ਮੈਜਿਸਟ੍ਰੇਟ ਦਾ ਗੁਪਤ ਰਾਜ਼ | Anton Chekhov Story The Investigator in Punjabi
ਜਦੋਂ ਇੱਕ ਮੈਜਿਸਟ੍ਰੇਟ ਆਪਣੀ ਪਤਨੀ ਦੀ ਰਹਿਸਮਈ ਮੌਤ ਨੂੰ ਕਿਸਮਤ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇੱਕ ਡਾਕਟਰ ਦੀ ਪਾਰਖੀ ਨਜ਼ਰ ਉਸਦੀ ਬੇਵਫ਼ਾਈ ਅਤੇ ਪਾਪ ਦਾ ਪਰਦਾਫਾਸ਼ ਕਰ ਦਿੰਦੀ ਹੈ। ਪੜ੍ਹੋ ਐਂਟਨ ਚੈਖੋਵ ਦੀ ਸ਼ਾਹਕਾਰ ਕਹਾਣੀ ਦਾ ਵਿਸ਼ਲੇਸ਼ਣ।
ਇੱਕ ਬੜੀ ਸੋਹਣੀ ਪਿੰਡ ਦੇ ਵਿੱਚ ਸਵੇਰ ਚੜ੍ਹੀ। ਇੱਕ ਪਿੰਡ ਦਾ ਡਾਕਟਰ ਤੇ ਇੱਕ ਜਾਂਚ ਅਧਿਕਾਰੀ ਗੱਡੀ ਦੇ ਵਿੱਚ ਬੈਠ ਕੇ ਕਿਸੇ ਪਿੰਡ ਦੇ ਵਿੱਚ ਹੋਈ ਮੌਤ ਦੀ ਇਨਵੈਸਟੀਗੇਸ਼ਨ ਕਰਨ ਚੱਲੇ ਸੀ।
ਮੈਜਿਸਟ੍ਰੇਟ ਦੀ ਉਮਰ ਹੋਊਗੀ ਕੋਈ ੩੫ ਕੁ ਸਾਲ, ਬੜੀ ਸੁਸਤ ਜਹੀ ਨਜ਼ਰ ਤੇ ਬੜੀ ਆਕੜ ਦੇ ਨਾਲ ਕਦੀ ਇੱਧਰ ਤੇ ਕਦੀ ਉੱਧਰ ਵੇਖਦਾ।
"ਕੁਦਰਤ ਦੇ ਵਿੱਚ ਤੇ ਸਾਡੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਅਜੇਹੀਆਂ ਗੱਲਾਂ ਵਾਪਰਦੀਆਂ ਜਿਹਨਾਂ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ।" ਆਪਣੇ ਆਪ ਨੂੰ ਸਿਆਣਾ ਸਾਬਤ ਕਰਨ ਦੇ ਲਈ ਉਹਨੇ ਇਹ ਵਾਕ ਕਿਹਾ ਸੀ।
ਤੇ ਅੱਗੇ ਇਹਨੂੰ ਸਪੋਰਟ ਕਰਨ ਦੇ ਲਈ ਕਹਿਣ ਲੱਗਾ, "ਮੈਂ ਇੱਕ ਅਜੇਹੀ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਬੜੀ ਸੁਸ਼ੀਲ ਇੱਕ ਔਰਤ ਨੂੰ ਜਾਣਦਾ ਜਿਹਨੇ ਆਪਣੀ ਮੌਤ ਦੀ ਤਾਰੀਖ਼ ਪਹਿਲਾਂ ਹੀ ਦੱਸ ਦਿੱਤੀ ਸੀ। ਕੋਈ ਸਪਸ਼ਟ ਕਾਰਨ ਨਹੀਂ, ਉਹ ਬਿਲਕੁਲ ਠੀਕ-ਠਾਕ ਸੀ, ਕੋਈ ਕਿਸੇ ਕਿਸਮ ਦੇ ਉਹਨੂੰ ਕੋਈ ਲੱਛਣ ਨਹੀਂ ਸੀ ਕਿ ਉਹ ਇਸ ਤਰੀਕੇ ਦੇ ਨਾਲ ਮਰ ਜਾਊਗੀ। ਪਰ ਤੁਸੀਂ ਯਕੀਨ ਨਹੀਂ ਮੰਨੋਗੇ, ਕਿਹੜੇ ਤਰੀਕੇ ਦੇ ਨਾਲ ਉਹਨੇ ਬਿਲਕੁਲ ਐਨ ਸਟੀਕ ਆਪਣੀ ਮੌਤ ਦਾ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ! ਤੇ ਹੈਰਾਨੀ ਦੀ ਗੱਲ ਇਹ ਕਿ ਉਹ ਉਸੇ ਦਿਨ ਉਹ ਮਰ ਵੀ ਗਈ।"
ਡਾਕਟਰ ਨੂੰ ਇਹ ਗੱਲ ਕੋਈ ਬਹੁਤੀ ਪਚੀ ਨਹੀਂ। ਡਾਕਟਰ ਨੇ ਆਪਣੀਆਂ ਐਨਕਾਂ ਥੋੜ੍ਹੀਆਂ ਜਹੀਆਂ ਅੱਖਾਂ ਤੋਂ ਥੱਲੇ ਨੱਕ ਦੇ ਉੱਤੇ ਕੀਤੀਆਂ ਤੇ ਬੜੇ ਗੌਰ ਦੇ ਨਾਲ ਮੈਜਿਸਟ੍ਰੇਟ ਦੇ ਵੱਲ ਵੇਖਿਆ—ਜਿੱਦਾਂ ਉਹਨੂੰ ਇਸ ਗੱਲ ਦੇ ਉੱਤੇ ਸ਼ੱਕ ਹੋਵੇ।
"ਬਿਨਾਂ ਕਾਰਨ... ਬਿਨਾਂ ਕਾਰਨ ਜਨਾਬ, ਇਸ ਦੁਨੀਆ ਦੇ ਉੱਤੇ ਕੁਝ ਨਹੀਂ ਹੁੰਦਾ। ਸਾਇੰਸ ਇਹ ਬਿਨਾਂ ਕਾਰਨ ਵਾਲੀਆਂ ਗੱਲਾਂ ਨਹੀਂ ਮੰਨਦੀ। ਹਰ ਇੱਕ ਮੌਤ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਉਹ ਵੱਖਰੀ ਗੱਲ ਹੈ ਤੁਸੀਂ ਧਿਆਨ ਨਾ ਦਿੱਤਾ ਹੋਵੇ। ਭਵਿੱਖਬਾਣੀ ਕਰ ਦੇਣਾ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਨਾ ਹੀ ਇਹ ਕੋਈ ਬਹੁਤ ਹੈਰਾਨੀ ਵਾਲੀ ਗੱਲ ਹੈ।"
ਫਿਰ ਦੁਬਾਰਾ ਉਹਨੇ ਐਨਕਾਂ ਉੱਪਰ ਕੀਤੀਆਂ ਤੇ ਆਪਣੀ ਧੌਣ ਸਿੱਧੀ ਕਰ ਲਈ।
ਪਰ ਜਦੋਂ ਤੁਹਾਡੀ ਗੱਲ ਨੂੰ ਕੋਈ ਵਜ਼ਨ ਨਾ ਦੇਵੇ, ਫਿਰ ਆਪਾਂ ਆਪਣੀ ਗੱਲ ਨੂੰ ਹੋਰ ਵਜ਼ਨ ਦਿਵਾਉਣ ਦੇ ਲਈ ਹੋਰ ਪੁਆਇੰਟ ਰੱਖਦੇ ਹਾਂ। ਮੈਜਿਸਟ੍ਰੇਟ ਨੇ ਜ਼ੋਰ ਦੇ ਕੇ ਕਿਹਾ, "ਜਨਾਬ, ਇਹ ਮਾਮਲਾ ਕੁਝ ਵੱਖਰਾ ਸੀ! ਤੁਸੀਂ ਵੇਖੋ ਨਾ, ਉਹ ਔਰਤ ਜਵਾਨ ਸੀ, ਤੰਦਰੁਸਤ ਸੀ, ਬੜੀ ਸਿਆਣੀ ਵੀ ਸੀ, ਤੇ ਵੱਡੀ ਗੱਲ ਕਿਸੇ ਵਹਿਮ-ਭਰਮ ਦੇ ਵਿੱਚ ਉਹ ਵਿਸ਼ਵਾਸ ਨਹੀਂ ਸੀ ਕਰਦੀ।"
ਹੌਲੀ-ਹੌਲੀ ਇੱਕ-ਇੱਕ ਕਰਕੇ ਮੈਜਿਸਟ੍ਰੇਟ ਨੇ ਸਾਰੀ ਕਹਾਣੀ ਡਾਕਟਰ ਨੂੰ ਸੁਣਾਈ। ਜਿੱਦਾਂ ਉਹ ਚਾਹ ਰਿਹਾ ਹੋਵੇ ਕਿ ਮੇਰੀ ਗੱਲ ਇਹ ਮੰਨਣ। ਉਹਨੂੰ ਇਹ ਠੀਕ ਨਹੀਂ ਸੀ ਲੱਗ ਰਿਹਾ ਕਿ ਕੋਈ ਵੀ ਗੱਲ ਉਹ ਜਦੋਂ ਕਰਦਾ, ਤਾਂ ਡਾਕਟਰ ਉਹਨੂੰ ਉਰੇ-ਪਰੇ ਕਰ ਦਿੰਦਾ। ਡਾਕਟਰ ਦੇ ਮੰਨਣ ਦੇ ਵਿੱਚ ਇਹ ਗੱਲ ਨਹੀਂ ਸੀ ਆ ਰਹੀ ਕਿ ਕਿੱਦਾਂ ਕੋਈ ਆਪਣੀ ਮੌਤ ਦੇ ਬਾਰੇ ਪਹਿਲਾਂ ਹੀ ਦੱਸ ਸਕਦਾ। ਤੇ ਉੱਧਰ ਮੈਜਿਸਟ੍ਰੇਟ ਦਾ ਪੂਰਾ ਜ਼ੋਰ ਲੱਗਾ ਪਿਆ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਇਸ ਸਫ਼ਰ ਦੇ ਵਿੱਚ ਡਾਕਟਰ ਨੂੰ ਜ਼ਰੂਰ ਕਨਵਿੰਸ ਕਰ ਲਊਗਾ।
ਹੌਲੀ-ਹੌਲੀ ਉਸਨੇ ਪੂਰੀ ਕਹਾਣੀ ਸੁਣਾ ਦਿੱਤੀ—"ਵੇਖੋ ਨਾ, ਉਸ ਔਰਤ ਨੂੰ ਪਤਾ ਲੱਗਿਆ ਸੀ ਕਿ ਉਸਦਾ ਪਤੀ ਘਰ ਆਈ ਇੱਕ ਮਹਿਮਾਨ ਔਰਤ ਦੇ ਨਾਲ ਬੇਵਫ਼ਾਈ ਕਰ ਰਿਹਾ। ਪਹਿਲਾਂ ਤਾਂ ਉਸਨੇ ਬੜੀ ਛੇਤੀ ਆਪਣੇ ਪਤੀ ਨੂੰ ਮਾਫ਼ ਕਰ ਦਿੱਤਾ, ਪਰ ਉਸ ਤੋਂ ਬਾਅਦ ਉਸਨੂੰ ਖ਼ਿਆਲ ਆਇਆ—ਐਸਾ ਖ਼ਿਆਲ ਆਇਆ ਕਿ ਉਹ ਸ਼ਾਇਦ ਖ਼ਿਆਲਾਂ ਦੇ ਵਿੱਚ ਹੀ ਗੁਆਚ ਗਈ ਸੀ! ਤੇ ਫਿਰ ਉਸ ਦਿਨ ਉਹਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਆਪਣੇ... ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਰ ਜਾਊਗੀ। ਹੈਰਾਨੀ ਦੀ ਗੱਲ ਤਾਂ ਇਹ ਹੈ ਜਨਾਬ, ਉਹਨੇ ਆਪਣੀ... ਉਹਨੇ ਆਪਣੀ ਕਬਰ ਵਾਲੀ ਥਾਂ ਵੀ ਪਹਿਲਾਂ ਹੀ ਚੁਣ ਲਈ ਸੀ! ਚਾਰ ਦਿਨ ਪਹਿਲਾਂ ਉਹ ਆਪਣੀ ਵਸੀਅਤ ਵੀ ਕਰਵਾ ਗਈ। ਆਪਣੇ ਘਰ ਦੇ ਨੌਕਰਾਂ-ਚਾਕਰਾਂ ਨੂੰ ਉਹ ਸਾਰਾ ਕੰਮ ਸਮਝਾ ਕੇ ਗਈ। ਸਾਰੇ ਹੈਰਾਨ ਸੀ, 'ਇੱਦਾਂ ਕਿੱਦਾਂ ਹੋ ਸਕਦਾ?' ਉਸ ਵੇਲੇ ਵੀ ਕਈ ਕਹਿੰਦੇ ਸੀ ਇਹਦਾ ਦਿਮਾਗ਼ ਖ਼ਰਾਬ ਹੋ ਗਿਆ। ਜਦੋਂ ਬੱਚਾ ਹੋਣ ਲੱਗਦਾ, ਤਾਂ ਫਿਰ ਕਈ ਤਰ੍ਹਾਂ ਦੀਆਂ ਸ਼ਾਇਦ ਦਿਮਾਗ਼ੀ ਤੌਰ ਦੇ ਉੱਤੇ ਤਬਦੀਲੀਆਂ ਵੇਖੀਆਂ ਜਾਂਦੀਆਂ। ਸ਼ਾਇਦ ਇਸੇ ਤਰ੍ਹਾਂ ਹੀ ਬੜਿਆਂ ਨੇ ਸਮਝਿਆ। ਹੈਰਾਨੀ ਦੀ ਗੱਲ ਤਾਂ ਉਦੋਂ ਹੋਈ, ਜਦੋਂ ਬੱਚੇ ਦਾ ਜਨਮ ਵੀ ਸਹੀ-ਸਲਾਮਤ ਐਨ ਜਿਹੜੇ ਸਮੇਂ ਤੇ ਦੱਸਿਆ ਗਿਆ ਸੀ ਉਸੇ ਸਮੇਂ ਹੋਇਆ, ਤੇ ਉਸਨੇ ਇੱਕ ਵਾਰੀ ਫਿਰ ਤੋਂ ਐਲਾਨ ਕੀਤਾ, ਹੁਣ ਉਹ... ਹੁਣ ਉਹ ਮਰ ਜਾਊਗੀ! ਤੇ ਬੱਸ, ਜਦੋਂ ਉਹਨੇ ਕਿਹਾ ਸੀ, ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਉਹਦੀ ਮੌਤ ਹੋ ਗਈ। ਹੁਣ ਤੁਸੀਂ ਜਨਾਬ ਮੰਨੋ ਚਾਹੇ ਨਾ ਮੰਨੋ, ਪਰ ਇਹ ਗੱਲ ਤਾਂ ਹੈਰਾਨੀ ਵਾਲੀ ਹੈ।"
ਪਰ ਡਾਕਟਰ ਸਾਹਿਬ ਨੂੰ ਬੜੇ ਗੌਰ ਦੇ ਨਾਲ ਸੁਣਨ ਦੇ ਉੱਤੇ ਵੀ ਹਾਲੇ ਵੀ ਕਿਸੇ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ। ਡਾਕਟਰ ਸਾਹਿਬ ਨੇ ਅੱਗੋਂ... ਅੱਗੋਂ ਇੱਕ ਸਵਾਲ ਰੱਖਿਆ, "ਕੀ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕੀਤਾ ਗਿਆ ਸੀ? ਕੀ ਉਸ... ਉਸ ਔਰਤ ਦੀ ਮੌਤ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਗਈ ਸੀ?"
ਤੇ ਮੈਜਿਸਟ੍ਰੇਟ ਸਾਹਿਬ ਨੇ ਆਪਣੀ ਟੋਪੀ ਲਾ ਕੇ ਹਲਕਾ ਜਿਹਾ ਖੁਰਕਿਆ ਤੇ ਸੋਚਣ ਲੱਗੇ—ਇਹ ਤਾਂ ਦਿਮਾਗ਼ 'ਚ ਹੀ ਨਹੀਂ ਆਇਆ! "ਜਨਾਬ, ਉਹ ਔਰਤ ਨੇ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਸਾਰਿਆਂ ਦੇ ਨਾਲ ਕੀਤੀਆਂ ਕਿ ਇੱਦਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ।"
"ਹਾਹਾ! ਪਰ ਫਿਰ ਵੀ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਦਾ ਪੋਸਟਮਾਰਟਮ ਕਰਨਾ ਬਣਦਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਉਹਦੀ ਮੌਤ ਦਾ ਕਾਰਨ ਕੀ ਸੀ। ਨਾਲੇ ਤੁਸੀਂ ਖ਼ੁਦ ਹੀ ਤਾਂ ਦੱਸਿਆ ਕਿ ਘਰ ਦੇ ਵਿੱਚ ਇੱਕ... ਕੋਈ ਔਰਤ, ਕੋਈ ਰਿਸ਼ਤੇਦਾਰ ਆਈ ਸੀ। ਹੋ ਸਕਦਾ ਇਹ ਕੋਈ ਉਹਦੇ ਘਰਵਾਲੇ ਦੀ ਬੇਵਫ਼ਾਈ ਦਾ ਮਸਲਾ ਹੋਵੇ? ਹੋ ਸਕਦਾ ਅੰਦਰੋਂ-ਅੰਦਰੀ ਉਹਨਾਂ ਦੇ ਵਿਚਕਾਰ ਉਹ ਰੰਜਿਸ਼ ਗਈ ਨਾ ਹੋਵੇ? ਜਾਂ ਹੋ ਸਕਦਾ ਉਹਨੇ ਆਪਣੇ ਘਰਵਾਲੇ ਨੂੰ ਇਹ ਚੀਜ਼ ਨਾ ਦੱਸੀ ਹੋਵੇ, ਪਰ ਮਨ ਦੇ ਵਿੱਚ ਉਹਦੇ ਇਹ ਚੀਜ਼ ਪੂਰ... ਕਿਤੇ ਨਾ ਕਿਤੇ ਘਰ ਕਰਕੇ ਬੈਠੀ ਸੀ। ਮੈਜਿਸਟ੍ਰੇਟ ਸਾਹਿਬ, ਔਰਤਾਂ ਇੰਨੀ ਛੇਤੀ ਬੇਵਫ਼ਾਈ ਮਾਫ਼ ਨਹੀਂ ਕਰਦੀਆਂ। ਔਰਤ ਸਾਰਾ ਕੁਝ ਵੰਡ ਸਕਦੀ ਹੈ, ਪਰ ਉਹ ਆਪਣਾ... ਆਪਣਾ ਘਰਵਾਲਾ ਕਦੀ ਨਹੀਂ ਕਿਸੇ ਨਾਲ ਵੰਡ ਸਕਦੀ। ਖ਼ੈਰ, ਤੁਸੀਂ ਮੰਨਣਾ ਤਾਂ ਇਹ ਗੱਲ ਮੰਨ ਸਕਦੇ ਹੋ, ਪਰ ਮੈਂ ਇਹ ਗੱਲ ਨਹੀਂ ਮੰਨਦਾ ਕਿ ਕੋਈ ਆਪਣੀ ਮੌਤ ਦੇ ਬਾਰੇ ਬਹੁਤ ਪਹਿਲਾਂ ਹੀ ਦੱਸ ਦੇਵੇ ਤੇ ਉਹਦੇ ਪਿੱਛੇ ਕੋਈ ਕਾਰਨ ਹੀ ਨਾ ਹੋਵੇ।"
ਡਾਕਟਰ ਨੇ ਬੜੇ ਧਿਆਨ ਦੇ ਨਾਲ ਸਾਰੀ ਗੱਲ ਸੁਣੀ ਸੀ। ਇਸ ਕਰਕੇ ਡਾਕਟਰ ਨੇ ਉਹਦੀਆਂ ਗੱਲਾਂ ਦੇ ਵਿੱਚੋਂ ਕੁਝ ਪੁਆਇੰਟ ਕੱਢ ਕੇ ਇੱਕ ਸਵਾਲ ਹੋਰ ਪੁੱਛਿਆ, "ਕੀ ਉਸ ਔਰਤ ਨੇ ਖ਼ੁਦ ਜ਼ਹਿਰ ਤਾਂ ਨਹੀਂ ਸੀ ਖਾ ਲਿਆ?"
ਹੁਣ ਜਿੱਦਾਂ ਮੈਜਿਸਟ੍ਰੇਟ ਸੋਚਣ ਦੇ ਲਈ ਮਜਬੂਰ ਹੋ ਗਿਆ।
"ਮਾਫ਼ ਕਰਨਾ, ਮੈਨੂੰ ਇੱਦਾਂ ਲੱਗ ਰਿਹਾ ਕਿ ਉਹ ਔਰਤ ਅੰਦਰੋਂ-ਅੰਦਰੀ ਟੁੱਟ ਚੁੱਕੀ ਸੀ। ਉਹਨੇ ਕਿਸੇ ਨੂੰ ਦੱਸਿਆ ਹੀ ਨਹੀਂ ਉਹਦੇ ਅੰਦਰ ਕੀ ਚੱਲ ਰਿਹਾ, ਉਹਨੇ ਸਿਰਫ਼ ਇਹੋ ਹੀ ਦੱਸਿਆ ਕਿ ਉਹ ਕਿਹੜੇ ਟਾਈਮ ਦੇ ਉੱਤੇ ਮਰਨ ਜਾ ਰਹੀ ਹੈ।"
ਇੱਧਰ ਡਾਕਟਰ ਸਾਹਿਬ ਨੇ ਜਦੋਂ ਮੈਜਿਸਟ੍ਰੇਟ ਦੇ ਵੱਲ ਹੁਣ ਧਿਆਨ ਮਾਰਿਆ, ਤਾਂ ਉਹਦੇ ਚਿਹਰੇ ਦੇ ਰੰਗ ਉੱਡੇ ਪਏ ਸੀ। ਹਾਹਾ! ਬਹੁਤੀ ਦੇਰ ਨਹੀਂ ਲੱਗੀ, ਡਾਕਟਰ ਸਾਹਿਬ ਸਮਝ ਚੁੱਕੇ ਸੀ ਕਿ ਜਿਹੜੀ ਇਹ ਕਹਾਣੀ ਸੁਣਾ ਰਿਹਾ, ਇਹ ਕਿਸੇ ਹੋਰ ਦੀ ਨਹੀਂ, ਸਗੋਂ ਇਹਦੇ ਆਪਣੇ ਘਰ ਦੀ ਕਹਾਣੀ ਹੈ। ਉਹ ਆਪਣੀ ਵਹੁਟੀ ਦੀ ਕਹਾਣੀ ਸੁਣਾ ਰਿਹਾ ਸੀ, ਤੇ ਉਹ ਬੇਵਫ਼ਾ ਪਤੀ ਹੋਰ ਕੋਈ ਨਹੀਂ... ਉਹ ਤਾਂ ਉਹ ਆਪ ਹੀ ਸੀ! ਉਹਨੂੰ ਲੱਗ ਰਿਹਾ ਸੀ ਕਿ ਉਹਦੀ ਪਤਨੀ ਦੀ ਬੜੀ ਰਹੱਸਮਈ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਜੋ ਕਿਸਮਤ ਦੇ ਵਿੱਚ ਲਿਖਿਆ ਸੀ, ਉਸੇ ਤਰੀਕੇ ਦੇ ਨਾਲ ਉਹ ਚਲੀ ਗਈ। ਪਰ ਇਹ ਤਾਂ ਇੱਕ ਧੋਖੇ ਦਾ ਮਾਮਲਾ ਸੀ। ਇੱਕ ਦੁਖੀ ਦਿਲ ਚੁੱਪ-ਚਾਪ ਆਪਣੀ ਜ਼ਿੰਦਗੀ ਦੇ ਗਿਆ। ਕੀ ਇਹਨੂੰ ਪਤਾ ਵੀ ਨਹੀਂ ਲੱਗਾ?
ਡਾਕਟਰ ਸਾਹਿਬ ਨੇ ਬੜਾ ਜ਼ੋਰ ਲਾਇਆ, "ਤੁਸੀਂ ਰਾਤ ਦਾ ਖਾਣਾ ਮੇਰੇ ਨਾਲ ਕਿਉਂ ਨਹੀਂ ਖਾਂਦੇ?" ਡਾਕਟਰ ਸਾਹਿਬ ਦਾ ਸ਼ਾਇਦ ਮਨ ਸੀ ਕਿ ਹੋਰ ਗੱਲਾਂ ਹੋਣ।
ਪਰ ਮੈਜਿਸਟ੍ਰੇਟ ਬੁਰੀ ਤਰ੍ਹਾਂ ਦੇ ਨਾਲ ਥਿੜਕ ਚੁੱਕਾ ਸੀ। ਇਸ ਕਰਕੇ ਉਹਨੇ ਰਾਤ ਦੇ ਖਾਣੇ ਦਾ ਬੁਲਾਵਾ ਵਾਰ-ਵਾਰ ਕਹਿਣ ਦੇ ਉੱਤੇ ਵੀ ਠੁਕਰਾ ਦਿੱਤਾ।
ਕਿਉਂਕਿ ਅੱਜ... ਅੱਜ ਸ਼ਾਇਦ ਉਹਨੂੰ ਅਹਿਸਾਸ ਹੋਇਆ ਸੀ ਕਿ ਉਹਦੀ ਬੇਵਫ਼ਾਈ ਕਿੱਦਾਂ ਉਹਦੀ ਵਹੁਟੀ ਦੀ ਜਾਨ ਲੈ ਬੈਠੀ। ਬਾਕੀ ਸਾਰਿਆਂ ਨੇ ਚਾਹੇ ਇਹ ਚੀਜ਼ ਮੰਨ ਲਈ ਸੀ ਕਿ ਉਹਦੀ ਵਹੁਟੀ ਤਾਂ ਭਾਈ ਪਹਿਲਾਂ ਹੀ ਦੱਸ ਗਈ—ਕਦੋਂ ਜਾਣਾ ਉਹਨੇ, ਕਿੰਨੇ ਵਜੇ ਜਾਣਾ, ਉਹ ਤਾਂ ਸਾਰੇ ਇੰਤਜ਼ਾਮ ਪਹਿਲਾਂ ਹੀ ਕਰਕੇ ਚਲੇ ਗਈ। ਪਰ ਖ਼ੈਰ, ਡਾਕਟਰ ਸਾਹਿਬ ਇਹ ਚੀਜ਼ ਮੰਨਣ ਲਈ ਤਿਆਰ ਨਹੀਂ ਸੀ। ਉਹਨਾਂ ਨੇ ਇਹ ਚੀਜ਼ ਬਿਲਕੁਲ ਨਹੀਂ ਮੰਨੀ।
ਤੇ ਬਹੁਤ ਵਾਰੀਆਂ ਆਪਾਂ ਵੀ ਨਹੀਂ ਮੰਨਦੇ। ਸ਼ਾਇਦ ਇੱਦਾਂ ਦੀਆਂ ਬੜੀਆਂ ਕਹਾਣੀਆਂ ਆਪਾਂ ਆਸ-ਪਾਸ ਤੋਂ, ਆਪਣੇ ਪਿੰਡਾਂ ਦੇ ਵਿੱਚ ਜਾਂ ਫਿਰ ਇੱਥੇ ਵੀ ਸੁਣਦੇ ਹਾਂ। ਕੋਈ ਵੱਡੀ ਗੱਲ ਨਹੀਂ, ਇਹਦੇ ਨਾਲ ਰਲਦੀ-ਮਿਲਦੀ ਤੁਸੀਂ ਵੀ ਕੋਈ ਕਹਾਣੀ ਸੁਣੀ ਹੋਵੇ। ਤੇ ਇਹ ਕਹਾਣੀਆਂ ਇਸੇ ਤਰ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਸਫ਼ਰ ਕਰਦੀਆਂ ਕਦੋਂ ਸੱਚਾਈ ਦਾ ਰੂਪ ਧਾਰਨ ਕਰ ਜਾਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦਾ!
ਤੇ ਫਿਰ ਆਪਾਂ ਇੱਕ ਗੱਲ ਕਹਿੰਦੇ ਹਾਂ—ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ, ਰੱਬ ਦੇ ਗੁੱਝੇ ਭੇਦਾਂ ਨੂੰ ਕੋਈ ਨਹੀਂ ਜਾਣ ਸਕਦਾ। ਅਸਲ ਦੇ ਵਿੱਚ ਤਾਂ ਬੰਦੇ ਦੇ ਦਿਲ ਦੇ ਗੁੱਝੇ ਭੇਦਾਂ ਨੂੰ ਕੋਈ ਨਹੀਂ ਜਾਣ ਸਕਦਾ। ਬੰਦੇ ਦੇ... ਇਨਸਾਨ ਦੇ ਅੰਦਰ ਕੀ ਚੱਲ ਰਿਹਾ, ਇਹ ਲੱਭਣਾ-ਕਰਨਾ ਬਹੁਤ ਔਖਾ। ਕਿਉਂਕਿ ਜਿੱਥੇ ਆਪਾਂ ਬਹੁਤਾ ਸੋਚਣਾ ਨਹੀਂ ਚਾਹੁੰਦੇ, ਉੱਥੇ ਆਪਾਂ ਫਿਰ ਇਹ ਕਹਿ ਕੇ ਪਾਸੇ ਹੋ ਜਾਂਦੇ ਹਾਂ, "ਹਰ ਇੱਕ ਚੀਜ਼ ਸਮਝਣ ਵਾਲੀ ਨਹੀਂ ਹੁੰਦੀ, ਉਸ ਰੱਬ ਦੀਆਂ ਉਹੋ ਹੀ ਜਾਣੇ।"
ਤੇ ਬਹੁਤ ਵਾਰੀ ਇਸ ਗੱਲ ਦੇ ਪਿੱਛੇ, ਇਸ ਤਰਕ ਦੇ ਪਿੱਛੇ ਬੜੇ ਸਾਰੇ ਪਰਿਵਾਰਾਂ ਦੀਆਂ, ਬੜੇ ਸਾਰੇ ਇਨਸਾਨਾਂ ਦੀਆਂ ਬੜੀਆਂ ਕਹਾਣੀਆਂ ਲੁਕੀਆਂ-ਛਿਪੀਆਂ ਹੀ ਰਹਿ ਜਾਂਦੀਆਂ ਨੇ। ਇਹ ਕੋਈ ਜਾਣ ਹੀ ਨਹੀਂ ਪਾਉਂਦਾ ਕਿ ਉਹਨਾਂ ਦੇ ਦਿਲ ਦੇ ਅੰਦਰ ਕੀ ਚੱਲ ਰਿਹਾ। ਖ਼ਾਸ ਤੌਰ ਦੇ ਉੱਤੇ ਔਰਤ ਆਪਣੇ ਅੰਦਰ ਕੀ-ਕੀ ਸਮੋ ਕੇ ਬੈਠੀ ਹੁੰਦੀ ਹੈ, ਇਹ ਸ਼ਾਇਦ ਨਾ ਕੋਈ ਜਾਨਣ ਦੀ ਕੋਸ਼ਿਸ਼ ਕਰਦਾ ਤੇ ਨਾ ਹੀ ਕਿਸੇ ਨੂੰ ਪਤਾ ਲੱਗਦਾ।
ਅਸਲ ਦੇ ਵਿੱਚ ਸੱਚਾਈ ਇਹ ਆ ਕਿ ਇੱਕ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਆਪਣੇ ਕਿਸੇ ਨੂੰ ਵੀ ਝੂਠਾ ਪਾ ਦਿੰਦਾ। ਚਾਹੇ ਰਿਸ਼ਤਾ ਕਿੰਨਾ ਵੀ ਤੁਹਾਡਾ ਕਿਸੇ ਨਾਲ ਗੂੜ੍ਹਾ ਹੋਵੇ, ਜਦੋਂ ਤੁਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਨਾ ਤਾਂ ਫਿਰ ਆਪਾਂ ਆਪਣੇ ਬੜੇ ਰਿਸ਼ਤਿਆਂ ਦੀ ਬਲੀ ਦੇ ਦਿੰਦੇ ਹਾਂ। ਸਾਡੀ ਹਮਦਰਦੀ ਕਿਸੇ ਪਾਸੇ ਜਾਂਦੀ ਰਹਿੰਦੀ ਹੈ।
ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮੈਜਿਸਟ੍ਰੇਟ ਸਾਹਿਬ ਨੇ ਆਪਣੀ ਗੱਲ ਨੂੰ ਸਾਬਤ ਕਰਨ ਦੇ ਲਈ ਹੌਲੀ-ਹੌਲੀ-ਹੌਲੀ ਕਰਕੇ ਸਾਰੇ ਭੇਦ ਖੋਲ੍ਹ ਦਿੱਤੇ। ਹੁਣ ਜਿਹੜਾ ਬਾਹਰੋਂ ਸੁਣਨ ਵਾਲਾ, ਉਹਨੂੰ ਤਾਂ ਸਾਰੀ ਗੱਲ ਸਮਝ ਆ ਰਹੀ ਹੈ, ਪਰ ਉਹ ਜਿਹੜਾ ਸਮਝਣਾ ਚਾਹਵੇ। ਬੜੀ ਵਾਰੀ ਸਾਨੂੰ ਇੱਦਾਂ ਦੇ ਲੋਕ ਮਿਲਦੇ ਹੀ ਨਹੀਂ। ਬੜੀ ਵਾਰ ਸਾਨੂੰ ਇੱਦਾਂ ਦੇ ਲੋਕ ਮਿਲਦੇ ਨੇ ਜਿਹੜੇ ਸਿਰਫ਼ ਹਾਂ ਦੇ ਵਿੱਚ ਹਾਂ ਮਿਲਾਉਂਦੇ ਨੇ—"ਇੱਦਾਂ ਹੋਇਆ ਹੋਊਗਾ? ਹਾਂ ਜੀ, ਜ਼ਰੂਰ!" ਪਰ ਜਦੋਂ ਅੱਗੋਂ ਕੋਈ ਸਮਝਣ ਵਾਲਾ ਹੋਵੇ, ਤਾਂ ਫਿਰ ਬੜੇ ਸੁਆਲੇ... ਬੜੇ ਸਾਰੇ ਸਵਾਲ ਅੱਗੋਂ ਪੈਦਾ ਹੁੰਦੇ ਨੇ, ਤੇ ਫਿਰ ਪਤਾ ਲੱਗਦਾ ਕਿ ਇਨਸਾਨ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਕਿਸੇ ਵੀ ਹੱਦ ਤੱਕ ਉੱਤਰ ਜਾਂਦਾ। ਇਨਸਾਨ ਆਪਣੇ ਪਾਪ ਲੁਕਾਉਣ ਦੇ ਲਈ ਕਿਸੇ ਵੀ ਹੱਦ ਤੱਕ ਉੱਤਰ ਜਾਂਦਾ।
ਤੇ ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ... ਆਪਾਂ ਇਹ ਵੀ ਵੇਖਦੇ ਹਾਂ ਕਿ ਜਦੋਂ ਵਾਰ-ਵਾਰ ਕੋਈ ਝੂਠ ਆਪਾਂ ਬੋਲਦੇ ਹਾਂ ਤੇ ਬਹੁਤ ਸਾਰੇ ਲੋਕ ਉਸ ਝੂਠ ਨੂੰ ਸੱਚ ਮੰਨ ਚੁੱਕੇ ਹੁੰਦੇ ਆ, ਤਾਂ ਫਿਰ ਸਾਡਾ ਕੌਂਫੀਡੈਂਸ ਇੰਨਾ ਹਾਈ ਚਲਿਆ ਜਾਂਦਾ ਕਿ ਆਪਾਂ ਬਿਨਾਂ ਡਰੇ ਹੁਣ ਕਿਸੇ ਦੇ ਸਾਹਮਣੇ ਵੀ ਉਹ ਸੱਚ ਬੋਲਣ ਲੱਗ ਪੈਂਦੇ ਹਾਂ! ਪਰ ਇਹ ਭੁੱਲ ਜਾਂਦੇ ਹਾਂ ਕਿ ਉਹ ਸੱਚ ਸਿਰਫ਼ ਤੁਸੀਂ ਘੜਿਆ, ਹੈਗਾ ਤਾਂ ਝੂਠ ਹੀ ਹੈ। ਉਹ ਝੂਠ ਵਾਰ-ਵਾਰ ਬੋਲਣ ਦੇ ਉੱਤੇ ਕੋਈ ਸੱਚ ਤਾਂ ਨਹੀਂ ਹੋ ਚੱਲਿਆ। ਕਿਸੇ ਨਾ ਕਿਸੇ ਦੇ ਅੱਗੇ ਤਾਂ ਉਹ ਤੁਹਾਡੀ ਚੋਰੀ ਫੜੀ ਜਾਣੀ ਆ।
ਲੋੜ ਤਾਂ ਆ ਕਿ ਆਪਾਂ... ਆਪਾਂ ਪਰਿਵਾਰ ਦੇ ਵਿੱਚ ਆਪਣੇ ਜੀਆਂ ਦੇ ਦਿਲ ਦੀ ਗੱਲ ਬੁੱਝੀਏ। ਲੋੜ ਤਾਂ ਇਹ ਆ ਕਿ ਜਦੋਂ ਕੋਈ ਇੱਦਾਂ ਦੀਆਂ ਗੱਲਾਂ ਕਰਦਾ, ਤਾਂ ਫਿਰ ਉਹਦੇ ਦਿਮਾਗ਼ ਦੀ ਪੜ੍ਹੀਏ। ਕਿਉਂਕਿ ਇੱਦਾਂ... ਇੱਦਾਂ ਸਾਇੰਸ ਨਹੀਂ ਮੰਨਦੀ ਕਿ ਫਲਾਣੇ ਨੇ ਕਿਹਾ 'ਮੈਂ ਇਸ ਦਿਨ ਚਲੇ ਜਾਣਾ'। ਹਾਂ, ਉਹ ਇੱਕ ਅਲੱਗ ਅਵਸਥਾ ਹੋ ਸਕਦੀ ਹੈ ਉਹ ਲੋਕ... ਜਿਹੜੇ ਰੱਬ ਦੇ... ਰੱਬ ਦੇ ਬੰਦੇ ਨੇ, ਰੱਬ ਦੀ ਮੰਨਦੇ ਨੇ, ਉਹਦੇ ਰਾਹ ਦੇ ਉੱਤੇ ਚੱਲਦੇ ਨੇ, ਉਹਨਾਂ ਨੂੰ ਆਪਾਂ ਇਸ ਕਤਾਰ 'ਚੋਂ ਬਾਹਰ ਕਰ ਸਕਦੇ ਹਾਂ। ਪਰ ਆਮ ਬੰਦਾ ਜੇ ਕੋਈ ਇੱਦਾਂ ਦੀਆਂ ਗੱਲਾਂ ਕਰਦਾ, ਤਾਂ ਇਹਦਾ ਮਤਲਬ ਕਿ ਉਹਦੇ ਦਿਮਾਗ਼ ਦੇ ਵਿੱਚ ਕੁਝ ਚੱਲ ਰਿਹਾ। ਇਹਦਾ ਮਤਲਬ ਕਿ ਸਾਡਾ ਫ਼ਰਜ਼ ਬਣਦਾ ਵਾ ਇਨਸਾਨ ਹੋਣ ਦੇ ਨਾਤੇ ਉਹਦਾ ਦਿਲ ਆਪਾਂ ਫਰੋਲੀਏ, ਉਹਨੂੰ ਪੁੱਛਣ ਦੀ ਕੋਸ਼ਿਸ਼ ਕਰੀਏ—ਕੀ ਚੱਲ ਰਿਹਾ, ਕਿੱਦਾਂ ਚੱਲ ਰਿਹਾ, ਉਹ ਖ਼ੁਸ਼ ਆ ਜਾਂ ਨਹੀਂ ਖ਼ੁਸ਼ ਆ? ਕੀ ਉਹ... ਉਹ ਰਿਸ਼ਤਿਆਂ ਦੇ ਵਿੱਚ ਆਪਣਾ ਦਮ ਤਾਂ ਨਹੀਂ ਘੁੱਟ ਰਿਹਾ? ਕੀ ਉਹ ਘੁੱਟਣ ਭਰੇ ਰਿਸ਼ਤਿਆਂ ਤੋਂ ਆਜ਼ਾਦ ਤਾਂ ਨਹੀਂ ਹੋਣਾ ਚਾਹੁੰਦਾ ਜਾਂ ਚਾਹੁੰਦੀ? ਕੀ ਘਰ ਦੇ ਵਿੱਚ ਕਿਸੇ ਦਾ... ਕਿਸੇ ਦਾ ਹੰਕਾਰ, ਕਿਸੇ ਦਾ ਲਾਲਚ, ਕਿਸੇ ਦੀ ਬੇਵਫ਼ਾਈ ਆਪਣੇ ਪਰਿਵਾਰ ਦੇ ਜੀਅ ਨੂੰ ਘੁੱਟ-ਘੁੱਟ ਕੇ ਮਾਰ ਤਾਂ ਨਹੀਂ ਰਹੀ?
ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਸਾਡੇ ਆਸ-ਪਾਸ ਪਏ ਹੁੰਦੇ ਨੇ। ਪਰ ਗੱਲ ਇਹ... ਕਿ ਉਹਨਾਂ ਸਾਰਿਆਂ ਸਵਾਲਾਂ ਨੂੰ ਦਬਾਉਣ ਦੇ ਲਈ ਚਿਰਾਂ ਤੋਂ ਹੀ ਇੱਦਾਂ ਦੀਆਂ ਕਹਾਣੀਆਂ ਘੜੀਆਂ ਜਾਂਦੀਆਂ ਨੇ, ਤੇ ਇੰਨੀਆਂ ਕੁ ਜ਼ਿਆਦਾ ਸ਼ਾਇਦ ਘੜੀਆਂ ਗਈਆਂ ਕਿ ਹੌਲੀ-ਹੌਲੀ ਆਪਾਂ ਇਹਨਾਂ ਸਾਰੀਆਂ ਬੇਬੁਨਿਆਦ ਕਹਾਣੀਆਂ ਨੂੰ ਆਪਾਂ ਸੱਚ ਮੰਨਣਾ ਸ਼ੁਰੂ ਕਰ ਦਿੱਤਾ, ਇਹ ਕਹਿ ਕੇ ਕਿ 'ਸਾਰੇ ਭੇਦ ਤਾਂ ਜਾਨਣੇ ਬੜੇ ਔਖੇ ਹੁੰਦੇ ਨੇ, ਬਹੁਤ ਕੁਝ ਆ ਜਿਹੜਾ ਇਨਸਾਨੀ ਸਮਝ ਤੋਂ ਦੂਰ ਆ।' ਤੇ ਇਸ ਤਰੀਕੇ ਦੇ ਨਾਲ ਆਪਾਂ... ਆਪਾਂ ਕਿਸੇ ਦੀ ਗਈ ਜਾਨ ਦੇ ਉੱਤੇ ਵੀ ਸਵਾਲ ਨਹੀਂ ਚੁੱਕਦੇ।
ਇਹ ਕਹਾਣੀ ਲਿਖੀ ਸੀ ਐਂਟਨ ਚੈਖੋਵ (Anton Chekhov) ਨੇ—"ਦ ਇਨਵੈਸਟੀਗੇਟਰ" (The Investigator)।
ਆਸ ਕਰਦਾ ਹਾਂ ਕਿ ਤੁਸੀਂ ਪਸੰਦ ਕੀਤੀ ਹੋਊਗੀ। ਆਸ ਕਰਦਾ ਹਾਂ ਕਿ ਤੁਸੀਂ ਆਪਣੇ ਆਸ-ਪਾਸ ਦਾ, ਆਪਣੇ ਪਰਿਵਾਰ ਦਾ ਖ਼ਿਆਲ ਰੱਖਦੇ ਹੋਵੋਗੇ। ਜੇਕਰ ਨਹੀਂ ਤਾਂ ਆਪਾਂ ਜ਼ਰੂਰ ਰੱਖੀਏ। ਕਦੀ ਵੀ ਕਿਸੇ ਦੀ ਵੀ ਕੋਈ ਗੱਲ ਤਾਂ ਨੂੰ ਥੋੜ੍ਹੀ ਜਹੀ ਹਟ ਕੇ ਲੱਗੇ, ਤਾਂ ਉਹਦੇ ਉੱਤੇ ਥੋੜ੍ਹੀ ਜਹੀ ਤਵੱਜੋ ਸਾਨੂੰ ਵਧੇਰੇ ਦੇ ਲੈਣੀ ਚਾਹੀਦੀ ਹੈ। ਬਾਕੀ ਸੱਚ ਤਾਂ ਇਹ... ਕਿ ਪਾਪ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਖੁੱਲ੍ਹ ਜਾਂਦਾ।
ਤੇ ਉਸ ਤੋਂ ਵੀ ਵੱਡੀ ਗੱਲ ਇਹ, ਕਿ ਚਾਹੇ ਉਹ ਪਾਪ ਅਦਾਲਤਾਂ ਦੇ ਵਿੱਚ ਨਾ ਖੁੱਲ੍ਹੇ, ਚਾਹੇ ਉਹ ਤੁਹਾਡਾ ਕੀਤਾ ਪਾਪ ਕਿਸੇ ਹੋਰ ਦੇ ਸਾਹਮਣੇ ਨਾ ਖੁੱਲ੍ਹੇ, ਸਭ ਤੋਂ ਵੱਡੀ ਸਜ਼ਾ ਇਹ ਹੁੰਦੀ ਹੈ ਜਦੋਂ ਤੁਹਾਡਾ ਪਾਪ ਤੁਹਾਡੀਆਂ ਆਪਣੀਆਂ ਨਜ਼ਰਾਂ ਦੇ ਵਿੱਚ ਖੁੱਲ੍ਹ ਜਾਵੇ। ਜਦੋਂ ਤੁਹਾਨੂੰ ਕੋਈ ਅਹਿਸਾਸ ਕਰਵਾ ਦੇਵੇ ਕਿ 'ਤੂੰ ਪਾਪੀ, ਤੂੰ ਗ਼ਲਤ ਕੀਤਾ। ਤੇਰੇ ਕਰਕੇ ਕਿਸੇ ਦਾ ਮਾੜਾ ਹੋਇਆ।' ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ। ਸਾਨੂੰ ਲੱਗਦਾ ਹੈ ਕਿ ਉਹ ਸਾਰਾ ਕੁਝ ਹੁੰਦਿਆਂ ਵੀ ਬੱਸ ਇੱਦਾਂ ਹੀ ਤੁਰੇ ਫਿਰਦੇ ਆ, ਪਰ ਅਸਲੀਅਤ ਦੇ ਵਿੱਚ ਆਪਣੀਆਂ ਨਜ਼ਰਾਂ ਦੇ ਵਿੱਚ ਜਦੋਂ ਬੰਦਾ ਪਾਪੀ ਸਾਬਤ ਹੋ ਜਾਂਦਾ, ਜਾਂ ਫਿਰ ਕਿਸੇ ਨੂੰ ਇਹ ਪਤਾ ਲੱਗ ਜਾਵੇ ਕਿ 'ਮੇਰਾ ਪਾਪੀ ਹੋਣਾ ਬਾਹਰ ਦੁਨੀਆ ਦੇ ਵਿੱਚ ਪਤਾ ਲੱਗ ਚੁੱਕਾ', ਤਾਂ ਉਹਨਾਂ ਦੇ ਮੋਢੇ ਉਦੋਂ ਹੀ ਡਿੱਗ ਪੈਂਦੇ ਆ। ਉਹਨਾਂ ਦਾ ਕੌਂਫੀਡੈਂਸ ਉਦੋਂ ਹੀ ਜਾਂਦਾ ਰਹਿੰਦਾ। ਉਹ ਜ਼ਿੰਦਗੀ ਦੇ ਵਿੱਚ ਫਿਰ ਇਸ ਪਾਪ ਨੂੰ ਢੋਂਦਿਆਂ ਬਹੁਤਾ ਚਿਰ ਨਹੀਂ ਕੱਢ ਪਾਉਂਦੇ।
ਸੋ ਇਸ ਕਰਕੇ ਬੰਦਾ... ਬੰਦਾ ਬੰਦੇ ਦੇ ਕੰਮ ਆਉਂਦਾ ਰਹੇ। ਬੰਦਾ ਬੰਦੇ ਦਾ ਦਾਰੂ ਬਣਿਆ ਰਹੇ। ਬੰਦਾ ਬੰਦੇ ਦਾ ਦਿਲ ਨਾ ਦੁਖਾਵੇ, ਤਾਂ ਹੀ ਸਵਾਦ ਆ, ਤਾਂ ਹੀ ਮਜ਼ਾ ਆਉਂਦਾ।
Frequently Asked Questions
ਇਹ ਕਹਾਣੀ ਕਿਸ ਮੂਲ ਲੇਖਕ ਦੀ ਲਿਖੀ ਹੋਈ ਹੈ?
ਮੈਜਿਸਟ੍ਰੇਟ ਡਾਕਟਰ ਨੂੰ ਕੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ?
ਡਾਕਟਰ ਨੇ ਮੈਜਿਸਟ੍ਰੇਟ ਦੀ ਗੱਲ 'ਤੇ ਯਕੀਨ ਕਿਉਂ ਨਹੀਂ ਕੀਤਾ?
ਡਾਕਟਰ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਕਹਾਣੀ ਮੈਜਿਸਟ੍ਰੇਟ ਦੀ ਆਪਣੀ ਹੀ ਹੈ?
What's Your Reaction?
