ਮੁੱਲਾ ਨਸੀਰੂਦੀਨ ਅਤੇ 9ਵੇਂ ਖੋਤੇ ਦੀ ਕਹਾਣੀ: ਜੀਵਨ ਦਾ ਸੱਚ ਅਤੇ ਸਾਡੀ ਸੋਚ | Mulla Nasruddin Story
ਮੁੱਲਾ ਨਸੀਰੂਦੀਨ ਦੇ 9 ਖੋਤਿਆਂ ਦੀ ਇਹ ਚਰਚਿਤ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਅਕਸਰ ਉਸ ਚੀਜ਼ ਦੀ ਕਦਰ ਜਾਂ ਗਿਣਤੀ ਨਹੀਂ ਕਰਦੇ ਜੋ ਸਾਡੇ ਕੋਲ ਹੁੰਦੀ ਹੈ। ਪੂਰੀ ਕਹਾਣੀ ਅਤੇ ਇਸ ਦਾ ਡੂੰਘਾ ਜੀਵਨ ਨਿਚੋੜ ਪੜ੍ਹੋ।
ਕਹਿੰਦੇ ਨੇ ਇੱਕ ਵਾਰੀ ਮੁੱਲਾ ਜੀ ਨੇ ਸੋਚਿਆ ਕਿ ਉਹ ਆਪਣੇ ਇਲਾਕੇ ਦੇ ਵਿੱਚ ਥੋੜ੍ਹੀ ਬੱਲੇ-ਬੱਲੇ ਕਰਵਾਉਣ, ਚਾਰ ਪੈਸੇ ਆ ਗਏ ਆ।
ਤੇ ਇਸ ਕਰਕੇ ਉਨ੍ਹਾਂ ਨੇ ਮੰਡੀ ਦੇ ਵਿੱਚੋਂ ਜਾ ਕੇ ਨੌਂ ਗਧੇ ਖਰੀਦ ਲਿਆਂਦੇ। ਉਸ ਸਮੇਂ ਜਾਂ ਫਿਰ ਉਨ੍ਹਾਂ ਦੇ ਇਲਾਕੇ ਦੇ ਵਿੱਚ ਕਹਿ ਲਓ, ਜਿਹਦੇ ਕੋਲ ਨੌਂ ਗਧੇ ਸੀ ਉਹਦੀ ਬੜੀ ਬੱਲੇ-ਬੱਲੇ। ਇੱਦਾਂ ਕਹਿ ਲਓ ਕਿ ਉਹਦੀ, ਉਹਦੀ ਚਾਰੇ ਪਾਸੇ ਬੜੀ ਇੱਜ਼ਤ ਹੁੰਦੀ ਕਿ ਬੜਾ ਪੈਸਾ ਆ ਗਿਆ ਇਹਦੇ ਕੋਲ। ਇਹਦੇ ਕੋਲ ਇੰਨਾ, ਇੰਨਾ ਜਿਆਦਾ ਮਾਲ-ਡੰਗਰ ਹੈ, ਇੰਨੀ ਵੱਡੀ ਜਾਇਦਾਦ ਹੈ ਇਹਦੇ ਕੋਲ।
ਇਹੋ ਕੁੱਝ ਸੋਚ ਕੇ ਮੁੱਛਾਂ ਨੂੰ ਤਾਅ ਦਿੰਦੇ, ਐਂ ਛਾਤੀ ਚੌੜੀ ਕਰਕੇ ਵਾਪਸ ਆਪਣੇ ਪਿੰਡ ਨੂੰ ਤੁਰ ਪੈਂਦੇ ਨੇ।
ਸਫ਼ਰ ਕਾਫ਼ੀ ਲੰਮਾ। ਪਹਿਲਾਂ ਤੇ ਚਾਅ-ਚਾਅ ਦੇ ਨਾਲ ਖੋਤੇ ਅੱਗੇ ਹੱਕੀ ਲਿਆਉਂਦੇ ਨੇ।
ਤੇ ਫਿਰ ਇੱਕ ਜਗ੍ਹਾ ਦੇ ਉੱਤੇ ਆ ਕੇ ਜਦੋਂ ਥਕਾਵਟ ਮਹਿਸੂਸ ਹੁੰਦੀ ਹੈ, ਸੋਚਿਆ ਕਿ ਇਨ੍ਹਾਂ ਗਧਿਆਂ ਦੇ ਉੱਤੇ ਪੈਸਾ ਜਦੋਂ ਖਰੀਦਿਆ, ਇੰਨਾ ਪੈਸਾ ਖਰਚਿਆ, ਹੋਵੇ ਨਾ ਇਹਦਾ ਇਸਤੇਮਾਲ ਕੀਤਾ ਜਾਵੇ! ਇਨ੍ਹਾਂ ਖੋਤਿਆਂ ਦੇ ਉੱਤੇ ਬਹਿ ਕੇ ਜਾਵਾਂ ਮੈਂ। ਐਵੇਂ ਕਿਉਂ ਮੈਂ ਵੀ ਇਨ੍ਹਾਂ ਵਾਂਗੂੰ ਮਗਰ-ਮਗਰ ਤੁਰਿਆ ਜਾਨਾ?
ਤੇ ਉਨ੍ਹਾਂ ਦੇ ਵਿੱਚੋਂ ਇੱਕ ਗਧਾ ਚੁਣਿਆ, ਇੱਕ ਖੋਤਾ ਜਿਹੜਾ ਸਭ ਤੋਂ ਸੋਹਣਾ ਉਨ੍ਹਾਂ ਨੂੰ ਲੱਗਾ, ਉਹਦੇ ਉੱਤੇ ਬੈਠ ਕੇ, ਉਹ ਜਿਹੜਾ ਸਭ ਤੋਂ ਅੱਗੇ ਤੁਰਦਾ ਹੈ, ਬਾਕੀਆਂ ਨੂੰ ਥੋੜ੍ਹਾ ਜਿਹਾ ਪਛਾੜ ਕੇ। ਤੇ ਬੜੇ ਟੌਰ ਦੇ ਨਾਲ ਹੁਣ ਉੱਤੇ ਬੈਠੇ ਜਾਂਦੇ ਨੇ, ਆਪਣੇ ਆਪ ਦੇ ਉੱਤੇ ਫ਼ਖਰ ਮਹਿਸੂਸ ਕਰਦੇ ਨੇ। ਬੜੀ ਗੱਲ ਹੈ ਮੇਰੀ, ਮੈਂ ਪਿੰਡ ਜਾਊਂਗਾ ਤੇ ਇੱਦਾਂ ਹੋਊਗਾ, ਮੈਂ ਘਰ ਜਾਊਂਗਾ ਤੇ ਇੱਦਾਂ ਹੋਊਗਾ।
ਉਹ ਮੇਰੀ ਇੱਜ਼ਤ ਕਰਨਗੇ, ਮੈਂ ਅੱਗੋਂ ਇਸ ਤਰੀਕੇ ਨਾਲ ਰਿਐਕਟ ਕਰੂੰਗਾ, ਉਹ ਮੈਨੂੰ ਗਧਿਆਂ ਬਾਰੇ ਪੁੱਛਣਗੇ, ਮੈਂ ਇੱਦਾਂ ਦੀਆਂ ਕਹਾਣੀਆਂ ਦੱਸੂੰਗਾ। ਬਸ ਇਸੇ ਤਰ੍ਹਾਂ ਦੇ ਖਿਆਲੀ ਪੁਲਾਓ, ਇਸੇ ਤਰ੍ਹਾਂ ਦੀਆਂ ਸੋਚਾਂ ਦੀਆਂ ਬੁਣਤੀਆਂ, ਵਿਚਾਰ ਬੁਣਦੇ ਸਫ਼ਰ ਦੇ ਵਿੱਚ ਅੱਗੇ ਵਧਦੇ ਤੁਰੇ ਜਾਂਦੇ ਨੇ। ਤੇ ਅਚਾਨਕ ਮਨ ਦੇ ਵਿੱਚ ਆਇਆ—ਮੈਂ ਉਸ ਖੋਤੇ 'ਤੇ ਬੈਠਾਂ ਜਿਹੜਾ ਸਭ ਤੋਂ ਅੱਗੇ-ਅੱਗੇ ਚਲੀ ਜਾਂਦਾ, ਇਹ ਨਾ ਹੋਵੇ ਕਿ ਪਿੱਛੋਂ ਕੋਈ ਮੇਰਾ ਕੋਈ ਖੋਤਾ ਹੀ ਗਾਇਬ ਕਰ ਦੇਵੇ, ਮੈਂ ਅੱਗੇ ਪਾ ਦੇ ਖੋਤੇ! ਪਿੱਛੋਂ ਕੋਈ ਖੋਤਾ ਇੱਧਰ-ਉੱਧਰ ਹੋ ਗਿਆ ਤੇ ਕੌਣ ਜਿੰਮੇਵਾਰ ਹੈ? ਤੇ ਇੱਕਦਮ ਮਨ ਦੇ ਵਿੱਚ ਵਿਚਾਰ ਆਇਆ, ਸੋਚਿਆ ਕਿ ਉੱਤੇ ਬੈਠੇ-ਬੈਠੇ ਹੀ ਮੈਂ ਇੱਕ ਵਾਰੀ ਗਿਣਤੀ ਤੇ ਮਾਰ ਲਵਾਂ।
ਪਿੱਛੇ ਭੌਂ ਕੇ ਖੋਤੇ ਗਿਣਦੇ ਨੇ—ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ।
ਇਹ ਕੀ ਹੋਇਆ? ਨੌਵਾਂ ਖੋਤਾ ਕਿੱਥੇ ਗਿਆ?
ਇਸ ਵਿਚਾਰ ਨੇ ਇੱਕਦਮ ਉਨ੍ਹਾਂ ਦੇ ਚਿਹਰੇ ਦੇ ਉੱਤੇ ਤ੍ਰੇਲੀਆਂ ਲਿਆ ਦਿੱਤੀਆਂ। ਹਾਲੇ ਤਾਂ ਮੈਂ ਪਹੁੰਚਿਆ ਵੀ ਨਹੀਂ ਘਰ, ਇੱਕ ਹੁਣੇ ਘਟ ਗਿਆ! ਇਹ ਕੀ ਬਣੂਗਾ?
ਤਰਬੱਕ ਕੇ ਉਹ ਖੋਤੇ ਤੋਂ ਥੱਲੇ ਉੱਤਰਦੇ ਨੇ ਤੇ ਫਿਰ ਦੁਬਾਰਾ ਤੋਂ ਗਿਣਤੀ ਮਾਰਦੇ ਆ। ਪਰ ਹੁਣ ਗਿਣਤੀ ਪੂਰੀ ਹੋ ਜਾਂਦੀ ਹੈ।
ਫਿਰ ਖ਼ੁਸ਼ੀ-ਖ਼ੁਸ਼ੀ ਵਾਪਸ ਖੋਤੇ 'ਤੇ ਬਹਿਂਦੇ ਤੇ ਆਪਣੇ ਸਫ਼ਰ 'ਚ ਅੱਗੇ ਤੁਰ ਪੈਂਦੇ। ਤੇ ਫਿਰ ਦੁਬਾਰਾ ਤੋਂ ਉਹੀ ਖ਼ਿਆਲੀ ਪੁਲਾਓ ਲੰਮਾ-ਚੌੜਾ ਸੋਚਦੇ ਨੇ। ਸੋਚਾਂ ਹੀ ਸੋਚਾਂ ਦੇ ਵਿੱਚ ਨਜ਼ਾਰੇ ਲੈਂਦੇ ਨੇ, ਆਪਣਾ ਇੱਜ਼ਤ-ਮਾਣ ਹੁੰਦਾ ਮਹਿਸੂਸ ਕਰਦੇ ਨੇ, ਆਪਣੇ ਆਪ ਨੂੰ ਉਹ ਆਪਣੇ ਇਲਾਕੇ ਦਾ ਸਭ ਤੋਂ ਅਮੀਰ ਆਦਮੀ ਮਹਿਸੂਸ ਕਰਦੇ ਨੇ। ਤੇ ਫਿਰ ਦੁਬਾਰਾ ਤੋਂ ਅਚਾਨਕ ਮਨ ਦੇ ਵਿੱਚ ਵਿਚਾਰ ਆ ਗਿਆ—ਇੱਕ ਵਾਰੀ ਫਿਰ ਗਿਣਤੀ ਮਾਰ ਲਵਾਂ! ਕਈ ਲੋਕ ਬੜੇ ਬਦਮਾਸ਼ ਹੁੰਦੇ ਨੇ, ਐਵੇਂ ਕੋਈ ਪਿੱਛੋਂ ਮੇਰੇ ਖੋਤੇ ਨੂੰ ਇੱਧਰ-ਉੱਧਰ ਕਰ ਦੇਵੇ। ਤੇ ਫਿਰ ਦੁਬਾਰਾ ਉੱਤੇ ਬੈਠੇ-ਬੈਠੇ ਗਿਣਤੀ ਮਾਰੀ।
ਗਿਣਤੀ ਫਿਰ ਅੱਠ ਆਈ! ਤੇ ਫਿਰ ਦੁਬਾਰਾ ਤੋਂ ਉਹੀ ਤ੍ਰੇਲੀਆਂ ਮੱਥੇ ਦੇ ਉੱਤੇ।
ਫਿਰ ਦੁਬਾਰਾ ਥੱਲੇ ਉੱਤਰਦੇ ਨੇ, ਥੋੜ੍ਹਾ ਸੁੱਖ ਦਾ ਸਾਹ ਲੈਂਦੇ ਨੇ, ਦੁਬਾਰਾ ਗਿਣਤੀ ਮਾਰੀ ਤੇ ਫਿਰ ਨੌਂ ਪੂਰੇ।
ਦਿਮਾਗ ਨੂੰ ਥੋੜ੍ਹੀ ਜਿਹੀ ਤਸੱਲੀ ਹੋਈ ਤੇ ਇਸੇ ਤਰ੍ਹਾਂ ਦੇ ਨਾਲ ਫਿਰ ਦੁਬਾਰਾ ਸਫ਼ਰ 'ਤੇ ਤੁਰ ਪਏ। ਤੇ ਹੁਣ ਉਹ ਇਹ ਵੀ ਸੋਚਦੇ ਨੇ—ਕਿਸੇ ਨੇ ਜਾਦੂ-ਟੂਣਾ ਤੇ ਨਹੀਂ ਕਰਤਾ? ਇਹ ਕਿਹੜੀ ਕਿਸਮ ਦਾ ਤਿਲਸਮ ਹੈ? ਜਦੋਂ ਮੈਂ ਉੱਤੇ ਬੈਠਾ ਹੁੰਨਾ, ਤੇ ਉਦੋਂ ਮੇਰੀ ਗਿਣਤੀ ਘੱਟ ਨਿਕਲਦੀ ਹੈ, ਜਦੋਂ ਮੈਂ ਇਸ ਖੋਤੇ ਤੋਂ ਥੱਲੇ ਉੱਤਰ ਜਾਨਾ ਤੇ ਗਿਣਤੀ ਪੂਰੀ ਹੋ ਜਾਂਦੀ ਹੈ। ਇਹ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ, ਕਿਸੇ ਨੇ, ਕਿਸੇ ਨੇ ਮੈਨੂੰ ਕਾਲੇ ਜਾਦੂ ਵਾਲੇ ਖੋਤੇ ਦੇ ਦਿੱਤੇ। ਉਨ੍ਹਾਂ ਨੇ ਕੋਈ ਮੰਤਰ ਧੂੜ ਕੇ ਦੇ ਦਿੱਤਾ, ਇਹ ਨਾ ਹੋਵੇ ਮੈਂ ਪਿੰਡ ਪਹੁੰਚਾਂ ਤੇ ਸਾਰੇ ਦੇ ਸਾਰੇ ਗਾਇਬ ਹੋ ਜਾਣ! ਮੈਂ ਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਇਸੇ 'ਤੇ ਲਾ ਦਿੱਤੀ।
ਇਹੋ ਸੋਚ-ਸੋਚ ਕੇ ਉਨ੍ਹਾਂ ਨੂੰ ਤ੍ਰੇਲੀਆਂ ਆਈ ਜਾਂਦੀਆਂ, ਮਨ ਹੋਲਾ ਪਈ ਜਾਂਦਾ। ਜਿੱਦਾਂ-ਜਿੱਦਾਂ ਉਹਦੇ ਕਦਮ ਆਪਣੇ ਘਰ ਵੱਲ ਨੂੰ, ਪਿੰਡ ਵੱਲ ਨੂੰ ਵਧਦੇ ਨੇ, ਉਦਾਂ-ਉਦਾਂ ਉਹਦੀਆਂ ਚਿੰਤਾਵਾਂ ਹੋਰ ਵਧ ਜਾਂਦੀਆਂ। ਵਾਰ-ਵਾਰ ਘੁੰਮ-ਘੁੰਮ ਕੇ ਪਿੱਛੇ ਵੇਖਦਾ, ਕਈ ਵਾਰੀ ਤੇ ਇਹ ਵੀ ਸੋਚਦਾ ਚੱਲ ਜੇ ਅੱਠ ਵੀ ਰਹਿ ਜਾਣ ਕੋਈ ਗੱਲ ਨਹੀਂ, ਪਰ ਇਹ ਨਾ ਹੋਵੇ ਕਿ ਕਿਸੇ ਦਾ ਜਾਦੂ ਹੌਲੀ-ਹੌਲੀ ਐਸਾ ਕੰਮ ਕਰੇ ਮੈਂ ਇਕੱਲਾ ਹੀ ਰਹਿ ਜਾਵਾਂ, ਮੈਂ ਤੇ ਉੱਜੜ ਜਾਊਂਗਾ, ਮੇਰੇ ਪੱਲੇ ਕੀ ਰਹਿ ਗਿਆ? ਬਸ ਇਸੇ ਤਰ੍ਹਾਂ ਦੀਆਂ ਸੋਚਾਂ ਸੋਚਦੇ ਬੁਰੇ ਹਾਲ ਹੋਏ ਪਏ ਨੇ, ਹੁਣ ਉਹਨੂੰ ਕੋਈ ਖਾਣ-ਪੀਣ ਵੀ ਨਹੀਂ ਸੁਝਦਾ।
ਇਸੇ ਤਰ੍ਹਾਂ ਮੱਥੇ 'ਤੇ ਤ੍ਰੇਲੀਆਂ, ਚਿੰਤਾ ਸਾਫ਼ ਦਿਖਾਈ ਦਿੰਦੀ ਹੈ। ਇੱਕ ਪਿੰਡ ਦੇ ਲਾਗਿਓਂ ਦੀ ਲੰਘਦੇ ਨੇ ਤੇ ਇੱਕ, ਇੱਕ ਫ਼ਕੀਰ ਟੱਕਰਦਾ, ਇੱਕ ਭਲਾ ਪੁਰਸ਼।
ਪੁੱਛ ਲੈਂਦਾ, "ਕੀ ਗੱਲ ਮੁੱਲਾ ਜੀ? ਬੜੇ ਪਰੇਸ਼ਾਨ ਦਿਖਾਈ ਦਿੰਦੇ ਹੋ। ਵੈਸੇ ਵੇਖਣ ਨੂੰ ਤਾਂ ਬੜੇ ਅਮੀਰ ਲੱਗਦੇ ਹੋ। ਤੁਸੀਂ ਇੰਨੇ ਖੋਤੇ ਲਈ ਫਿਰਦੇ ਹੋ, ਇੰਨੇ ਖੋਤਿਆਂ ਦੀ ਗਿਣਤੀ ਰੱਖ ਕੇ ਵੀ ਤੁਹਾਡੇ ਮੱਥੇ 'ਤੇ ਤ੍ਰੇਲੀਆਂ ਨੇ, ਇੰਨੀ ਕਾਹਦੀ ਚਿੰਤਾ ਹੈ?"
ਤਾਪੜਾ ਦੇ ਲਓ ਉਹਦੇ ਨਾਲ ਬੋਲਣ ਲੱਗ ਪਏ, "ਮੇਰੇ ਖੋਤਿਆਂ 'ਤੇ," ਕਹਿੰਦੇ ਨੇ, "ਕਿਸੇ ਨੇ ਜਾਦੂ ਮਾਰ ਦਿੱਤਾ। ਤੁਸੀਂ ਤਾਂ ਰੱਬ ਦੇ ਬੰਦੇ ਹੋ, ਫ਼ਕੀਰ ਬੰਦੇ ਹੋ, ਜੇ ਹੋਵੇ ਤਾਂ ਮੇਰੀ ਮਦਦ ਕਰ ਦਿਓ। ਜਾਦੂ ਕੀ ਮਾਰਿਆ, ਜਦੋਂ ਮੈਂ, ਜਦੋਂ ਮੈਂ ਖੋਤੇ ਦੇ ਉੱਤੇ ਬਹਿ ਕੇ ਗਿਣਨਾ ਤੇ ਮੇਰੇ ਖੋਤੇ ਘਟ ਜਾਂਦੇ, ਜਦੋਂ ਮੈਂ ਉੱਤਰ ਕੇ ਗਿਣਨਾ ਤੇ ਮੇਰੇ ਖੋਤੇ ਪੂਰੇ ਹੋ ਜਾਂਦੇ। ਹੁਣ ਤਾਂ ਮੈਂ ਡਰਦਾ ਉੱਤਰ ਕੇ ਗਿਣਦਾ ਹੀ ਨਹੀਂ, ਇਹ ਨਾ ਹੋਵੇ ਕਿਤੇ ਪੱਕਾ ਹੀ ਇੱਕ ਗਾਇਬ ਹੋ ਜਾਵੇ।"
ਤੇ ਫ਼ਕੀਰ ਨੂੰ ਝੱਟ, ਝੱਟ ਉਹ ਸਾਰੀ ਕਹਾਣੀ ਸਮਝ ਆ ਗਈ। ਉਸ ਸੂਝਵਾਨ ਬੰਦੇ ਨੇ ਮੁੱਲਾ ਨੂੰ ਸਮਝਾਇਆ, "ਮੁੱਲਾ ਜੀ, ਖੋਤੇ ਤਾਂ ਤੁਹਾਡੇ ਪੂਰੇ ਹੀ ਨੇ। ਮਸਲਾ ਇਹ ਆ ਕਿ ਤੁਸੀਂ ਜਦੋਂ ਉੱਤੇ ਬਹਿ ਜਾਂਦੇ ਹੋ ਨਾ, ਤੇ ਫਿਰ ਉਸ ਖੋਤੇ ਨੂੰ ਨਹੀਂ ਗਿਣਦੇ ਜਿਹੜੇ ਖੋਤੇ ਦੇ ਉੱਤੇ ਤੁਸੀਂ ਬੈਠੇ ਹੁੰਦੇ ਹੋ। ਤੁਸੀਂ ਉਨ੍ਹਾਂ ਸਾਰਿਆਂ ਦੀ ਗਿਣਤੀ ਮਾਰ ਲੈਂਦੇ ਹੋ ਜਿਹੜੇ ਪਿੱਛੇ-ਪਿੱਛੇ ਤੁਰੇ ਆਉਂਦੇ ਨੇ। ਤੇ ਜਦੋਂ ਤੁਸੀਂ ਉੱਤਰ ਕੇ ਗਿਣਦੇ ਹੋ, ਉਦੋਂ ਤੁਹਾਡੇ ਖੋਤੇ ਪੂਰੇ ਹੋ ਜਾਂਦੇ ਨੇ, ਕਿਉਂਕਿ ਤੁਸੀਂ ਉਹਨੂੰ ਵੀ ਗਿਣ ਲੈਂਦੇ ਹੋ ਜਿਹਦੇ ਉੱਤੇ ਤੁਸੀਂ ਬੈਠੇ ਸੀ। ਬਸ ਇੰਨੀ ਕੁ ਗੱਲ ਆ, ਪਰੇਸ਼ਾਨ ਕਿਉਂ ਹੋਈ ਜਾਂਦੇ ਹੋ?"
ਤੇ ਮੁੱਲਾ ਦੀ ਪਰੇਸ਼ਾਨੀ ਥੋੜ੍ਹੀ ਜਿਹੀ ਘਟੀ।
ਉਹਨੇ ਸੁੱਖ ਦਾ ਸਾਹ ਲਿਆ, ਪਰ ਡਰਿਆ ਇੰਨਾ ਸੀ ਕਿ ਫਿਰ ਦੁਬਾਰਾ ਪੁੱਛੀ ਜਾਵੇ, "ਜੇ ਮੈਂ ਹੁਣ ਉੱਤੇ ਬੈਠੂੰਗਾ, ਫਿਰ ਤੇ ਨਹੀਂ ਘਟ ਜਾਣਗੇ?"
ਤਾਂ ਉਸ ਰੱਬ ਦੇ ਬੰਦੇ ਨੇ ਹੱਸ ਕੇ ਕਿਹਾ, "ਇਹ ਨਹੀਂ ਘਟਣੇ ਮੁੱਲਾ ਜੀ, ਘਟਣਾ ਤੇ ਸਿਰਫ਼ ਤੁਸੀਂ ਘਟਣਾ।"
ਇਹ ਘਟਨਾ ਐਸੀ ਘਟਦੀ ਆ ਕਿ ਕੱਲੀ ਤੁਹਾਡੇ ਨਾਲ ਨਹੀਂ ਘਟੀ, ਇਹ ਦੁਨੀਆ ਦੇ ਹਰ ਇੱਕ ਇਨਸਾਨ ਦੇ ਨਾਲ ਘਟਦੀ ਆ।
ਤੇ ਜਿਹਦੇ-ਜਿਹਦੇ ਨਾਲ ਘਟਦੀ ਆ, ਫਿਰ ਉਹੀ ਜਾਣਦਾ ਇਹ ਕਿਹੜੇ ਭਾਅ ਪੈਂਦੀ ਆ।
ਤੇ ਵੇਖਿਆ ਜਾਵੇ ਤੇ ਇਸੇ ਤਰ੍ਹਾਂ ਆਪਾਂ ਸਾਰੀ ਉਮਰ ਇਸ ਖੋਤੇ 'ਤੇ ਬੈਠਿਆਂ, ਇਸੇ ਖੋਤੇ ਦੀ ਗਿਣਤੀ ਕਰਨ ਤੋਂ ਬਿਨਾਂ ਬਾਕੀ ਸਾਰੇ ਖੋਤੇ ਗਿਣੀ ਜਾਨੇ ਆਂ ਤੇ ਆਪਣੇ ਆਪ ਨੂੰ ਪਰੇਸ਼ਾਨ ਕਰੀ ਜਾਨੇ ਆਂ।
ਦੋ ਤਰੀਕਿਆਂ ਦੇ ਨਾਲ ਇਸ, ਇਸ ਕਹਾਣੀ ਨੂੰ ਵੇਖਦੇ ਹਾਂ।
ਜਿਹੜੇ ਖੋਤੇ ਦੇ ਉੱਤੇ ਮੁੱਲਾ ਜੀ ਬੈਠੇ ਸੀ, ਆਪਾਂ ਸਾਰੇ ਉਸ ਖੋਤੇ ਦੇ ਉੱਤੇ ਬੈਠੇ ਹਾਂ, ਯਾਨੀ ਕਿ ਉਹ ਜਿਹੜਾ ਤੁਸੀਂ, ਜਿਹੜਾ ਤੁਸੀਂ ਕਮਾ ਲਿਆ, ਜਿਹੜੀਆਂ ਤੁਹਾਡੀਆਂ ਸੁੱਖ-ਸੁਵਿਧਾਵਾਂ ਨੇ, ਜਿਹਨੂੰ ਵੀ ਤੁਸੀਂ ਆਪਣੀ ਜ਼ਮੀਨ-ਜਾਇਦਾਦ ਕਹਿੰਦੇ ਹੋ। ਉਹ ਜਿਹੜਾ ਤੁਸੀਂ ਪਾ ਲਿਆ ਉਹਦੇ ਵਿੱਚ ਰਿਸ਼ਤੇ ਵੀ ਆ ਜਾਂਦੇ ਨੇ, ਉਹਦੇ ਵਿੱਚ ਤੁਹਾਡੇ ਯਾਰ-ਦੋਸਤ ਵੀ ਆ ਜਾਂਦੇ ਨੇ, ਉਹ ਜਿਨ੍ਹਾਂ ਦੀ, ਜਿਨ੍ਹਾਂ ਦੀ ਓਨਰਸ਼ਿਪ ਤੁਸੀਂ ਕਲੇਮ ਕਰਨ ਲੱਗ ਪੈਂਦੇ ਹੋ। ਜਿਨ੍ਹਾਂ ਦੇ ਉੱਤੇ ਸਵਾਰ ਹੋ ਕੇ ਆਪਾਂ, ਆਪਾਂ ਕਹਿੰਦੇ ਹਾਂ ਕਿ ਆਪਾਂ ਹੌਲੇ ਹੋ ਗਏ ਹਾਂ।
ਜਿਹੜੇ ਟਾਈਮ ਆਪਾਂ ਇਨ੍ਹਾਂ ਸਾਰੀਆਂ ਸੁੱਖ-ਸੁਵਿਧਾਵਾਂ ਦੀ ਸਵਾਰੀ ਕਰਨੀ ਸ਼ੁਰੂ ਕੀਤੀ, ਯਾਨੀ ਕਿ ਇਸ ਗਧੇ ਦੇ ਉੱਤੇ ਬੈਠੇ, ਸਾਨੂੰ ਲੱਗਾ ਕਿ ਆਪਾਂ ਦੁਨੀਆ ਜਿੱਤ ਲਈ ਆ, ਹੁਣ ਇਸ ਤੋਂ ਬਾਅਦ ਸਾਨੂੰ ਕੁੱਝ ਨਹੀਂ ਚਾਹੀਦਾ। ਹੁਣ ਕੋਈ ਸਾਨੂੰ ਥਕਾਵਟ ਨਹੀਂ ਹੋਣੀ, ਹੁਣ ਤਾਂ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਇੱਦਾਂ ਹੀ ਬੈਠੇ-ਬਠਾਏ ਪਹੁੰਚ ਜਾਣਾ।
ਦੁਨੀਆ ਦਾ ਹਰ ਇੱਕ ਇਨਸਾਨ ਇਸੇ ਤਰ੍ਹਾਂ ਦੇ ਨਾਲ ਜਿਹੜੀ-ਜਿਹੜੀ ਮਾਲਕੀ ਨੂੰ ਮਾਣਦਾ, ਉਹਨੂੰ ਲੱਗਦਾ ਕਿ ਇਹ ਮੇਰੇ ਕੋਲ ਸਥਾਈ ਆ। ਇਹ ਮੇਰੀ ਸੀ, ਇਹ ਮੁੱਢ-ਕਦੀਮੋਂ ਮੈਂ ਇਸੇ ਤਰ੍ਹਾਂ ਦੇ ਨਾਲ ਨਾਲ ਲੈ ਕੇ ਚੱਲਿਆ।
ਇਹ ਤਾਂ ਮੇਰੇ ਕੋਲੋਂ ਨਹੀਂ ਖੁੱਸਣੀ ਚਾਹੀਦੀ। ਉਹਨੂੰ ਆਪਾਂ ਕਦੀ ਕਿਸੇ ਗਿਣਤੀ ਦੇ ਵਿੱਚ ਗਿਣਦੇ ਹੀ ਨਹੀਂ। ਉਹ ਰਿਸ਼ਤੇ ਜਿਹੜੇ ਰੱਬ ਨੇ ਸਾਨੂੰ ਦਿੱਤੇ ਆ—ਸਾਡੇ ਭੈਣ-ਭਰਾ, ਮਾਂ-ਪਿਓ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਜੀਵਨ ਸਾਥੀ, ਇਹ ਪੈਸਾ-ਧੇਲਾ, ਕਾਰੋਬਾਰ—ਅਸੀਂ ਕਹਿੰਦੇ ਹਾਂ ਕਿ ਇਹ ਤਾਂ ਸਾਨੂੰ ਮਿਲਣਾ ਹੀ ਸੀ, ਇਹ ਤਾਂ ਸਾਡਾ ਅਧਿਕਾਰ ਹੀ ਸੀ, ਇਹਨੂੰ ਤਾਂ ਆਪਾਂ ਉੱਤੇ ਬਹਿ ਕੇ ਮਾਣ ਰਹੇ ਹਾਂ। ਇਨ੍ਹਾਂ ਸੁੱਖ-ਸੁਵਿਧਾਵਾਂ ਤੋਂ ਇਲਾਵਾ ਜੋ ਵੀ ਆ, ਉਹ ਸਾਰਾ ਕੁੱਝ ਸਾਨੂੰ ਨਜ਼ਰ ਆਉਂਦਾ, ਪਰ ਇਹ ਨਹੀਂ ਨਜ਼ਰ ਆਉਂਦਾ, ਇਹਨੂੰ ਆਪਾਂ ਕਿਸੇ ਗਿਣਤੀ 'ਚ ਨਹੀਂ ਗਿਣਦੇ।
ਚਾਹੇ ਤੁਸੀਂ ਇਹਨੂੰ ਅਚੀਵਮੈਂਟ ਲਾ ਲਓ, ਕਿ ਇਹ ਸਾਨੂੰ ਅਚੀਵਮੈਂਟ ਹੀ ਨਹੀਂ ਲੱਗਦੀ!
ਜਿਹੜੇ ਖੋਤੇ 'ਤੇ ਆਪਾਂ ਬੈਠੇ ਹਾਂ ਉਹਦੀ ਗਿਣਤੀ ਇਸ ਕਰਕੇ ਨਹੀਂ ਵੱਜਦੀ, ਕਿਉਂਕਿ ਉਹ ਤਾਂ ਸਾਨੂੰ ਕੋਈ ਵੱਡੀ ਉਪਲਬਧੀ ਲੱਗਦੀ ਨਹੀਂ, ਉੱਥੇ ਸਾਨੂੰ ਲੱਗਦਾ ਕਿ ਇਹ ਤਾਂ ਇਨ-ਬਿਲਟ ਸੀ, ਇਹ ਤਾਂ ਸਾਡਾ ਜਿੱਦਾਂ ਮੁੱਢ-ਕਦੀਮ ਤੋਂ ਇੱਕ ਹਿੱਸਾ ਹੀ ਸੀ।
ਇਸ ਕਰਕੇ ਜਦੋਂ ਉਹ ਖੁੱਸਦਾ ਤੇ ਦੁੱਖ ਸਭ ਤੋਂ ਵਧੇਰੇ ਉਸੇ ਦਾ ਹੁੰਦਾ। ਪਰ ਜਿੰਨਾ ਚਿਰ ਆਪਾਂ ਉਹਨੂੰ ਮਾਣ ਰਹੇ ਹਾਂ, ਉਨ੍ਹਾਂ ਚਿਰ ਤੱਕ ਉਹਦੀ ਕੋਈ ਗਿਣਤੀ ਨਹੀਂ। ਆਸ-ਪਾਸ ਬਾਕੀ ਸਾਰਾ ਕੁੱਝ ਸਾਨੂੰ ਦੀਂਦਾ, ਬਾਕੀ ਸਾਰੇ ਅੱਠ ਸਾਨੂੰ ਦੀਂਦੇ ਆ, ਦੂਸਰੇ ਲੋਕ ਸਾਨੂੰ ਦੀਂਦੇ ਆ ਜਾਂ ਫਿਰ ਉਹ ਜਿਹੜਾ ਆਪਾਂ ਹਾਸਲ ਕਰਨਾ, ਜਿਨ੍ਹਾਂ ਦੀ ਹਾਲੇ ਆਪਾਂ ਸਵਾਰੀ ਕਰਨੀ ਆ। ਜਿਹੜੇ-ਜਿਹੜੇ ਵੀ ਸਾਡੇ ਆਸ-ਪਾਸ ਹੋਰ ਕਈ ਰਿਸ਼ਤੇ-ਨਾਤੇ ਨੇ ਜਿਨ੍ਹਾਂ ਨੂੰ ਆਪਾਂ ਅਪਣਾਉਣਾ ਚਾਹੁੰਦੇ ਹਾਂ, ਹੋਰ ਧਨ-ਦੌਲਤ, ਜਾਇਦਾਦ, ਹੋਰ ਕਾਰੋਬਾਰ ਜਿਨ੍ਹਾਂ ਨੂੰ ਆਪਾਂ ਹਾਲੇ, ਹਾਲੇ ਮਾਣਨਾ, ਜਿਨ੍ਹਾਂ ਦੀ ਪਿੱਠ 'ਤੇ ਆਪਾਂ ਸਵਾਰੀ ਕਰਨੀ ਆ, ਉਨ੍ਹਾਂ ਸਾਰਿਆਂ ਦੀ ਗਿਣਤੀ ਸਾਨੂੰ ਦੀਂਦੀ ਆ। ਪਰ ਜੋ ਸਾਡੇ ਕੋਲ ਆ, ਉਹਦੀ ਗਿਣਤੀ ਨਹੀਂ ਸਾਨੂੰ ਦੀਂਦੀ। ਉਹ ਗਿਣਤੀ ਉਦੋਂ ਹੀ ਸਾਨੂੰ ਦਿੱਖੂਗੀ ਜਦੋਂ ਆਪਾਂ ਮੁੱਲਾ ਵਾਂਗੂੰ ਥੱਲੇ ਉੱਤਰ ਕੇ ਗਿਣਾਂਗੇ, ਤੇ ਥੱਲੇ ਕਿੰਨੇ ਕੁ ਉੱਤਰਦੇ ਆ?
ਇਹਦਾ ਕਹਿੰਦੇ ਨਸ਼ਾ ਹੀ ਇੰਨਾ ਕੁ ਆ!
ਇਹ ਜ਼ਿੰਦਗੀ ਦੀ ਐਸੀ ਕਹਾਣੀ ਆ ਜਿਹੜੀ ਸਾਡੀ ਸਾਰਿਆਂ ਦੇ ਨਾਲ ਵਾਪਰਦੀ ਆ ਤੇ ਵਾਪਰ ਰਹੀ ਆ।
ਜਿੱਦਾਂ ਮੁੱਲਾ ਇੱਕ-ਦੋ ਵਾਰੀ ਉੱਤਰ ਕੇ ਗਿਣਦਾ ਤੇ ਉਸ ਤੋਂ ਬਾਅਦ ਉਹਦੀ, ਉਹਦੀ ਹਿੰਮਤ ਵੀ ਨਹੀਂ ਪੈਂਦੀ ਕਿ ਉਹ ਉੱਤਰ ਕੇ ਫਿਰ ਦੁਬਾਰਾ ਤੋਂ ਗਿਣ ਲਵੇ, ਕਿਉਂਕਿ ਉਹਦੇ ਮਨ ਦੇ ਵਿੱਚ ਡਰ ਆ। ਤੇ ਇਸੇ ਤਰ੍ਹਾਂ ਦਾ ਡਰ ਸਾਡੇ ਮਨ ਦੇ ਵਿੱਚ ਵੀ ਆ, ਕਿ ਜੇ ਆਪਾਂ ਇਹਦੇ ਤੋਂ ਉੱਤਰ ਕੇ ਪਾਸੇ ਹੋ ਕੇ ਗਿਣਨ ਦੀ ਕੋਸ਼ਿਸ਼ ਕੀਤੀ, ਤੇ ਇਹ ਨਾ ਹੋਵੇ ਕਿ ਇਹ ਗਾਇਬ ਹੀ ਹੋ ਜਾਵੇ! ਇਹ ਨਾ ਹੋਵੇ ਕਿ ਵਾਰ-ਵਾਰ ਉੱਤਰ ਕੇ ਗਿਣਨ ਦੇ ਨਾਲ ਹੋਰ ਘਾਟਾ ਪੈ ਜਾਵੇ!
ਤੇ ਇੱਕ ਹੋਰ ਨਜ਼ਰੀਏ ਦੇ ਨਾਲ ਵੀ ਆਪਾਂ ਇਸ ਕਹਾਣੀ ਨੂੰ ਵੇਖ ਸਕਦੇ ਹਾਂ।
ਇੱਕ ਸਮਾਂ ਹੁੰਦਾ ਜਦੋਂ ਆਪਾਂ, ਜਦੋਂ ਆਪਾਂ ਪੈਦਲ ਯਾਤਰਾ ਕਰਦੇ ਹਾਂ ਜਿੱਦਾਂ ਮੁੱਲਾ ਕਰ ਰਿਹਾ ਸੀ। ਇਹ ਸਾਰੀਆਂ ਸੁੱਖ-ਸੁਵਿਧਾਵਾਂ, ਇਹ ਸਾਰੇ ਖੋਤੇ ਸਾਡੇ ਆਸ-ਪਾਸ ਹੀ ਤਾਂ ਤੁਰੇ ਫਿਰਦੇ ਆ। ਇਹ ਸਾਰੀ ਧਨ-ਦੌਲਤ, ਸਾਰਾ ਕੁੱਝ, ਸਾਰੇ ਐਸ਼ੋ-ਆਰਾਮ ਸਾਡੇ ਆਸ-ਪਾਸ ਤੁਰੇ ਫਿਰਦੇ ਆ ਤੇ ਆਪਾਂ ਨਾਲ-ਨਾਲ ਤੁਰੇ ਫਿਰਦੇ ਹਾਂ, ਮਿਹਨਤ ਕਰਦੇ ਹਾਂ। ਜਿੱਦਾਂ ਉਹ ਆਪਣੇ ਪੈਰਾਂ 'ਤੇ ਚੱਲ ਰਿਹਾ ਸੀ, ਇਸੇ ਤਰ੍ਹਾਂ ਦੇ ਨਾਲ ਇੱਕ, ਇੱਕ ਜ਼ਿੰਦਗੀ ਦਾ ਸ਼ੁਰੂਆਤੀ ਸਮਾਂ ਹੁੰਦਾ ਜਦੋਂ ਆਪਾਂ ਬਹੁਤ ਮਿਹਨਤ ਕਰਦੇ ਹਾਂ, ਭੱਜ-ਭੱਜ ਕੇ ਮਿਹਨਤ ਕਰਦੇ ਹਾਂ, ਕਮਾਉਂਦੇ ਹਾਂ।
ਤੇ ਫਿਰ ਸਾਡੇ ਕੋਲ ਇੰਨਾ ਕੁ ਧਨ-ਦੌਲਤ, ਇੰਨਾ ਕੁ ਇਕੱਠਾ ਹੋ ਜਾਂਦਾ ਇਨ੍ਹਾਂ ਖੋਤਿਆਂ ਵਾਂਗੂੰ, ਕਿ ਆਪਾਂ ਸੋਚਦੇ ਹਾਂ ਕਿਉਂ ਨਾ ਇਨ੍ਹਾਂ ਦੀ ਸਵਾਰੀ ਕਰ ਲਈ ਜਾਵੇ? ਕਿਉਂ ਨਾ ਇਨ੍ਹਾਂ ਸੁੱਖ-ਸੁਵਿਧਾਵਾਂ ਨੂੰ ਮਾਣ ਲਿਆ ਜਾਵੇ? ਐਵੇਂ ਕਿਉਂ ਆਪਾਂ ਆਪਣੇ ਪੈਰ ਥਕਾਉਂਦੇ ਹਾਂ, ਆਪਣੇ ਆਪ ਨੂੰ ਖਪਾਉਂਦੇ ਹਾਂ? ਤੇ ਫਿਰ ਆਪਾਂ ਜਦੋਂ ਪਹਿਲੀ ਵਾਰ ਇਨ੍ਹਾਂ ਸੁੱਖ-ਸੁਵਿਧਾਵਾਂ ਦੀ ਸਵਾਰੀ ਕਰਦੇ ਹਾਂ ਨਾ, ਤੇ ਸਾਨੂੰ ਲੱਗਦਾ ਹਾਂਅ... ਪੈਰਾਂ ਨੂੰ ਆਰਾਮ ਆਇਆ! ਹੁਣ ਤੇ ਸਾਨੂੰ ਸਾਹ ਹੀ ਨਹੀਂ ਚੜ੍ਹਨਾ, ਹੁਣ ਜਿੰਨਾ ਮਰਜ਼ੀ ਆਪਾਂ ਭੱਜੀਏ, ਜਿੰਨਾ ਮਰਜ਼ੀ ਆਪਾਂ ਦੂਰ ਤੱਕ ਸਫ਼ਰ ਕਰੀਏ। ਹੁਣ ਇਨ੍ਹਾਂ ਸੁੱਖ-ਸੁਵਿਧਾਵਾਂ ਦੇ ਸਿਰ ਦੇ ਉੱਤੇ ਆਪਾਂ ਲੰਮੀ ਪਾਰੀ ਖੇਡ ਸਕਦੇ ਹਾਂ, ਕਿਉਂਕਿ ਹੁਣ, ਹੁਣ ਸਾਡਾ ਸਰੀਰ ਥੱਕਣਾ ਹੀ ਨਹੀਂ, ਜਿਸਮ ਥੱਕਣਾ ਹੀ ਨਹੀਂ।
ਪਰ ਫਿਰ ਇੱਕ ਸਮਾਂ ਆਉਂਦਾ ਜਦੋਂ ਸਰੀਰ ਤਾਂ ਨਹੀਂ ਥੱਕਦਾ, ਦਿਮਾਗ ਥੱਕਣਾ ਸ਼ੁਰੂ ਹੋ ਜਾਂਦਾ। ਕਿਉਂਕਿ ਜਿੰਨਾ ਚਿਰ ਬੰਦਾ ਆਪ ਮਿਹਨਤ ਕਰਦਾ, ਹੱਥੀਂ ਕਿਰਤ ਕਰਦਾ, ਉਨ੍ਹਾਂ ਚਿਰ ਤੱਕ ਇੱਕ ਬੈਲੇਂਸ ਬਣਿਆ ਰਹਿੰਦਾ ਦਿਮਾਗ ਦੇ ਵਿੱਚ, ਐਵੇਂ ਅਜਾਈਂ ਬੁਰੇ ਵਿਚਾਰ ਨਹੀਂ ਆਉਂਦੇ। ਸਾਡਾ ਧਿਆਨ ਉਸ ਕੰਮ ਦੇ ਉੱਤੇ, ਕਿਰਤ ਦੇ ਉੱਤੇ ਕੇਂਦਰਿਤ ਰਹਿੰਦਾ। ਤੇ ਜਦੋਂ ਆਪਾਂ, ਜਦੋਂ ਆਪਾਂ ਸਵਾਰੀ ਕਰ ਲੈਂਦੇ ਹਾਂ ਆਪਣੀ ਕੀਤੀ ਕਮਾਈ ਦੀ, ਯਾਨੀ ਕਿ ਹੱਥੀਂ ਕੰਮ ਕਰਨਾ ਆਪਾਂ ਛੱਡ ਦਿੰਦੇ ਹਾਂ, ਤੇ ਫਿਰ ਸਾਡਾ ਦਿਮਾਗ ਉਲਝਦਾ ਪੁੱਠੇ-ਸਿੱਧੇ ਸੋਚਾਂ ਦੇ ਵਿੱਚ, ਪੁੱਠੇ-ਸਿੱਧੇ ਕੰਮਾਂ ਦੇ ਵਿੱਚ, ਕਿਉਂਕਿ ਹੋਰ ਤਾਂ ਕੁੱਝ ਕਰਨ ਨੂੰ ਬਚਿਆ ਨਹੀਂ!
ਤੇ ਬਹੁਤੇ ਸਾਡੇ ’ਚੋਂ ਆਪਾਂ ਇਹ ਵੀ ਕੁੱਝ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਨਜਾਇਜ਼ ਐਵੇਂ ਮਨ ਦੇ ਵਿੱਚ ਵਿਚਾਰ ਆਉਂਦੇ ਆ—ਜਿੱਦਾਂ ਮੁੱਲਾ ਖੋਤੇ ਗਿਣੀ ਜਾਂਦਾ ਸੀ, ਜਿੱਦਾਂ ਉਹਨੂੰ ਲੱਗਦਾ ਸੀ ਪਤਾ ਨਹੀਂ ਮੇਰੇ ’ਤੇ ਕਿਸੇ ਨੇ ਜਾਦੂ ਕਰ ਦਿੱਤਾ, ਪਤਾ ਨਹੀਂ ਮੇਰਾ ਸਾਰਾ ਕੁੱਝ ਹੀ ਨਾ ਖੁੱਸ ਜਾਵੇ, ਇੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ, ਉੱਥੋਂ ਉੱਤਰ ਕੇ ਉਹਦੀ ਸਵਾਰੀ ਕਰਾਂ।
ਤੇ ਸ਼ਾਇਦ, ਤੇ ਸ਼ਾਇਦ ਕਹਾਣੀ ਵਾਲਾ ਸਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਾਨੂੰ ਲੋੜ ਇੱਕੋ ਖੋਤੇ ਦੀ ਆ, ਸਵਾਰੀ ਆਪਾਂ ਇੱਕ ਖੋਤੇ ਦੀ ਕਰਨੀ ਆ। ਤੇ ਬਾਕੀ ਐਵੇਂ ਹੀ ਆਪਾਂ ਪਿੱਛੇ-ਪਿੱਛੇ ਲਾਏ ਨੇ ਜਿਹਦੀ ਆਪਾਂ ਸਮੇਂ ਦਰ ਸਮੇਂ ਗਿਣਤੀ ਕਰਦੇ ਰਹਿੰਦੇ ਹਾਂ ਤੇ ਆਪਣਾ ਟਾਈਮ ਖ਼ਰਾਬ ਕਰਦੇ ਰਹਿੰਦੇ ਹਾਂ। ਆਹ ਵੀ ਮੈਂ ਹਾਸਲ ਕਰਨਾ, ਆਹ ਵੀ ਮੇਰਾ, ਇਹ ਵੀ ਕਿਤੇ ਗੁਆਚ ਨਾ ਜਾਵੇ! ਤੇ ਉਹਦੀ ਤਾਂ ਸਾਨੂੰ ਲੋੜ ਵੀ ਨਹੀਂ ਆ।
ਉਹ ਤੇ ਐਵੇਂ ਆਪਾਂ ਪਿੱਛੇ-ਪਿੱਛੇ ਹੱਕੀ ਆਉਂਦੇ ਹਾਂ, ਕਿਉਂਕਿ ਆਪਾਂ ਆਪਣੇ, ਆਪਣੇ ਪਿੰਡ ਦੇ ਵਿੱਚ, ਆਪਣੇ ਘਰ, ਆਪਣੀ ਟੈਰੀਟਰੀ ਦੇ ਵਿੱਚ ਜਾ ਕੇ ਬੱਲੇ-ਬੱਲੇ ਕਰਵਾਉਣੀ ਆ।
ਹੁਣ ਚਾਹੇ ਇਨ੍ਹਾਂ ਖੋਤਿਆਂ ਨੂੰ ਕੱਢ ਕੇ ਗੱਡੀਆਂ ਪਾ ਲਓ, ਚਾਹੇ ਘਰ ਪਾ ਲਓ ਤੇ ਚਾਹੇ ਕੁੱਝ ਹੋਰ!
ਇਹ ਸਿਰਫ਼ ਪਿੱਛੇ-ਪਿੱਛੇ ਐਵੇਂ ਤੁਰੇ ਆਉਂਦੇ ਨੇ ਜਿਨ੍ਹਾਂ ਦੀ ਆਪਾਂ, ਜਿਨ੍ਹਾਂ ਦੇ ਕਰਕੇ ਆਪਾਂ ਬੱਲੇ-ਬੱਲੇ ਹੀ ਕਰਵਾਉਣੀ ਆ, ਹੋਰ ਬਹੁਤੀ ਕੋਈ ਲੋੜ ਨਹੀਂ ਸਾਡੀ ਜ਼ਿੰਦਗੀ ਦੇ ਵਿੱਚ।
ਸੋ ਇਹ, ਇਹ ਕਹਾਣੀਆਂ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ, ਇਨਸਾਨ ਦੀ ਕਹਾਣੀ, ਇਨਸਾਨ ਦੀ ਸੋਚ ਦੀ ਕਹਾਣੀ, ਇਨਸਾਨ ਦੀ ਬਿਰਤੀ ਦੀ ਕਹਾਣੀ, ਇਨਸਾਨ ਦੇ ਲਾਲਚ ਦੀ ਕਹਾਣੀ। ਤੇ ਜਿਹਨੇ ਸਿੱਖਣਾ ਉਹ ਭਲੀ-ਭਾਂਤ ਸਿੱਖ ਜਾਂਦਾ ਐਦਾਂ ਦੀਆਂ ਕਹਾਣੀਆਂ ਤੋਂ। ਕੋਸ਼ਿਸ਼ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿੱਥੋਂ ਵੀ ਕੁੱਝ ਵੀ, ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖਣ ਨੂੰ ਮਿਲੇ, ਉਸੇ ਤਰ੍ਹਾਂ ਦੇ ਨਾਲ ਸਿੱਖ ਲਈਏ। ਜੇਕਰ ਬੜੇ ਰੋਚਕ ਤਰੀਕੇ ਦੇ ਨਾਲ ਹਲਕੇ ਦੇ ਵਿੱਚ ਹੀ ਜ਼ਿੰਦਗੀ ਦੀ ਸਮਝ ਆ ਜਾਵੇ, ਤੇ ਫਿਰ ਇਹਦੇ ਨਾਲ ਦੀ ਰੀਸ ਨਹੀਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
ਤੇ ਜੇਕਰ ਤੁਹਾਨੂੰ ਵਧੀਆ ਲੱਗੀ ਤੁਹਾਨੂੰ ਮੁੱਲਾ ਨਸੀਰੁਦੀਨ ਦੀ ਕਹਾਣੀ, ਤੇ ਤੁਸੀਂ ਅੱਗੇ ਵੀ ਸ਼ੇਅਰ ਕਰ ਸਕਦੇ ਹੋ। ਅੱਗੇ ਸ਼ੇਅਰ ਕਰਨ ਦੇ ਲਈ ਤੁਸੀਂ ਸਾਡੀ ਪੋਡਕਾਸਟ 'ਤੇ ਜਾ ਸਕਦੇ ਹੋ 'ਰੇਡੀਓ ਹਾਂਜੀ' ਦੀ ਐਪਲੀਕੇਸ਼ਨ ਦੇ ਉੱਤੇ ਜਾ ਕੇ ਤੁਹਾਨੂੰ ਪੋਡਕਾਸਟ ਮਿਲ ਜਾਊਗੀ। ਧੰਨਵਾਦ!
Frequently Asked Questions
ਮੁੱਲਾ ਨਸੀਰੂਦੀਨ ਵਾਰ-ਵਾਰ ਗਿਣਤੀ ਕਰਨ ਵੇਲੇ 9ਵਾਂ ਖੋਤਾ ਕਿਉਂ ਭੁੱਲ ਜਾਂਦੇ ਸਨ?
ਇਸ ਕਹਾਣੀ ਤੋਂ ਸਾਨੂੰ ਜ਼ਿੰਦਗੀ ਦਾ ਕੀ ਵੱਡਾ ਨਿਚੋੜ/ਸਿੱਖਿਆ ਮਿਲਦੀ ਹੈ?
ਫ਼ਕੀਰ ਦੇ ਬੋਲ "ਘਟਣਾ ਤੇ ਸਿਰਫ਼ ਤੁਸੀਂ ਘਟਣਾ" ਦਾ ਕੀ ਮਤਲਬ ਹੈ?
ਇਹ ਪੋਡਕਾਸਟ ਕਿਸ ਐਪ 'ਤੇ ਸੁਣੀ ਜਾ ਸਕਦੀ ਹੈ?
What's Your Reaction?
