ਰਿਸ਼ਤਿਆਂ ਦਾ ਮੋਹ ਅਤੇ ਬਜ਼ੁਰਗਾਂ ਦਾ ਦਰਦ - Emotional Punjabi Story

ਸੁਖਮਨੀ ਸਾਹਿਬ ਦੇ ਪਾਠ ਦੌਰਾਨ ਇੱਕ ਬਜ਼ੁਰਗ ਔਰਤ ਦੀ ਆਪਣੀ ਗੁਆਚੀ ਪੋਤੀ ਲਈ ਤੜਫ਼ ਅਤੇ ਅਣਜਾਣ ਕੁੜੀ ਨਾਲ ਬਣੇ ਮੋਹ ਭਰੇ ਰਿਸ਼ਤੇ ਦੀ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੰਜਾਬੀ ਕਹਾਣੀ।

Sep 2, 2026 - 11:17
 0  0

Share -

ਰਿਸ਼ਤਿਆਂ ਦਾ ਮੋਹ ਅਤੇ ਬਜ਼ੁਰਗਾਂ ਦਾ ਦਰਦ - Emotional Punjabi Story
ਇੱਕ ਬਜ਼ੁਰਗ ਪੰਜਾਬੀ ਦਾਦੀ ਇੱਕ ਨੌਜਵਾਨ ਕੁੜੀ ਨੂੰ ਗਲਵੱਕੜੀ ਵਿੱਚ ਲੈਂਦਿਆਂ ਭਾਵੁਕ ਪਲ

ਕੱਲ੍ਹ ਦੀ ਗੱਲ, ਮੇਰੇ ਗੁਆਂਢ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ।

ਭਾਈ ਸਾਹਿਬ ਦੀ ਆਵਾਜ਼ ਹਵਾ ਦੇ ਵਿੱਚ ਇੱਕ ਇੱਕ ਅਜਬ ਜਿਹੀ ਸ਼ਾਂਤੀ ਘੋਲ ਰਹੀ ਸੀ। ਬੜੇ ਸਕੂਨ ਦੇ ਨਾਲ ਸਾਰੇ ਬੈਠੇ ਬੜੀ ਬਿਰਤੀ ਲਾ ਕੇ ਸੁਣਦੇ ਸੀ। ਕੋਈ ਬੱਚਾ ਵੀ ਨਾ ਕੁਸਕੇ, ਇੰਨੀ ਮਿਠਾਸ ਸੀ ਭਾਈ ਸਾਹਿਬ ਦੀ ਆਵਾਜ਼ ਦੇ ਵਿੱਚ। ਉਸੇ ਸੰਗਤ ਦੇ ਵਿੱਚ ਮੈਂ ਵੀ ਬੈਠੀ ਸੀ। ਬੈਠੀ ਇਸ ਗੱਲ ਤੋਂ ਬਿਲਕੁਲ ਬੇਫ਼ਿਕਰ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਨਵਾਂ ਰਿਸ਼ਤਾ ਲੈ ਕੇ ਆਊਗਾ, ਇੱਕ ਅਣਭੋਲ ਸਬਕ ਲੈ ਕੇ ਆਊਗਾ, ਜ਼ਿੰਦਗੀ ਦਾ ਇੱਕ ਵੱਡਾ ਸਬਕ।

ਤਦੇ ਮੇਰੀ ਨਜ਼ਰ ਇੱਕ ਬਜ਼ੁਰਗ ਦੇ ਉੱਤੇ ਪਈ। ਹੋਊਗੀ ਮੇਰੀ ਦਾਦੀ ਦੀ ਉਮਰ ਦੀ। ਅਚਾਨਕ ਰਸੋਈ 'ਚੋਂ ਜਦੋਂ ਮੈਂ ਕੁਝ ਲੈਣ ਦੇ ਲਈ ਉੱਠੀ ਸੀ, ਤਾਂ ਮੇਰੇ ਨਾਲ ਮੇਰੇ ਨਾਲ ਉਹਨਾਂ ਦਾ ਮੋਢਾ ਟਕਰਾ ਗਿਆ। ਉਹਨਾਂ ਨੇ ਮੇਰਾ ਚਿਹਰਾ ਧਿਆਨ ਦੇ ਨਾਲ ਵੇਖਿਆ ਤੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਫੈਲ ਗਈ। ਉਹ ਮੁਸਕਰਾਹਟ ਜਿਹੜੀ ਮੈਂ ਬਹੁਤ ਪਹਿਲਾਂ ਕਿਤੇ ਵੇਖੀ ਸੀ, ਜਿਹੜੀ ਮੈਂ ਬਹੁਤ ਪਹਿਲਾਂ ਤੋਂ ਪਛਾਣਦੀ ਸੀ।

ਖ਼ੈਰ, ਬਿਨਾਂ ਸੋਚੇ-ਸਮਝੇ ਆਪਣੇ-ਆਪ ਮੈਂ ਵੀ ਮੁਸਕਰਾ ਦਿੱਤਾ। ਸ਼ਾਇਦ ਇਹ ਸੋਚ ਕੇ ਕਿ ਕੋਈ ਜਾਣ-ਪਛਾਣ ਵਾਲਾ ਚਿਹਰਾ ਹੋਵੇਗਾ। ਵੈਸੇ ਵੀ ਤਾਂ ਇਨਸਾਨ ਇਨਸਾਨ ਨੂੰ ਜਾਣਦਾ ਹੀ ਆ। ਜ਼ਰੂਰੀ ਨਹੀਂ ਹੈ ਕਿ ਉਹਦੇ ਨਾਲ ਕੋਈ ਰਿਸ਼ਤਾ ਹੋਵੇ। ਪਰ ਅਗਲੇ ਹੀ ਪਲ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਇੱਕ ਬੇਚੈਨੀ ਜਿਹੀ ਉੱਭਰ ਆਈ।

ਕਹਿਣ ਲੱਗੇ, "ਤੂੰ ਸੀਰਤ ਏ ਨਾ?"

ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੁੱਛਿਆ।

ਮੈਂ ਕੁਝ ਦੇਰ ਦੇ ਲਈ ਤਾਂ ਚੁੱਪ ਕਰ ਗਈ। ਸ਼ਾਇਦ ਇਹਨਾਂ ਨੂੰ ਭੁਲੇਖਾ ਲੱਗਾ। ਮੇਰੇ ਵੱਲ ਵੇਖ ਕੇ ਜਿੱਦਾਂ ਉਹਨਾਂ ਦੀ ਨਜ਼ਰ ਉੱਥੇ ਹੀ ਠਹਿਰ ਗਈ ਹੋਵੇ। ਤੇ ਫਿਰ ਉਹਨਾਂ ਨੇ ਆਸ-ਪਾਸ ਰਸੋਈ 'ਚ ਖੜ੍ਹੀਆਂ ਇੱਕ-ਦੋ ਹੋਰ ਬੀਬੀਆਂ ਵੱਲ ਵੇਖਿਆ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਦੇ ਕੋਲੋਂ ਉਹ ਤਸਦੀਕ ਕਰਾ ਰਹੇ ਹੋਣ ਕਿ ਹਾਂ, ਇਹ ਭਾਵੇਂ ਨਹੀਂ ਬੋਲ ਰਹੀ, ਇਹ ਭਾਵੇਂ ਹਾਂ ਨਹੀਂ ਕਰ ਰਹੀ, ਪਰ ਹੈਗੀ ਤਾਂ ਇਹ ਸੀਰਤ ਹੀ ਆ।

ਪਰ ਇੱਧਰ ਇੱਧਰ ਮੈਂ ਨਾਂਹ ਦੇ ਵਿੱਚ ਸਿਰ ਹਿਲਾ ਦਿੱਤਾ। ਦੋ-ਤਿੰਨ ਹੋਰ ਲੋਕਾਂ ਨੇ ਹੌਲੀ ਜਿਹੀ ਆ ਕੇ ਦਾਦੀ ਦੀ ਉਮਰ ਦੀ ਉਸ ਔਰਤ ਨੂੰ ਸਮਝਾਇਆ, "ਨਹੀਂ ਮਾਤਾ ਜੀ, ਇਹ ਉਹ ਨਹੀਂ ਆ।" ਸ਼ਾਇਦ ਉਹ ਜਾਣਦੇ ਸੀ ਕਿ ਉਹ ਕਿਹਨੂੰ ਲੱਭ ਰਹੀ ਆ।

ਉਹਨਾਂ ਨੇ ਉਹਨਾਂ ਨੇ ਆ ਕੇ ਸ਼ਾਇਦ ਦਾਦੀ ਦੇ ਕੰਨ ਦੇ ਵਿੱਚ ਵੀ ਕੁਝ ਕਿਹਾ। ਪਰ ਉਹਨਾਂ ਨੇ ਉਹਦੀ ਕੋਈ ਪਰਵਾਹ ਨਹੀਂ ਮੰਨੀ ਤੇ ਫਿਰ ਦੁਬਾਰਾ ਸਵਾਲ ਦੁਹਰਾਇਆ। ਮੇਰੇ ਵੱਲ ਵੇਖਦਿਆਂ ਫਿਰ ਕਹਿਣ ਲੱਗੇ, "ਤੂੰ ਸੀਰਤ ਹੀ ਏਂ ਨਾ?" ਜਿਵੇਂ ਉਹਨਾਂ ਦਾ ਮਨ ਸਿਰਫ਼ ਸਿਰਫ਼ ਹਾਂ ਸੁਣਨ ਲਈ ਤਰਸ ਰਿਹਾ ਹੋਵੇ।

ਤੇ ਫਿਰ ਉਹ ਹੌਲੀ-ਹੌਲੀ ਹੌਲੀ-ਹੌਲੀ ਆਪਣੀ ਥਾਂ ਤੋਂ ਉੱਠੇ। ਫਿਰ ਦੁਬਾਰਾ ਉੱਠ ਕੇ ਮੇਰੇ ਵੱਲ ਨੂੰ ਵਧੇ। ਸ਼ਾਇਦ ਇਸ ਥੋੜ੍ਹੇ ਜਿਹੇ ਸਮੇਂ ਦੇ ਦਰਮਿਆਨ ਉਹਨਾਂ ਨੇ ਪਤਾ ਨਹੀਂ ਹੋਰ ਕੀ-ਕੀ ਮਨ ਦੇ ਵਿੱਚ ਸੋਚਿਆ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਮੈਨੂੰ ਵਾਰ-ਵਾਰ ਮਨ੍ਹਾ ਤਾਂ ਕਰ ਰਹੀ ਆ, ਪਰ ਹੈਗੀ ਇਹ ਉਹੀ ਆ।

ਪਰ ਇਸ ਵਾਰੀ ਉਹਨਾਂ ਨੇ ਪਾਠ ਦੀ ਸਮਾਪਤੀ ਦੇ ਉੱਤੇ ਜਦੋਂ ਮੇਰੇ ਕੋਲ ਆਏ, ਤਾਂ ਮੂੰਹੋਂ ਕੁਝ ਨਹੀਂ ਬੋਲੇ। ਉਹਨਾਂ ਨੇ ਸਿਰਫ਼ ਮੇਰੇ ਸਾਹਮਣੇ ਖੜ੍ਹ ਕੇ ਆਪਣੀਆਂ ਬਾਹਵਾਂ ਖੋਲ੍ਹ ਦਿੱਤੀਆਂ। ਉਹ ਮੈਨੂੰ ਜੱਫੀ ਪਾਉਣ ਦੇ ਲਈ ਇਸ਼ਾਰਾ ਕਰ ਰਹੇ ਸੀ। ਪਰ ਹੁਣ ਮੈਂ ਮਨ੍ਹਾ ਕਿੱਦਾਂ ਕਰ ਸਕਦੀ ਸੀ? ਉਹਨਾਂ ਨੇ ਇੰਨੇ ਪਿਆਰ ਦੇ ਨਾਲ, ਇੰਨੇ ਆਪਣੇਪਣ ਦੇ ਨਾਲ ਜੱਫੀ ਜੋ ਮੰਗੀ। ਇਹੋ ਜਿਹਾ ਮੋਹ, ਇਹੋ ਜਿਹਾ ਤੇਹ ਭਲਾ ਕਿਹਨੂੰ ਨਹੀਂ ਚਾਹੀਦਾ?

ਉਹਨਾਂ ਦੀਆਂ ਅੱਖਾਂ ਦੇ ਵਿੱਚ ਇੰਨਾ ਮੋਹ ਸੀ ਕਿ ਮੈਂ ਆਪਣੇ-ਆਪ ਨੂੰ ਰੋਕ ਹੀ ਨਾ ਸਕੀ। ਮੈਂ ਵੀ ਅੱਗੋਂ ਘੁੱਟ ਕੇ ਜੱਫੀ ਪਾਈ। ਮਾਂ ਵਰਗਾ, ਦਾਦੀ ਵਰਗਾ ਨਿੱਘ ਮਹਿਸੂਸ ਹੋਇਆ। ਜੀਅ ਕਰੇ ਮੈਂ ਕਹਿ ਦੇਵਾਂ, "ਹਾਂ, ਹਾਂ ਦਾਦੀ, ਮੈਂ ਸੀਰਤ ਹੀ ਆਂ।" ਇੱਕ ਉਸ ਉਸ ਔਰਤ ਦੇ ਨਾਲ ਜਿਹਨੂੰ ਮੈਂ ਪਹਿਲੀ ਵਾਰ ਮਿਲੀ ਸੀ, ਪਤਾ ਨਹੀਂ ਕਿਉਂ ਇੰਨਾ ਨਿੱਘ ਮਹਿਸੂਸ ਹੋਵੇ। ਦਿਲ ਨਹੀਂ ਸੀ ਕਰਦਾ ਕਿ ਮੈਂ ਉਹਦੇ ਤੋਂ ਵੱਖ ਹੋਵਾਂ।

ਪਰ ਫਿਰ ਮੈਂ ਮਹਿਸੂਸ ਕੀਤਾ ਜਿੱਦਾਂ ਜਿੱਦਾਂ ਮੋਢੇ ਦੇ ਉੱਤੇ ਮੋਢੇ ਦੇ ਉੱਤੇ ਉਹਨਾਂ ਦਾ ਅੱਥਰੂ ਡਿੱਗਿਆ ਹੋਵੇ। ਮੈਂ ਵੇਖਿਆ ਉਹ ਤਾਂ ਵਾਕਈ ਰੋ ਰਹੇ ਸੀ। ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਪਰ ਉਹ ਚਾਹੁੰਦੇ ਨਹੀਂ ਸੀ ਕਿ ਮੈਂ ਜੱਫੀ ਛੱਡਾਂ। ਤੇ ਨਾ ਹੀ ਫਿਰ ਮੈਂ ਛੱਡ ਸਕੀ।

ਕੁਝ ਦੇਰ ਇੱਦਾਂ ਹੀ ਚੱਲਦਾ ਰਿਹਾ। ਮੇਰੇ ਮੋਢੇ ਦੇ ਉੱਤੇ ਤ੍ਰਿਪ-ਤ੍ਰਿਪ ਅੱਥਰੂ ਡਿੱਗਦੇ ਰਹੇ। ਸ਼ਾਇਦ ਉਹਨਾਂ ਦੇ ਅੱਥਰੂਆਂ ਨੇ ਮੈਨੂੰ ਵੀ ਇਮੋਸ਼ਨਲ ਕਰ ਦਿੱਤਾ। ਉਸ ਪਲ ਮੈਨੂੰ ਲੱਗਿਆ ਜਿਵੇਂ ਜਿਵੇਂ ਸਮਾਂ ਥੰਮ੍ਹ ਗਿਆ ਹੋਵੇ। ਕੁਝ ਪਲ ਦੇ ਲਈ ਤਾਂ ਜਿੱਦਾਂ ਬੇਹੋਸ਼ੀ ਦਾ ਆਲਮ ਸੀ। ਮੈਂ ਵੀ ਮਹਿਸੂਸ ਨਹੀਂ ਕਰ ਪਾਈ ਕਿ ਆਸ-ਪਾਸ ਕਿੰਨੇ ਸਾਰੇ ਲੋਕ ਨੇ। ਉਹਨਾਂ ਨੇ ਵੀ ਇਸ ਚੀਜ਼ ਦੀ ਪਰਵਾਹ ਨਹੀਂ ਮੰਨੀ ਕਿ ਪਾਠ ਦੇ ਉੱਤੇ ਹੋਰ ਵੀ ਬਹੁਤ ਸਾਰੇ ਲੋਕ ਆਏ ਨੇ।

ਮੈਂ ਸੋਚਿਆ ਜੇ ਅੱਜ ਅੱਜ ਨਵੇਂ ਸਾਲ ਦੇ ਇਸ ਦਿਨ ਕੋਈ ਮੇਰੇ ਵਿੱਚੋਂ ਆਪਣੇ ਗੁਆਚੇ ਨੂੰ ਲੱਭ ਹੀ ਰਿਹਾ ਆ ਜਾਂ ਉਹਨੂੰ ਕੋਈ ਅਜ਼ੀਜ਼ ਆਪਣਾ ਲੱਭ ਹੀ ਗਿਆ, ਤਾਂ ਇਸ ਤੋਂ ਪਵਿੱਤਰ ਹੋਰ ਕੀ ਹੋ ਸਕਦਾ। ਮੈਂ ਚਾਹ ਕੇ ਵੀ ਜੱਫੀ ਢਿੱਲੀ ਨਾ ਕਰ ਪਾਈ।

ਉਹਨਾਂ ਦਾ ਮੋਹ ਆਪਣੇ ਕਿਸੇ ਵਿਛੜੇ ਦੇ ਲਈ ਸਾਫ਼ ਝਲਕ ਰਿਹਾ ਸੀ। ਕੁਝ ਪਲਾਂ ਦੇ ਮਗਰੋਂ ਉਹਨਾਂ ਨੇ ਫਿਰ ਉਹੀ ਨਾਂ ਲਿਆ। ਉਸ ਗੁਆਚੇ ਚਿਹਰੇ ਦਾ ਨਾਂ ਫਿਰ ਵਾਰ-ਵਾਰ ਉਹਨਾਂ ਦੀ ਜ਼ੁਬਾਨ ਦੇ ਉੱਤੇ ਆ ਰਿਹਾ ਸੀ। ਉਹਨਾਂ ਨੂੰ ਮੇਰੇ ਵਿੱਚੋਂ ਉਹ ਦਿਖਦਾ ਸੀ।

ਪਰ ਇਸ ਵਾਰ ਮੈਂ ਹੌਲੀ ਜਿਹੀ ਕਿਹਾ, "ਮਾਤਾ ਜੀ, ਮੈਂ ਸੀਰਤ ਨਹੀਂ ਆਂ। ਪਰ ਮੈਂ ਤੁਹਾਡੇ ਲਾਗੇ ਹੀ ਰਹਿੰਦੀ ਆਂ। ਤੁਹਾਡਾ ਜਦੋਂ ਦਿਲ ਕਰੇ, ਮੈਂ ਤੁਹਾਨੂੰ ਮਿਲਣ ਆ ਸਕਦੀ ਆਂ। ਤੁਹਾਡਾ ਜਦੋਂ ਦਿਲ ਕਰੇ, ਤੁਸੀਂ ਮੈਨੂੰ ਮਿਲਣ ਆ ਸਕਦੇ ਓ। ਮੈਨੂੰ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ।"

ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਪਲ ਦੇ ਲਈ ਜਿੱਦਾਂ ਹੋਸ਼ ਪਰਤ ਆਈ ਹੋਵੇ। ਲਾਗੇ-ਬੰਨੇ ਵੇਖ ਕੇ ਜਦੋਂ ਉਹਨਾਂ ਨੇ ਇਹ ਅਹਿਸਾਸ ਕੀਤਾ ਕਿ ਇੱਥੇ ਤਾਂ ਬਹੁਤ ਸਾਰੇ ਲੋਕ ਨੇ, ਜਿਵੇਂ ਉਹ ਕਿਸੇ ਸੁਪਨੇ ਦੇ ਵਿੱਚੋਂ ਜਾਗੇ ਹੋਣ। ਅੱਖਾਂ ਪੂੰਝਦੇ ਕਹਿਣ ਲੱਗੇ, "ਅੱਛਾ ਪੁੱਤ।" ਉਹਨਾਂ ਨੇ ਗਲਵੱਕੜੀ ਢਿੱਲੀ ਪਾ ਦਿੱਤੀ। ਪਰ ਉਹ ਉਦਾਸੀ, ਉਹ ਖ਼ਾਲੀਪਣ, ਉਹ ਸਭ ਕੁਝ ਉਹਨਾਂ ਦੇ ਚਿਹਰੇ ਦੇ ਉੱਤੇ ਸਾਫ਼ ਝਲਕ ਰਿਹਾ ਸੀ।

ਮੈਂ ਹੌਲੀ ਜਿਹੀ ਹੌਂਸਲਾ ਕਰਕੇ ਪੁੱਛਿਆ, "ਵੈਸੇ ਮਾਤਾ ਜੀ, ਸੀਰਤ ਹੈ ਕੌਣ?"

ਇੱਕ ਵਾਰੀ ਫਿਰ ਤੋਂ ਉਹਨਾਂ ਦੀਆਂ ਅੱਖਾਂ ਭਰ ਆਈਆਂ। ਰੁਮਾਲ ਦੇ ਨਾਲ ਅੱਖਾਂ ਪੂੰਝਦਿਆਂ ਕਹਿਣ ਲੱਗੇ, "ਮੇਰੀ ਪੋਤੀ।"

ਆਵਾਜ਼ ਦੇ ਵਿੱਚ ਇੱਕ ਅਜੀਬ ਜਿਹਾ ਦਰਦ। ਮੈਂ ਉਹਨਾਂ ਨੂੰ ਹੋਰ ਘੁੱਟ ਕੇ ਫੜਿਆ, "ਕੋਈ ਨਾ, ਮੈਂ ਵੀ ਤਾਂ ਤੁਹਾਡੀ ਪੋਤੀ ਵਰਗੀ ਆਂ। ਆਹ ਵੇਖੋ, ਮੈਂ ਵੀ ਉਸੇ ਦੀ ਉਮਰ ਦੀ ਆਂ।"

ਇਹ ਸੁਣ ਕੇ ਉਹਨਾਂ ਦੇ ਅੱਥਰੂ ਜਿੱਦਾਂ ਇੱਕ ਵਾਰੀ ਫਿਰ ਤੋਂ ਤ੍ਰਿਪ-ਤ੍ਰਿਪ ਚਿਹਰੇ ਦੇ ਉੱਤੋਂ ਦੀ ਥੱਲੇ ਨੂੰ ਵਗਣ ਲੱਗ ਪਏ। ਪਰ ਇਹਨਾਂ ਅੱਥਰੂਆਂ ਦੇ ਵਿੱਚ ਇਸ ਵਾਰੀ ਹਲਕੀ ਜਿਹੀ ਮੁਸਕਰਾਹਟ ਵੀ ਸੀ। ਕਹਿਣ ਲੱਗੇ, "ਬਿਲਕੁਲ ਪੁੱਤਰ ਜੀ, ਇਸੇ ਲਈ ਤਾਂ ਮੈਂ ਤੁਹਾਨੂੰ ਬੁਲਾਇਆ।"

ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਸੁਲਗ ਰਿਹਾ ਸੀ। ਆਖ਼ਰ ਮੈਂ ਪੁੱਛ ਹੀ ਲਿਆ, "ਮਾਤਾ ਜੀ, ਹੁਣ ਕਿੱਥੇ ਆ ਤੁਹਾਡੀ ਸੀਰਤ?"

ਕਹਿਣ ਲੱਗੇ, "ਪਤਾ ਨਹੀਂ ਕਿੱਥੇ ਆ। ਮੈਨੂੰ ਤਾਂ ਇੰਨਾ ਪਤਾ ਲੱਗਾ ਸੀ ਕਿ ਉਹਨੇ ਉਹਨੇ ਆਪ ਵਿਆਹ ਕਰਾ ਲਿਆ। ਪਤਾ ਨਹੀਂ ਵਿਆਹ ਕਰਾ ਕੇ ਉਸ ਤੋਂ ਬਾਅਦ ਉਹ ਕਿੱਥੇ ਚਲੇ ਗਈ, ਕਿਉਂ ਨਹੀਂ ਮੈਨੂੰ ਮਿਲਣ ਆਈ। ਪਤਾ ਨਹੀਂ ਆਪਣੇ ਪਿਓ ਕੋਲੋਂ ਡਰਦੀ ਆ ਜਾਂ ਉਹਦਾ ਨਵੇਂ ਰਿਸ਼ਤੇ ਕਰਕੇ ਮੇਰੇ ਤੋਂ ਵੀ ਮੋਹ ਟੁੱਟ ਗਿਆ।"

ਇਹ ਸੁਣ ਕੇ ਉਹਨਾਂ ਤੋਂ ਉਹਨਾਂ ਤੋਂ ਕਿਤੇ ਵੱਧ ਹੰਝੂ ਹੁਣ ਮੇਰੀਆਂ ਅੱਖਾਂ 'ਚੋਂ ਵਗ ਤੁਰੇ। ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਕਿੰਨੇ ਖ਼ੁਦਗ਼ਰਜ਼ ਹੋ ਜਾਂਦੇ ਨੇ ਲੋਕ। ਨਵੇਂ ਰਿਸ਼ਤੇ ਲੱਭ ਕੇ ਕੀ ਪੁਰਾਣੇ ਰਿਸ਼ਤੇ ਭੁੱਲ ਜਾਣੇ ਚਾਹੀਦੇ ਨੇ? ਕੁਝ ਪਲਾਂ ਦੀ ਤਲਾਸ਼ ਦੇ ਵਿੱਚ, ਕਿਸੇ ਨਵੇਂ ਪਿਆਰ ਦੀ ਤਲਾਸ਼ ਦੇ ਵਿੱਚ ਆਪਾਂ ਇੱਦਾਂ ਕਿੱਦਾਂ ਮੋਹ ਭਰੇ ਰਿਸ਼ਤੇ ਪਿੱਛੇ ਛੱਡ ਸਕਦੇ ਆਂ? ਉਹ ਰਿਸ਼ਤੇ ਜਿਹਨਾਂ ਨੇ ਤੁਹਾਨੂੰ ਗੋਦ ਦੇ ਵਿੱਚ ਖਿਡਾਇਆ, ਤੁਹਾਨੂੰ ਵੱਡਾ ਕੀਤਾ। ਪਿੱਛੇ ਰਹਿ ਜਾਂਦੀਆਂ ਨੇ ਇੱਦਾਂ ਦੀਆਂ ਬਿਰਧ ਅੱਖਾਂ ਜੋ ਹਰ ਭੀੜ ਦੇ ਵਿੱਚ, ਹਰ ਗਲੀ ਦੇ ਵਿੱਚ, ਹਰ ਅਜਨਬੀ ਚਿਹਰੇ ਦੇ ਵਿੱਚ ਆਪਣਾ ਗੁਆਚਿਆ ਜੀਅ ਟੋਲਦੇ ਫਿਰਦੇ ਨੇ। ਹੌਕੇ ਭਰਦੇ ਨੇ, ਉਡੀਕਦੇ ਨੇ। ਕਦੇ-ਕਦੇ ਕਿਸੇ ਓਪਰੀ ਕੁੜੀ ਨੂੰ ਵੀ ਆਪਣੀ ਪੋਤੀ ਸਮਝ ਕੇ ਗਲ਼ ਲਾ ਲੈਂਦੇ ਨੇ, ਸਿਰਫ਼ ਉਸ ਖ਼ਾਲੀਪਣ ਨੂੰ ਥੋੜ੍ਹਾ ਭਰਨ ਦੇ ਲਈ।

ਪਿਆਰ, ਵਿਆਹ ਇਹ ਗ਼ਲਤ ਤਾਂ ਨਹੀਂ ਸ਼ਾਇਦ। ਭਾਵੇਂ ਇਸ ਦੇ ਲਈ ਥੋੜ੍ਹਾ ਸਮਾਂ ਹੋਰ ਲੈ ਲਿਆ ਜਾਵੇ, ਭਾਵੇਂ ਇਸ ਦੇ ਲਈ ਥੋੜ੍ਹੀ ਹੋਰ ਲੜਾਈ ਲੜਨੀ ਪਵੇ, ਪਰ ਕੋਈ ਸਹੀ ਰਾਹ ਲੱਭਣਾ ਬੜਾ ਜ਼ਰੂਰੀ ਆ। ਉਹ ਰਾਹ ਜਿਸ ਦੇ ਵਿੱਚ ਕਿਸੇ ਦਾ ਦਿਲ ਨਾ ਟੁੱਟੇ, ਕਿਸੇ ਦੀਆਂ ਅੱਖਾਂ ਉਡੀਕ ਦੇ ਵਿੱਚ ਨਮ ਨਾ ਹੋਣ।

ਲੰਗਰ ਛਕਦਿਆਂ, ਚਾਹ ਪੀਂਦਿਆਂ ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਵਿਚਾਰਾਂ ਮਨ ਦੇ ਵਿੱਚ ਚੱਲੀ ਜਾਂਦੀਆਂ ਸੀ। ਮੈਂ ਇੱਦਾਂ ਕਰਾਂ ਤੇ ਇੱਦਾਂ ਹੋ ਜਾਏ, ਮੈਂ ਇੱਦਾਂ ਕਰਾਂ ਤੇ ਇਹਦੀ ਸੀਰਤ ਮਿਲ ਜਾਏ। ਮੈਂ ਇੱਦਾਂ ਕਰਾਂ ਤਾਂ ਸੀਰਤ ਨੂੰ ਉਹਦੀ ਦਾਦੀ ਮਿਲ ਜਾਏ। ਮੈਂ ਇੱਦਾਂ ਕਰਾਂ ਤੇ ਉਹ ਸੀਰਤ ਮੈਨੂੰ ਮਿਲੇ, ਉਹਨੂੰ ਮੈਂ ਸਮਝਾਵਾਂ, ਉਹਨੂੰ ਮੈਂ ਪੁੱਛਾਂ ਉਹਦੀ ਕੀ ਮਜਬੂਰੀ ਆ, ਉਹ ਵੀ ਜਾਨਣ ਦੀ ਕੋਸ਼ਿਸ਼ ਕਰਾਂ। ਪਤਾ ਨਹੀਂ ਕਿੰਨੇ ਕੁ ਮਨ ਦੇ ਵਿੱਚ ਵਿਚਾਰ ਚੱਲੀ ਜਾਣ।

ਪਰ ਕਿਤੇ ਨਾ ਕਿਤੇ ਇੱਕ ਇੱਕ ਨਿੱਕਾ ਜਿਹਾ ਵਿਚਾਰ ਹੋਰ ਤੰਗ ਕਰਦਾ ਸੀ—ਇਹੋ ਜਿਹੀ ਦਾਦੀ ਕਿਤੇ ਸੀਰਤ ਮਿਲਣ ਦੇ ਉੱਤੇ ਮੈਂ ਨਾ ਖੋਹ ਦੇਵਾਂ। ਇੰਨਾ ਨਿੱਘ, ਇੰਨਾ ਪਿਆਰ! ਮਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਵਿਚਾਰ ਆਈ ਜਾਂਦੇ ਨੇ।

ਅਖ਼ੀਰ ਅੱਧ-ਪਚੱਧੇ ਲੋਕ ਜਾ ਚੁੱਕੇ ਸੀ ਪ੍ਰੋਗਰਾਮ 'ਚੋਂ। ਮੇਰਾ ਫਿਰ ਦਿਲ ਕੀਤਾ, ਮੈਂ ਜਾ ਮਾਤਾ ਜੀ ਦਾ ਫਿਰ ਹੱਥ ਫੜਿਆ, "ਕੋਈ ਨਾ ਮਾਤਾ ਜੀ, ਜਦੋਂ ਵੀ ਤੁਹਾਡਾ ਮਨ ਕਰੇ, ਤੁਸੀਂ ਆ ਜਾਇਆ ਕਰੋ। ਤੁਸੀਂ ਆਓਗੇ ਮੈਨੂੰ ਵਧੀਆ ਲੱਗੂਗਾ, ਮੈਨੂੰ ਬੁਲਾਓਗੇ ਮੈਨੂੰ ਹੋਰ ਵਧੀਆ ਲੱਗੂਗਾ। ਜਦੋਂ ਵੀ ਕਹੋਗੇ, ਮੈਂ ਸਾਰੇ ਕੰਮ ਛੱਡ ਕੇ ਆਊਂਗੀ।"

ਉਹਨਾਂ ਨੇ ਉਹਨਾਂ ਨੇ ਆਪਣਾ ਉਹ ਪਿਆਰ ਭਰਿਆ ਹੱਥ ਮੇਰੇ ਸਿਰ ਦੇ ਉੱਤੇ ਧਰਿਆ। ਕਹਿਣ ਲੱਗੇ, "ਜ਼ਰੂਰ ਪੁੱਤਰ।" ਹੁਣ ਜਿੱਦਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਸਕੂਨ ਸੀ।

ਮੈਂ ਘਰ ਵਾਪਸ ਪਰਤ ਰਹੀ ਸੀ, ਪਰ ਉਸ ਮਿਲਣੀ ਨੂੰ ਭੁੱਲ ਨਹੀਂ ਸੀ ਪਾ ਰਹੀ। ਉਸ ਮਿਲਣੀ ਦਾ ਅਹਿਸਾਸ ਪਤਾ ਨਹੀਂ ਕਿੰਨੇ ਦਿਨ ਮੇਰੇ ਨਾਲ ਰਿਹਾ ਜਾਂ ਫਿਰ ਅੱਜ ਵੀ ਇੱਕ ਯਾਦ ਦੇ ਵਾਂਗ, ਇੱਕ ਸਬਕ ਦੇ ਵਾਂਗ ਜੋ ਸ਼ਾਇਦ ਆਖ਼ਰੀ ਸਾਹ ਤੱਕ ਮੇਰੇ ਨਾਲ ਰਵੇ।

ਇਹ ਕਹਾਣੀ ਸਾਡੇ ਤੱਕ ਭੇਜੀ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਲਿਖਣ ਵਾਲਿਆਂ ਦਾ ਨਾਂ ਅਗਿਆਤ ਹੈ। ਪਰ ਇਹ ਮੋਹ ਭਿੱਜੀ ਕਹਾਣੀ ਸਾਨੂੰ ਸਾਡੇ ਬਦਲ ਰਹੇ ਯੁੱਗ ਸਮੇਂ ਦੇ ਵਿੱਚ ਰਿਸ਼ਤਿਆਂ ਜਾਂ ਫਿਰ ਕੁਝ ਨਵੇਂ ਰਿਸ਼ਤਿਆਂ ਦੀ ਖ਼ਾਤਰ ਪੁਰਾਣਿਆਂ ਦੇ ਨਾਲ ਜੁੜੇ ਜੋ ਆਪਾਂ ਫ਼ੈਸਲੇ ਲੈਂਦੇ ਆਂ, ਉਸ ਪਾਸੇ ਨੂੰ ਧਿਆਨ ਦਵਾਉਂਦੀ ਹੈ। ਬੜੇ ਸਾਰੇ ਸਵਾਲ ਛੱਡਦੀ ਹੈ ਕਿ ਨਵੇਂ ਮਿਲੇ ਪਿਆਰ ਦੀ ਖ਼ਾਤਰ ਪੁਰਾਣੇ ਪਿਆਰ ਨੂੰ ਬੰਦਾ ਭੁੱਲ ਸਕਦਾ?

ਰਿਸ਼ਤਿਆਂ ਦੀ ਅਸਲੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਜਦੋਂ ਉਹ ਸਾਥੋਂ ਦੂਰ ਹੋ ਜਾਂਦੇ ਨੇ। ਹੋ ਸਕਦਾ ਕਿਸੇ ਵੇਲੇ ਤੁਹਾਡੇ ਆਪਣੇ ਇੱਦਾਂ ਦਾ ਡਰ ਪਾਉਣ ਦੀ ਕੋਸ਼ਿਸ਼ ਵੀ ਕਰਨ ਕਿ ਫਿਰ ਇਸ ਤੋਂ ਬਾਅਦ ਸਾਡੇ ਮੱਥੇ ਨਾ ਲੱਗੀਂ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਦਾ ਮਤਲਬ ਇਹੋ ਹੀ ਹੋਊਗਾ ਜੋ ਜ਼ੁਬਾਨੋਂ ਕਹਿ ਰਹੇ ਨੇ। ਇਹੋ ਜਿਹੇ ਕੰਮਾਂ ਦੇ ਵਿੱਚ ਇੰਨਾ ਵੀ ਆਗਿਆਕਾਰ ਨਹੀਂ ਹੋਣਾ ਚਾਹੀਦਾ।

ਵਿਆਹ ਤੋਂ ਬਾਅਦ ਹਰ ਕੋਈ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦਾ। ਹਰ ਕੋਈ ਬਹੁਤ ਜ਼ਿਆਦਾ ਰੁੱਝ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ। ਪਰ ਨਾ ਤਾਂ ਇੱਧਰੋਂ ਰਿਸ਼ਤੇ ਟੁੱਟਦੇ ਨੇ, ਨਾ ਉੱਧਰੋਂ ਮੋਹ ਟੁੱਟਦਾ। ਦੋਹਾਂ ਪਾਸਿਓਂ ਖਿੱਚ ਬਰਾਬਰ ਦੀ ਹੁੰਦੀ ਆ। ਸਮਾਂ ਪਾ ਕੇ ਸਮੇਂ ਦਰ ਸਮੇਂ ਸਾਨੂੰ ਫਿਰ ਦੁਬਾਰਾ ਤੋਂ ਰਿਸ਼ਤੇ ਗੰਢਣ ਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਇਹ ਨਹੀਂ ਕਿ ਉਹਨਾਂ ਨੇ ਆਹ ਕਹਿ ਕੇ ਤੋਰਿਆ ਸੀ ਹੁਣ ਮੈਂ ਉੱਥੇ ਪੈਰ ਹੀ ਨਹੀਂ ਪਾਉਣਾ, ਇਹ ਨਹੀਂ ਕਿ ਉਹ ਆਹ ਕਹਿ ਕੇ ਘਰੋਂ ਚਲੀ ਗਈ ਸੀ ਹੁਣ ਆਪਾਂ ਉਹਨੂੰ ਘਰ ਵੜਨ ਹੀ ਨਹੀਂ ਦੇਣਾ—ਚਾਹੇ ਧੀ ਹੋਵੇ, ਚਾਹੇ ਪੁੱਤ।

ਦੁਨੀਆ ਦੇ ਵਿੱਚ ਅਨੇਕਾਂ ਹੀ ਅਜਨਬੀ ਚਿਹਰੇ ਮਿਲਦੇ ਨੇ। ਉਹਨਾਂ ਦੇ ਵਿੱਚੋਂ ਸਾਨੂੰ ਮੋਹ ਦਿਖਦਾ, ਪਿਆਰ ਦਿਖਦਾ। ਉਹ ਪਿਆਰੇ ਲੱਗਦੇ ਨੇ। ਉਹਨਾਂ ਦੇ ਨਾਲ ਆਪਾਂ ਨਾਤਾ ਹੋਰ ਗੂੜ੍ਹਾ ਕਰ ਲੈਂਦੇ ਆਂ। ਪਰ ਉਹਦੇ ਲਈ ਆਪਾਂ ਪੁਰਾਣੇ ਰਿਸ਼ਤੇ, ਪਰਿਵਾਰ ਇੱਦਾਂ ਨਹੀਂ ਛੱਡ ਸਕਦੇ। ਤੇ ਨਾ ਹੀ ਪਰਿਵਾਰ ਇਸ ਤਰੀਕੇ ਦੇ ਨਾਲ ਇੰਨੇ ਵੱਡੇ ਫ਼ੈਸਲੇ ਲੈ ਸਕਦਾ।

ਖ਼ੈਰ, ਗ਼ਲਤੀ ਕਿਸੇ ਦੀ ਵੀ ਹੋਵੇ, ਹਰ ਕੋਈ ਆਪੋ-ਆਪਣੀ ਥਾਂ ਦੇ ਉੱਤੇ ਠੀਕ ਹੁੰਦਾ। ਹਰ ਇੱਕ ਨੂੰ ਆਪਣਾ ਪਿਆਰ ਦੂਸਰੇ ਦੇ ਨਾਲੋਂ ਵੱਡਾ ਲੱਗਦਾ। ਪਰ ਗੱਲ ਇਹ ਕਿ ਨਵੇਂ ਰਿਸ਼ਤਿਆਂ ਦੀ ਖ਼ਾਤਰ ਪੁਰਾਣੇ ਖ਼ੂਨ ਦੇ ਰਿਸ਼ਤੇ ਭੁੱਲਣੇ ਨਹੀਂ ਚਾਹੀਦੇ। ਪਿਆਰ, ਵਿਆਹ, ਨਵੀਂ ਜ਼ਿੰਦਗੀ ਸਾਰਾ ਕੁਝ ਠੀਕ ਹੈ, ਪਰ ਉਹਨਾਂ ਨੂੰ ਪਿੱਛੋਂ ਪਿੱਛੇ ਛੱਡ ਜਾਣਾ ਗ਼ਲਤ ਹੈ ਜਿਹਨਾਂ ਨੇ ਸਾਨੂੰ ਪਾਲਿਆ, ਜਿਹਨਾਂ ਨੇ ਸਾਨੂੰ ਪੋਸਿਆ।

ਆਖ਼ਰਕਾਰ ਇੱਕ ਸਮਾਂ ਆਉਂਦਾ ਵਾ ਜਦੋਂ ਮਾਂ-ਪਿਓ ਨੂੰ, ਦਾਦੀ-ਦਾਦੇ ਨੂੰ, ਬਜ਼ੁਰਗਾਂ ਨੂੰ ਤੁਹਾਡੇ ਧਿਆਨ ਦੀ ਲੋੜ ਹੁੰਦੀ ਹੈ। ਉਸ ਇਕੱਲੇਪਣ ਦੇ ਵਿੱਚ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਉਹ ਸਾਥ ਇੱਕ ਫ਼ੋਨ ਕਾਲ ਵੀ ਹੋ ਸਕਦੀ ਹੈ, ਕਦੀ-ਕਦਾਈਂ ਵਿੱਚ-ਵਿੱਚ ਇੱਕ ਨਿੱਕੀ ਜਿਹੀ ਮੁਲਾਕਾਤ ਵੀ ਹੋ ਸਕਦੀ ਹੈ। ਇਹ ਵੀ ਬਹੁਤ ਵੱਡੇ ਮਾਇਨੇ ਰੱਖਦੀ ਆ ਤੁਹਾਡੇ ਆਪਣਿਆਂ ਦੇ ਲਈ।

ਛੋਟੇ-ਛੋਟੇ ਪਲ ਕਈ ਵਾਰੀ ਕਈ ਵਾਰੀ ਬਹੁਤ ਵੱਡੀਆਂ ਧਰਵਾਸਾਂ ਦੇ ਜਾਂਦੇ ਨੇ। ਇਹ ਧਰਵਾਸ ਨਹੀਂ ਟੁੱਟਣੀ ਚਾਹੀਦੀ।

ਤੇ ਜੇਕਰ ਦੁਨੀਆਦਾਰੀ ਦੇ ਵਿੱਚ ਇੱਦਾਂ ਦਾ ਨਿੱਘ ਤੁਸੀਂ ਕਿਸੇ ਨੂੰ ਦੇ ਸਕਦੇ ਹੋ ਬਿਨਾਂ ਕੋਈ ਖ਼ੂਨ ਦਾ ਰਿਸ਼ਤਾ ਹੋਇਆਂ, ਇਸ ਕਹਾਣੀ ਵਾਂਗੂੰ, ਤੇ ਉਹਦੇ ਵਿੱਚ ਵੀ ਕੁਝ ਗ਼ਲਤ ਨਹੀਂ। ਕਈ ਵਾਰੀ ਬਹੁਤ ਸਾਰੇ ਲੋਕ ਸ਼ਾਇਦ ਇਸ ਕਰਕੇ ਹਮਦਰਦੀ ਲੈ ਲੈਂਦੇ ਨੇ, ਦੇ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਚੰਗਾ ਲੱਗਦਾ ਕਿਸੇ ਦੇ ਘਰ ਬਾਰੇ ਜਾਨਣਾ। ਪਰ ਅਸਲ ਤਾਂ ਇਨਸਾਨੀਅਤ ਉਹ ਆ ਕਿ ਜੋ ਅਗਲਾ ਚਾਹ ਰਿਹਾ, ਉਹਨੂੰ ਉਹ ਦਿੱਤਾ ਜਾਵੇ।

Frequently Asked Questions

ਇਹ ਕਹਾਣੀ ਮੁੱਖ ਤੌਰ 'ਤੇ ਕਿਸ ਵਿਸ਼ੇ 'ਤੇ ਆਧਾਰਿਤ ਹੈ?
ਇਹ ਕਹਾਣੀ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ, ਬਜ਼ੁਰਗਾਂ ਦੇ ਇਕੱਲੇਪਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਵੇਲੇ ਪੁਰਾਣੇ ਖ਼ੂਨ ਦੇ ਰਿਸ਼ਤਿਆਂ ਨੂੰ ਨਾ ਵਿਸਾਰਨ ਦੇ ਸੰਦੇਸ਼ 'ਤੇ ਆਧਾਰਿਤ ਹੈ।
ਕਹਾਣੀ ਵਿੱਚ ਬਜ਼ੁਰਗ ਮਾਤਾ ਜੀ ਕਿਉਂ ਇੰਨੇ ਭਾਵੁਕ ਹੋ ਗਏ ਸਨ?
ਬਜ਼ੁਰਗ ਮਾਤਾ ਜੀ ਨੂੰ ਸੰਗਤ ਵਿੱਚ ਬੈਠੀ ਇੱਕ ਅਣਜਾਣ ਕੁੜੀ ਵਿੱਚੋਂ ਆਪਣੀ ਵਿਛੜੀ ਹੋਈ ਪੋਤੀ ਸੀਰਤ ਦਾ ਚਿਹਰਾ ਅਤੇ ਮੋਹ ਨਜ਼ਰ ਆਇਆ, ਜਿਸ ਕਰਕੇ ਉਹ ਭਾਵੁਕ ਹੋ ਕੇ ਰੋ ਪਏ।
ਇਸ ਕਹਾਣੀ ਤੋਂ ਨੌਜਵਾਨ ਪੀੜ੍ਹੀ ਨੂੰ ਕੀ ਸਿੱਖਿਆ ਮਿਲਦੀ ਹੈ?
ਆਪਣੀ ਮਰਜ਼ੀ ਨਾਲ ਜ਼ਿੰਦਗੀ ਦੇ ਫ਼ੈਸਲੇ ਲੈਣ ਜਾਂ ਵਿਆਹ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਬਜ਼ੁਰਗਾਂ ਅਤੇ ਮਾਪਿਆਂ ਨੂੰ ਕਦੇ ਇਕੱਲੇ ਨਹੀਂ ਛੱਡਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਲਾਡਾਂ-ਕੋਡਾਂ ਨਾਲ ਪਾਲਿਆ ਹੁੰਦਾ ਹੈ। ਇੱਕ ਛੋਟਾ ਜਿਹਾ ਫ਼ੋਨ ਜਾਂ ਮੁਲਾਕਾਤ ਉਨ੍ਹਾਂ ਨੂੰ ਵੱਡੀ ਧਰਵਾਸ ਦਿੰਦੀ ਹੈ।

What's Your Reaction?

like

dislike

love

funny

angry

sad

wow