ਕਰੋਇਸਸ ਤੇ ਸੋਲਨ: ਸੱਚੀ ਖੁਸ਼ੀ ਅਤੇ ਹੰਕਾਰ ਦੀ ਕਹਾਣੀ - Croesus and Solon Story in Punjabi
ਲਿਓ ਟਾਲਸਟਾਏ ਦੀ ਲਿਖੀ ਕਹਾਣੀ 'ਕਰੋਇਸਸ ਤੇ ਸੋਲਨ' ਪੜ੍ਹੋ। ਜਾਣੋ ਕਿਵੇਂ ਧਨ-ਦੌਲਤ ਅਤੇ ਹੰਕਾਰ ਦੇ ਮੁਕਾਬਲੇ ਸਬਰ, ਸੰਤੋਖ ਅਤੇ ਸਾਦਗੀ ਹੀ ਇਨਸਾਨ ਦੀ ਅਸਲ ਖੁਸ਼ੀ ਦਾ ਆਧਾਰ ਹਨ।
ਗੱਲ ਕਾਫ਼ੀ ਪੁਰਾਣੇ ਸਮੇਂ ਦੀ ਹੈ। ਉਦੋਂ ਦੀ ਜਦੋਂ ਹਾਲੇ ਈਸਾ ਮਸੀਹ ਦਾ ਵੀ ਜਨਮ ਨਹੀਂ ਸੀ ਹੋਇਆ। ਇੱਕ ਦੇਸ਼ ਸੀ, ਉਹਦੇ ਉੱਤੇ ਇੱਕ ਰਾਜਾ ਰਾਜ ਕਰਦਾ ਸੀ, ਉਹਦਾ ਨਾਂ ਸੀ ਕਰੋਇਸਸ। ਆਪਣੇ ਆਪ ਨੂੰ ਬੜਾ ਮਹਾਨ ਰਾਜਾ ਸਮਝਦਾ ਸੀ। ਰਾਜ ਕਹਿੰਦੇ ਹੈ ਵੀ ਬੜਾ ਵੱਡਾ ਸੀ। ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਉਸ ਸਮੇਂ ਦੇ ਹਿਸਾਬ ਦੇ ਨਾਲ ਬੇਸ਼ੁਮਾਰ ਸੋਨਾ, ਚਾਂਦੀ, ਕੀਮਤੀ ਰਤਨ, ਫ਼ੌਜ, ਸਿਪਾਹੀ, ਗੁਲਾਮ, ਨੌਕਰ-ਚਾਕਰ, ਵੱਡਾ ਮਹਿਲ, ਤਖ਼ਤ... ਸਾਰਾ ਕੁਝ। ਤੇ ਸ਼ਾਇਦ ਇਹੋ ਵਜ੍ਹਾ ਸੀ ਕਿ ਰਾਜਾ ਕਰੋਇਸਸ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਖੁਸ਼ਕਿਸਮਤ ਸਮਝਦਾ ਸੀ। ਤੇ ਨਾਲ-ਨਾਲ ਆਪਣੇ ਆਪ ਨੂੰ ਸਭ ਤੋਂ ਖੁਸ਼ ਇਨਸਾਨ ਵੀ ਸਮਝਦਾ ਸੀ ਕਿ 'ਮੇਰੇ ਤੋਂ ਵੱਧ ਹੋਰ ਖੁਸ਼ੀ ਹੋ ਵੀ ਨਹੀਂ ਸਕਦੀ, ਕੋਈ ਦੁਨੀਆ ਦੇ ਉੱਤੇ ਮੇਰੇ ਤੋਂ ਵੱਧ ਖੁਸ਼ ਹੋ ਵੀ ਨਹੀਂ ਸਕਦਾ'।
ਤੇ ਜਦੋਂ ਬੰਦੇ ਦੇ ਮਨ ਦੇ ਆਪਣੇ ਵਿਚਾਰ ਹੋਣ ਤਾਂ ਫਿਰ ਉਹ... ਫਿਰ ਉਹਦੇ ਉੱਤੇ ਮੋਹਰ ਲਵਾਉਣੀ ਚਾਹੁੰਦਾ ਹੁੰਦਾ। ਤੇ ਮੋਹਰ ਲਵਾਉਣ ਦੇ ਲਈ ਕੋਈ ਆਮ ਬੰਦਾ ਨਹੀਂ ਹੋਣਾ ਚਾਹੀਦਾ। ਮੋਹਰ ਲਵਾਉਣ ਦੇ ਲਈ ਆਪਾਂ ਉਹਨੂੰ ਸੱਦਦੇ ਹਾਂ ਜਾਂ ਉਹਦੇ ਕੋਲੋਂ ਲਵਾਉਂਦੇ ਹਾਂ ਜਿਹੜਾ ਰੁਤਬੇ ਦੇ ਵਿੱਚ ਵੱਡਾ ਹੋਵੇ, ਜਿਹਦੀ ਲੋਕ ਮੰਨਦੇ ਹੋਣ, ਜਿਹਦੀ ਪੜ੍ਹਾਈ-ਲਿਖਾਈ ਵੱਡੀ ਹੋਵੇ।
ਇਸੇ ਕਰਕੇ ਇੱਕ ਦਿਨ ਕਹਿੰਦੇ ਨੇ ਕਿ ਰਾਜੇ ਨੇ... ਰਾਜੇ ਨੇ ਸੋਲਨ ਨਾਂ ਦੇ ਇੱਕ... ਇੱਕ ਦਾਰਸ਼ਨਿਕ ਨੂੰ ਸੱਦ ਲਿਆ, ਉਨ੍ਹਾਂ ਸਮਿਆਂ ਦਾ ਯੂਨਾਨ ਦਾ ਇੱਕ ਵੱਡਾ ਦਾਰਸ਼ਨਿਕ। ਸੋਲਨ ਦੂਰ-ਦੂਰ ਤੱਕ ਆਪਣੀ ਸਿਆਣਪ ਦੇ ਕਰਕੇ ਮਸ਼ਹੂਰ ਸੀ, ਨਿਆਂ-ਪ੍ਰਿਅਤਾ ਦੇ ਕਰਕੇ ਮਸ਼ਹੂਰ ਸੀ। ਲੋਕਾਂ ਦੇ ਵਿੱਚ ਉਹਦੇ ਆਮ ਚਰਚੇ ਸੀ, ਉਹਦੀ ਸਿਆਣਪ ਦੀਆਂ ਗੱਲਾਂ ਹੁੰਦੀਆਂ ਸੀ।
ਇਸੇ ਕਰਕੇ ਉਸ ਦੀ ਸ਼ੋਹਰਤ ਕਰੋਇਸਸ ਤੱਕ ਵੀ ਪਹੁੰਚੀ ਸੀ, ਤੇ ਰਾਜੇ ਨੇ ਦਰਬਾਰ ਦੇ ਵਿੱਚ ਉਹਨੂੰ ਇਸੇ ਵਜ੍ਹਾ ਕਰਕੇ ਸੱਦਿਆ ਸੀ। ਸਜ-ਧਜ ਕੇ ਰਾਜਾ ਸਾਹਮਣੇ ਤਖ਼ਤ ਦੇ ਉੱਤੇ ਬੈਠ ਗਿਆ, ਸ਼ਾਹੀ ਪੋਸ਼ਾਕ ਪਾਈ, ਤੇ ਸੋਲਨ ਨੂੰ ਪੁੱਛਣ ਲੱਗਾ, "ਕੀ ਤੂੰ ਕਦੇ ਇਸ ਤੋਂ ਸ਼ਾਨਦਾਰ ਕੁਝ ਵੇਖਿਆ, ਸੋਲਨ?"
ਤੇ ਸੋਲਨ ਨੇ ਮੁਸਕੁਰਾ ਕੇ ਕਿਹਾ, "ਹਾਂ ਰਾਜਾ, ਮੈਂ ਇਸ ਤੋਂ ਖੂਬਸੂਰਤ ਮੋਰ ਦੇ ਖੰਭ, ਕੁੱਕੜ, ਤਿੱਤਰ ਦੇ ਖੰਭ ਵੇਖੇ ਨੇ। ਇਹਨਾਂ ਪੰਛੀਆਂ ਦੇ, ਚਿੜੀਆਂ ਦੇ ਰੰਗ ਕੇਤੇ ਵੰਨ-ਸੁਵੰਨੇ ਨੇ, ਕੇਤੇ ਚਮਕੀਲੇ ਨੇ, ਕੇਤੇ ਸੱਜੇ ਨੇ। ਉਸ ਕਲਾ ਦਾ ਕੋਈ ਮੁਕਾਬਲਾ ਨਹੀਂ, ਰਾਜਨ।"
ਕਰੋਇਸਸ ਚੁੱਪ ਕਰ ਗਿਆ। ਚੁੱਪ ਕਰਕੇ ਮਨ ਦੇ ਵਿੱਚ ਸੋਚਣ ਲੱਗਾ, 'ਜਿੱਧਰ ਮੈਂ ਚਾਹੁੰਦਾ ਸੀ, ਉੱਧਰਲੇ ਪਾਸੇ ਨੂੰ ਤਾਂ ਗੱਲ ਨਹੀਂ ਗਈ। ਹੋਰ ਕਿਹੜੇ ਤਰੀਕੇ ਦੇ ਨਾਲ ਇਹਨੂੰ ਮੈਂ ਆਪਣਾ ਸਵਾਲ ਪੁੱਛਾਂ? ਕਿੱਦਾਂ ਮੈਂ ਇਹਦੇ ਮੂੰਹੋਂ ਕਢਵਾਵਾਂ ਕਿ ਤੁਸੀਂ ਸਭ ਤੋਂ ਸਰਵੋਤਮ ਹੋ, ਤੁਸੀਂ ਸਭ ਤੋਂ ਖੁਸ਼ ਹੋ, ਤੇਰੇ ਕੋਲ ਹੀ ਦੁਨੀਆ ਦੀਆਂ ਸਭ ਤੋਂ ਵੱਧ ਵਧੀਆ ਨਿਆਮਤਾਂ ਨੇ'।
ਤੇ ਕਹਿੰਦੇ ਨੇ, ਸੋਲਨ ਨੇ ਆਪਣਾ ਸਿਪਾਹੀ ਭੇਜਿਆ ਤੇ ਆਪਣਾ ਸਾਰਾ ਖਜ਼ਾਨਾ ਵਿਖਾਉਣ ਦੇ ਲਈ ਕਿਹਾ। ਸੋਲਨ ਨੇ ਜਦੋਂ ਸਾਰਾ ਖਜ਼ਾਨਾ ਰਾਜੇ ਦਾ ਵੇਖਿਆ, ਤੇ ਉਸ ਤੋਂ ਬਾਅਦ ਫਿਰ ਦੁਬਾਰਾ ਦਰਬਾਰ ਦੇ ਵਿੱਚ ਲਿਆ ਕੇ ਉਹਨੂੰ... ਉਹਨੂੰ ਆਪਣੇ ਵੱਲੋਂ ਆਪਣੀ ਵਡਿਆਈ ਕਰਨ ਦੇ ਲਈ ਉਹਨਾਂ ਸਾਰੀਆਂ ਜੰਗਾਂ ਦੇ ਬਾਰੇ ਦੱਸਿਆ ਜਿਹੜੀਆਂ ਰਾਜੇ ਕਰੋਇਸਸ ਨੇ ਕੀਤੀਆਂ ਸੀ। ਕਿੱਦਾਂ-ਕਿੱਦਾਂ ਕਿਹੜੇ-ਕਿਹੜੇ ਲੋਕਾਂ ਨੂੰ ਮਾਰਿਆ, ਕਿਹੜੇ-ਕਿਹੜੇ ਦੁਸ਼ਮਣਾਂ ਦੇ ਉੱਤੇ ਵਿਜੇ ਹਾਸਲ ਕੀਤੀ, ਕਿਹੜੇ-ਕਿਹੜੇ ਇਲਾਕੇ ਜਿੱਤੇ, ਕਦੋਂ-ਕਦੋਂ, ਕਿੱਦਾਂ-ਕਿੱਦਾਂ, ਕਿੱਥੇ-ਕਿੱਥੇ ਮੈਂ ਦਲੇਰੀ ਵਿਖਾਈ, ਕਿੱਥੇ-ਕਿੱਥੇ ਮੇਰੀਆਂ ਫ਼ੌਜਾਂ ਲੜੀਆਂ।
ਪਰ ਇਹ ਸਭ ਕੁਝ ਨਾ ਉਸ ਦਾਰਸ਼ਨਿਕ ਨੂੰ ਕੀ ਲੈਣਾ-ਦੇਣਾ। ਇਹ ਸਿਰਫ਼ ਇੱਕ ਰਾਜੇ ਦੇ ਵੱਲੋਂ ਮਾਰੀ ਗਈ ਸ਼ੇਖੀ ਸੀ।
ਤੇ ਫਿਰ ਉਸਨੇ... ਉਸਨੇ ਸੋਲਨ ਨੂੰ ਕਿਹਾ, "ਸੋਲਨ, ਤੂੰ ਤਾਂ ਦੁਨੀਆ ਦੇ ਵਿੱਚ ਲੰਮਾ ਸਮਾਂ ਬਤਾਇਆ। ਮੈਂ ਸੁਣਿਆ ਤੂੰ ਬੜਾ ਦੂਰ-ਦੁਰਾਡੇ ਤੱਕ ਘੁੰਮਿਆ, ਕਈ ਦੇਸ਼ਾਂ ਦੇ ਵਿੱਚ ਗਿਆ, ਵੱਡੇ-ਵੱਡੇ ਰਾਜਿਆਂ ਨੂੰ ਮਿਲਿਆ। ਚੱਲ ਮੈਨੂੰ ਦੱਸ, ਕੀ ਤੇਰੀ ਨਜ਼ਰ ਦੇ ਵਿੱਚ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਕੌਣ ਹੈ?"
ਤੇ ਸੋਲਨ ਨੇ ਬਿਨਾਂ ਕਿਸੇ ਡਰ ਦੇ, ਬਿਨਾਂ ਭੈਅ ਦੇ, ਬਿਨਾਂ ਕਿਸੇ ਚਾਪਲੂਸੀ ਦੇ ਕਿਹਾ, "ਰਾਜਾ, ਮੇਰੀ ਨਜ਼ਰ ਦੇ ਵਿੱਚ ਸਭ ਤੋਂ ਖੁਸ਼ ਇਨਸਾਨ ਉਹ ਆ ਜਿਹੜਾ ਏਥਨਜ਼ ਦੇ ਵਿੱਚ ਰਹਿ ਰਿਹਾ, ਘਰੋਂ ਗਰੀਬ ਹੈ। ਮੈਨੂੰ ਉਹਤੋਂ ਇਲਾਵਾ ਹੋਰ ਕੋਈ ਖੁਸ਼ ਨਜ਼ਰ ਨਹੀਂ ਆਉਂਦਾ।"
'ਇਹ ਕਿੱਦਾਂ ਦੀ ਗੱਲ ਹੋਈ? ਏਥਨਜ਼ ਦੇ ਵਿੱਚ ਰਹਿੰਦਾ ਇੱਕ ਗਰੀਬ ਇਨਸਾਨ ਮੇਰੇ ਨਾਲੋਂ ਵੱਧ ਖੁਸ਼ ਕਿੱਦਾਂ ਹੋ ਸਕਦਾ?' ਰਾਜਾ ਇਸ ਜਵਾਬ ਤੋਂ ਹੈਰਾਨ ਸੀ, ਕਿਉਂਕਿ ਉਸਨੂੰ ਪੂਰੀ ਉਮੀਦ ਸੀ ਕਿ ਸੋਲਨ ਇਸ ਵਾਰੀ ਉਹਦਾ ਨਾਂ ਲਵੇਗਾ। ਪਰ ਸੋਲਨ ਨੇ ਨਹੀਂ ਲਿਆ। ਉਹਨੇ ਉਸ... ਉਸ ਬਿਲਕੁਲ ਇੱਕ ਗਰੀਬੜੇ ਜਿਹੇ ਬੰਦੇ ਦਾ, ਇੱਕ ਗੁਲਾਮ ਜਿਹੇ ਬੰਦੇ ਦਾ ਨਾਂ ਲੈ ਲਿਆ ਜਿਹਨੂੰ ਕੋਈ ਜਾਣਦਾ ਹੀ ਨਹੀਂ।
ਤੇ ਰਾਜੇ ਦੇ ਮਨ ਦੇ ਵਿੱਚ ਸਵਾਲ ਸੀ, ਉਹਨੇ ਪੁੱਛ ਲਿਆ। ਕਰੋਇਸਸ ਨੇ ਕਿਹਾ, "ਏਦਾਂ ਤੂੰ ਕਿਉਂ ਕਿਹਾ?"
ਤੇ ਸੋਲਨ ਨੇ ਜਵਾਬ ਦਿੱਤਾ, "ਜਿਸ ਆਦਮੀ ਦੀ ਮੈਂ ਗੱਲ ਕਰ ਰਿਹਾ ਹਾਂ ਨਾ, ਉਹਨੇ ਸਾਰੀ ਉਮਰ, ਰਾਜਾ, ਸਖ਼ਤ ਮਿਹਨਤ ਕੀਤੀ ਹੈ। ਥੋੜ੍ਹੇ ਦੇ ਵਿੱਚ ਹੀ ਉਹ ਸੰਤੁਸ਼ਟ ਰਿਹਾ। ਉਹਨੇ ਆਪਣੇ ਬੱਚੇ ਪਾਲੇ ਨੇ, ਉਹਨੇ ਇੱਜ਼ਤ ਕਮਾਈ ਹੈ। ਉਹ ਇੱਕ... ਇੱਕ ਨੇਕ ਇਨਸਾਨ ਹੈ। ਉਹਨੇ ਕੋਈ ਨਾਮਣਾ ਨਹੀਂ ਖੱਟਿਆ, ਪਰ ਉਹਨੇ ਆਪਣੇ ਬਣਦੇ ਸਾਰੇ ਫਰਜ਼ ਨਿਭਾਏ ਨੇ। ਬਿਲਕੁਲ... ਬਿਲਕੁਲ ਸੀਮਤ ਜਹੀਆਂ ਸੁਖ-ਸਹੂਲਤਾਂ ਦੇ ਵਿੱਚ ਉਹਨੇ ਆਪਣੇ ਇਨਸਾਨ ਹੋਣ ਦਾ, ਪਰਿਵਾਰ ਦੇ ਮੁਖੀ ਹੋਣ ਦਾ, ਲੋਕਾਂ ਦੇ ਢਿੱਡ ਭਰਨ ਦਾ ਫਰਜ਼ ਨਿਭਾਇਆ।"
ਹੁਣ ਇਹ ਸੁਣ ਕੇ ਰਾਜੇ ਨੂੰ ਜਿੱਦਾਂ ਗੁੱਸਾ ਆ ਗਿਆ ਹੋਵੇ। "ਤਾਂ ਫਿਰ ਤੂੰ ਮੇਰੀ ਖੁਸ਼ੀ ਨੂੰ ਕੁਝ ਨਹੀਂ ਸਮਝਦਾ? ਤੈਨੂੰ ਕੀ ਲੱਗਦਾ, ਮੈਂ ਉਸ ਗਰੀਬ ਇਨਸਾਨ ਦੇ ਬਰਾਬਰ ਵੀ ਨਹੀਂ? ਤੈਨੂੰ ਪਤਾ ਤੂੰ ਕੀ ਗੱਲ ਕਰ ਰਿਹਾ?" ਰਾਜੇ ਨੇ ਥੋੜ੍ਹੇ ਗੁੱਸੇ ਵਾਲੇ ਤੇਵਰ ਦੇ ਵਿੱਚ ਕਿਹਾ।
ਤਾਂ ਸੋਲਨ ਨੇ ਫਿਰ ਦੁਬਾਰਾ ਬੜੇ ਪਿਆਰ ਦੇ ਨਾਲ ਰਾਜੇ ਨੂੰ ਜਵਾਬ ਦਿੱਤਾ, "ਰਾਜਾ, ਅਕਸਰ ਹੀ ਇੰਝ ਹੁੰਦਾ। ਇੱਕ ਗਰੀਬ ਆਦਮੀ, ਇੱਕ ਅਮੀਰ ਆਦਮੀ ਦੇ ਨਾਲੋਂ ਵੱਧ ਖੁਸ਼ ਹੁੰਦਾ। ਜਦੋਂ ਤੱਕ ਕਿਸੇ ਆਦਮੀ ਦੀ ਮੌਤ ਨਾ ਨਾ ਹੋ ਜਾਵੇ, ਉਦੋਂ ਤੱਕ ਉਸਨੂੰ ਖੁਸ਼ ਨਹੀਂ ਕਹਿਣਾ ਚਾਹੀਦਾ।"
ਰਾਜਾ ਚਾਹੁੰਦਾ ਨਹੀਂ ਸੀ ਕਿ ਦਾਰਸ਼ਨਿਕ ਦੇ ਨਾਲ ਉਹ ਕੋਈ ਕਿਸੇ ਕਿਸਮ ਦੀ ਗਲਤ ਹਰਕਤ ਕਰੇ, ਉਹਨੂੰ ਕੋਈ ਸਜ਼ਾ ਦੇਵੇ, ਉਹਦੇ ਨਾਲ ਮੰਦਾ ਬੋਲੇ। ਸਿਆਣਪ ਵਰਤੀ, ਉਹਨੇ ਸੋਲਨ ਨੂੰ ਵਿਦਾ ਕਰ ਦਿੱਤਾ।
ਪਰ ਇਹ ਸੱਚ ਸੀ ਕਿ ਉਹਨੂੰ ਸੋਲਨ ਦੀਆਂ ਗੱਲਾਂ ਬਿਲਕੁਲ ਪਸੰਦ ਨਹੀਂ ਸੀ ਆਈਆਂ। ਉਹਨੂੰ ਉਹਦੇ ਉੱਤੇ ਕੋਈ ਵਿਸ਼ਵਾਸ ਨਹੀਂ ਸੀ। ਜੋ ਵੀ ਉਹ ਗੱਲਾਂ ਕਰਕੇ ਗਿਆ, ਉਹ ਉਹਦੇ ਲਈ ਬਿਲਕੁਲ ਬੇਲੋੜੀਆਂ ਸੀ।
ਤੇ ਸ਼ਾਮ ਦੇ ਸਮੇਂ ਰਾਜੇ ਨੇ ਜਾਮ ਦੇ ਨਾਲ ਜਾਮ ਟਕਰਾਏ। ਮਨ ਦੇ ਵਿੱਚ ਸੋਚਿਆ, 'ਉਦਾਸੀ ਨੂੰ ਦਫ਼ਾ ਕਰੋ। ਏਦਾਂ ਦੇ ਬੰਦੇ ਕੁਝ ਵੀ ਕਹਿ ਜਾਂਦੇ ਨੇ। ਜਦੋਂ ਤੱਕ ਆਦਮੀ ਜਿਊਂਦਾ, ਉਦੋਂ ਤੱਕ ਉਹਨੂੰ ਸੁਖ-ਆਰਾਮ ਭੋਗਣਾ ਚਾਹੀਦਾ, ਉਹਨੂੰ ਖੁੱਲ੍ਹ ਕੇ ਜਿਊਣਾ ਚਾਹੀਦਾ। ਜੇ ਜਿਊਂਦੇ ਨੂੰ ਖੁਸ਼ ਨਹੀਂ ਕਹਿਣਾ, ਤਾਂ ਮਰੇ ਨੂੰ ਕਾਹਦਾ ਖੁਸ਼ ਕਹਿਣਾ'।
ਫਿਰ ਥੋੜ੍ਹਾ ਸਮਾਂ ਬੀਤਿਆ ਤੇ ਉਹ... ਉਹ ਇਹ ਸਾਰਾ ਕੁਝ ਭੁੱਲ ਗਿਆ। ਉਹ ਭੁੱਲ ਗਿਆ ਕਿ ਕੋਈ ਸੋਲਨ ਵੀ ਸੀ।
ਪਰ ਕੁਝ ਸਮੇਂ ਬਾਅਦ ਰਾਜੇ ਦਾ ਪੁੱਤ ਸ਼ਿਕਾਰ ਖੇਡਣ ਦੇ ਲਈ ਗਿਆ। ਕਹਿੰਦੇ ਨੇ ਰਾਜੇ ਦੇ ਪੁੱਤ ਦੇ ਨਾਲ ਇੱਕ ਹਾਦਸਾ ਵਾਪਰਿਆ, ਉਹਦੇ ਵਿੱਚੋਂ ਉਹ ਜ਼ਖ਼ਮੀ ਹੋ ਗਿਆ। ਤੇ ਜ਼ਖ਼ਮੀ ਵੀ ਇਸ ਹਿਸਾਬ ਦੇ ਨਾਲ ਹੋਇਆ ਕਿ ਉਹਦਾ ਇਲਾਜ ਨਾ ਕੀਤਾ ਜਾ ਸਕਿਆ।
ਤੇ ਫਿਰ ਇੱਕਦਮ ਰਾਜੇ ਨੂੰ ਇੱਕ ਹੋਰ ਖ਼ਬਰ ਮਿਲੀ। ਖ਼ਬਰ ਮਿਲੀ ਕਿ ਦੂਰੋਂ-ਦੁਰਾਡਿਓਂ ਕੋਈ ਬੜਾ ਸ਼ਕਤੀਸ਼ਾਲੀ ਬਾਦਸ਼ਾਹ, ਕੋਈ ਜਿਹਦਾ ਨਾਂ ਸਾਇਰਸ ਹੈ, ਉਹ ਕਰੋਇਸਸ ਦੇ ਨਾਲ ਜੰਗ ਕਰਨ ਦੇ ਲਈ ਆ ਰਿਹਾ। ਉਹ ਉਹਦੇ ਇਲਾਕੇ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ।
ਕਰੋਇਸਸ ਦੇ ਕੋਲ ਇੱਕ ਵੱਡੀ ਫ਼ੌਜ ਸੀ। ਇਸ ਕਰਕੇ ਉਹਨੂੰ ਵੀ ਮਾਣ ਸੀ, ਉਹ ਸਾਇਰਸ ਦਾ ਮੁਕਾਬਲਾ ਕਰਨ ਦੇ ਲਈ ਨਿਕਲਿਆ। ਪਰ ਸਾਇਰਸ ਦੀ ਫ਼ੌਜ ਜ਼ਿਆਦਾ ਤਾਕਤਵਰ ਨਿਕਲੀ ਤੇ ਕਰੋਇਸਸ ਇਹ ਜੰਗ ਹਾਰ ਗਿਆ। ਹਾਰ ਵੀ ਕਾਹਦਾ ਗਿਆ, ਕਹਿੰਦੇ ਨੇ ਕਿ ਉਹਨੇ... ਸਾਇਰਸ ਨੇ ਬੁਰੀ ਤਰ੍ਹਾਂ ਦੇ ਨਾਲ ਤਹਿਸ-ਨਹਿਸ ਕਰ ਦਿੱਤਾ। ਹੌਲੀ-ਹੌਲੀ ਉਹ ਜਦੋਂ ਉਹਦੇ ਮਹਿਲਾਂ ਤੱਕ ਪਹੁੰਚਿਆ...
ਫ਼ੌਜ ਇਸੇ ਤਰ੍ਹਾਂ ਦੇ ਨਾਲ ਮਾਰਦੀ, ਲੁੱਟਦੀ-ਤਾੜਦੀ ਜਦੋਂ ਬਿਲਕੁਲ ਉਹਦੇ ਬੂਹਿਆਂ ਦੇ ਉੱਤੇ ਪਹੁੰਚੀ, ਤਾਂ ਹੋਇਆ ਕੁਝ ਏਦਾਂ ਕਿ ਉਸੇ ਫ਼ੌਜ ਦੇ ਵਿੱਚੋਂ ਇੱਕ ਸਿਪਾਹੀ ਜਦੋਂ ਕਰੋਇਸਸ ਦਾ ਸਾਰਾ ਖਜ਼ਾਨਾ ਲੁੱਟ ਰਹੇ ਸੀ, ਉਸੇ ਦੇ ਦਰਮਿਆਨ ਉਹਨੇ ਆਪਣੀ ਤਲਵਾਰ ਚੁੱਕ ਕੇ ਰਾਜੇ ਨੂੰ ਮਾਰਨ ਲੱਗਾ, ਤੇ ਉੱਧਰੋਂ ਇੱਕ... ਇੱਕ ਆਵਾਜ਼ ਆਈ, "ਨਹੀਂ! ਰੁਕ ਜਾਓ! ਕੀ ਤੁਹਾਨੂੰ ਪਤਾ ਇਹ ਰਾਜਾ ਕਰੋਇਸਸ ਹੈ?"
ਤਾਂ ਸਿਪਾਹੀ ਨੇ ਸੋਚਿਆ, 'ਇਹਨੂੰ ਫੜ ਕੇ ਮੈਂ ਆਪਣੇ ਰਾਜੇ ਕੋਲ ਲੈ ਕੇ ਜਾਊਂਗਾ, ਸਾਇਰਸ ਇਹ ਜਾਣ ਕੇ ਖੁਸ਼ ਹੋਊਗਾ ਕਿ ਆਪਾਂ ਇਹਨੂੰ ਜਿਊਂਦਾ ਫੜ ਲਿਆਂਦਾ, ਕੁਝ ਵੱਡਾ ਇਨਾਮ ਮਿਲੂਗਾ'। ਇਸੇ ਕਰਕੇ ਸਿਪਾਹੀਆਂ ਨੇ ਫੜਿਆ, ਹੱਥ-ਪੈਰ ਬੰਨ੍ਹੇ, ਤੇ ਕਰੋਇਸਸ ਨੂੰ ਉਹ ਹੁਣ ਸਾਇਰਸ ਦੇ ਕੋਲ ਲੈ ਗਏ।
ਜਿਹੜੇ ਸਮੇਂ ਕਹਿੰਦੇ ਨੇ ਕਿ ਉਹ... ਉਹ ਲੈ ਕੇ ਗਏ ਸਾਇਰਸ ਦੇ ਅੱਗੇ ਪੇਸ਼ ਕੀਤਾ, ਉਦੋਂ ਸਾਇਰਸ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਇਸ ਕਰਕੇ ਉਹਨੇ ਕੋਈ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਕੌਣ ਆਇਆ, ਕੀ ਆਏ, ਕਿੱਦਾਂ ਆਇਆ, ਇਹ ਰਾਜਾ ਹੈ, ਹੋਊਗਾ ਆਪਣੇ ਘਰ। ਪਰ ਹੁਣ ਉਹ ਆਪਣੀ ਜਿੱਤ ਦਾ ਜਸ਼ਨ ਮਨਾ ਰਿਹਾ ਸੀ। ਜਸ਼ਨ ਮਨਾਉਂਦੇ-ਮਨਾਉਂਦੇ ਸਿਪਾਹੀਆਂ ਨੂੰ ਆਦੇਸ਼ ਦਿੱਤਾ, "ਇਹਦਾ ਕੀ ਕਰਨਾ? ਜਾਓ, ਮਾਰ ਦਿਓ ਇਹਨੂੰ।"
ਕਹਿੰਦੇ ਨੇ ਸ਼ਹਿਰ ਦੇ ਬਿਲਕੁਲ ਐਨ ਵਿਚਕਾਰ ਚੌਂਕ ਦੇ ਵਿੱਚ ਸਿਪਾਹੀਆਂ ਨੇ ਇੱਕ ਵੱਡੀ ਚਿਖਾ ਤਿਆਰ ਕੀਤੀ। ਸਿਖਰ ਉੱਤੇ ਰਾਜਾ ਕਰੋਇਸਸ ਨੂੰ ਖੰਭੇ ਦੇ ਨਾਲ ਬੰਨ੍ਹਿਆ ਗਿਆ, ਤੇ ਚਿਖਾ ਨੂੰ ਅੱਗ ਲਾ ਦਿੱਤੀ।
ਹੁਣ ਕਰੋਇਸਸ ਆਪਣੇ ਆਲੇ-ਦੁਆਲੇ ਵੇਖਦਾ। ਉਹ ਆਪਣੇ ਸਾਰੇ ਸ਼ਹਿਰ ਵੱਲ ਵੇਖਦਾ, ਫਿਰ ਮਹਿਲ ਵੱਲ ਨਜ਼ਰਾਂ ਜਾਂਦੀਆਂ ਨੇ, ਤੇ ਫਿਰ ਅੱਜ ਉਹਨੂੰ ਅਚਾਨਕ ਸੋਲਨ ਯਾਦ ਆਉਂਦਾ।
ਹਾਲੇ ਅੱਗ ਥੋੜ੍ਹੀ-ਥੋੜ੍ਹੀ ਜਹੀ ਫੜਨੀ ਸ਼ੁਰੂ ਹੋਈ ਸੀ ਕਿ ਉੱਨੇ ਸਮੇਂ ਨੂੰ... ਉੱਨੇ ਸਮੇਂ ਨੂੰ ਰਾਜਾ ਸਾਇਰਸ ਦੇ ਕੋਲ ਵੀ ਗੱਲ ਪਹੁੰਚ ਚੁੱਕੀ ਸੀ, "ਅੱਜ ਕਰੋਇਸਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ।"
ਕਹਿੰਦੇ ਨੇ ਆਪਣੇ ਦੁਸ਼ਮਣ ਨੂੰ ਅੱਖੀਂ ਮਰਦਾ ਵੇਖ ਕੇ ਬੜਾ ਆਨੰਦ ਆਉਂਦਾ ਸੀ ਰਾਜਿਆਂ ਨੂੰ। ਉਹਨੇ ਸੋਚਿਆ, 'ਮੈਂ ਵੀ ਜਾ ਕੇ ਉਹਨੂੰ... ਉਹਨੂੰ ਅੱਖੀਂ ਵੇਖਾਂ, ਉਹਦੀਆਂ ਚੀਕਾਂ ਸੁਣਾਂ, ਮਰਦਾ ਵੇਖਾਂ'।
ਪਰ ਇੱਥੇ ਉਹਨੇ ਕੁਝ... ਕੁਝ ਅਲੱਗ ਨਜ਼ਾਰਾ ਵੇਖਿਆ। ਜਿੱਦਾਂ-ਜਿੱਦਾਂ ਕਰੋਇਸਸ ਦੇ ਲਾਗੇ ਅੱਗ ਆਈ, ਉਹਨੂੰ ਸੋਲਨ ਦੇ ਕਹੇ ਬੋਲ ਚੇਤੇ ਆਏ, ਤਾਂ ਉਹਨੇ ਉੱਚੀ ਸਾਰੀ... ਉੱਚੀ ਸਾਰੀ ਕਿਹਾ, "ਹਾਏ ਸੋਲਨ! ਹਾਏ ਸੋਲਨ!" ਤੇ ਜਾਂ ਫਿਰ ਕੁਝ ਹੋਰ...
ਪਰ ਉਹ ਸੋਲਨ ਨੂੰ ਯਾਦ ਕਰ ਰਿਹਾ ਸੀ, ਉਹਦੇ ਬੋਲਾਂ ਨੂੰ ਯਾਦ ਕਰ ਰਿਹਾ ਸੀ। ਉਹ ਕਹਿਣਾ ਇਹ ਚਾਹ ਰਿਹਾ ਸੀ ਕਿ 'ਸੋਲਨ, ਤੂੰ ਠੀਕ ਕਹਿ ਕੇ ਗਿਆ ਸੀ'।
ਪਰ ਇੱਧਰ ਸਾਇਰਸ ਨੂੰ ਜਦੋਂ ਇਹ... ਇਹ ਬੋਲ ਉਹਦੇ ਕੰਨਾਂ ਦੇ ਵਿੱਚ ਪਏ, ਤਾਂ ਉਹਦੀ ਜਿਗਿਆਸਾ ਜਾਗੀ - 'ਇਹ ਕਿਹੜਾ ਸ਼ਬਦ ਪੜ੍ਹ ਰਿਹਾ? ਇਹ ਕੀ ਕਹਿ ਰਿਹਾ? ਹੋਵੇ ਨਾ ਤਾਂ ਇਹਦੇ ਕੋਲੋਂ ਜਾਣਿਆ ਜਾਵੇ'। ਰਾਜੇ ਨੇ ਆਦੇਸ਼ ਦਿੱਤਾ - ਲੱਕੜਾਂ ਪਾਸੇ ਕਰਵਾਈਆਂ, ਅੱਗ ਬੁਝਾਇਆ, ਕਰੋਇਸਸ ਨੂੰ ਆਪਣੇ ਕੋਲ ਸੱਦਿਆ ਤਾਂ ਪੁੱਛਣ ਲੱਗਾ, "ਇਹ ਜਿਹੜਾ ਤੂੰ ਹੁਣੇ ਕਿਹਾ, ਉਹਦਾ ਮਤਲਬ ਕੀ ਸੀ?"
ਤਾਂ ਕਰੋਇਸਸ ਨੇ ਕਿਹਾ, "ਕੋਈ ਮਤਲਬ ਨਹੀਂ, ਰਾਜਾ। ਮੈਂ ਤਾਂ ਸਿਰਫ਼ ਇੱਕ... ਇੱਕ ਮਹਾਨ ਦਾਰਸ਼ਨਿਕ ਨੂੰ ਯਾਦ ਕਰ ਰਿਹਾ ਸੀ। ਉਹ ਦਾਰਸ਼ਨਿਕ ਜਿਹਦੀ ਮੈਂ ਗੱਲ ਸੁਖ-ਆਰਾਮ ਦੇ ਸਮੇਂ ਨਹੀਂ ਸੀ ਮੰਨੀ। ਉਦੋਂ ਮੈਨੂੰ ਉਹ ਝੂਠਾ ਲੱਗਦਾ ਸੀ। ਮੈਂ ਉਹਦੀ ਗੱਲ ਬਿਲਕੁਲ ਵੀ ਪੱਲੇ ਨਹੀਂ ਬੰਨੀ, ਪਰ ਅੱਜ... ਅੱਜ ਮਰਨ ਲੱਗਿਆਂ ਮੈਂ ਉਹਦੀ ਗੱਲ ਨੂੰ ਯਾਦ ਕਰ ਰਿਹਾ ਹਾਂ, ਉਹਦਾ ਨਾਂ ਲੈ ਰਿਹਾ ਸੀ। ਅੱਜ ਮੈਨੂੰ ਯਾਦ ਆ ਰਿਹਾ ਹੈ ਕਿ ਦੁਨੀਆ ਦੀ ਇਹ ਸਾਰੀ ਦੌਲਤ, ਇਹ ਸਾਰਾ ਸੁਖ-ਆਰਾਮ, ਇਹ ਤਾਜ-ਓ-ਤਖ਼ਤ, ਇਹ ਸਭ ਬੇਕਾਰ ਨੇ। ਜਿਹੜੇ ਬੰਦੇ ਨੇ ਮੈਨੂੰ ਇਸ ਪਾਸੇ ਨੂੰ ਧਿਆਨ ਦਵਾਇਆ ਸੀ, ਸਭ ਤੋਂ ਪਹਿਲਾਂ ਇਹ ਸੱਚਾਈ ਦੱਸੀ ਸੀ, ਮੈਂ ਤਾਂ ਮਰਨ ਤੋਂ ਪਹਿਲਾਂ ਉਹਨੂੰ ਯਾਦ ਕਰਨਾ ਚਾਹੁੰਦਾ ਸੀ।"
ਟਾਲਸਟਾਏ ਲਿਖਦਾ ਹੈ ਕਿ ਕਰੋਇਸਸ ਨੇ... ਸਾਇਰਸ ਨੂੰ... ਸਾਇਰਸ ਨੇ ਕਰੋਇਸਸ ਨੂੰ ਮਾਫ਼ ਕਰ ਦਿੱਤਾ। ਦੋਵਾਂ ਦੀ ਹੋਰ ਲੰਮੀ-ਚੌੜੀ ਗੱਲਬਾਤ ਹੋਈ, ਸ਼ਾਇਦ ਸੋਲਨ ਦੇ ਬਾਰੇ। ਤੇ ਉਸ ਤੋਂ ਬਾਅਦ ਦੋਵਾਂ ਰਾਜਿਆਂ ਦੀ ਆਪਸ ਦੇ ਵਿੱਚ ਦੋਸਤੀ ਹੋ ਗਈ।
ਤਾਂ ਵੇਖਿਆ ਜਾਵੇ, ਤਾਂ ਕਿਹੜੇ ਤਰੀਕੇ ਦੇ ਨਾਲ ਕਿਸਮਤ ਕਿੱਥੋਂ ਤਖ਼ਤਾ ਪਲਟ ਕੇ ਕਿੱਥੋਂ ਲੈ ਕੇ ਆਉਂਦੀ ਹੈ!
ਤੁਹਾਨੂੰ ਕੋਈ ਪਤਾ ਨਹੀਂ ਤੁਹਾਡੀ ਕਿਸਮਤ ਦੇ ਵਿੱਚ ਕੀ ਲਿਖਿਆ। ਕੱਲ੍ਹ ਤੁਹਾਡੇ ਲਈ ਕੀ ਆ? ਕੱਲ੍ਹ ਤੁਹਾਡੇ ਲਈ ਤਖ਼ਤ ਆ ਜਾਂ ਫਿਰ ਕੱਲ੍ਹ ਤੁਹਾਡੇ ਲਈ ਮੌਤ ਆ? ਕੱਲ੍ਹ ਤੁਹਾਡੇ ਲਈ ਮੁਨਾਫ਼ਾ ਆ ਜਾਂ ਕੱਲ੍ਹ ਤੁਹਾਡੇ ਲਈ ਨੁਕਸਾਨ ਆ? ਕੱਲ੍ਹ ਤੁਸੀਂ ਹੋਰ ਕਮਾਉਣਾ ਜਾਂ ਫਿਰ ਕੱਲ੍ਹ ਜੋ ਹੈਗਾ ਆ, ਉਹ ਵੀ ਜਾਂਦਾ ਰਹਿਣਾ? ਇਹ ਕੁਝ ਪਤਾ ਨਹੀਂ। ਇਹਦਾ ਕੋਈ ਯਕੀਨ ਨਹੀਂ।
ਇਹ ਸਭ ਪਤਾ ਆ, ਤਾਂ ਪਤਾ ਉਸ ਰੱਬ ਨੂੰ ਜਿਹਨੇ ਸਾਨੂੰ ਪੈਦਾ ਕੀਤਾ। ਇਨਸਾਨ ਤਾਂ ਸਿਰਫ਼ ਆਪਣੇ ਕਮਾਏ ਦੇ ਉੱਤੇ ਘੁਮੰਡ ਹੀ ਕਰਦਾ।
ਰਾਜਾ ਹੀ ਕਿਉਂ, ਆਪਾਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਰਾਜਾ ਸਮਝਦੇ ਹਾਂ। ਹਰ ਇੱਕ ਇਸ ਦੁਨੀਆ ਦਾ ਇਨਸਾਨ ਆਪਣੇ ਆਪ ਨੂੰ ਰਾਜਾ ਸਮਝਦਾ। ਜਿੰਨਾ ਵੀ ਉਹਨੇ ਕਮਾਇਆ ਹੁੰਦਾ, ਉਹਦੇ ਲਈ ਉਹ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ। ਉਹ ਉਸ ਕਮਾਈ ਦੇ ਉੱਤੇ ਮਾਣ ਕਰਦਾ - ਚਾਹੇ ਉਹਨੇ ਸਰੀਰ ਕਮਾਇਆ ਹੋਵੇ, ਚਾਹੇ ਉਹਨੇ ਅਕਲ ਕਮਾਈ ਹੋਵੇ, ਚਾਹੇ ਉਹਨੇ ਧਨ-ਦੌਲਤ ਕਮਾਇਆ ਹੋਵੇ।
ਹਰ ਇੱਕ ਇਨਸਾਨ ਚਾਹੁੰਦਾ ਕਿ ਦੂਸਰਾ ਆਵੇ, ਉਸ ਕਮਾਈ ਦੀ ਸਿਫ਼ਤ ਕਰੇ, ਮੇਰੀ ਹਉਮੈ ਨੂੰ ਪੱਠੇ ਪੈਣ, ਮੇਰਾ ਲਾਲਚ ਹੋਰ ਵਧੇ, ਮੈਨੂੰ ਪਤਾ ਲੱਗੇ ਮੇਰੀ ਬਾਹਰ-ਅੰਦਰ ਬੱਲੇ-ਬੱਲੇ ਕਿੰਨੀ ਕੁ ਹੁੰਦੀ ਆ। ਤੇ ਜੇਕਰ ਸਾਨੂੰ ਕੋਈ ਸ਼ੀਸ਼ਾ ਵਿਖਾਵੇ, ਤਾਂ ਉਹ ਸਾਨੂੰ ਬੁਰਾ ਲੱਗਦਾ, ਅਸੀਂ ਉਹਦੇ ਨਾਲ ਕਮਾਉਣਾ-ਬੁਲਾਉਣਾ ਵੀ ਛੱਡ ਦਿੰਦੇ ਹਾਂ।
ਤੁਸੀਂ ਵੀ ਯਾਦ ਕਰਕੇ ਵੇਖਿਓ, ਕਿੰਨੇ ਸੋਲਨ ਨੇ ਜਿਹੜੇ ਸ਼ਾਇਦ ਆਪਾਂ ਆਪਣੀ ਜ਼ਿੰਦਗੀ 'ਚੋਂ ਵੱਖ ਕਰ ਦਿੱਤੇ ਹੋਣਗੇ! ਇਸ ਕਰਕੇ ਨਹੀਂ ਸਾਨੂੰ ਚੰਗੇ ਲੱਗੇ ਹੋਣਗੇ, ਕਿਉਂਕਿ ਉਹਨਾਂ ਨੇ ਸਾਡੇ ਮੁਤਾਬਕ ਸਾਨੂੰ ਕੁਝ ਨਹੀਂ ਕਿਹਾ, ਸਾਡੀ ਸਿਫ਼ਤ ਨਹੀਂ ਕੀਤੀ, ਸਾਡੇ ਸਾਹਪਣ ਨੂੰ ਸਲਾਹਿਆ ਨਹੀਂ। ਉਹ ਗੱਲ ਕੀਤੀ ਜਿਹੜੀ ਸਾਨੂੰ ਪਸੰਦ ਨਹੀਂ ਆਈ, ਭਾਵੇਂ ਉਹ ਸੱਚ ਸੀ।
ਪਰ ਸੱਚ ਇਹੋ ਹੀ ਕਿ ਖੁਸ਼ੀ ਧਨ-ਦੌਲਤ ਦੇ ਵਿੱਚੋਂ ਨਹੀਂ ਮਿਲ ਸਕਦੀ। ਸੱਚ ਇਹ ਕਿ ਅੱਜ ਜਿੰਨਾ ਮਰਜ਼ੀ ਧਨ-ਦੌਲਤ ਤੁਸੀਂ ਇਕੱਠਾ ਕਰ ਲਓ, ਜ਼ਰੂਰੀ ਨਹੀਂ ਕਿ ਕੱਲ੍ਹ ਉਹ ਤੁਹਾਡੇ ਕੰਮ ਆਊਗਾ।
ਉਹਦਿਆਂ ਰੰਗਾਂ ਨੂੰ ਉਹ ਹੀ ਜਾਣਦਾ ਹੈ, ਇਸ ਕਰਕੇ ਉਹਦੇ... ਉਹਦੇ ਹੁਕਮ ਦੇ ਵਿੱਚ, ਉਹਦੇ ਓਟ-ਆਸਰੇ ਦੇ ਵਿੱਚ ਰਹਿਣਾ ਚਾਹੀਦਾ। ਇਹ ਸਮਝਦਿਆਂ ਕਿ ਹੰਕਾਰ ਮਾੜਾ ਆ, ਇਹ ਸਮਝਦਿਆਂ ਕਿ ਸਾਰਾ ਕੁਝ ਦੇਣ ਵਾਲਾ ਉਹ ਆਪ ਆ। ਤੇ ਜਿਹੜਾ ਦੇਣ ਵਾਲਾ, ਉਹ ਕਿਸੇ ਨੂੰ ਵੀ ਦੇ ਸਕਦਾ, ਕਿਸੇ ਕੋਲੋਂ ਵੀ ਲੈ ਸਕਦਾ।
ਸੱਚ ਇਹ ਕਿ ਜਿਹੜਾ ਹੱਥੀਂ ਕਿਰਤ ਕਰਦਾ, ਮਿਹਨਤ ਕਰਦਾ, ਸੋਲਨ ਦੇ ਦੱਸੇ ਮੁਤਾਬਕ ਜਿਹੜਾ ਆਮ ਜ਼ਿੰਦਗੀ ਬਤੀਤ ਕਰਦਾ, ਜਿਹਨੂੰ ਪਤਾ ਵੀ ਨਹੀਂ ਕਿ ਮੈਂ ਏਦਾਂ ਦੇ ਸਵਾਲ ਕਿਸੇ ਨੂੰ ਪੁੱਛਣੇ ਆ, ਜਿਹਦੇ ਮਨ ਦੇ ਵਿੱਚ ਏਦਾਂ ਦਾ ਵਿਚਾਰ ਕਦੇ ਸ਼ਾਇਦ ਆਵੇ ਵੀ ਨਾ ਕਿ 'ਮੇਰੀ ਅੱਜ ਕਮਾਈ ਰੋਟੀ ਦੀ ਕੋਈ ਸਿਫ਼ਤ ਕਰੇ, ਮੇਰੇ ਘਰ ਨੂੰ ਕੋਈ ਵੇਖੇ ਤੇ ਕਹੇ ਤੂੰ ਬੜਾ ਵਧੀਆ ਰਹਿੰਦਾ, ਬੜਾ ਸੁਖੀ ਰਹਿੰਦਾ', ਜਿਹੜਾ ਹੱਥਾਂ ਦੀਆਂ ਪਾਟੀਆਂ ਬਿਆਈਆਂ ਨੂੰ ਵਿਖਾ ਕੇ ਪੁੱਛੇ, "ਦੱਸ ਖਾਂ ਭਲਾ, ਮੈਂ ਕਿੱਡਾ ਕੁ ਖੁਸ਼ਕਿਸਮਤ ਹਾਂ?" ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਚਿੱਤ-ਖ਼ਿਆਲ ਵੀ ਨਹੀਂ ਹੋਊਗਾ, ਸ਼ਾਇਦ ਇਸੇ ਕਰਕੇ ਉਹ ਖੁਸ਼ ਆ। ਸ਼ਾਇਦ ਇਸੇ ਕਰਕੇ ਉਹ ਦੁਨੀਆ ਦਾ ਸਭ ਤੋਂ ਖੁਸ਼ ਨੇਕ-ਦਿਲ ਇਨਸਾਨ ਹੈ।
ਜਿਹੜੇ ਲੋਕ ਥੋੜ੍ਹੇ ਦੇ ਵਿੱਚ ਗੁਜ਼ਾਰਾ ਕਰਦੇ ਨੇ, ਉਹ ਦੁਨੀਆ ਦੇ ਸਭ ਤੋਂ ਖੁਸ਼ਕਿਸਮਤ ਇਨਸਾਨ ਨੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
Frequently Asked Questions
'ਕਰੋਇਸਸ ਤੇ ਸੋਲਨ' ਕਹਾਣੀ ਦਾ ਮੁੱਖ ਲੇਖਕ ਕੌਣ ਹੈ?
ਰਾਜਾ ਕਰੋਇਸਸ ਆਪਣੇ ਆਪ ਨੂੰ ਸਭ ਤੋਂ ਖੁਸ਼ਕਿਸਮਤ ਕਿਉਂ ਸਮਝਦਾ ਸੀ?
ਸੋਲਨ ਦੇ ਮੁਤਾਬਕ ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਕੌਣ ਸੀ?
ਸੋਲਨ ਨੇ ਰਾਜੇ ਨੂੰ ਜ਼ਿੰਦਗੀ ਅਤੇ ਖੁਸ਼ੀ ਬਾਰੇ ਕੀ ਸੱਚ ਦੱਸਿਆ?
What's Your Reaction?
