਿ ਕਿਸਮਤ ਨੇ ਵਿੱਚ ਮੋੜ ਹੀ ਇੱਦਾਂ ਦਾ ਕੱਟਿਆ ਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ, ਤਾਂ ਸਾਰੀ ਦੀ ਸਾਰੀ ਗ਼ਲਤੀ ਉਹਨਾਂ ਉੱਚ ਅਧਿਕਾਰੀਆਂ ਦੀ ਮੰਨੀ ਜਾਊਗੀ। ਇਸ ਕਰਕੇ, ਕਿਉਂਕਿ ਜੇਕਰ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਉਹ ਬੱਚੀ ਸ਼ਾਇਦ ਸਾਰੀ ਉਮਰ ਆਪਣੇ ਆਪ ਨੂੰ ਮਾਫ਼ ਨਾ ਕਰ ਪਾਵੇ। ਜਾਂ ਫਿਰ ਉਹ ਉਹਨਾਂ ਅਧਿਕਾਰੀਆਂ ਨੂੰ ਮਾਫ਼ ਨਾ ਕਰ ਪਾਵੇ, ਜਿਨ੍ਹਾਂ ਨੇ ਉਹਦੇ ਹੱਥੋਂ ਉਹਦੇ ਪਿਓ ਦੇ ਲਈ ਉਹ ਮੌਤ ਵਾਲੀ ਟਿੱਕੀ ਚੁਕਾਈ।
ਇਹ ਕਹਾਣੀ ਲਿਖੀ ਸੀ ਮਾਰਕ ਟਵੇਨ (Mark Twain) ਨੇ—'ਦ ਡੈੱਥ ਡਿਸਕ' (The Death Disk)। ਮਾਰਕ ਟਵੇਨ ਦੀ ਲਿਖੀ ਇਹ ਕਹਾਣੀ ਜਿਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਅਨੁਸ਼ਾਸਨ ਆਪਣੀ ਜਗ੍ਹਾ ਠੀਕ, ਪਰ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਨੁਸ਼ਾਸਨ ਵੀ ਕੰਮ ਨਹੀਂ ਆਉਂਦਾ। ਕਈ ਵਾਰੀ ਆਪਾਂ ਡਿਸਿਪਲਿਨ-ਡਿਸਿਪਲਿਨ ਕਰਦੇ-ਕਰਦੇ ਜ਼ਿੰਦਗੀ ਦੇ ਬੜੇ ਕਈ ਅਹਿਮ ਹਿੱਸੇ ਭੁੱਲ ਜਾਨੇ ਆਂ। ਆਪਾਂ ਜ਼ਿੰਦਗੀ ਦੇ ਵਿੱਚ ਸਿਰਫ਼ ਇੱਕ ਚੀਜ਼ ਦੇ ਉੱਤੇ ਪਹਿਰਾ ਨਹੀਂ ਦੇ ਸਕਦੇ। ਸਾਨੂੰ ਆਪਣੇ ਆਸ-ਪਾਸ ਵਾਪਰ ਰਹੀਆਂ ਬਹੁਤ ਸਾਰੀਆਂ ਘਟਨਾਵਾਂ, ਮੌਜੂਦ ਬਹੁਤ ਸਾਰੇ ਲੋਕ, ਸਾਡੇ ਆਪਣੇ ਜੀਅ—ਬੱਚੇ, ਵੱਡੇ, ਯਾਰ-ਦੋਸਤ, ਰਿਸ਼ਤੇਦਾਰ—ਉਹਨਾਂ ਸਾਰਿਆਂ ਦੀਆਂ ਭਾਵਨਾਵਾਂ, ਉਹਨਾਂ ਸਾਰਿਆਂ ਦੇ ਦੁੱਖ ਤੇ ਦਰਦ, ਉਹਨਾਂ ਸਾਰਿਆਂ ਦੀ ਖ਼ੁਸ਼ੀ, ਸਭ ਕੁਝ ਨੂੰ ਧਿਆਨ ਦੇ ਵਿੱਚ ਰੱਖਣਾ ਪੈਂਦਾ। ਕਿਉਂਕਿ ਜ਼ਿੰਦਗੀ ਬਹੁਤੀ ਵਾਰ ਦੋ ਤੇ ਦੋ ਚਾਰ 'ਤੇ ਨਹੀਂ ਚੱਲਦੀ। ਬੜੀ ਵਾਰ ਜ਼ਿੰਦਗੀ ਦੀ ਇਸ ਚਾਲ ਦੇ ਵਿੱਚ ਦੋ ਤੇ ਦੋ ਪੰਜ ਨੂੰ ਠੀਕ ਠਹਿਰਾਇਆ ਜਾਂਦਾ। ਬਹੁਤ ਵਾਰੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਸਮੀਕਰਨ ਬਣਦੇ ਨੇ। ਜਦੋਂ ਆਪਾਂ ਚੱਲ ਰਹੀਆਂ ਰਵਾਇਤਾਂ ਤੋਂ ਉਲਟ ਕੁਝ ਕਰਦੇ ਹਾਂ ਤਾਂ ਫਿਰ ਲੋਕਾਂ ਨੂੰ ਪਸੰਦ ਆਉਂਦਾ।
ਜੇਕਰ ਇੱਦਾਂ ਹੀ ਅਨੁਸ਼ਾਸਨ ਦੇ ਵਿੱਚ ਸਿੱਧੇ-ਸਿੱਧੇ ਜਿਹੇ ਫ਼ੈਸਲੇ, ਸਿੱਧੀ-ਸਿੱਧੀ ਜਿਹੀ ਜ਼ਿੰਦਗੀ ਚੱਲਦੀ ਹੁੰਦੀ, ਤਾਂ ਫਿਰ ਸ਼ਾਇਦ ਉਨੀ ਸਮੱਸਿਆ ਨਾ ਆਉਂਦੀ। ਫਿਰ ਸ਼ਾਇਦ ਅਜੋਕੇ ਸਮੇਂ ਦੇ ਵਿੱਚ ਏ.ਆਈ. (AI) ਵਰਗੇ ਸੰਦ ਮਦਦ ਕਰ ਦਿੰਦੇ ਜ਼ਿੰਦਗੀ ਜਿਊਣ ਦੇ ਵਿੱਚ। ਪਰ ਇੱਦਾਂ ਹੁੰਦਾ ਨਹੀਂ। ਇਨਸਾਨੀ ਭਾਵਨਾਵਾਂ ਦਾ ਤੁਹਾਨੂੰ ਜ਼ਰੂਰ ਖ਼ਿਆਲ ਰੱਖਣਾ ਪੈਂਦਾ। ਆਸ-ਪਾਸ ਲੋਕਾਂ ਦੇ ਵਿੱਚ ਵਿਚਰਦਿਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਰੂਰ ਸਾਨੂੰ ਵੇਖਣਾ ਪੈਂਦਾ। ਸਾਨੂੰ ਵੇਖਣਾ ਪੈਂਦਾ ਕਿ ਇੱਕ ਬੰਦੇ ਦੀ, ਇੱਕ ਬੱਚੇ ਦੀ, ਇੱਕ ਇਨਸਾਨ ਦੀ ਮਾਸੂਮੀਅਤ ਦੇ ਵਿੱਚ ਕਿੰਨੀ ਕੁ ਤਾਕਤ ਹੈ। ਮਾਸੂਮੀਅਤ ਦੇ ਵਿੱਚ ਹਮੇਸ਼ਾ ਤਾਕਤ ਹੁੰਦੀ ਹੈ, ਇੱਕ ਪਵਿੱਤਰਤਾ ਹੁੰਦੀ ਹੈ।
ਪਰ ਇਹ ਦੁਨੀਆ ਜਿੱਦਾਂ-ਜਿੱਦਾਂ ਕਿਸੇ ਨੌਕਰੀ ਦੇ ਕੂੰਟੇ ਬੱਝੀ ਜਾਂਦੀ ਆ, ਕਠੋਰ ਹੋ ਜਾਂਦੀ ਆ। ਕਿਉਂਕਿ ਜਦੋਂ ਸਾਨੂੰ ਨੌਕਰੀ ਮਿਲਦੀ ਆ, ਅਹੁਦਾ ਮਿਲਦਾ ਤਾਂ ਆਪਾਂ ਤਾਕਤਵਰ ਹੋ ਜਾਨੇ ਆਂ। ਜਿੱਦਾਂ-ਜਿੱਦਾਂ ਇਨਸਾਨ ਤਾਕਤਵਰ ਹੁੰਦਾ, ਉੱਦਾਂ-ਉੱਦਾਂ ਉਹਦਾ ਦਿਲ ਪੱਥਰ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਵਿੱਚੋਂ ਭੋਲਾਪਣ ਜਾਂਦਾ ਰਹਿੰਦਾ। ਉਹ ਬਣਾਏ ਰੂਲ-ਰੈਗੂਲੇਸ਼ਨ ਦੇ ਅਨੁਸਾਰ ਚੱਲਦਾ। ਉਹ ਆਪਣੇ ਅਹੁਦੇ ਵੇਖਦਾ, ਉਹ ਆਪਣੀ ਤਰੱਕੀ ਵੇਖਦਾ, ਉਹ ਵੱਧ ਤੋਂ ਵੱਧ ਪੈਸਾ ਵੇਖਦਾ। ਸ਼ਾਇਦ ਆਪਾਂ ਸਾਰੇ ਛੋਟੇ ਜਾਂ ਫਿਰ ਕਿਸੇ ਵੱਡੇ ਰੂਪ ਦੇ ਵਿੱਚ ਇਹਨਾਂ ਹੀ ਤੰਦਾਂ ਦੇ ਨਾਲ ਆਪਾਂ ਬੱਝੇ ਆਂ। ਬੜੀ ਵਾਰ ਸਾਡੇ ਫ਼ੈਸਲੇ ਭੋਲੇਪਣ ਦੇ ਨਾਲ ਨਹੀਂ ਹੁੰਦੇ, ਮਾਸੂਮੀਅਤ ਦੇ ਨਾਲ ਨਹੀਂ ਹੁੰਦੇ, ਉਸ ਪਵਿੱਤਰਤਾ ਦੇ ਨਾਲ ਨਹੀਂ ਹੁੰਦੇ ਜਿੱਦਾਂ ਹੋਣੇ ਚਾਹੀਦੇ ਨੇ। ਬੜੀ ਵਾਰ ਆਪਾਂ ਆਪਣੀ ਨੌਕਰੀ ਦੇ ਪ੍ਰਭਾਵ ਦੇ ਵਿੱਚ ਹੁੰਨੇ ਆਂ, ਆਪਣੇ ਅਹੁਦੇ ਦੇ ਪ੍ਰਭਾਵ ਦੇ ਵਿੱਚ ਹੁੰਨੇ ਆਂ—ਉਹ ਅਹੁਦਾ ਜਿਹੜਾ ਸਾਨੂੰ ਉਸ ਅਦਾਰੇ ਨੇ ਦਿੱਤਾ, ਸਾਨੂੰ ਸਰਕਾਰ ਨੇ ਦਿੱਤਾ, ਜਾਂ ਫਿਰ ਉਸ ਹੈਸੀਅਤ ਨੇ ਜਿਹੜੀ ਆਪਾਂ ਪਰਿਵਾਰ ਦੇ ਵਿੱਚ ਹਾਸਲ ਕਰ ਚੁੱਕੇ ਹੁੰਨੇ ਆਂ। ਅਜਿਹੇ ਦੇ ਵਿੱਚ ਅਕਸਰ ਹੀ ਗੁੰਜਾਇਸ਼ ਹੁੰਦੀ ਆ ਕਿ ਆਪਾਂ ਕਈ ਗ਼ਲਤ ਫ਼ੈਸਲੇ ਲੈ ਲੈਨੇ ਆਂ।
ਪਰ ਮਾਸੂਮੀਅਤ ਕਦੀ ਗ਼ਲਤ ਫ਼ੈਸਲਾ ਨਹੀਂ ਲੈਂਦੀ। ਇਸੇ ਕਰਕੇ ਕਹਿੰਦੇ ਨੇ ਕਿ ਆਪਣੇ ਅੰਦਰ ਦੇ ਭੋਲੇਪਣ ਨੂੰ, ਆਪਣੇ ਅੰਦਰ ਦੇ ਬੱਚੇ ਨੂੰ ਕਦੀ ਮਰਨ ਨਾ ਦਿਓ। ਨਹੀਂ ਤਾਂ ਫਿਰ ਇਨਸਾਨ ਕਈ ਵਾਰੀ ਕਈ ਵਹਿਸ਼ੀ ਫ਼ੈਸਲੇ ਵੀ ਲੈ ਲੈਂਦਾ, ਜਿੱਥੇ ਕਿ ਦਇਆ ਭਾਵਨਾ ਇੱਕ ਪਾਸੇ ਰਹਿ ਜਾਂਦੀ ਹੈ, ਜਿੱਥੇ ਬੰਦੇ ਦਾ ਮਨ ਕਠੋਰ ਹੋ ਚੁੱਕਾ ਹੁੰਦਾ, ਜਿੱਥੇ ਆਪਾਂ ਅਨੁਸ਼ਾਸਨ ਦੀਆਂ ਗੱਲਾਂ ਕਰਦੇ-ਕਰਦੇ ਆਪਣੇ ਆਪ ਨੂੰ ਸੱਚਾ ਸਾਬਤ ਕਰਦੇ-ਕਰਦੇ ਵੱਡੇ ਪਾਪ ਵੀ ਕਰ ਜਾਨੇ ਆਂ। ਸਾਨੂੰ ਲੱਗਦਾ ਹੈ ਕਿ ਆਪਾਂ ਜੋ ਕਰ ਰਹੇ ਹਾਂ, ਸਾਡੇ ਫ਼ੈਸਲਿਆਂ ਦੇ ਨਾਲ ਇਨਸਾਫ਼ ਹੋ ਰਿਹਾ। ਆਪਾਂ ਇਨਸਾਫ਼ ਦੀ ਗੱਲ ਕਰ ਰਹੇ ਹਾਂ, ਪਰ ਉਸ ਇਨਸਾਫ਼ ਦੇ ਪਿੱਛੇ ਕਈ ਵਾਰੀ ਇਨਸਾਨੀਅਤ ਮਰੀ ਹੋਈ ਤੁਹਾਨੂੰ ਨਜ਼ਰ ਆਉਂਦੀ ਹੈ। ਇਨਸਾਫ਼ ਉਹ ਜਿਹਦੇ ਵਿੱਚ ਰਹਿਮ ਦੀ ਭਾਵਨਾ ਹੋਵੇ, ਜਿਹਦੇ ਵਿੱਚ ਇਨਸਾਨੀਅਤ ਦੀ ਭਾਵਨਾ ਹੋਵੇ, ਉਹ ਚਾਹੇ ਪਰਿਵਾਰਕ ਪੱਧਰ ਦੇ ਉੱਤੇ ਹੋਵੇ, ਚਾਹੇ ਸਮਾਜਿਕ ਪੱਧਰ ਦੇ ਉੱਤੇ।
ਇਹ ਤਾਂ ਫ਼ੈਸਲਾ ਬਹੁਤ ਵੱਡਾ ਸੀ, ਇਹ ਤਾਂ ਜ਼ਿੰਦਗੀ-ਮੌਤ ਦਾ ਫ਼ੈਸਲਾ। ਪਰ ਕਈ ਵਾਰ ਸਾਡੇ ਫ਼ੈਸਲੇ ਇੱਦਾਂ ਦੇ ਵੀ ਹੁੰਦੇ ਨੇ ਜਿੱਥੇ ਮੌਤ ਦੀ ਸਜ਼ਾ ਤਾਂ ਨਹੀਂ, ਪਰ ਮੌਤ ਤੋਂ ਘੱਟ ਵੀ ਕੁਝ ਨਹੀਂ ਬਚਦਾ। ਕਿਉਂਕਿ ਜਦੋਂ ਰਿਸ਼ਤੇ ਟੁੱਟਦੇ ਨੇ ਤਾਂ ਉਹ ਵੀ ਤੁਹਾਨੂੰ ਬੜਾ ਦੁੱਖ ਦੇ ਕੇ ਜਾਂਦੇ ਨੇ। ਉਹ ਵੀ ਤੁਹਾਨੂੰ ਬੜੇ ਅਣਕਿਆਸੇ ਜਿਹੇ, ਬੜੇ ਭਿਆਨਕ ਨਤੀਜੇ ਦੇ ਕੇ ਜਾਂਦੇ ਨੇ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਦੀ ਕਿਸੇ ਆਪਾਂ ਦੁਚਿੱਤੀ ਦੇ ਵਿੱਚ ਹੋਈਏ, ਕਦੀ ਵੀ ਕੋਈ ਫ਼ੈਸਲਾ ਲੈਣਾ ਹੋਵੇ ਜਿੱਥੇ ਆਪਾਂ ਨੂੰ ਵਾਰ-ਵਾਰ ਸੋਚਣਾ ਪੈ ਰਿਹਾ ਕਿ ਜੇ ਆਪਾਂ ਇੱਦਾਂ ਕਰਤਾ ਤੇ ਸਾਡੇ ਕੋਲੋਂ ਕੁਝ ਗ਼ਲਤ ਹੋ ਜਾਊਗਾ, ਆਹ ਚੀਜ਼ ਕਰਨੀ ਪਾਪ ਆ, ਤੇ ਉੱਥੇ ਫਿਰ ਸਾਨੂੰ ਬਹੁਤ ਵਾਰ ਸੋਚ ਲੈਣਾ ਚਾਹੀਦਾ। ਉੱਥੇ ਫਿਰ ਸਾਨੂੰ ਕਠੋਰ ਹੋ ਕੇ ਨਹੀਂ, ਨਰਮ ਹੋ ਕੇ ਸੋਚਣਾ ਪਊਗਾ।
ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਅੱਜ ਦੀ ਕਹਾਣੀ ਸੀ 'ਦ ਡੈੱਥ ਡਿਸਕ' (The Death Disk), ਲਿਖੀ ਸੀ ਮਾਰਕ ਟਵੇਨ ਨੇ। ਇਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜੇਕਰ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ ਚਾਹੁੰਦੇ ਹਾਂ। ਇਸੇ ਤਰ੍ਹਾਂ ਦੀਆਂ ਹੋਰ ਬਥੇਰੀਆਂ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ 'ਕਿਤਾਬ ਕਹਾਣੀ' ਚੈਨਲ ਦੇ ਨਾਲ ਵੀ ਰਾਬਤਾ ਬਣਾ ਸਕਦੇ ਹੋ। ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਹੁਣ ਤੁਹਾਨੂੰ 'ਕਿਤਾਬ ਕਹਾਣੀ' ਨਾਂ ਦਾ ਇੱਕ ਬਟਨ ਮਿਲੂਗਾ ਤੇ ਉਸ ਚੈਨਲ ਦੇ ਉੱਤੇ ਜਾ ਕੇ ਤੁਸੀਂ 24 ਘੰਟੇ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।
Frequently Asked Questions
'ਦ ਡੈੱਥ ਡਿਸਕ' (The Death Disk) ਕਹਾਣੀ ਦਾ ਮੂਲ ਲੇਖਕ ਕੌਣ ਹੈ?
ਫ਼ੌਜੀ ਅਧਿਕਾਰੀਆਂ ਨੇ ਤਿੰਨਾਂ ਵਿੱਚੋਂ ਇੱਕ ਨੂੰ ਸਜ਼ਾ ਦੇਣ ਲਈ ਕਿਹੜਾ ਤਰੀਕਾ ਚੁਣਿਆ ਸੀ?
ਬੱਚੀ ਨੇ ਆਪਣੇ ਪਿਤਾ ਨੂੰ ਲਾਲ ਮੋਹਰ ਕਿਉਂ ਦਿੱਤੀ?
ਅਖ਼ੀਰ ਵਿੱਚ ਤਿੰਨਾਂ ਫ਼ੌਜੀਆਂ ਨੂੰ ਰਿਹਾਅ ਕਿਉਂ ਕਰ ਦਿੱਤਾ ਗਿਆ?
ਰੇਡੀਓ ਹਾਂਜੀ 'ਤੇ ਅਜਿਹੀਆਂ ਹੋਰ ਕਹਾਣੀਆਂ ਕਿੱਥੇ ਸੁਣੀਆਂ ਜਾ ਸਕਦੀਆਂ ਹਨ?
What's Your Reaction?
