The Chameleon - Anton Chekhov- Punjabi Kahani
ਐਂਟਨ ਚੈਖਵ ਦੀ ਮਸ਼ਹੂਰ ਕਹਾਣੀ 'ਦ ਕੈਮੀਲੀਅਨ' (The Chameleon) ਪੰਜਾਬੀ ਵਿੱਚ ਸੁਣੋ। ਇਹ ਕਹਾਣੀ ਸਮਾਜ ਵਿੱਚ ਇਨਸਾਨ ਦੇ ਗਿਰਗਿਟ ਵਾਂਗ ਰੰਗ ਬਦਲਣ ਦੀ ਫਿਤਰਤ ਅਤੇ ਮਨੁੱਖੀ ਸੁਭਾਅ ਦੀਆਂ ਪਰਤਾਂ ਨੂੰ ਬੜੇ ਹੀ ਭਾਵੁਕ ਅਤੇ ਡੂੰਘੇ ਤਰੀਕੇ ਨਾਲ ਪੇਸ਼ ਕਰਦੀ ਹੈ।
ਅੱਜ ਦੀ ਕਹਾਣੀ, ਐਂਟਨ ਚੈਖਵ ਦੇ ਵੱਲੋਂ ਲਿਖੀ ਗਈ ਆ। ਅਸਲ ਨਾਂ ਸੀ 'ਦ ਕੈਮੀਲੀਅਨ'। ਕੋਸ਼ਿਸ਼ ਰਹੂਗੀ ਕਿ ਇਹਦੇ ਵਿਚਲੇ ਮਨੋਰਥ ਨਾ ਬਦਲਣ, ਹੂ-ਬ-ਹੂ ਅਨੁਵਾਦ ਕਰਨਾ ਕਈ ਵਾਰੀ ਬਹੁਤ ਔਖਾ ਹੋ ਜਾਂਦਾ। ਪਰ ਇਹਨਾਂ ਕਹਾਣੀਆਂ ਵਿਚਲੇ ਜਿਹੜੇ ਰਸ ਨੇ, ਜਿਹੜੇ ਕੁੱਜੇ ਦੇ ਵਿੱਚ ਸਮੁੰਦਰ ਇਹਨਾਂ ਮਹਾਨ ਕਹਾਣੀਕਾਰਾਂ ਨੇ ਬੰਦ ਕੀਤੇ ਹੁੰਦੇ ਆ, ਉਹਦਾ ਰਸ ਆਪਾਂ ਜ਼ਰੂਰ ਮਾਨਣ ਦੀ ਕੋਸ਼ਿਸ਼ ਕਰਾਂਗੇ।
ਕਹਿੰਦੇ ਨੇ ਇੱਕ ਵਾਰੀ ਇੱਕ ਬਾਜ਼ਾਰ ਦੇ ਵਿੱਚ ਕੁੱਤਾ ਭੱਜਾ-ਭੱਜਾ ਆਇਆ। ਕੁੱਤਾ ਲੰਗੜਾ ਰਿਹਾ ਸੀ, ਸ਼ਾਇਦ ਉਹਦੀ ਲੱਤ ਦੇ ਉੱਤੇ ਸੱਟ ਲੱਗੀ ਜਾਂ ਫਿਰ ਕਿਸੇ ਨੇ ਉਹਦੀ ਲੱਤ ਦੇ ਉੱਤੇ ਸੋਟਾ ਮਾਰਿਆ। ਬੇਵੱਸ ਜਿਹਾ ਕੁੱਤਾ ਐਨ ਚੌਂਕ ਦੇ ਵਿੱਚ ਆ ਕੇ ਉਦੋਂ ਰੁਕ ਗਿਆ, ਜਦੋਂ ਭੱਜ ਕੇ ਪਿੱਛੋਂ ਕਿਸੇ ਨੇ ਦੋਵੇਂ ਲੱਤਾਂ ਫੜ ਲਈਆਂ। ਉਹਦੀਆਂ ਅੱਖਾਂ ਦੇ ਵਿੱਚੋਂ ਜਿੱਦਾਂ ਅਥਰੂ ਵਗ ਕੇ, ਅੱਧ-ਵਿਚਾਲੇ ਰੁਕੇ ਹੋਣ। ਉਹਦੀ ਬੇਵੱਸੀ ਉਹਦੀਆਂ ਅੱਖਾਂ ਦੇ ਵਿੱਚੋਂ ਸਾਹਮਣੇ ਆ ਰਹੀ ਸੀ। ਜ਼ੁਬਾਨ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦਾ ਪਰ ਕਿੱਥੇ ਛੁੱਟੇ!
ਇੰਨੇ ਨੂੰ ਪਿੱਛੋਂ ਰੌਲਾ-ਰੱਪਾ ਪੈ ਕੇ ਕੁਝ ਲੋਕ ਹੋਰ ਵੀ ਆ ਗਏ। "ਫੜ ਇਹਨੂੰ, ਫੜ ਇਹਨੂੰ ਕਮਬਖ਼ਤ ਨੂੰ, ਇਹਨੂੰ ਜਾਨੋਂ ਮਾਰ ਦੇਣਾ ਚਾਹੀਦਾ! ਇਹ ਕੁੱਤਾ ਹਲਕਾ ਹੋ ਗਿਆ, ਇਹ ਜੇਕਰ ਜਿਊਂਦਾ ਛੱਡਿਆ ਗਿਆ ਤਾਂ ਹੋਰ ਵੀ ਲੋਕਾਂ ਦਾ ਨੁਕਸਾਨ ਕਰੂਗਾ।"
ਇੱਕ ਪਿੱਛੋਂ ਬੜੀ ਗੁੱਸੇ ਵਾਲੀ ਆਵਾਜ਼ ਆ ਰਹੀ ਸੀ। ਸ਼ਾਇਦ ਜਿਹੜੇ ਵਿਅਕਤੀ ਨੇ ਲੱਤਾਂ ਫੜੀਆਂ ਸੀ ਉਹਦੇ ਮਾਲਕ ਦੀ। ਨੌਕਰ ਨੂੰ ਆਵਾਜ਼ ਦਿੱਤੀ ਉਹਨੇ ਭੱਜ ਕੇ ਲੱਤਾਂ ਫੜ ਲਈਆਂ, ਕੁੱਤੇ ਨੂੰ ਜਾਣ ਨਹੀਂ ਦਿੱਤਾ। ਤੇ ਮਾਲਕ ਬਾਜ਼ਾਰ ਦੇ ਵਿੱਚ ਭੀੜ ਇਕੱਠੀ ਹੋਈ ਨੂੰ ਆਪਣੇ ਖੱਬੇ ਹੱਥ ਦੀ ਉਂਗਲ ਤਾਂਹ ਕਰਕੇ ਵਿਖਾਉਂਦਾ, "ਆਹ ਵੇਖੋ ਸ਼੍ਰੀਮਾਨ! ਇਹਨੇ ਮੇਰੀ ਉਂਗਲ ਦੇ ਉੱਤੇ ਦੰਦੀ ਵੱਢੀ ਆ। ਆਹ ਖੂਨ ਵਗ ਰਿਹਾ ਦਿਖ ਰਿਹਾ ਨਾ ਤੁਹਾਨੂੰ? ਬਸ ਇਹਦਾ ਮਤਲਬ ਕਿ ਇਹ ਹਲਕਾ ਹੋ ਗਿਆ। ਪਤਾ ਨਹੀਂ ਕਿਹਨੇ ਰੱਖਿਆ, ਕੁੱਤੇ ਰੱਖਣ ਦਾ ਵੀ ਚੱਜ ਨਹੀਂ, ਜਾਂ ਫਿਰ ਇਹ ਲੱਗਦਾ ਮੈਨੂੰ ਅਵਾਰਾ ਏ! ਇਹ ਤੁਹਾਡੇ 'ਚੋਂ ਵੀ ਕਿਸੇ ਨੂੰ ਵੱਢ ਸਕਦਾ ਸੀ। ਮੈਂ ਤਾਂ ਦੁਕਾਨ ਦੇ ਵਿੱਚ ਆਪਣੇ ਧਿਆਨ ਕੁਝ ਕੰਮ ਕਰ ਰਿਹਾ ਸੀ, ਪਿੱਛੋਂ ਆ ਕੇ ਇਹਨੇ ਮੇਰੇ ਹੱਥ ਦੇ ਉੱਤੇ ਦੰਦੀ ਵੱਢੀ।"
ਉਹਦੀ ਚੰਗੀ ਕਿਸਮਤ ਨੌਕਰ ਲਾਗੇ ਸੀ, ਭੱਜ ਕੇ ਇਹਨੂੰ ਫੜ ਲਿਆ। ਬਾਜ਼ਾਰ ਦੇ ਵਿੱਚ ਪਤਾ ਨਹੀਂ ਹੋਰ ਕਿਹਨੂੰ-ਕਿਹਨੂੰ ਵੱਢਣਾ ਸੀ ਇਹਨੇ! ਦੁਕਾਨਾਂ ਦੇ ਵਿੱਚੋਂ ਨਿਕਲ ਕੇ ਖਾਸੀ ਭੀੜ ਇਕੱਠੀ ਹੋ ਗਈ। ਹਰ ਕੋਈ ਵੇਖਣਾ ਚਾਹੁੰਦਾ ਸੀ, ਜਾਣਨਾ ਚਾਹੁੰਦਾ ਸੀ ਆਖਰਕਾਰ ਹੋਇਆ ਕੀ ਆ। ਤੇ ਇੰਨੀ ਭੀੜ ਵੇਖ ਕੇ ਥਾਣੇਦਾਰ ਸਾਹਿਬ ਵੀ ਆ ਗਏ ਨੇ। ਨਾਲ ਇੱਕ ਸਿਪਾਹੀ। ਭੀੜ ਨੂੰ ਚੀਰਦਿਆਂ ਅੱਗੇ ਵੱਧ ਕੇ ਰੋਹਬਦਾਰ ਆਵਾਜ਼ ਦੇ ਵਿੱਚ ਪੁੱਛਿਆ, "ਕੀ ਹੋਇਆ ਇੱਥੇ?"
ਤਾਂ ਉਸ ਦੁਕਾਨਦਾਰ ਨੇ, ਸ਼ਾਹੂਕਾਰ ਨੇ ਫਿਰ ਉਸੇ ਲਹਿਜੇ ਦੇ ਵਿੱਚ ਦੱਸਿਆ, "ਜਨਾਬ ਹੋਣਾ ਕੀ ਏ, ਇਹ ਕੁੱਤਾ ਪਾਗਲ ਹੋ ਗਿਆ। ਇਹ ਮੇਰੀ ਦੁਕਾਨ ਦੇ ਵਿੱਚ ਵੜਿਆ। ਮੇਰੀ ਉਂਗਲ ਦੇ ਉੱਤੇ ਆਹ ਵੇਖੋ ਦੰਦੀ ਵੱਢੀ ਆ।" ਉਹਨੇ ਆਪਣੀ ਉਂਗਲ ਫਿਰ ਦੁਬਾਰਾ ਹਵਾ ਦੇ ਵਿੱਚ ਲਹਿਰਾਈ। ਜਿੰਨਾ ਹੋਇਆ ਸੀ ਉਸ ਤੋਂ ਕਿਤੇ ਵੱਧ ਦੱਸਣ ਦੀ ਕੋਸ਼ਿਸ਼ ਕੀਤੀ।
"ਹਾਂ, ਤੇ ਫਿਰ ਇਸ ਕੁੱਤੇ ਨੂੰ ਮਾਰ ਦਿੰਦੇ ਆਂ ਨਾ! ਫਿਰ ਇੰਨਾ ਸੋਚਣਾ ਕਾਹਦਾ?" ਥਾਣੇਦਾਰ ਨੇ ਰੋਹਬਦਾਰ ਆਵਾਜ਼ ਦੇ ਵਿੱਚ ਸਿਪਾਹੀ ਵੱਲ ਨੂੰ ਵੇਂਹਦਿਆਂ ਕਿਹਾ, "ਇਸ ਕੁੱਤੇ ਨੂੰ ਜਾਨੋਂ ਮਾਰਨ ਦਾ ਇੰਤਜ਼ਾਮ ਕੀਤਾ ਜਾਵੇ।"
ਹਾਲੇ ਸਿਪਾਹੀ ਕੁਝ ਕਹਿੰਦਾ, ਕੁਝ ਸੋਚਦਾ, ਭੀੜ ਦੇ ਵਿੱਚੋਂ ਆਵਾਜ਼ ਆਈ। "ਲੱਗਦਾ ਇਹ ਕੁੱਤਾ ਕਿਤੇ ਵੇਖਿਆ! ਸ਼ਾਇਦ ਇਹ ਕੁੱਤਾ ਫੌਜ ਦੇ ਵੱਡੇ ਅਫਸਰ ਦਾ ਵਾ। ਉਹ ਜਿਹਨਾਂ ਦਾ ਵੱਡਾ ਘਰ, ਜਿਹਨਾਂ ਦਾ ਵੱਡਾ ਕੁਆਰਟਰ ਨੁੱਕਰ ਦੇ ਉੱਤੇ।"
"ਤੇਰੇ ਕਹਿਣ ਦਾ ਮਤਲਬ ਜਨਰਲ ਸਾਹਿਬ?" "ਹਾਂ, ਸ਼ਾਇਦ ਮੈਂ ਉਹਨਾਂ ਦੇ ਘਰ ਵੇਖਿਆ।"
ਇਹ ਗੱਲ ਜਦੋਂ ਥਾਣੇਦਾਰ ਦੀ ਕੰਨੀਂ ਪਈ ਤੇ ਥਾਣੇਦਾਰ ਨੇ ਅਗਲੇ ਹੀ ਪਲ ਆਪਣੇ ਬਿਆਨ ਬਦਲੇ। "ਸ਼ਾਹੂਕਾਰ ਸਾਹਿਬ ਮਾੜਾ ਜਿਹਾ ਦੱਸੋਗੇ ਕਿ ਇਹ ਬੇਜ਼ਬਾਨ ਤੁਹਾਡੀ ਦੁਕਾਨ ਦੇ ਵਿੱਚ ਹੀ ਕਿਉਂ ਵੜਿਆ? ਸੋਚਣ ਵਾਲੀ ਗੱਲ ਤਾਂ ਇਹ ਵੀ ਆ ਬਈ ਐਵੇਂ ਕਿਉਂ ਲੋਕਾਂ ਨੂੰ ਦੰਦੀਆਂ ਵੱਢਦਾ ਫਿਰਿਆ ਏ। ਭਾਵੇਂ ਕਿ ਕੁੱਤਾ ਹੀ ਆ, ਭਾਵੇਂ ਬੇਜ਼ਬਾਨ ਹੀ ਆ, ਇੱਦਾਂ ਥੋੜ੍ਹੀ ਐਵੇਂ ਕਿਸੇ ਨੂੰ ਦੰਦੀ ਵੱਢੂਗਾ।"
ਸ਼ਾਇਦ ਥਾਣੇਦਾਰ ਅੰਦਰੋਂ ਡਰ ਗਿਆ ਸੀ ਕਿ ਜੇਕਰ ਇਹ ਕੁੱਤਾ ਸੱਚੀਂ ਕਿਸੇ ਵੱਡੇ ਬੰਦੇ ਦਾ ਨਿਕਲ ਆਇਆ ਤਾਂ ਸਮੱਸਿਆ ਹੋਰ ਵੀ ਖੜ੍ਹੀ ਹੋ ਜਾਊਗੀ। ਇੱਕ ਦਮ ਥਾਣੇਦਾਰ ਨੇ ਆਪਣਾ ਰੰਗ ਬਦਲਿਆ। ਸਿਪਾਹੀ ਨੂੰ ਫਿਰ ਆਵਾਜ਼ ਮਾਰੀ, "ਆਹ ਜ਼ਰਾ ਮੇਰਾ ਕੋਟ ਫੜੀਂ! ਲੱਗਦਾ ਏ ਕਿ ਇਸ ਠੰਡ ਦੇ ਵਿੱਚ ਹੁਣ ਮੌਸਮ ਦੇ ਵਿੱਚ ਤਬਦੀਲੀ ਆਉਣ ਵਾਲੀ ਆ। ਗਰਮੀ ਜਿਹੀ ਲੱਗੀ ਜਾਂਦੀ ਆ, ਲੱਗਦਾ ਮੀਂਹ ਆਉਣ ਵਾਲਾ।" ਇੰਨਾ ਕਹਿ ਕੇ ਆਪਣਾ ਕੋਟ ਉਤਾਰਿਆ। ਤੇ ਫਿਰ ਦੁਬਾਰਾ ਤੋਂ ਸ਼ਾਹੂਕਾਰ ਨੇ ਆਪਣੀ ਸਫਾਈ ਦੇਣੀ ਸ਼ੁਰੂ ਕੀਤੀ।
"ਜਨਾਬ ਮੈਂ ਸਾਰੀ ਗੱਲ ਤੁਹਾਨੂੰ ਦੱਸ ਚੁੱਕਾਂ। ਪਾਗਲ ਦਾ ਕੀ ਆ, ਪਾਗਲ ਤਾਂ ਕਿਸੇ ਨੂੰ ਵੀ ਵੱਢ ਸਕਦਾ! ਹੋਰ ਇਸ ਤੋਂ ਵੱਧ ਦੱਸੋ ਤੁਹਾਨੂੰ ਮੈਂ ਕੀ ਕਵਾਂ।" ਤੇ ਭੀੜ ਦੇ ਵਿੱਚੋਂ ਫਿਰ ਇੱਕ ਆਵਾਜ਼ ਆਈ।
"ਮੈਂ ਇਹਦੀ ਦੁਕਾਨ ਤੋਂ ਸੌਦਾ ਲੈ ਰਿਹਾ ਸੀ। ਇਹ ਕੁੱਤਾ ਤਾਂ ਵਿਚਾਰਾ ਉਦਾਂ ਹੀ ਸ਼ਾਇਦ ਭੁੱਖ ਲੱਗੀ ਸੀ, ਇਹਦੀ ਦੁਕਾਨ ਦੇ ਵਿੱਚ ਵੜ ਆਇਆ। ਇਹ ਜਨਾਬ ਸਿਗਰੇਟ ਪੀ ਰਹੇ ਸੀ, ਇਹਦਾ ਨੌਕਰ ਸੌਦਾ ਤੋਲ ਰਿਹਾ ਸੀ। ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਕੀ ਸੁੱਝੀ, ਉਹ ਸੁਲਗਦੀ ਸਿਗਰੇਟ ਇਹਨੇ ਕੁੱਤੇ ਦੇ ਲਾ ਦਿੱਤੀ। ਤੇ ਉਹਨੇ ਫਿਰ ਦੰਦੀ ਵੱਢ ਤੀ!"
ਇਹ ਗੱਲ ਵੀ ਹੁਣ ਥਾਣੇਦਾਰ ਦੇ ਕੰਨੀਂ ਪੈ ਗਈ। ਤੇ ਥਾਣੇਦਾਰ ਨੇ ਫਿਰ ਰੋਹਬਦਾਰ ਆਵਾਜ਼ ਦੇ ਵਿੱਚ ਉਹਨੂੰ ਝਿੜਕ ਮਾਰੀ। "ਨਾ ਤੈਨੂੰ ਸ਼ਰਮ ਨਹੀਂ ਆਈ? ਤੂੰ ਬੇਜ਼ਬਾਨ ਨੂੰ ਸਿਗਰੇਟ ਲਾਈ ਤੇ ਫਿਰ ਉਹਨੇ ਤੈਨੂੰ ਦੰਦੀ ਵੱਢਣੀ ਸੀ, ਹੋਰ ਤੈਨੂੰ ਉਹ ਪਿਆਰ ਕਰਦਾ!" ਘੁਸਰ-ਮੁਸਰ ਸਾਰੀ ਭੀੜ ਦੇ ਵਿੱਚ ਤੇਜ਼ ਹੋ ਗਈ। ਥਾਣੇਦਾਰ ਦੁਆਲੇ-ਦੁਆਲੇ ਘੁੰਮੀ ਜਾਂਦਾ। ਤੇ ਨਾਲੇ ਉਹਦੇ ਕੰਨ ਲੋਕਾਂ ਦੇ ਉੱਤੇ ਨੇ, ਲੋਕ ਕੀ ਕਹਿੰਦੇ ਨੇ, ਲੋਕ ਕੀ ਸੁਣਦੇ ਨੇ।
ਤਾਂ ਫਿਰ ਦੁਬਾਰਾ ਇੱਕ ਆਵਾਜ਼ ਆਈ, "ਸ਼ਾਇਦ ਇਹ ਕੁੱਤਾ ਜਨਰਲ ਸਾਹਿਬ ਦਾ ਤੇ ਨਹੀਂ ਆ! ਇਹ ਤੇ ਬੜਾ ਅਵਾਰਾ ਜਿਹਾ ਲੱਗਦਾ, ਮੈਂ ਤੇ ਹੁਣ ਚੰਗੀ ਤਰ੍ਹਾਂ ਗਾਹਾਂ ਹੋ ਕੇ ਵੇਖਿਆ। ਉਹਨਾਂ ਦੇ ਕੋਲ ਤਾਂ ਕੁੱਤੇ ਬੜੇ ਵਧੀਆ ਨਸਲ ਦੇ ਨੇ! ਇੱਦਾਂ ਦਾ ਤਾਂ ਕੋਈ ਕੁੱਤਾ ਨਹੀਂ ਉਹਨਾਂ ਕੋਲ ਮਰੀਅਲ ਜਿਹਾ। ਉਹਨਾਂ ਦੇ ਕੋਲ ਕੁੱਤੇ ਤਾਂ ਦੂਰੋਂ ਪਛਾਣੇ ਜਾਂਦੇ ਨੇ। ਨਾਲੇ ਉਹਨਾਂ ਦੇ ਗਲ ਦੇ ਵਿੱਚ ਪਟੇ ਵੀ ਪਏ ਨੇ। ਹਾਂ, ਇਹ ਕੁੱਤਾ ਉਹਨਾਂ ਦਾ ਨਹੀਂ ਆ।"
ਇਹ ਗੱਲ ਜਦੋਂ ਥਾਣੇਦਾਰ ਦੇ ਕੰਨੀਂ ਪਈ ਤਾਂ ਥਾਣੇਦਾਰ ਨੂੰ ਲੱਗਾ ਕਿ ਸ਼ਾਹੂਕਾਰ ਦੇ ਕੋਲੋਂ ਵੇਲੇ-ਕੁਵੇਲੇ ਕੋਈ ਧੇਲੀ-ਚਵਾਨੀ ਆ ਜਾਂਦੀ ਆ। ਫਿਰ ਦੁਬਾਰਾ ਉਹਦੇ ਹੱਕ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ।
"ਗੱਲ ਤਾਂ ਵੈਸੇ ਤੁਹਾਡੀ ਵੀ ਠੀਕ ਆ। ਜਦੋਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਵੜ ਆਵੇ, ਤੇ ਐਵੇਂ ਅਜਾਈਂ ਇੱਧਰ-ਉੱਧਰ ਸੌਦੇ ਦੇ ਉੱਤੇ ਮੂੰਹ ਮਾਰੇ, ਤੁਹਾਡਾ ਸਾਮਾਨ ਖਰਾਬ ਕਰਨ ਦੀ ਕੋਸ਼ਿਸ਼ ਕਰੇ, ਤਾਂ ਫਿਰ ਜੋ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਉਹੋ ਹੀ ਉਹਨੂੰ ਲਾ ਦੇਣਾ। ਹਾ ਹਾ ਹਾ ਹਾ!" ਇੰਨਾ ਕਹਿ ਕੇ ਹੱਸਣ ਲੱਗ ਪਿਆ। ਥਾਣੇਦਾਰ ਨੇ ਇੱਕ ਵਾਰੀ ਫਿਰ ਆਪਣਾ ਰੰਗ ਬਦਲਿਆ। ਤੇ ਸਿਪਾਹੀ ਨੇ ਵੀ ਉਹਦੀ ਹਾਂ ਦੇ ਵਿੱਚ ਹਾਂ ਮਿਲਾਈ।
ਇੱਧਰ ਦੁਕਾਨਦਾਰ ਦੇ ਸਾਹ ਦੇ ਵਿੱਚ ਸਾਹ ਆਏ। ਉਹਨੂੰ ਨਹੀਂ ਸੀ ਸਮਝ ਆ ਰਹੀ ਕਿ ਥਾਣੇਦਾਰ ਕਰਨਾ ਕੀ ਚਾਹ ਰਿਹਾ। ਵੇਲੇ-ਕੁਵੇਲੇ ਜਦੋਂ ਵੀ ਆਉਂਦਾ ਫਰੀ ਦੇ ਵਿੱਚ ਇਹਨੂੰ ਸੌਦਾ ਦੇਈਦਾ। ਚਾਹ-ਪਾਣੀ ਪਿਆਈਦੀ ਆ, ਦਿਨ-ਤਿਉਹਾਰ ਦੇ ਉੱਤੇ ਬੋਤਲ ਵੀ ਲੈ ਜਾਂਦਾ। ਤੇ ਹੁਣ... ਹੁਣ ਇਹ ਮੇਰੇ ਹੱਕ ਦੀ ਗੱਲ ਹੀ ਨਹੀਂ ਕਰਦਾ! ਪਰ ਹੁਣ ਥੋੜ੍ਹੀ ਜਿਹੀ ਉਹਨੂੰ ਸੰਤੁਸ਼ਟੀ ਦੁਬਾਰਾ ਆਈ ਏ। ਥਾਣੇਦਾਰ ਨੇ ਫਿਰ ਦੁਬਾਰਾ ਕਿਹਾ:
"ਇਹਦਾ ਫਿਰ ਕਰੋ ਭਾਈ ਕੋਈ ਇੰਤਜ਼ਾਮ। ਇੱਦਾਂ ਕਰੋ ਇਹਨੂੰ ਮਾਰ ਕੇ ਦੱਬ ਦਿਓ। ਕਹਿੰਦੇ ਨੇ ਬਈ ਹਲਕਾ ਕੁੱਤਾ ਇੱਦਾਂ ਮਾਰ ਕੇ ਨਹੀਂ ਸੁੱਟਣਾ ਚਾਹੀਦਾ। ਐਵੇਂ ਕਾਂ ਖਾਣਗੇ, ਹੋਰ ਜਾਨਵਰ, ਕੀੜੇ-ਮਕੌੜੇ, ਅੱਗੇ ਫਿਰ ਬਿਮਾਰੀ ਫੈਲਦੀ ਆ।"
ਐਵੇਂ ਆਪਣੀ ਸਿਆਣਪ ਝਾੜਦਿਆਂ ਫਿਰ ਦੁਬਾਰਾ ਇੱਕ ਰਾਊਂਡ ਜਿਹਾ ਕੱਢਿਆ ਥਾਣੇਦਾਰ ਨੇ। ਸ਼ਾਇਦ ਉਹ ਵੀ ਜਿੱਦਾਂ ਟਾਈਮਪਾਸ ਜਿਹਾ ਕਰ ਰਿਹਾ ਹੋਵੇ। ਪਰ ਟਾਈਮਪਾਸ ਕਾਹਦਾ, ਉਹਦੇ ਮੱਥੇ ਦੇ ਉੱਤੇ ਤਾਂ ਕਦੀ ਤ੍ਰੇਲੀਆਂ ਆਉਂਦੀਆਂ ਸੀ ਤੇ ਕਦੀ ਜਾਂਦੀਆਂ ਸੀ। ਹੁਣ ਉਹਦੇ ਦਿਮਾਗ ਦੇ ਵਿੱਚ ਸ਼ੱਕ ਆ ਕਿ ਇਹ ਕੁੱਤਾ ਵਾਕਈ ਕਿਸੇ ਵੱਡੇ ਬੰਦੇ ਦਾ ਨਾ ਨਿਕਲ ਆਵੇ!
ਤੇ ਇੰਨੇ ਨੂੰ ਫਿਰ ਕਿਸੇ ਨੇ ਆਵਾਜ਼ ਦਿੱਤੀ, "ਓਏ! ਆਹ ਕੁੱਤਾ ਇੱਥੇ ਕਿਹਨੇ ਢਾਹਿਆ? ਇਹ ਤਾਂ ਜਨਰਲ ਸਾਹਿਬ ਦੇ ਭਰਾ ਦਾ ਕੁੱਤਾ!" ਇੰਨੇ ਚਿਰ ਨੂੰ ਭੀੜ ਨੂੰ ਚੀਰ ਕੇ ਅੱਗੇ ਨਿਕਲ ਕੇ ਕੁੱਤੇ ਵੱਲ ਵੇਖ ਕੇ ਇੱਕਦਮ ਬੋਲਿਆ ਸੀ।
ਇਹ ਵਿਅਕਤੀ ਸ਼ਾਇਦ ਪਹਿਲਾਂ ਇਸ ਭੀੜ ਦਾ ਹਿੱਸਾ ਨਹੀਂ ਸੀ। ਥਾਣੇਦਾਰ ਇੱਕਦਮ ਉਹਦੇ ਵੱਲ ਘੁੰਮਿਆ ਤੇ ਪੁੱਛਣ ਲੱਗਾ, "ਕੀ ਤੂੰ ਠੀਕ ਬੋਲ ਰਿਹਾ ਏਂ?"
"ਹਾਂ ਹਾਂ! ਹਾਲੇ ਤਾਂ ਮੈਂ ਕੱਲ੍ਹ ਵੇਖਿਆ। ਜਨਰਲ ਸਾਹਿਬ ਦੇ ਭਰਾ ਆਏ ਨੇ ਵੱਡੇ ਸ਼ਹਿਰੋਂ। ਉਹ ਕੱਲ੍ਹ ਘੁੰਮਾਉਣ ਦੇ ਲਈ ਲੈ ਕੇ ਆਏ ਸੀ, ਤੇ ਉਹਨਾਂ ਦਾ ਨੌਕਰ ਮੈਨੂੰ ਦੱਸਦਾ ਸੀ, ਉਹ ਸ਼ਿਕਾਰੀ ਕੁੱਤੇ ਰੱਖਣ ਦੇ ਸ਼ੌਕੀਨ ਨੇ। ਇਸ ਕਰਕੇ ਇਹ ਕੁੱਤਾ ਜਨਰਲ ਸਾਹਿਬ ਦੇ ਕੁੱਤਿਆਂ ਦੇ ਨਾਲੋਂ ਬਿਲਕੁਲ ਵੱਖਰਾ ਏ।"
ਤੇ ਥਾਣੇਦਾਰ ਦੇ ਜਿੱਦਾਂ ਫਿਰ ਤ੍ਰੇਲੀਆਂ ਆਉਣ ਲੱਗ ਪਈਆਂ ਹੋਣ। "ਸਮਝ ਨਾ ਆਵੇ ਹੁਣ ਮੈਂ ਕਰਾਂ ਕੀ?" ਫਿਰ ਦੁਬਾਰਾ ਸਿਪਾਹੀ ਨੂੰ ਆਵਾਜ਼ ਮਾਰੀ, "ਆਹ ਮੇਰਾ ਕੋਟ ਤਾਂ ਪਵਾਈਂ! ਲੱਗਦਾ ਠੰਡ ਜਿਹੀ ਹੋਈ ਜਾਂਦੀ ਆ। ਆਹ ਜਿਹੜੇ ਨਿੱਕੇ-ਨਿੱਕੇ ਹਵਾ ਦੇ ਬੁੱਲੇ ਆਉਂਦੇ ਨੇ ਨਾ, ਇਹ ਬਿਮਾਰ ਕਰ ਸਕਦੇ ਨੇ। ਤੈਨੂੰ ਕਿਹਾ ਨਾ ਮੈਂ ਕੋਟ ਥੋੜ੍ਹਾ ਮੋਟਾ ਲੈ ਕੇ ਆਇਆ ਕਰ!"
ਅੰਦਰੋਂ ਤਾਂ ਵੈਸੇ ਉਹਨੂੰ ਕਦੀ ਠੰਡ ਤੇ ਕਦੀ ਗਰਮੀ, ਇਸ ਗੱਲ ਦੀ... ਹੁਣ ਮੈਂ ਕਰਾਂ ਤੇ ਕਿਹਦੇ ਹੱਕ ਦੀ ਗੱਲ ਕਰਾਂ! ਤੇ ਥਾਣੇਦਾਰ ਨੇ ਫਿਰ ਦੁਬਾਰਾ ਉਸ ਵਿਅਕਤੀ ਨੂੰ ਪੁੱਛਿਆ, "ਜੇਕਰ ਇਹ ਗੱਲ ਝੂਠ ਨਿਕਲੀ ਨਾ, ਤੇ ਸਜ਼ਾ ਫਿਰ ਤੈਨੂੰ ਹੋਊਗੀ ਕੁੱਤੇ ਨੂੰ ਨਹੀਂ!"
"ਜਨਾਬ ਮੈਂ ਭਲਾ ਕਿਉਂ ਝੂਠ ਬੋਲਣਾ? ਤੇ ਹਾਂ, ਚਲੋ ਠੀਕ ਆ, ਨਹੀਂ ਹੋਊਗਾ ਇਹ ਉਹਨਾਂ ਦਾ ਕੁੱਤਾ, ਮੈਂ ਕੀ ਲੈਣਾ!" ਇੰਨਾ ਕਹਿ ਕੇ ਉਹ ਵੀ ਭੀੜ ਦੇ ਵਿੱਚੋਂ ਪਿੱਛੇ ਖਿਸਕ ਗਿਆ।
ਹੁਣ ਸਮਝ ਨਹੀਂ ਸੀ ਆਉਂਦੀ ਕਿ ਕੁੱਤਾ ਹੈ ਕਿਹਦਾ ਤੇ ਕਿਹਦਾ ਨਹੀਂ। ਇੰਨੇ ਨੂੰ ਭੀੜ ਦੇ ਵਿੱਚੋਂ ਇੱਕ ਹੋਰ ਆਵਾਜ਼ ਆਈ।
"ਜਨਾਬ, ਉਹ ਜਨਰਲ ਸਾਹਿਬ ਦਾ ਲਾਂਗਰੀ ਜਾਂਦਾ, ਇਸ ਵੇਲੇ ਸਬਜ਼ੀ ਲੈਣ ਜਾਂਦਾ ਹੁੰਦਾ। ਓਏ! ਚੱਲ ਆਵਾਜ਼ ਮਾਰ ਉਹਨੂੰ!" ਸਿਪਾਹੀ ਨੂੰ ਹੁਕਮ ਦਿੱਤੇ ਤੇ ਲਾਂਗਰੀ ਨੂੰ ਆਵਾਜ਼ ਮਾਰ ਕੇ ਬੁਲਾ ਲਿਆ।
"ਓ ਇੱਧਰ ਵੇਖ! ਤੂੰ ਸਾਰਾ ਦਿਨ ਉਹਨਾਂ ਦੇ ਘਰ ਰਹਿਨਾਂ। ਆਹ ਪਛਾਣ ਭਲਾ ਜਨਰਲ ਸਾਹਿਬ ਦਾ ਕੁੱਤਾ?" ਕਹਿਣ ਲੱਗਾ ਜੀ, "ਨਹੀਂ, ਇਹ ਉਹਨਾਂ ਦਾ ਕੁੱਤਾ ਕਿੱਥੋਂ... ਉਹ ਇੱਦਾਂ ਦੇ ਕੁੱਤੇ ਥੋੜ੍ਹੀ ਰੱਖਦੇ ਨੇ! ਉਹਨਾਂ ਦੇ ਕੁੱਤੇ ਤੇ ਭੀੜ ਦੇ ਵਿੱਚੋਂ ਦੂਰੋਂ ਪਛਾਣੇ ਜਾਂਦੇ ਨੇ।" ਤੇ ਦੋ-ਚਾਰ ਲੰਮੀਆਂ-ਲੰਮੀਆਂ ਉਹਨੇ ਸਿਫ਼ਤਾਂ ਦੇ ਵਿੱਚ ਛੱਡੀਆਂ।
ਥਾਣੇਦਾਰ ਨੇ ਫਿਰ ਮੁੱਛ ਖੜ੍ਹੀ ਕੀਤੀ। ਤੇ ਫਿਰ ਦੁਬਾਰਾ ਸ਼ਾਹੂਕਾਰ ਦੇ ਹੱਕ ਦੇ ਵਿੱਚ ਬੋਲਣ ਲੱਗੇ। "ਬਸ, ਫੈਸਲਾ ਹੋ ਚੁੱਕਾ! ਭਾਵੇਂ ਇਹ ਵੱਡੇ ਲੋਕਾਂ ਦਾ ਹੀ ਕੁੱਤਾ ਕਿਉਂ ਨਾ ਹੋਵੇ, ਭਾਵੇਂ ਇਹ ਜਨਰਲ ਸਾਹਿਬ ਦਾ ਹੀ ਕੁੱਤਾ ਕਿਉਂ ਨਾ ਹੋਵੇ। ਜੇ ਇੱਦਾਂ ਅਵਾਰਾ ਫਿਰਦਾ, ਲੋਕਾਂ ਨੂੰ ਵੱਢੂਗਾ, ਉਹਨਾਂ ਦੇ ਲਹੂ ਕੱਢੂਗਾ, ਉਹਨਾਂ ਦੀਆਂ ਉਂਗਲਾਂ ਚੀਰੂਗਾ, ਤੇ ਫਿਰ ਇਹਨੂੰ ਕਿਉਂ ਜਿਊਣ ਦੇਣਾ? ਕੁੱਤਾ ਜਿਹਦਾ ਮਰਜ਼ੀ ਹੋਵੇ ਫੈਸਲਾ ਹੋ ਚੁੱਕਾ!"
ਹਾਲੇ ਸ਼ਾਇਦ ਲਾਂਗਰੀ ਨੇ ਆਪਣੀ ਗੱਲ ਪੂਰੀ ਨਹੀਂ ਸੀ ਕੀਤੀ। ਕਹਿਣ ਲੱਗਾ, "ਜਨਾਬ, ਇਹ ਕੁੱਤਾ ਜਨਰਲ ਸਾਹਿਬ ਦੇ ਭਰਾ ਦਾ ਆ! ਉਹ ਕੱਲ੍ਹ ਰਾਤ ਹੀ ਤਾਂ ਆਏ ਨੇ।" ਤੇ ਥਾਣੇਦਾਰ ਦੇ ਫਿਰ ਰੰਗ ਉੱਡ ਗਏ।
"ਓਏ! ਤੁਸੀਂ ਤਾਂ ਮੈਨੂੰ ਬੰਦਲਾ ਕੇ ਰੱਖ ਦਿੱਤਾ। ਕਦੀ ਕੁੱਤਾ ਇਹਦਾ ਕਦੀ ਕੁੱਤਾ ਉਹਦਾ... ਚੱਲ ਇਹ ਤਾਂ ਦੱਸ ਜਨਰਲ ਸਾਹਿਬ ਦੇ ਭਰਾ ਕਿੰਨੇ ਕੁ ਦਿਨ ਰਹਿਣਗੇ ਇੱਥੇ? ਤੇ ਜੇ ਭਲਾ ਉਹਨਾਂ ਨੂੰ ਮਿਲਣਾ ਹੋਵੇ... ਤਾਂ ਕੀ ਕਰ ਸਕਦੇ ਆਂ? ਦੱਸ ਉਹ ਕਿਹੜੇ ਟਾਈਮ ਟਹਿਲਣ ਦੇ ਲਈ ਨਿਕਲਦੇ ਨੇ?"
ਸ਼ਾਇਦ ਉਹ ਉਹਨਾਂ ਦਾ ਬੜਾ ਮੁਰੀਦ ਸੀ, ਤੇ ਸ਼ਾਇਦ ਉਹ ਉਹਨਾਂ ਨੂੰ ਤਰੱਕੀ ਦਵਾ ਸਕਦਾ ਸੀ। ਇੰਨਾ ਕਹਿੰਦੇ ਹੋਏ ਉਹ ਮਸਲਾ ਤਾਂ ਨਿਬੇੜਿਆ ਨਾ। ਲਾਂਗਰੀ ਨੂੰ ਬਾਂਹੋਂ ਫੜ ਕੇ ਹੌਲੀ-ਹੌਲੀ ਭੀੜ ਨੂੰ ਚੀਰਦਾ ਥਾਣੇਦਾਰ ਇੱਕ ਪਾਸੇ ਨੂੰ ਨਿਕਲ ਗਿਆ। ਪਿੱਛੋਂ ਇੱਕ ਆਵਾਜ਼ ਆਈ, "ਜਨਾਬ! ਇਸ ਕੁੱਤੇ ਦਾ ਕੀ ਕਰਨਾ?"
"ਓਏ ਤੁਹਾਨੂੰ ਨਹੀਂ ਪਤਾ ਕੁੱਤੇ ਦਾ ਕੀ ਕਰਨਾ? ਚਲੋ ਦੋ ਜਣੇ ਇਸ ਕੁੱਤੇ ਨੂੰ ਆਦਰ ਸਤਿਕਾਰ ਦੇ ਨਾਲ ਫੜੋ ਤੇ ਮੇਰੇ ਨਾਲ ਲੈ ਕੇ ਆਓ, ਜਨਰਲ ਸਾਹਿਬ ਦੇ ਭਰਾ ਦੇ ਘਰ ਦੇ ਕੇ ਆਉਣਾ। ਇਸ ਬੇਜ਼ਬਾਨ ਨੂੰ ਤੁਸੀਂ ਇੰਨੇ ਚਿਰ ਦਾ ਘੇਰ ਕੇ ਰੱਖਿਆ, ਪਤਾ ਨਹੀਂ ਕੀ ਹਾਲਾਤ ਹੋਣਗੇ ਵਿਚਾਰੇ ਦੇ! ਹੋ ਸਕਦਾ ਇਹਨੂੰ ਡਾਕਟਰੀ ਇਲਾਜ ਵੀ ਦੇਣਾ ਪਵੇ! ਤੇ ਨਾਲੇ ਸ਼ਾਹੂਕਾਰ ਸਾਹਿਬ ਤੁਸੀਂ ਤਿਆਰ ਰਹੋ... ਹੋ ਸਕਦਾ ਤੁਹਾਨੂੰ ਕੁੱਤੇ ਨੂੰ ਸਿਗਰੇਟ ਲਾਉਣ ਦੇ ਚੱਕਰ 'ਚ ਸਜ਼ਾ ਹੋ ਜਾਵੇ।" ਇੰਨਾ ਕਹਿੰਦਾ ਥਾਣੇਦਾਰ ਉੱਥੋਂ ਖਿਸਕ ਗਿਆ।
ਇਹ ਕਹਾਣੀ ਇਨਸਾਨ ਦੇ ਗੱਲ-ਗੱਲ ਦੇ ਉੱਤੇ, ਜਾਂ ਫਿਰ ਇੱਦਾਂ ਕਹਿ ਲਓ ਗਿਰਗਿਟ ਵਾਂਗੂੰ, ਆਪਣੇ ਰੰਗ ਬਦਲਣ ਦੀ ਆ। ਆਪਾਂ ਹਮੇਸ਼ਾ ਵੱਡੇ ਦਾ ਨਾਂ ਸੁਣ ਕੇ ਇੱਦਾਂ ਹੀ ਕਰਦੇ ਆਂ। ਜਦੋਂ ਸਾਨੂੰ ਪਤਾ ਹੋਵੇ ਅੱਗੇ ਕੋਈ ਰੁਤਬੇ ਵਾਲਾ ਬੰਦਾ, ਤੇ ਉੱਥੇ ਫਿਰ ਦੁਨੀਆ ਉਸ ਹਿਸਾਬ ਦੇ ਨਾਲ ਗੱਲ ਕਰਦੀ ਆ। ਜਦੋਂ ਪਤਾ ਹੋਵੇ ਅੱਗੇ ਕੋਈ ਗਰੀਬ ਗੁਰਬਾ, ਤੇ ਫਿਰ ਆਪਾਂ ਝੱਟ ਆਪਣੇ ਬਿਆਨ ਬਦਲ ਲੈਂਦੇ ਆਂ।
ਇਹ ਨਿੱਕੀਆਂ-ਨਿੱਕੀਆਂ ਕਹਾਣੀਆਂ ਜਿਹੜੀਆਂ... ਜਿਹੜੀਆਂ ਸਾਨੂੰ ਸ਼ੀਸ਼ਾ ਵਿਖਾਉਂਦੀਆਂ ਨੇ। ਇਨਸਾਨ ਦੇ ਅੰਦਰ ਕਿਹੜੇ-ਕਿਹੜੇ ਰੰਗ ਨੇ, ਉਹ ਇਹਨਾਂ ਕਹਾਣੀਆਂ ਦੇ ਵਿੱਚੋਂ ਵੇਖ ਸਕਦਾ।
ਸ਼ਾਇਦ ਆਪਾਂ ਇੱਕ-ਦੂਸਰੇ ਪ੍ਰਤੀ ਲੋੜਾਂ ਦੇ ਨਾਲ ਪਰੁੱਚੇ ਆਂ। ਲੋੜਾਂ ਤੱਕ ਤਾਂ ਠੀਕ ਆ, ਪਰ ਜਦੋਂ ਇਹ ਲੋੜਾਂ ਅੱਗੇ ਵੱਧ ਕੇ ਰਿਸ਼ਵਤਾਂ ਤੱਕ ਪਹੁੰਚ ਜਾਂਦੀਆਂ ਨੇ, ਫਿਰ ਬੜਾ ਔਖਾ ਹੋ ਜਾਂਦਾ ਇਨਸਾਨ ਦੇ ਲਈ ਫੈਸਲਾ ਕਰਨਾ... ਤੇ ਬੜਾ ਔਖਾ ਹੋ ਜਾਂਦਾ ਉਹਨਾਂ ਦੇ ਲਈ ਜਿਹੜੇ ਲੋਕਾਂ ਦੀ ਸੇਵਾ ਦੇ ਲਈ ਰੱਖੇ ਗਏ ਹੁੰਦੇ ਨੇ। ਸਰਕਾਰੀ ਨੌਕਰ, ਉਹ ਹਮੇਸ਼ਾ ਇਹ ਵੇਖ ਕੇ ਤਾਂ ਨਹੀਂ ਫੈਸਲਾ ਕਰਦੇ ਕਿ ਇਹਦਾ ਕਸੂਰ ਆ ਤੇ ਕਿਹਦਾ ਨਹੀਂ। ਸਾਡੇ ਸਮਾਜ ਦੇ ਵਿੱਚ ਤਾਂ ਇਹ ਵੇਖ ਕੇ ਫੈਸਲਾ ਕੀਤਾ ਜਾਂਦਾ ਕਿ ਇਹਦਾ ਰੁਤਬਾ ਕਿੰਨਾ ਵੱਡਾ ਤੇ ਕਿੰਨਾ ਛੋਟਾ।
What's Your Reaction?
