ਇੱਕ ਬਿੱਲੀ ਦੀ ਅਨੋਖੀ ਕਹਾਣੀ: ਜਦੋਂ ਬੇਜ਼ੁਬਾਨ ਨੇ ਲਾਹਿਆ ਸੇਵਾ ਦਾ ਕਰਜ਼ - Kitaab Kahani
ਜਾਣੋ ਇੱਕ ਬੀਮਾਰ ਬਿੱਲੀ ਦੀ ਭਾਵੁਕ ਕਹਾਣੀ, ਜਿਸਨੇ ਆਪਣੀ ਜਾਨ ਬਚਾਉਣ ਵਾਲੀ ਮਾਲਕਣ ਨੂੰ ਖੁਸ਼ ਕਰਨ ਲਈ ਕੰਸਟ੍ਰਕਸ਼ਨ ਸਾਈਟ ਤੋਂ ਦਸਤਾਨੇ (ਗਲਵਜ਼) ਚੋਰੀ ਕਰਕੇ ਇੱਕ ਅਨੋਖਾ ਤੋਹਫ਼ਾ ਦੇਣਾ ਸ਼ੁਰੂ ਕਰ ਦਿੱਤਾ।
ਅੱਜ ਦੀ ਕਹਾਣੀ ਇੱਕ ਐਸੀ ਬਿੱਲੀ ਦੀ ਐ, ਜਿਹਦੇ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ। ਉਹਨੇ ਲਾਗੇ ਇੱਕ ਕੰਸਟ੍ਰਕਸ਼ਨ ਸਾਈਟ ਤੋਂ ਗਲਵਜ਼ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਹੋਇਆ ਕੁਝ ਇੱਦਾਂ ਕਿ ਇੱਕ ਦਿਨ ਕੰਸਟ੍ਰਕਸ਼ਨ ਸਾਈਟ ਦੇ ਉੱਤੇ ਕੁਝ ਟ੍ਰੇਡੀਜ਼ ਨੇ ਆਪਣੇ ਗਲਵਜ਼ ਰਾਤ ਨੂੰ ਲਾਹ ਕੇ ਰੱਖੇ, ਅਗਲੇ ਦਿਨ ਉਹ ਗਾਇਬ ਸੀ। ਇਹ ਵਰਤਾਰਾ ਵਾਰ-ਵਾਰ ਹੁੰਦਾ ਰਿਹਾ। ਪਹਿਲਾਂ ਤਾਂ ਸ਼ੁਰੂ ਦੇ ਵਿੱਚ ਉਹਨਾਂ ਨੇ ਧਿਆਨ ਨਹੀਂ ਦਿੱਤਾ। ਸ਼ੁਰੂ ਦੇ ਵਿੱਚ ਉਹਨਾਂ ਨੂੰ ਆਮ ਜਿਹੀ ਗੱਲ ਲੱਗੀ ਕਿ ਸ਼ਾਇਦ ਕਿਸੇ ਨੇ ਉਰੇ-ਪਰੇ ਕਰ ਦਿੱਤੇ ਹੋਣਗੇ, ਸ਼ਾਇਦ ਕੱਲ ਆਪਾਂ ਜਾਂਦੇ ਭੁੱਲ ਗਏ ਹੋਵਾਂਗੇ, ਹੋ ਸਕਦਾ ਕਿਸੇ ਮਜ਼ਦੂਰ ਨੇ ਫੜ ਕੇ ਪੇਂਚ ਸੁੱਟ ਦਿੱਤੇ ਹੋਣ। ਪਰ ਹੁਣ ਇਹ ਹਰ ਰੋਜ਼ ਦਾ ਰੌਲਾ ਹੋ ਗਿਆ। ਇੱਕ ਦਿਨ, ਦੋ ਦਿਨ, ਤਿੰਨ ਦਿਨ... ਆਖਿਰਕਾਰ ਉਦੋਂ ਪੰਗਾ ਪਿਆ ਜਦੋਂ ਕੰਟਰੈਕਟਰ ਨੂੰ ਵਾਰ-ਵਾਰ ਕਹਿਣਾ ਪੈਂਦਾ ਕਿ ਉਹਨੂੰ ਨਵੇਂ ਗਲਵਜ਼ ਚਾਹੀਦੇ ਨੇ, ਪਹਿਲੇ ਗਲਵਜ਼ ਗੁੰਮ ਗਏ।
ਸੋ ਜਦੋਂ ਹਰ ਰੋਜ਼ ਦਾ ਵਰਤਾਰਾ ਹੋ ਗਿਆ, ਰੌਲਾ-ਰੱਪਾ ਵੀ ਵੱਧ ਗਿਆ, ਕੰਟਰੈਕਟਰ ਵੀ ਰੌਲਾ ਪਾਉਣ ਲੱਗ ਪਿਆ, ਤਾਂ ਫਿਰ ਇਹ ਵਿਚਾਰ ਕੀਤਾ ਗਿਆ ਕਿ ਆਪਾਂ ਕਿਉਂ ਨਾ ਵੇਖ ਹੀ ਲਈਏ ਕਿ ਇਹ ਗਲਵਜ਼ ਜਾਂਦੇ ਕਿੱਥੇ ਨੇ। ਫਿਰ ਇੱਕ ਦਿਨ ਬੈਠ ਕੇ ਉਹਨਾਂ ਨੇ ਆਪਣੀ ਸਾਈਟ ਦੇ ਉੱਤੇ ਮੌਜੂਦ ਸੀ.ਸੀ.ਟੀ.ਵੀ ਕੈਮਰੇ ਫੋਲੇ। ਪਹਿਲਾਂ ਤਾਂ ਓਪਰੀ ਜਿਹੀ ਨਜ਼ਰੇ ਸ਼ੁਰੂਆਤੀ ਸਮੇਂ ਦੇ ਵਿੱਚ ਕੋਈ ਖਾਸ ਪਤਾ ਨਹੀਂ ਲੱਗਾ ਕਿਉਂਕਿ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਸੀ ਕਿ ਕੋਈ ਇਨਸਾਨ, ਕੋਈ ਵੱਡਾ ਆਬਜੈਕਟ ਹੋਊਗਾ, ਇਸ ਕਰਕੇ ਉਹ ਨਜ਼ਰਅੰਦਾਜ਼ ਕਰਦੇ ਰਹੇ। ਪਰ ਧਿਆਨ ਨਾਲ ਵੇਖਣ ਦੇ ਉੱਤੇ ਪਤਾ ਲੱਗਾ ਕਿ ਇੱਕ ਬਿੱਲੀ ਆਉਂਦੀ ਐ, ਉਹ ਇਹਨਾਂ ਦੇ ਗਲਵਜ਼ ਚੁੱਕ ਕੇ ਭੱਜ ਜਾਂਦੀ ਐ।
ਆਖਿਰਕਾਰ ਹਰ ਰੋਜ਼ ਇਹ ਬਿੱਲੀ ਕਰਦੀ ਕੀ ਐ? ਸੀ.ਸੀ.ਟੀ.ਵੀ ਕੈਮਰਿਆਂ ਦੀ ਥੋੜ੍ਹੀ ਡਾਇਰੈਕਸ਼ਨ ਬਦਲੀ ਗਈ, ਚੈੱਕ ਕੀਤਾ ਗਿਆ, ਪਤਾ ਲੱਗਾ ਕਿ ਉਹ ਲਾਗੇ ਹੀ ਇੱਕ ਘਰ ਦੇ ਵਿੱਚ ਗਲਵਜ਼ ਲੈ ਕੇ ਜਾਂਦੀ ਐ। ਇੱਕ ਘਰ ਦੇ ਵਿੱਚ ਔਰਤ ਰਹਿੰਦੀ ਐ, ਸੋ ਉਸ ਘਰ ਦੇ ਬਾਹਰ ਬਿੱਲੀ ਸਾਰੇ ਗਲਵਜ਼ ਦੀ ਜਾ ਕੇ ਢੇਰੀ ਲਾ ਦਿੰਦੀ ਐ। ਜਦ ਜਾ ਕੇ ਵੇਖਿਆ ਤਾਂ ਕਾਫੀ ਵੱਡੀ ਮਾਤਰਾ ਦੇ ਵਿੱਚ ਉੱਥੇ ਗਲਵਜ਼ ਪਏ ਸੀ।
ਹੁਣ ਚੋਰ ਤਾਂ ਲੱਭ ਗਿਆ, ਚੋਰ ਵੀ ਉਹ ਜਿਹਨੂੰ ਕੁਝ ਕਿਹਾ ਨਹੀਂ ਜਾ ਸਕਦਾ। ਕਹਿਣ ਤਾਂ ਕੀ ਕਹਿਣ ਬਿੱਲੀ ਨੂੰ, ਪਰ ਸਾਰਿਆਂ ਦੇ ਮਨ ਦੇ ਵਿੱਚ ਸ਼ਾਇਦ ਇਹ ਜਗਿਆਸਾ ਸੀ ਕਿ ਆਪਾਂ ਜਾਨਣ ਦੀ ਕੋਸ਼ਿਸ਼ ਕਰੀਏ ਆਖਿਰਕਾਰ ਇਹ ਇੰਨੇ ਗਲਵਜ਼ ਦਾ ਕਰਦੀ ਕੀ ਐ। ਜੇ ਇਹ ਚੋਰੀ ਕਰਕੇ ਅੱਗੇ ਕਿਤੇ ਵਰਤਣੇ ਹੁੰਦੇ ਜਾਂ ਇਸ ਘਰ ਦੇ ਮਾਲਕ ਨੂੰ ਚਾਹੀਦੇ ਹੁੰਦੇ ਤਾਂ ਫਿਰ ਸ਼ਾਇਦ ਇੱਕੋ ਜਗ੍ਹਾ ਦੇ ਉੱਤੇ ਢੇਰੀ ਨਾ ਲੱਗੀ ਰਹਿੰਦੀ। ਫਿਰ ਇਹ ਸ਼ਾਇਦ ਨਾਲ ਦੀ ਨਾਲ ਹੀ ਗਾਇਬ ਵੀ ਕਰ ਦਿੱਤੇ ਜਾਂਦੇ। ਇੱਥੇ ਇਸੇ ਤਰ੍ਹਾਂ ਦੇ ਨਾਲ ਬਾਹਰ ਕਿਉਂ ਪਏ ਰਹਿੰਦੇ।
ਸਵਾਲ ਬੜੇ ਸਾਰੇ ਸੀ, ਇਹਨਾਂ ਦੇ ਜਵਾਬ ਜਾਨਣ ਦੇ ਲਈ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਔਰਤ ਨੇ ਜੋ ਉਹਨਾਂ ਨੂੰ ਦੱਸਿਆ, ਉਹਨੇ ਇਕੱਲਾ ਉਹਨਾਂ ਨੂੰ ਹੀ ਨਹੀਂ, ਜਦੋਂ ਇਹ ਗੱਲ ਬਾਹਰ ਆਈ ਤਾਂ ਸਾਰੀ ਦੁਨੀਆ ਨੂੰ ਹੈਰਾਨ ਕੀਤਾ। ਉਸ ਔਰਤ ਨੇ ਦੱਸਿਆ ਕਿ ਮੈਂ ਇੱਕ ਦਿਨ ਜਦੋਂ ਆਪਣਾ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਬੜੇ ਬੁਰੇ ਹਾਲਾਤਾਂ ਦੇ ਵਿੱਚ ਇੱਕ ਬਿੱਲੀ ਬੈਠੀ ਸੀ। ਲੱਗ ਰਿਹਾ ਸੀ ਕਿ ਉਹ ਕਾਫੀ ਜ਼ਿਆਦਾ ਬੀਮਾਰ ਐ। ਮੈਨੂੰ ਵੀ ਨਹੀਂ ਸੀ ਆਸ ਕਿ ਇਹ ਬਚ ਪਾਊਗੀ, ਪਰ ਮੈਂ ਕੋਸ਼ਿਸ਼ ਕੀਤੀ ਕਿ ਚਲੋ ਇਹਦਾ ਇਲਾਜ ਕਰਵਾ ਕੇ ਵੇਖ ਲੈਂਦੇ ਆਂ। ਮੈਂ ਉਹਦੀ ਸੇਵਾ ਕਰਨੀ ਸ਼ੁਰੂ ਕੀਤੀ, ਕੁਝ ਦਿਨਾਂ ਬਾਅਦ ਉਹਦੀ ਸਿਹਤ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਆਉਣਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਕਰਦਿਆਂ-ਕਰਦਿਆਂ ਉਸ ਬਿੱਲੀ ਦੀ ਸਿਹਤ ਠੀਕ ਹੋ ਗਈ। ਪਰ ਇਸ ਸਭ ਕੁਝ ਦੇ ਵਿੱਚ ਕਾਫੀ ਜ਼ਿਆਦਾ ਉਹਦਾ ਖਿਆਲ ਰੱਖਣਾ ਪਿਆ ਸੀ।
ਫਿਰ ਉਸ ਤੋਂ ਬਾਅਦ ਜਦੋਂ ਉਹ ਬਾਹਰ-ਅੰਦਰ ਜਾਣ ਲੱਗ ਪਈ, ਤੁਰਨ-ਫਿਰਨ ਲੱਗ ਪਈ, ਭੱਜਣ-ਦੌੜਨ ਲੱਗ ਪਈ, ਤਾਂ ਵਾਪਸ ਉਹਦਾ ਪੱਕਾ ਰੈਣ-ਬਸੇਰਾ ਇਹੋ ਹੀ ਘਰ ਬਣ ਗਿਆ। ਸ਼ਾਇਦ ਉਹਨੂੰ ਲੱਗਦਾ ਸੀ ਕਿ ਹੁਣ ਮੈਂ ਹੋਰ ਜਾਵਾਂ ਤੇ ਜਾਵਾਂ ਵੀ ਕਿੱਥੇ। ਉਸ ਦਿਨ ਤੋਂ ਬਾਅਦ ਇਹਦਾ ਇਹ ਪੱਕਾ ਘਰ ਐ। ਫਿਰ ਮੈਂ ਇੱਕ ਦਿਨ ਨੋਟ ਕੀਤਾ ਕਿ ਉਹਨੇ ਬਾਹਰੋਂ ਕੁਝ ਚੁੱਕ ਕੇ ਲੈ ਕੇ ਆਂਦਾ। ਸ਼ਾਇਦ ਉਹ ਚੂਹਾ ਮਾਰ ਕੇ ਲੈ ਕੇ ਆਈ ਸੀ। ਮੈਂ ਉਹ ਚੁੱਕਿਆ ਤੇ ਬਿਨ ਦੇ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਦੇ ਨਾਲ ਉਹ ਹਰ ਰੋਜ਼ ਕੁਝ ਨਾ ਕੁਝ ਲੈ ਕੇ ਆਉਂਦੀ ਐ। ਕੋਈ ਵੀ ਗਲੀ-ਸੜੀ ਚੀਜ਼ ਜਾਂ ਫਿਰ ਜੋ ਵੀ ਉਹ ਆਪ ਖਾਂਦੀ ਸੀ, ਉਹਨੂੰ ਜਿੱਥੋਂ ਵੀ ਜੋ ਲੱਭਦਾ ਉਹ ਲਿਆ ਕੇ ਇੱਦਾਂ ਹੀ ਬੂਹੇ ਦੇ ਅੱਗੇ ਰੱਖ ਦਿੰਦੀ।
ਪਰ ਮੈਂ ਇਸ ਚੀਜ਼ ਤੋਂ ਅਣਜਾਣ ਸੀ ਕਿ ਮੈਂ ਇਹਦਾ ਕਰਾਂ ਵੀ ਕੀ। ਮੈਂ ਉਹਨੂੰ ਹੁਣ ਕਹਿ ਨਹੀਂ ਸਕਦੀ, ਸਮਝਾ ਨਹੀਂ ਸਕਦੀ, ਇਸ ਕਰਕੇ ਮੈਂ ਹਰ ਰੋਜ਼ ਦਰਵਾਜ਼ਾ ਖੋਲ੍ਹਦੀ, ਬੂਹੇ ਅੱਗੇ ਕੋਈ ਗੰਦ-ਮੰਦ ਪਿਆ ਹੁੰਦਾ, ਮੈਂ ਚੁੱਕ ਕੇ ਬਿਨ ਦੇ ਵਿੱਚ ਸੁੱਟ ਦਿੰਦੀ। ਨਾਲ ਥੋੜ੍ਹਾ-ਬਹੁਤ ਆਪਣੀ ਵੱਲੋਂ ਤਾਂ ਝਿੜਕ ਦਿੰਦੀ ਸੀ ਪਰ ਪਤਾ ਨਹੀਂ ਇਹਦੇ ਤੱਕ ਗੱਲ ਪਹੁੰਚਦੀ ਸੀ ਜਾਂ ਨਹੀਂ ਪਹੁੰਚਦੀ ਸੀ ਕਿਉਂਕਿ ਮੈਨੂੰ ਜਾਨਵਰਾਂ ਬਾਰੇ ਕੋਈ ਬਹੁਤਾ ਭੇਦ ਨਹੀਂ ਸੀ।
ਪਰ ਇੱਕ ਦਿਨ ਮੇਰਾ ਇਹ ਖਿਆਲ, ਮੇਰਾ ਇਹ ਵਿਚਾਰ ਵੀ ਝੂਠਾ ਪੈ ਗਿਆ। ਇੱਕ ਦਿਨ ਇਹਨੇ ਕੁਝ ਐਸਾ ਕੀਤਾ ਜਿਹਦੇ ਨਾਲ ਮੈਨੂੰ ਇਹ ਲਗਭਗ ਸਾਬਤ ਹੋ ਗਿਆ ਕਿ ਇਹਨੂੰ ਹਰ ਇੱਕ ਗੱਲ ਦੀ ਸਮਝ ਲੱਗਦੀ ਐ। ਜਿਹੜੇ ਗਲਵਜ਼ ਕਰਕੇ ਤੁਸੀਂ ਅੱਜ ਇੱਥੋਂ ਤੱਕ ਪਹੁੰਚੇ ਹੋ, ਇੱਕ ਦਿਨ ਉਹ ਇਸੇ ਤਰ੍ਹਾਂ ਦਾ ਇੱਕ ਗਲਵ ਲੈ ਕੇ ਆਉਂਦੀ ਐ, ਅਗਲੇ ਦਿਨ ਦੂਸਰਾ ਲੈ ਕੇ ਆਉਂਦੀ ਐ। ਮੈਂ ਇੱਕ ਦਿਨ ਸਫਾਈ ਕਰਨ ਦੇ ਲਈ ਜਦੋਂ ਘਰ ਤੋਂ ਬਾਹਰ ਨਿਕਲੀ, ਮੈਂ ਇੱਧਰ-ਉੱਧਰ ਵੇਖਿਆ ਕਚਰਾ ਕਾਫੀ ਪਿਆ ਸੀ ਪਰ ਮੈਨੂੰ ਮੇਰੇ ਘਰ ਦੇ ਅੰਦਰੋਂ ਆਪਣੇ ਗਲਵਜ਼ ਨਹੀਂ ਲੱਭੇ। ਉਸ ਦਿਨ ਇਸ ਇਹਨਾਂ ਪਏ ਗਲਵਜ਼ ਨੂੰ ਮੈਂ ਪਾ ਕੇ ਉਹ ਕੂੜਾ ਸੁੱਟਿਆ। ਸ਼ਾਇਦ ਇਸ ਬਿੱਲੀ ਨੂੰ ਇਹ ਲੱਗਾ ਕਿ ਮੈਂ ਇਹਦੀ ਲਿਆਂਦੀ ਚੀਜ਼ ਅੱਜ ਵਰਤ ਲਈ ਐ। ਮੈਂ ਕੂੜਾ ਸੁੱਟ ਕੇ ਉਹ ਗਲਵਜ਼ ਫਿਰ ਆਹ ਸਾਹਮਣੇ ਕਿੱਲ ਦੇ ਉੱਤੇ ਟੰਗ ਦਿੱਤੇ, ਚਲੋ ਕੱਲ ਫਿਰ ਕੰਮ ਆ ਜਾਣਗੇ।
ਸ਼ਾਇਦ ਇਸ ਬਿੱਲੀ ਨੂੰ ਇਹ ਲੱਗਾ ਕਿ ਅੱਜ ਉਹਨੇ ਉਹ ਚੀਜ਼ ਲਿਆਂਦੀ ਐ ਜਿਹੜੀ ਮੇਰੀ ਵਰਤੋਂ ਦੇ ਵਿੱਚ ਆ ਗਈ। ਕਿਉਂਕਿ ਉਸ ਦਿਨ ਇਹਨੂੰ ਮੈਂ ਗੁੱਸੇ ਨਹੀਂ ਹੋਈ, ਉਸ ਦਿਨ ਇਹਦੇ ਵੱਲ ਮੈਂ ਮੁਸਕਰਾ ਕੇ ਵੇਖਿਆ ਤੇ ਗਲਵਜ਼ ਪਾਉਂਦੀ-ਪਾਉਂਦੀ ਨੇ ਮੈਂ ਸ਼ਾਇਦ ਇਹਦਾ ਸ਼ੁਕਰਾਨਾ ਵੀ ਕੀਤਾ। ਪਤਾ ਨਹੀਂ ਹੁਣ ਇਹਨੂੰ ਬੋਲੀ ਸਮਝ ਆਉਂਦੀ ਐ ਜਾਂ ਨਹੀਂ ਆਉਂਦੀ, ਜਾਂ ਫਿਰ ਮੇਰੀ ਮੁਸਕਰਾਹਟ, ਮੇਰਾ ਵਿਵਹਾਰ ਇਹਨੂੰ ਸਮਝ ਆਉਂਦਾ ਜਾਂ ਨਹੀਂ ਆਉਂਦਾ, ਪਰ ਉਸ ਦਿਨ ਤੋਂ ਬਾਅਦ ਇਹਨੇ ਚੀਜ਼ਾਂ ਬਦਲ ਕੇ ਨਹੀਂ ਲੈ ਕੇ ਆਂਦੀਆਂ। ਉਸ ਤੋਂ ਪਹਿਲਾਂ ਮੈਂ ਵੇਖਦੀ ਸੀ ਕਿ ਹਰ ਰੋਜ਼ ਕੁਝ ਨਾ ਕੁਝ ਇਹ ਨਵਾਂ ਲੈ ਕੇ ਆਉਂਦੀ ਸੀ, ਜਾਂ ਫਿਰ ਮੈਨੂੰ ਇਹ ਖੁਸ਼ ਕਰਨਾ ਚਾਹੁੰਦੀ ਸੀ ਜਾਂ ਫਿਰ ਮੇਰਾ ਸ਼ੁਕਰਾਨਾ ਕਰਨਾ ਚਾਹੁੰਦੀ ਸੀ। ਪਰ ਜਿਸ ਦਿਨ ਮੈਂ ਹੱਸ ਕੇ ਇਹਦੇ ਲਿਆਂਦੇ ਗਲਵਜ਼ ਪਾ ਲਏ ਨਾ, ਉਸ ਦਿਨ ਤੋਂ ਬਾਅਦ ਫਿਰ ਇਹਨੇ ਲਗਾਤਾਰ ਬੱਸ ਇਹੋ ਹੀ ਲਿਆਉਣੇ ਸ਼ੁਰੂ ਕਰ ਦਿੱਤੇ। ਇਕੱਲੇ ਤੁਹਾਡੇ ਹੀ ਨਹੀਂ, ਹੋ ਸਕਦਾ ਆਸ-ਪਾਸ ਦੀਆਂ ਹੋਰ ਵੀ ਬਹੁਤ ਸਾਰੀਆਂ ਸਾਈਟਸ ਤੋਂ ਜਿੱਥੇ ਵੀ ਕਿਤੇ ਇਹਨੂੰ ਗਲਵਜ਼ ਦਿਖਦੇ ਨੇ, ਲਿਆ ਕੇ ਇੱਥੇ ਘਰ ਦੇ ਬਾਹਰ ਢੇਰੀ ਕਰੀ ਜਾਂਦੀ ਐ।
ਪਹਿਲਾਂ ਤਾਂ ਮੈਂ ਮਾੜਾ-ਮੋਟਾ ਪੁੱਛਣਾ ਵੀ ਇੱਧਰੋਂ-ਉੱਧਰੋਂ ਸ਼ੁਰੂ ਕੀਤਾ, ਪਰ ਉਸ ਤੋਂ ਬਾਅਦ ਹੁਣ ਮੈਂ ਕਿੰਨਾ ਕੁ ਪੁੱਛੀ ਜਾਵਾਂ। ਇਹਨੂੰ ਲੱਗਦਾ ਕਿ ਇਹਦੀ ਮਾਲਕਣ ਖੁਸ਼ ਹੁੰਦੀ ਐ, ਇਸ ਕਰਕੇ ਹਰ ਰੋਜ਼ ਇੱਕ ਨਾ ਇੱਕ ਦਸਤਾਨਾ ਲਿਆ ਕੇ ਘਰ ਦੇ ਬਾਹਰ ਰੱਖ ਦਿੰਦੀ ਐ।
ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਉਹ ਮਜ਼ਦੂਰ ਵੀ ਹੈਰਾਨ ਸੀ ਕਿ ਇੱਕ ਜਾਨਵਰ ਇੱਦਾਂ ਕਿੱਦਾਂ ਸੋਚ ਸਕਦਾ, ਇੱਕ ਜਾਨਵਰ ਇੱਦਾਂ ਦਾ ਵਰਤਾਰਾ ਕਿੱਦਾਂ ਕਰ ਸਕਦਾ। ਪਰ ਸ਼ਾਇਦ ਸਾਰਾ ਕੁਝ ਸਮਝਦੇ ਹੋਣਗੇ, ਇਹ ਬੇਜ਼ੁਬਾਨ ਸਾਰੀਆਂ ਚੀਜ਼ਾਂ ਰਜਿਸਟਰ ਕਰਦੇ ਹੋਣਗੇ। ਅੱਜਕਲ੍ਹ ਜਿਹੜੀ ਇਨਸਾਨੀਅਤ, ਜਿਹੜੀ ਸੂਝ-ਬੂਝ ਇਨਸਾਨ ਦੇ ਵਿੱਚੋਂ ਖ਼ਤਮ ਹੋਈ ਜਾਂਦੀ ਐ, ਉੱਦਾਂ ਦੀ ਜਦੋਂ ਆਪਾਂ ਇੱਦਾਂ ਦੇ ਜਨੌਰਾਂ ਦੇ ਵਿੱਚ ਵੇਖਦੇ ਆਂ ਤਾਂ ਫਿਰ ਜ਼ਰੂਰ ਹੈਰਾਨੀ ਹੁੰਦੀ ਐ। ਖੈਰ ਬਹੁਤ ਸਾਰੇ ਲੋਕ ਜਿਹੜੇ ਵੀ ਮੰਨਦੇ ਨੇ ਕਿ ਇੱਦਾਂ ਦੀਆਂ ਕਹਾਣੀਆਂ ਬਹੁਤੀ ਵਾਰੀ ਸੱਚ ਨਹੀਂ ਹੁੰਦੀਆਂ, ਬਹੁਤ ਸਾਰੀਆਂ ਇੱਦਾਂ ਦੀਆਂ ਕਹਾਣੀਆਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹੋਵਾਂਗੇ। ਆਪਾਂ ਇਸ ਗੱਲ ਦੇ ਵਿੱਚ ਨਹੀਂ ਪੈਂਦੇ ਕਿ ਉਹਦੀ ਔਥੈਂਟਿਕਸਿਟੀ ਕਿੰਨੀ, ਉਹ ਸੱਚੀ ਕਿੰਨੀ ਜਾਂ ਝੂਠੀ ਕਿੰਨੀ। ਸਾਡਾ ਕੰਮ ਐ ਇਹਨਾਂ ਕਹਾਣੀਆਂ ਤੋਂ ਕੁਝ ਨਾ ਕੁਝ ਸਿੱਖਣ ਦਾ ਤੇ ਆਪਾਂ ਉੱਥੋਂ ਤੱਕ ਸੀਮਤ ਰਹਿੰਦੇ ਆਂ।
ਵੈਸੇ ਕਹਿਣ ਵਾਲੇ ਇਹ ਕਹਿੰਦੇ ਆ ਕਿ ਜਿਹੜੀ ਬਿੱਲੀ ਮੁੱਢ ਤੋਂ ਹੀ ਉਹਦਾ ਸ਼ਿਕਾਰੀ ਸੁਭਾਅ ਐ। ਉਹ ਸ਼ਿਕਾਰ ਕਰਕੇ ਵਾਪਸ ਆਪਣੇ ਘਰ ਲੈ ਕੇ ਆਉਂਦੀ ਐ ਤੇ ਇੱਦਾਂ ਦੇ ਵਰਤਾਰਾ ਉਹਦੇ ਸ਼ਿਕਾਰੀ ਸੁਭਾਅ ਦੇ ਵਿੱਚੋਂ ਨਿਕਲਦੇ ਨੇ। ਉਹਦਾ ਕੰਮ ਐ ਸ਼ਿਕਾਰ ਕੀਤਾ ਤੇ ਵਾਪਸ ਆਪਣੇ ਘਰ ਲੈ ਆਂਦਾ। ਹੁਣ ਉਹਦੇ ਪਿੱਛੇ ਇਹ ਮਨਸਾ ਤਾਂ ਸ਼ਾਇਦ ਨਹੀਂ ਕਿ ਉਹਨੇ ਕਿਸਨੂੰ ਖੁਸ਼ ਕਰਨਾ ਜਾਂ ਨਹੀਂ, ਪਰ ਜਿਹੜੇ ਲੋਕ ਜਾਨਵਰਾਂ ਨੂੰ ਪਿਆਰ ਕਰਦੇ ਨੇ, ਜਿਹਨਾਂ ਨੇ ਇੱਕ ਪੈੱਟ ਘਰਾਂ ਦੇ ਵਿੱਚ ਰੱਖੇ ਨੇ, ਉਹ ਜ਼ਰੂਰ ਇਹਦੇ 'ਤੇ ਯਕੀਨ ਕਰਦੇ ਨੇ। ਉਹ ਇੰਨਾ ਕੁ ਕਰਦੇ ਨੇ ਕਿ ਉਹਨਾਂ ਦਾ ਯਕੀਨ ਅੱਗੇ ਤੋਂ ਅੱਗੇ ਪੱਕਾ ਐ। ਉਹ ਮੰਨਦੇ ਨੇ ਕਿ ਸਾਡੀਆਂ ਇਹ ਸਮਝਦੇ ਨੇ, ਉਹ ਮੰਨਦੇ ਨੇ ਕਿ ਆਪਾਂ ਇਹਨਾਂ ਦੀਆਂ ਸਮਝਦੇ ਆਂ। ਉਹ ਮੰਨਦੇ ਨੇ ਕਿ ਜਿੱਦਾਂ ਬੱਚੇ ਸਾਡੇ ਨਾਲ ਬਿਹੇਵ ਕਰਦੇ ਨੇ ਉਸੇ ਤਰੀਕੇ ਦੇ ਨਾਲ ਇਹ ਵੀ ਕਰਦੇ ਨੇ। ਉਹ ਮੰਨਦੇ ਨੇ ਕਿ ਜਿੱਦਾਂ ਦਾ ਪਿਆਰ ਆਪਾਂ ਬੱਚਿਆਂ ਦੇ ਨਾਲ ਕਰਦੇ ਆਂ ਉੱਦਾਂ ਦਾ ਹੀ ਪਿਆਰ ਆਪਾਂ ਇਹਨਾਂ ਦੇ ਨਾਲ ਕਰਦੇ ਆਂ।
ਤੇ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਆਪਾਂ ਪਿਆਰ ਇਹਨਾਂ ਨੂੰ ਕਰਦੇ ਨਹੀਂ ਗੇ, ਇਹ ਸਾਡੇ ਕੋਲੋਂ ਪਿਆਰ ਲੈ ਲੈਂਦੇ ਨੇ। ਇਹਨਾਂ ਨੂੰ ਪਤਾ ਐ ਕਿ ਸਾਡੇ ਕੋਲੋਂ ਪਿਆਰ ਕਿੱਦਾਂ ਲੈਣਾ। ਇਹਨਾਂ ਨੂੰ ਪਤਾ ਕਿ ਸਾਨੂੰ ਆਪਣੇ ਮਾਲਕ, ਸਾਨੂੰ ਆਪਣੇ ਮਾਂ-ਪਿਓ ਕਿੱਦਾਂ ਮਹਿਸੂਸ ਕਰਵਾਉਣਾ। ਖੈਰ ਇਸ ਸਬੰਧ ਦੇ ਵਿੱਚ ਹਰ ਇੱਕ ਦੇ ਆਪਣੇ-ਆਪਣੇ ਵੱਖਰੇ-ਵੱਖਰੇ ਵਿਚਾਰ ਨੇ।
ਅੱਜ ਦੀ ਕਹਾਣੀ ਤੱਕ ਸੀਮਤ ਰਹਿ ਕੇ ਵੇਖੀਏ ਤਾਂ ਸਾਡੇ ਲਈ ਵੇਖਣ ਵਾਲੀ, ਸਿੱਖਣ ਵਾਲੀ ਗੱਲ ਇਹ ਐ ਕਿ ਇੱਕ ਜਾਨਵਰ ਵੀ ਇਹ ਵੇਖਦਾ ਕਿ ਕਿਹੜੇ ਤਰੀਕੇ ਦੇ ਨਾਲ ਮੈਂ ਆਪਣੇ ਉੱਤੇ ਕਿਸੇ ਦੇ ਕੀਤੇ ਚੰਗੇ ਦਾ ਮੈਂ ਕਰਜ਼ ਅਦਾ ਕਰਨਾ। ਜੇਕਰ ਤੁਸੀਂ ਭਲਾ ਕਰਦੇ ਹੋ ਕਿਸੇ ਦਾ ਤੇ ਆਪਣੇ ਆਪ ਹੀ ਦੂਸਰੇ ਇਨਸਾਨ ਦੇ ਵਿੱਚ ਭਲਾਈ ਪਨਪ ਪੈਂਦੀ ਐ। ਇਨਸਾਨ ਦੇ ਵਿੱਚ ਤਾਂ ਛੱਡੋ ਬਿੱਲੀ ਦੇ ਵਿੱਚ ਵੀ ਪਨਪ ਪਈ। ਸਿਰਫ ਇਸ ਕਰਕੇ ਕਿਉਂਕਿ ਉਹਨੂੰ ਇਹ ਲੱਗਾ ਕਿ ਇਹਨੇ ਮੇਰਾ ਚੰਗਾ ਕੀਤਾ, ਮੇਰਾ ਇਲਾਜ ਕੀਤਾ, ਮੇਰੇ ਔਖੇ ਵੇਲੇ ਮੇਰੀ ਮਦਦ ਕੀਤੀ, ਤੇ ਉਸ ਬਿੱਲੀ ਦੇ ਅੰਦਰੋਂ ਉਹ ਚੰਗਿਆਈ ਪਨਪ ਪਈ।
ਹੁਣ ਸੋਚੋ ਕਿ ਜੇਕਰ ਤੁਸੀਂ, ਅਸੀਂ ਇਨਸਾਨ ਕਿਸੇ ਦੇ ਨਾਲ ਚੰਗਾ ਕਰਦੇ ਆਂ ਇਹ ਸੋਚੇ-ਸਮਝੇ ਬਿਨਾਂ ਕਿ ਉਹ ਸਾਡੇ ਲਈ ਕੱਲ੍ਹ ਨੂੰ ਕੀ ਕਰੂਗਾ। ਸ਼ਾਇਦ ਉਸ ਔਰਤ ਨੇ ਇਸ ਕਰਕੇ ਤਾਂ ਨਹੀਂ ਬਿੱਲੀ ਦੀ ਮਦਦ ਕੀਤੀ ਹੋਊਗੀ ਕਿ ਕੱਲ੍ਹ ਨੂੰ ਇਹ ਬਿੱਲੀ ਮੇਰੇ ਕੰਮ ਆਊਗੀ, ਕੱਲ੍ਹ ਨੂੰ ਇਹ ਮੇਰੇ ਨਾਲ ਪੋਚਾ ਮਰਾਇਆ ਕਰੂਗੀ, ਮੇਰੇ ਨਾਲ ਘਰ ਦੀ ਸਫਾਈ ਕਰਾਇਆ ਕਰੂਗੀ। ਉਹਦੀ ਸੇਵਾ ਨਿਰਸੁਆਰਥ ਸੀ। ਸਮਝਣ ਵਾਲੀ ਗੱਲ ਸਿਰਫ ਇੰਨੀ ਐ ਕਿ ਜਦੋਂ ਆਪਾਂ ਨਿਰਸੁਆਰਥ ਕਿਸੇ ਦੀ ਮਦਦ ਕਰਦੇ ਆਂ, ਕਿਸੇ ਦੇ ਕੰਮ ਆਉਣੇ ਆਂ ਤਾਂ ਫਿਰ ਇਨਸਾਨ ਛੱਡੋ ਕੋਈ ਜਨੌਰ ਵੀ ਹੋਵੇ ਉਹ ਵੀ ਤੁਹਾਡੇ ਕੰਮ ਆ ਜਾਂਦਾ।
ਸੋ ਇਸ ਕਰਕੇ ਜਦੋਂ ਆਪਾਂ ਕਿਸੇ ਦਾ ਚੰਗਾ ਕਰਦੇ ਆਂ ਤੇ ਆਪਾਂ ਕਿਸੇ ਦਾ ਨਹੀਂ ਕਰ ਰਹੇ ਹੁੰਦੇ, ਕੁੱਲ ਮਿਲਾ ਕੇ ਆਪਾਂ ਆਪਣਾ ਹੀ ਚੰਗਾ ਕਰ ਰਹੇ ਹੁੰਦੇ ਆਂ। ਇਹ ਇੱਕ ਲੌਂਗ ਟਰਮ ਇਨਵੈਸਟਮੈਂਟ ਐ, ਕਈ ਤਾਂ ਇਹਨੂੰ ਐਫ.ਡੀ ਵੀ ਕਹਿੰਦੇ ਨੇ ਕਿ ਇਹ ਹਮੇਸ਼ਾ ਹੀ ਦੂਣੀ-ਚੌਣੀ ਹੋ ਕੇ ਵਾਪਸ ਪਰਤਦੀ ਐ। ਸੋ ਕੋਸ਼ਿਸ਼ ਇਹ ਰੱਖੀਏ ਕਿ ਆਪਣੇ ਅੰਦਰ ਕਿਸੇ ਦਾ ਚੰਗਾ ਕਰਨ ਦੀ, ਕਿਸੇ ਦੀ ਮਦਦ ਕਰਨ ਦੀ, ਕਿਸੇ ਲੋੜਵੰਦ ਦੇ ਕੰਮ ਆਉਣ ਦੀ ਬਿਰਤੀ ਆਪਾਂ ਉਸੇ ਤਰ੍ਹਾਂ ਕਾਇਮ ਰੱਖੀਏ। ਆਪਣੇ ਇਨਸਾਨ ਹੋਣ ਦਾ ਫਰਜ਼ ਆਪਾਂ ਨਿਭਾਉਂਦੇ ਰਹੀਏ। ਇਹ ਜਾਣ ਕੇ ਕਿ ਉਹ ਤੁਸੀਂ ਆਪਣੇ ਚੰਗੇ ਦੇ ਲਈ ਕਰ ਰਹੇ ਹੋ, ਇਹ ਜਾਣ ਕੇ ਕਿ ਤੁਸੀਂ ਆਪਣੇ ਲੇਖਾਂ ਦੇ ਵਿੱਚ ਕੁਝ ਚੰਗਾ ਲਿਖ ਰਹੇ ਹੋ, ਤੇ ਇਹਨਾਂ ਕਰਮਾਂ ਦੀ ਖੱਟੀ ਤੁਸੀਂ ਕੱਲ੍ਹ ਨੂੰ ਖਾਣੀ ਐ। ਇਹ ਜਾਣ ਕੇ ਕਿ ਉਹ ਚੰਗਾ ਪਰਤ ਕੇ ਤੁਹਾਡੇ ਤੱਕ ਜ਼ਰੂਰ ਵਾਪਸ ਆਊਗਾ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਆਵੇ।
ਆਸ ਕਰਦੇ ਆਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਜੇਕਰ ਇੱਦਾਂ ਦੀਆਂ ਹੀ ਕਹਾਣੀਆਂ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਸਾਡੀ ਐਪਲੀਕੇਸ਼ਨ ਡਾਊਨਲੋਡ ਕਰਕੇ ਸਾਡੇ ਪੋਡਕਾਸਟ ਸੈਕਸ਼ਨ 'ਤੇ ਜਾ ਕੇ ਸੁਣ ਸਕਦੇ ਹੋ। ਤੇ ਬਹੁਤ ਜਲਦ ਐਪਲੀਕੇਸ਼ਨ ਦੇ ਉੱਤੇ ਆਪਾਂ ਇੱਕ ਡੈਡੀਕੇਟਿਡ ਚੈਨਲ ਕਹਾਣੀਆਂ ਦਾ ਸ਼ੁਰੂ ਕਰਨ ਜਾ ਰਹੇ ਆਂ, ਸੋ ਜਿੱਦਾਂ ਹੀ ਸ਼ੁਰੂ ਕਰਦੇ ਆਂ ਤੁਹਾਡੇ ਤੱਕ ਅਪਡੇਟ ਵੀ ਜ਼ਰੂਰ ਪਹੁੰਚਾਵਾਂਗੇ ਤੇ ਤੁਸੀਂ ਆਪਣੀ ਫੀਡਬੈਕ ਵੀ ਜ਼ਰੂਰ ਸਾਡੇ ਤੱਕ ਪਹੁੰਚਾਇਓ। ਧੰਨਵਾਦ।
What's Your Reaction?
