ਸਬਰ ਅਤੇ ਮਿਹਨਤ ਦੀ ਕਹਾਣੀ: ਕੀ ਸਿਰਫ਼ ਇੰਤਜ਼ਾਰ ਕਰਨ ਨਾਲ ਸਫ਼ਲਤਾ ਮਿਲਦੀ ਹੈ?
ਕੀ ਸਿਰਫ਼ ਸਬਰ ਰੱਖਣ ਨਾਲ ਜ਼ਿੰਦਗੀ ਵਿੱਚ ਅਮੀਰ ਜਾਂ ਸਫ਼ਲ ਹੋਇਆ ਜਾ ਸਕਦਾ ਹੈ? ਪੜ੍ਹੋ ਇਹ ਪ੍ਰੇਰਣਾਦਾਇਕ ਪੰਜਾਬੀ ਕਹਾਣੀ ਜੋ ਸਬਰ ਅਤੇ ਮਿਹਨਤ ਦੇ ਅਸਲੀ ਸੰਤੁਲਨ ਨੂੰ ਸਮਝਾਉਂਦੀ ਹੈ।
ਇੱਕ ਨੌਜਵਾਨ ਹੈ। ਜਿਹਦੇ ਪਿਓ ਨੇ ਕਿਹਾ, "ਪੁੱਤ, ਸਬਰ ਰੱਖੀਦਾ।"
ਪੁੱਛਣ ਲੱਗਾ, "ਬਾਪੂ, ਕਿੰਨਾ ਕੁ ਸਬਰ ਰੱਖੀਦਾ? ਕਿੰਨਾ ਕੁ ਸਬਰ ਮੈਂ ਰੱਖੂੰਗਾ ਤੇ ਮੈਂ ਅਮੀਰ ਹੋਜੂੰਗਾ?"
ਤੇ ਪਿਓ ਨੇ ਕਿਹਾ, "ਸਬਰ ਰੱਖ। ਰੱਬ ਦਾ ਸ਼ੁਕਰਾਨਾ ਕਰ, ਤੇ ਬਾਕੀ ਸਮੇਂ ਤੇ ਛੱਡ ਦੇ।"
ਤੇ ਉਹਨੇ ਸਬਰ ਰੱਖ ਛੱਡਿਆ। ਪਰ ਜਿੰਨੇ ਪੈਸੇ ਉਹ ਚਾਹੁੰਦਾ ਸੀ, ਉੰਨੇ ਕਮਾ ਨਹੀਂ ਸਕਿਆ ਤੇ ਬਾਪੂ ਵੀ ਚਲਾ ਗਿਆ। ਹੁਣ ਪੁੱਛ ਵੀ ਨਹੀਂ ਸਕਦਾ।
ਇੱਕ ਦਿਨ ਪਿੰਡ ਦੇ ਵਿੱਚ ਕਿਸੇ ਫ਼ਕੀਰ ਨੇ ਡੇਰਾ ਲਾਇਆ। ਉਹਨਾਂ ਦੇ ਪ੍ਰਵਚਨ ਸੁਣੇ ਤਾਂ ਉਹ ਵੀ ਉਦਾਂ ਦੀ ਕੋਈ ਗੱਲ ਕਰਨ। "ਸਬਰ ਦੇ ਨਾਲ ਸਾਰਾ ਕੁਝ ਹੋ ਜਾਂਦਾ। ਬੰਦਾ ਸਬਰ ਰੱਖੇ ਤੇ ਸਾਰਾ ਕੁਝ ਮਿਲ ਜਾਂਦਾ।"
ਕਥਾ ਖ਼ਤਮ ਹੋਣ ਤੋਂ ਬਾਅਦ ਪੁੱਛਣ ਲੱਗਾ, "ਫ਼ਕੀਰ ਜੀ, ਕਿੰਨਾ ਕੁ ਸਬਰ ਰੱਖਣਾ ਹੋਊਗਾ? ਮੈਂ ਚਾਹੁੰਦਾ ਮੈਂ ਜ਼ਿੰਦਗੀ ਦੇ ਵਿੱਚ ਸੋਹਣੇ ਪੈਸੇ ਕਮਾਵਾਂ। ਮੈਂ ਵੀ ਸੌਖੀ ਜ਼ਿੰਦਗੀ ਬਤੀਤ ਕਰਾਂ, ਆਪਣੇ ਪਰਿਵਾਰ ਦਾ ਮੈਂ ਵੀ ਆਸਰਾ ਬਣਾਂ।"
ਤੇ ਫ਼ਕੀਰ ਨੇ ਵੀ ਕਾਹਲੀ-ਕਾਹਲੀ 'ਚ ਉਹ ਹੀ ਕਿਹਾ, "ਕੋਈ ਨਹੀਂ ਪੁੱਤ, ਸਬਰ ਰੱਖ। ਸਮੇਂ ਦੇ ਨਾਲ ਸਾਰਾ ਕੁਝ ਹੋ ਜਾਂਦਾ।"
ਤੇ ਉਹ ਸਬਰ ਰੱਖ ਕੇ ਬੈਠਾ ਰਿਹਾ। ਕਾਫ਼ੀ ਸਮਾਂ ਬੀਤਿਆ, ਸੋਚਦਾ ਕਿ ਹੁਣ ਮੈਂ ਜਾ ਕੇ ਉਹਨੂੰ ਪੁੱਛਾਂ। ਬਾਪੂ ਤੇ ਚਲਾ ਗਿਆ, ਹੁਣ ਫ਼ਕੀਰ ਨੂੰ ਪੁੱਛਦੇ ਆਂ। ਇਹ ਸਬਰ ਜਿਹੜਾ ਰੱਖਣ ਦੇ ਲਈ ਕਹਿੰਦੇ ਨੇ, ਕਿੰਨਾ ਕੁ ਰੱਖਣਾ ਹੁੰਦਾ?
ਤੇ ਜਾ ਕੇ, ਲੱਭਦਾ-ਲੱਭਾਉਂਦਾ ਜਦੋਂ ਫ਼ਕੀਰ ਕੋਲ ਪਹੁੰਚਿਆ, ਪਤਾ ਲੱਗਾ ਕਿ ਉਹ ਫ਼ਕੀਰ ਵੀ ਦੁਨੀਆ ਛੱਡ ਕੇ ਚਲਾ ਗਿਆ। ਉਹਨੂੰ ਲੱਗਾ ਕਿ ਮੈਨੂੰ ਐਵੇਂ ਸਾਰੇ ਬਹਾਨਾ ਜਿਹਾ ਮਾਰ ਕੇ ਚਲੇ ਜਾਂਦੇ ਨੇ। ਮੇਰੀ ਹਾਲਤ ਉਦਾਂ ਦੀ ਉਦਾਂ ਹੀ ਆ। ਕੋਈ ਬਾਕੀ ਲੋਕ ਮੇਰੇ ਨਾਲੋਂ ਅੱਗੇ ਲੰਘੀ ਜਾਂਦੇ ਨੇ, ਤਰੱਕੀ ਕਰੀ ਜਾਂਦੇ ਨੇ। ਹਾਲੇ ਤੱਕ ਕੋਈ ਬੰਦਾ ਜਵਾਬ, ਕੋਈ ਸਮਝ ਆਉਂਦਾ ਜਵਾਬ ਹਾਲੇ ਤੱਕ ਮਿਲਿਆ ਨਹੀਂ।
ਕਰਦੇ-ਕਰਾਉਂਦੇ ਫਿਰ ਕਿਸੇ ਭਲੇ ਪੁਰਸ਼ ਦੇ ਨਾਲ ਟਾਕਰਾ ਹੋ ਗਿਆ ਤੇ ਉਹਨੂੰ ਵੀ ਸੇਮ ਸਵਾਲ ਪੁੱਛਦਾ, "ਮੇਰੇ ਨਾਲ ਆਹ-ਆਹ ਚੀਜ਼ਾਂ ਵਾਪਰੀਆਂ ਨੇ। ਇੰਨੇ ਚਿਰ ਤੋਂ ਮੈਂ ਸਬਰ ਹੀ ਰੱਖ ਕੇ ਬੈਠਾ, ਪਰ ਆਖ਼ਰਕਾਰ ਮੈਨੂੰ ਕੋਈ ਇਹ ਨਹੀਂ ਦੱਸਦਾ ਵੀ ਕਿੰਨਾ ਕੁ ਸਬਰ ਕਰਨਾ? ਇਸ ਤੋਂ ਵਧੇਰੇ ਭਲਾ ਕੋਈ ਕਿੰਨਾ ਕੁ ਸਬਰ ਕਰਦਾ ਹੋਊਗਾ? ਕਿੰਨਾ ਕੁ ਕੋਈ ਇੰਤਜ਼ਾਰ ਕਰਦਾ ਹੋਊਗਾ? ਮੈਂ ਆਪਣੀ ਲਗਭਗ ਜ਼ਿੰਦਗੀ ਦੇ ਬਾਰਾਂ ਸਾਲ ਸਬਰ ਕਰ ਲਿਆ, ਮੈਨੂੰ ਤਾਂ ਕੁਝ ਪ੍ਰਾਪਤ ਨਹੀਂ ਹੋਇਆ।"
ਗਰਮੀਆਂ ਦੇ ਦਿਨ ਸੀ। ਠੰਢੀ-ਠੰਢੀ ਮਿੱਠੀ-ਮਿੱਠੀ ਹਵਾ ਚੱਲੀ ਜਾਵੇ। ਅੰਬ ਦੇ ਰੁੱਖ ਥੱਲੇ ਬੈਠਿਆਂ ਉਸ ਭਲੇ ਪੁਰਸ਼ ਨੇ ਕਿਹਾ, "ਉੱਪਰ ਜੇ ਤੂੰ ਝਾਤੀ ਮਾਰੇਂ ਤੇ ਅੰਬ ਲੱਗੇ ਨੇ। ਮੈਨੂੰ ਲੱਗਦਾ ਸ਼ਾਇਦ ਤੈਨੂੰ ਵੀ ਭੁੱਖ ਲੱਗੀ ਹੋਣੀ ਐ ਤੇ ਮੈਨੂੰ ਵੀ ਭੁੱਖ ਲੱਗੀ ਐ। ਤੇਰੀਆਂ ਗੱਲਾਂ ਤੇ ਆਪਾਂ ਫਿਰ ਕਰਦੇ ਰਹਾਂਗੇ। ਹੋਵੇ ਨਾ ਤਾਂ ਪਹਿਲਾਂ ਅੰਬ ਖਾ ਲਈਏ?"
ਤੇ ਉੱਪਰ ਧਿਆਨ ਮਾਰ ਕੇ ਕਹਿਣ ਲੱਗਾ, "ਇਹ ਤਾਂ ਕੱਚੇ ਨੇ। ਇਹ ਹਾਲੇ ਖਾਣ ਵਾਲੇ ਥੋੜ੍ਹੀ ਹੋਏ ਆ।"
"ਤੇ ਫਿਰ ਦੱਸ ਖਾਂ ਭਲਾ, ਇਹ ਕਦੋਂ ਕੁ ਖਾਣ ਵਾਲੇ ਹੋਣਗੇ?"
"ਥੋੜ੍ਹਾ ਇੰਤਜ਼ਾਰ ਕਰਨਾ ਪਊਗਾ।"
"ਕਿੰਨਾ ਕੁ ਇੰਤਜ਼ਾਰ?"
"ਇਹ ਤਾਂ ਨਹੀਂ ਜੀ ਮੈਂ ਕਹਿ ਸਕਦਾ, ਪਰ ਹਾਂ, ਹੁਣ ਦੀ ਭੁੱਖ ਮਿਟਾਉਣ ਦੇ ਲਈ ਆਪਾਂ ਇਹਨਾਂ ਅੰਬਾਂ 'ਤੇ ਯਕੀਨ ਨਹੀਂ ਕਰ ਸਕਦੇ ਕਿਉਂਕਿ ਸਮਾਂ ਕਾਫ਼ੀ ਲੱਗ ਜਾਊਗਾ।"
"ਤੇ ਦੱਸ ਖਾਂ ਭਲਾ, ਜੇ ਤੂੰ ਇਹਨਾਂ ਅੰਬਾਂ 'ਤੇ ਗੁਜ਼ਾਰਾ ਕਰਨਾ ਹੋਵੇ, ਜੇ ਆਪਣੇ ਕੋਲ ਹੋਰ ਕੋਈ ਸਾਧਨ ਹੀ ਨਹੀਂ ਹੈ ਤਾਂ ਫਿਰ ਕੀ ਕਰੇਂਗਾ?"
ਆਪਣੀ-ਆਪਣੀ ਸਮਝ ਦੇ ਨਾਲ ਅਲੱਗ-ਅਲੱਗ ਗੱਲਾਂ-ਬਾਤਾਂ ਕਰਦਾ ਰਿਹਾ। ਭਲੇ ਪੁਰਸ਼ ਨੇ ਕਿਹਾ, "ਵੇਖ, ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਕੁਝ ਮੰਗਦੇ ਆਂ, ਜੋ ਕਿ ਮਨੁੱਖ ਧਨ-ਦੌਲਤ ਹੀ ਮੰਗਦਾ, ਦੂਸਰੇ ਨਾਲੋਂ ਉੱਚਾ ਹੋਣਾ ਹੀ ਮੰਗਦਾ, ਤੇ ਹਰ ਕੋਈ ਸਾਨੂੰ ਇਹੋ ਕਹਿੰਦਾ—ਸਬਰ ਰੱਖਣਾ ਚਾਹੀਦਾ। ਪਰ ਬੜੀ ਵਾਜਿਬ ਜਿਹੀ ਗੱਲ ਆ ਕਿ ਸਬਰ ਕਿੰਨਾ ਰੱਖਣਾ ਚਾਹੀਦਾ? ਕਈ ਵਾਰ ਆਪਾਂ ਇੰਨਾ ਕੁ ਜ਼ਿਆਦਾ ਸਬਰ ਕਰ ਕੇ ਬਹਿ ਜਾਂਦੇ ਆਂ ਕਿ ਸਮਾਂ ਲੰਘ ਜਾਂਦਾ। ਸੋ ਆਪਾਂ ਬਹੁਤੀ ਵਾਰੀ ਇਹੋ ਸੁਣਦੇ ਆਂ 'ਸਬਰ', ਪਰ 'ਕਿੰਨਾ'? ਇਹ ਬੜਾ ਸਵਾਲ ਵੱਡਾ। ਹੁਣ ਜੇ ਤੂੰ ਇਹਨਾਂ ਅੰਬਾਂ ਦੀ ਆਸ ਦੇ ਵਿੱਚ ਬੈਠਾ ਰਹੇਂ, ਤੇ ਇੰਨਾ ਕੁ ਜ਼ਿਆਦਾ ਸਮਾਂ ਲੱਗ ਜਾਊਗਾ ਕਿ ਉੰਨੇ ਚਿਰ ਨੂੰ ਜਾਂ ਤੂੰ ਨਹੀਂ ਰਹਿਣਾ ਜਾਂ ਤੇਰੀ ਭੁੱਖ ਨਹੀਂ ਰਹਿਣੀ। ਮਜਬੂਰੀ 'ਚ ਤੈਨੂੰ ਹੋਰ ਕੋਈ ਸਾਧਨ ਜੁਟਾਉਣੇ ਪੈਣਾ। ਮੰਨ ਲਾ ਤੈਨੂੰ ਉਹ ਫਲ ਖਾਣਾ ਪਊਗਾ ਜਿਹੜਾ ਇਸ ਟਾਈਮ ਦੇ ਉੱਤੇ ਸੀਜ਼ਨ ਦੇ ਵਿੱਚ ਹੈ, ਜਿਹੜਾ ਇਸ ਟਾਈਮ ਦੇ ਉੱਤੇ ਪੱਕ ਗਿਆ, ਮੌਸਮ ਦੇ ਅਨੁਸਾਰ ਜਿਹੜਾ ਕੁਦਰਤ ਨੇ ਤੈਨੂੰ ਦੇ ਦਿੱਤਾ। ਹੁਣ ਤੈਨੂੰ ਉਹ ਖਾਣਾ ਪਊਗਾ ਜਾਂ ਫਿਰ ਤੈਨੂੰ ਕੋਈ ਰੋਟੀ, ਕੋਈ ਚੌਲ ਖਾਣੇ ਪੈਣਗੇ, ਜਿਹੜੇ ਇਸ ਮੌਸਮ ਦੇ ਵਿੱਚ, ਇਸ ਘੜੀ ਤੇਰੇ ਲਈ ਪੱਕੇ ਨੇ, ਉਪਲਬਧ ਨੇ।"
"ਤੇ ਫਿਰ ਤੂੰ ਇੰਤਜ਼ਾਰ ਕਰ ਸਕਦਾ ਐਂ ਇਹਨਾਂ ਅੰਬਾਂ ਦੇ ਪੱਕਣ ਦਾ। ਮੰਨ ਲਾ ਤੂੰ ਇਸ ਰੁੱਖ ਦੇ ਥੱਲੇ ਬੈਠਾ ਰਹੇਂ ਤੇ ਤੂੰ ਸੋਚੇਂ ਵੀ ਤੈਨੂੰ ਫਲ ਮਿਲ ਜੂਗਾ। ਹੋ ਸਕਦਾ ਆਸ-ਪਾਸ ਤੇਰੇ ਡਿੱਗਦੇ ਰਹਿਣ ਪੱਕ-ਪੱਕ ਕੇ, ਪਰ ਤੈਨੂੰ ਤਾਂ ਨਹੀਂ ਮਿਲਣਗੇ। ਹੋ ਸਕਦਾ ਜੇ ਤੈਨੂੰ ਮਿਲਣ ਵੀ ਤੇ ਤੇਰੀ ਝੋਲੀ 'ਚ ਡਿੱਗਦਾ ਹੀ ਫਿੱਸ ਜੇ। ਯਾਨੀ ਕਿ ਤੂੰ ਲੋੜ ਤੋਂ ਵਧੇਰੇ ਸਮਾਂ ਇੰਤਜ਼ਾਰ ਕਰ ਲਵੇਂ, ਤਾਂ ਇਹ ਤੇਰੇ ਫਲ ਉੰਨੇ ਚਿਰ ਨੂੰ ਗਲ ਹੀ ਚੁੱਕੇ ਹੋਣ। ਸੋ ਇਹਦੇ ਲਈ ਤੈਨੂੰ ਕੀ ਕਰਨਾ ਪਊਗਾ? ਤੈਨੂੰ ਰੁੱਖ ਦੇ ਉੱਤੇ ਚੜ੍ਹਨਾ ਪਊਗਾ। ਵੇਖਣਾ ਪਊਗਾ ਕਿ ਕਿਹੜਾ ਫਲ ਪੱਕਾ, ਕਿਹੜਾ ਤੇਰੇ ਮਤਲਬ ਦਾ ਤੇ ਉਹ ਤੈਨੂੰ ਤੋੜ ਕੇ ਖਾਣਾ ਪਊਗਾ। ਤੇ ਦੂਸਰਾ ਤਰੀਕਾ ਥੱਲੇ ਰਹਿਣ ਵਾਲਾ, ਜਿਹਦੇ ਵਿੱਚ ਤੈਨੂੰ ਇੰਤਜ਼ਾਰ ਵੀ ਲੰਮਾ ਕਰਨਾ ਪੈਣਾ, ਤੇ ਇਹ ਵੀ ਕੋਈ ਜ਼ਰੂਰੀ ਨਹੀਂ ਆ ਕਿ ਆਪਣੇ-ਆਪ ਹੀ ਤੇਰੀ ਝੋਲੀ 'ਚ ਕੁਝ ਆ ਕੇ ਡਿੱਗ ਪਵੇ। ਤੇਰੇ ਲਾਗੇ ਹੋਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਨੇ। ਹੋ ਸਕਦਾ ਤੇਰੇ ਤੋਂ ਪਹਿਲਾਂ ਉਹ ਫੜ ਲੈਣ। ਉਹ, ਜਿਹੜੇ ਹਿੰਮਤ ਕਰਕੇ ਗਾਂਹ (ਅੱਗੇ) ਹੋ ਕੇ ਭੱਜ ਕੇ ਹੱਥ ਪਾ ਲੈਣਗੇ ਤੇ ਜਾਂ ਫਿਰ ਉਹ, ਜਿਹੜੇ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਮਰਜ਼ੀ ਦਾ ਫਲ ਲਾਹ ਲਿਆਉਣਗੇ।"
"ਭਾਵੇਂ ਉਹ ਭੱਜ ਕੇ ਫਲ ਨੂੰ ਹੱਥ ਪਾ ਲੈਣ, ਭਾਵੇਂ ਉਹ ਰੁੱਖ ਦੇ ਉੱਤੇ ਚੜ੍ਹ ਕੇ ਆਪਣੀ ਮਰਜ਼ੀ ਦਾ ਫਲ ਲਾਹ ਲੈਣ, ਇਹਨਾਂ ਦੇ ਵਿੱਚ ਇੱਕ ਚੀਜ਼ ਕੌਮਨ ਹੈ, ਤੇ ਤੇਰੀ ਜ਼ਿੰਦਗੀ ਦੇ ਵਿੱਚੋਂ ਉਹ ਮਿਸਿੰਗ ਹੈ। ਉਹ ਹੈ—'ਮਿਹਨਤ'। ਕਿਸੇ ਚੀਜ਼ ਨੂੰ ਪਾਉਣ ਦੇ ਲਈ ਜਿਹੜਾ ਅੱਗੇ ਵਧ ਕੇ ਮਿਹਨਤ ਕਰਨਾ, ਉਹ ਸ਼ਾਇਦ ਤੂੰ ਪਿਛਲੇ ਬਾਰਾਂ ਸਾਲਾਂ ਦੇ ਵਿੱਚ ਨਹੀਂ ਕੀਤਾ। ਤੇ ਆਮ ਜ਼ਿੰਦਗੀ ਦੇ ਵਿੱਚ ਬਹੁਤੇ ਲੋਕ ਇਹੋ ਗਲਤੀ ਕਰਦੇ ਨੇ। ਉਹ ਇਹ ਸੋਚਦੇ ਨੇ ਕਿ ਦੇਰ-ਸਵੇਰ ਸਬਰ ਕਰਕੇ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਣਾ। ਹਾਂ, ਇਹ ਗੱਲ ਸੱਚ ਹੈ। ਪਰ ਉਸ ਸਮੇਂ ਦੇ ਦਰਮਿਆਨ ਤੁਹਾਨੂੰ ਮਿਹਨਤ ਕਰਨੀ ਪਊਗੀ। ਉਸ ਫਲ ਨੂੰ ਪਾਉਣ ਦੇ ਲਈ, ਧਨ-ਦੌਲਤ ਪਾਉਣ ਦੇ ਲਈ, ਖਾਣਾ-ਦਾਣਾ ਪਾਉਣ ਦੇ ਲਈ ਤੁਹਾਨੂੰ ਹੱਥ-ਪੈਰ ਤਾਂ ਜਾਰੀ, ਚਾਲੂ ਰੱਖਣੀ ਪੈਣੀ ਐ। ਜੇ ਉਹ ਨਹੀਂ ਚੱਲਦੇ ਰਹਿੰਦੇ, ਤੁਹਾਡੇ ਯਤਨ ਮਿਸਿੰਗ ਨੇ, ਤੇ ਫਿਰ ਤੁਸੀਂ ਫਲ ਦੀ ਆਸ ਨਹੀਂ ਰੱਖ ਸਕਦੇ।"
"ਬਿਲਕੁਲ ਉਸੇ ਤਰ੍ਹਾਂ ਜਿੱਦਾਂ ਜਿੱਦਾਂ ਸਬਰ ਦਾ ਪਿਆਲਾ ਤੇਰਾ ਭਰ ਗਿਆ, ਬਾਪੂ ਤੇਰਾ ਜ਼ਿੰਦਗੀ 'ਚੋਂ ਚਲਾ ਗਿਆ। ਤੈਨੂੰ ਲੱਗਦਾ ਸੀ ਕਿ ਉਹ ਤੈਨੂੰ ਦੱਸੂ ਕਦੋਂ ਤੇ ਕਿੰਨਾ ਕੁ ਚਿਰ, ਪਰ ਇਹ ਚੀਜ਼ਾਂ ਜ਼ਿੰਦਗੀ 'ਚ ਆਪ ਸਿੱਖਣੀਆਂ ਪੈਂਦੀਆਂ ਨੇ, ਦੂਸਰਿਆਂ ਤੋਂ ਵੇਖ ਕੇ ਸਿੱਖਣੀਆਂ ਪੈਂਦੀਆਂ ਨੇ। ਸਬਰ ਕਰਦੇ ਰਹੋ, ਪਰ ਨਾਲ ਦੀ ਨਾਲ ਤੁਹਾਡੇ ਯਤਨ ਜਾਰੀ ਰਹਿਣ। ਤੇ ਉਸ ਸਮੇਂ ਦੇ ਦਰਮਿਆਨ ਜਿਹੜਾ ਤੁਸੀਂ ਢਿੱਡ ਭਰਨਾ, ਉਹ ਤੁਹਾਡੀ ਸਮਝ-ਬੂਝ ਆ ਕਿ ਉਸ ਸਮੇਂ ਦੇ ਦਰਮਿਆਨ ਜੋ ਰਾਸ਼ਨ-ਪਾਣੀ ਆ, ਉਹ ਤੁਸੀਂ ਇੱਧਰੋਂ-ਉੱਧਰੋਂ, ਜੋ ਉਸ ਸਮੇਂ ਉਪਲਬਧ ਐ, ਉਸ ਪਾਸੇ ਨੂੰ ਤੁਹਾਡੇ ਯਤਨ ਜਾਰੀ ਰਹਿਣ, ਤੇ ਨਾਲ ਤੁਹਾਡਾ ਖ਼ਿਆਲ ਰਵੇ, ਤੁਹਾਡਾ ਧਿਆਨ ਰਵੇ ਉਸ ਟੀਚੇ ਦੇ ਵੱਲ ਨੂੰ, ਜਿਹੜੇ ਟੀਚੇ ਨੂੰ ਤੁਸੀਂ ਅਚੀਵ (ਹਾਸਲ) ਕਰਨਾ ਚਾਹੁੰਦੇ ਹੋ, ਜਿਹੜੇ ਟੀਚੇ ਨੂੰ ਤੁਸੀਂ ਸਰ ਕਰਨਾ ਚਾਹੁੰਦੇ ਹੋ। ਜੇ ਤੂੰ ਅੰਬ ਖਾਣਾ ਚਾਹੁੰਨਾ, ਤਾਂ ਇੱਧਰ-ਉੱਧਰ ਹੋਰ ਫਲ-ਫਰੂਟ, ਹੋਰ ਖਾਣੇ-ਦਾਣੇ ਖਾਂਦਿਆਂ ਤੇਰਾ ਧਿਆਨ ਅੰਬ ਵੱਲ ਰਹੇ ਜ਼ਰੂਰ ਕਿ ਹਾਂ, ਹੁਣ ਸ਼ਾਇਦ ਪੱਕਣ 'ਤੇ ਆ, ਹੁਣ ਸ਼ਾਇਦ ਪਾਕ ਚੱਲਿਆ, ਹੁਣ ਮੇਰੇ ਮਤਲਬ ਦਾ।"
"ਜੇ ਤੂੰ ਬਿਲਕੁਲ ਹੀ ਬੇਧਿਆਨਾ ਹੋ ਕੇ ਕਿਸੇ ਹੋਰ ਪਾਸੇ ਲੱਗਾ ਰਹੇਂ, ਤੇ ਤਾਂ ਵੀ ਤੈਨੂੰ ਤੇਰੇ ਮਨਚਾਹਿਆ ਫਲ ਨਹੀਂ ਮਿਲਣਾ। ਚਾਹੇ ਉਸ ਤੋਂ ਵਧੇਰੇ ਵੀ ਕੁਝ ਲੈ ਆਓ, ਪਰ ਧਿਆਨ ਬੰਦੇ ਦਾ ਉਸੇ ਚੀਜ਼ 'ਚ ਹੀ ਰਹਿੰਦਾ। ਉਸ ਤੋਂ ਵਧੀਆ ਚਾਹੇ ਮਿਲ ਜੇ, ਪਰ ਜਿਹੜੀ ਚੀਜ਼ ਤੁਹਾਡੀ ਨੀਤ ਦੇ ਵਿੱਚ ਹੋਵੇ, ਉਸ ਪਾਸੇ ਨੂੰ ਧਿਆਨ ਬੰਦੇ ਦਾ ਹਮੇਸ਼ਾ ਰਹਿੰਦਾ ਕਿ ਉਹ ਤੇ ਨਹੀਂ ਨਾ ਮਿਲਿਆ। ਇਸ ਕਰਕੇ ਜੋ ਤੁਹਾਡਾ ਮਨਚਾਹਿਆ ਵਾ, ਉੱਧਰ ਵੀ ਤੁਹਾਡਾ ਖ਼ਿਆਲ ਰਵੇ, ਧਿਆਨ ਰਵੇ, ਉੱਧਰ ਵੀ ਸੋਝੀ ਰਵੇ, ਤੇ ਨਾਲ ਜਿਹੜਾ ਸਮਾਂ ਚੱਲ ਰਿਹਾ, ਉਸ ਸਮੇਂ ਦੇ ਦਰਮਿਆਨ ਵੀ ਤੁਹਾਡੇ ਹੱਥ-ਪੈਰ ਜ਼ਰੂਰ ਚੱਲਦੇ ਰਹਿਣ। ਯਾਨੀ ਕਿ ਯਤਨ ਤੁਹਾਡੇ ਜ਼ਰੂਰ ਜਾਰੀ ਰਹਿਣ। ਜੇ ਆਪਾਂ ਬਿਲਕੁਲ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ ਕਿ ਹਾਂ, ਕਿਸੇ ਨੇ ਕਿਹਾ ਸੀ ਸਬਰ ਰੱਖ, ਜ਼ਰੂਰ ਤੈਨੂੰ ਫਲ ਮਿਲੂਗਾ, ਤਾਂ ਫਿਰ ਉਹ ਸਮਾਂ ਸ਼ਾਇਦ ਕਦੀ ਨਾ ਆਵੇ ਜਦੋਂ ਤੁਹਾਨੂੰ ਤੁਹਾਡੇ ਮਨਚਾਹਿਆ ਫਲ ਮਿਲੇ ਕਿਉਂਕਿ ਉਸ ਸਬਰ ਦੇ ਵਿੱਚੋਂ ਤੁਹਾਡੀ ਮਿਹਨਤ ਮਿਸਿੰਗ ਹੋਊਗੀ, ਤੁਹਾਡੇ ਯਤਨ ਮਿਸਿੰਗ ਹੋਣਗੇ, ਤੁਹਾਡੀ ਸੂਝ-ਬੂਝ ਮਿਸਿੰਗ ਹੋਊਗੀ।"
"ਸੋ ਤੇਰੇ ਜਾਂ ਤੇਰੀ ਕਹਾਣੀ ਦੇ ਵਿੱਚ ਤੇਰੀ ਮਿਹਨਤ ਮਿਸ ਹੈ। ਕੋਸ਼ਿਸ਼ ਕਰਕੇ ਉਸ ਪਾਸੇ ਨੂੰ ਤੂੰ ਆਪਣੀ ਮਿਹਨਤ ਜਾਰੀ ਰੱਖ, ਤੇ ਫਿਰ ਸਬਰ ਦਾ ਫਲ ਤੈਨੂੰ ਜ਼ਰੂਰ ਮਿਲੂਗਾ। ਪਰ ਨਾਲ ਦੀ ਨਾਲ ਇਹ ਵੀ ਚੀਜ਼ ਯਾਦ ਰੱਖਣ ਵਾਲੀ ਐ ਕਿ ਲੋੜ ਤੋਂ ਵਧੇਰੇ ਜੇ ਆਪਾਂ ਇੰਤਜ਼ਾਰ ਕਰ ਲਿਆ, ਲੋੜ ਤੋਂ ਵਧੇਰੇ ਜੇ ਆਪਾਂ ਸਬਰ ਕਰ ਲਿਆ, ਤਾਂ ਫਿਰ ਉਹ ਉਹ ਫਲ ਸ਼ਾਇਦ ਪੱਕ ਕੇ ਵੈਸੇ ਹੀ ਗਲ ਜੇ। ਉਹ ਵੈਸੇ ਤੁਹਾਡੇ ਮਤਲਬ ਦਾ ਨਾ ਰਵੇ। ਇਹ ਨਹੀਂ ਵੀ ਜ਼ਿੰਦਗੀ ਦੇ ਵਿੱਚ ਉਦਾਂ ਦੇ ਮੌਕੇ ਦੁਬਾਰਾ ਨਹੀਂ ਆਉਂਦੇ, ਬਿਲਕੁਲ ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਆਪਾਂ ਜੇ ਵੇਖੀਏ, ਤੇ ਜਿੱਦਾਂ ਜਿੱਦਾਂ ਮੰਨ ਲਓ ਅੰਬ ਆ ਤੇ ਉਹ ਅਗਲੇ ਸੀਜ਼ਨ ਫਿਰ ਲੱਗ ਜਾਣੇ ਨੇ, ਪਰ ਉਹਦੇ ਲਈ ਫਿਰ ਤੁਹਾਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਊਗਾ। ਉੰਨੀ ਦੇਰ ਤੱਕ ਇੰਤਜ਼ਾਰ ਕਰਨ ਦੇ ਨਾਲੋਂ ਚੰਗਾ, ਬੰਦਾ ਆਪਣੀ ਸਮਝ-ਬੂਝ ਵਰਤੇ, ਸਾਰੇ ਪਾਸੇ ਧਿਆਨ ਰੱਖੇ, ਆਪਣੀ ਜ਼ਿੰਦਗੀ ਦੇ ਵਿੱਚ ਸੰਤੁਲਨ ਬਣਾ ਕੇ ਰੱਖੇ, ਬੈਲੇਂਸ ਬਣਾ ਕੇ ਰੱਖੇ।"
"ਮਿਹਨਤ ਵੀ ਚੱਲਦੀ ਰਵੇ, ਮਿਹਨਤ ਦੇ ਨਾਲ- ਨਾਲ ਤੁਹਾਡੀ ਤੁਹਾਡੀ ਸੋਝੀ ਵੀ ਕੰਮ ਕਰੇ। ਆਸ-ਪਾਸ ਕੀ ਵਾਪਰ ਰਿਹਾ, ਦੂਸਰੇ ਕੀ ਕਰ ਰਹੇ ਨੇ, ਕਿਹੜੀ ਚੀਜ਼ ਦੇ ਉੱਤੇ ਮਿਹਨਤ ਕਰ ਰਹੇ ਨੇ, ਕੀ ਉਹ ਸਹੀ ਕਰ ਰਹੇ ਨੇ, ਗ਼ਲਤ ਕਰ ਰਹੇ ਨੇ। ਉਹਨਾਂ ਤੋਂ ਅਲਹਿਦਾ ਤੁਹਾਡੇ ਕੀ ਟੀਚੇ ਨੇ, ਕਿਹੜੀ ਚੀਜ਼ ਤੁਹਾਨੂੰ ਖ਼ੁਸ਼ੀ ਦਿੰਦੀ ਆ। ਕਈ ਵਾਰ ਕਹਿ ਦਿੱਤਾ ਜਾਂਦਾ ਕਿ ਕਿਸੇ ਇੱਕ ਚੀਜ਼ ਦੇ ਉੱਤੇ ਕੇਂਦਰਿਤ ਹੋ ਕੇ ਤੁਸੀਂ ਜੇ ਚੱਲੋ ਤੇ ਉਹ ਤੁਹਾਨੂੰ ਜ਼ਰੂਰ ਮਿਲ ਜਾਂਦੀ ਐ, ਪਰ ਇਹ ਵੀ ਪੂਰਾ ਸੱਚ ਨਹੀਂ। ਇੱਕ ਚੀਜ਼ ਦੇ ਉੱਤੇ ਕੇਂਦਰਿਤ ਰਹਿੰਦਿਆਂ, ਆਸ-ਪਾਸ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ-ਖ਼ਿਆਲ ਤੁਹਾਨੂੰ ਰੱਖਣਾ ਹੀ ਪੈਂਦਾ। ਚਾਹੇ ਉਹ ਤੁਹਾਡਾ ਤੁਹਾਡਾ ਮੁੱਖ ਟੀਚਾ ਨਾ ਹੋਣ, ਪਰ ਫਿਰ ਵੀ ਆਸ-ਪਾਸ ਦੀ ਸੋਝੀ ਤੁਹਾਨੂੰ ਜ਼ਰੂਰ ਰੱਖਣੀ ਪੈਂਦੀ ਐ। ਸੋ ਆਓ ਫਿਰ ਅੱਜ ਆਪਾਂ ਆਸ-ਪਾਸ ਦੀ ਸੋਝੀ ਰੱਖ ਕੇ ਅੱਗੇ ਵਧਦੇ ਆਂ। ਆਪਣੇ ਟੀਚਿਆਂ ਦੇ ਉੱਤੇ ਡਟੇ ਰਹੋ। ਜੋ ਵੀ ਤੁਹਾਡੇ ਏਮ (ਮਕਸਦ) ਨੇ, ਉਹਨਾਂ ਦੇ ਉੱਤੇ ਡਟੇ ਰਹੋ। ਤੇ ਜਾਂ ਫਿਰ ਡੋਰੀਆਂ ਹੀ ਉਹਦੇ ਉੱਤੇ ਸੁੱਟ ਦਿਓ, ਜਿਹਨੇ ਪੈਦਾ ਕੀਤਾ। ਉਹਨੇ ਤੁਹਾਡੇ ਲਈ ਜ਼ਰੂਰ ਕੁਝ ਬਿਹਤਰ ਸੋਚਿਆ ਹੋਊਗਾ।"
"ਪਰ ਜਦੋਂ ਮੌਕਾ ਮਿਲੇ, ਉਦੋਂ ਉਹ ਫਲ ਤੁਸੀਂ ਤੋੜ ਕੇ ਖਾ ਜ਼ਰੂਰ ਸਕਦੇ ਹੋ। ਇਹ ਨਹੀਂ ਕਿ ਆਪਾਂ ਇੰਨਾ ਹੀ ਅੰਧਵਿਸ਼ਵਾਸ ਕਰ ਛੱਡੀਏ ਕਿ ਹੁਣ ਉਹ ਤੋੜ ਕੇ ਕੋਈ ਸਾਡੇ ਘਰ ਵੀ ਦੇ ਜਾਊਗਾ। ਇੰਨੀ ਕੁ ਮਿਹਨਤ ਤਾਂ ਜ਼ਰੂਰ ਬਣਦੀ ਐ। ਇੰਨੀ ਕੁ ਤਾਂ ਸੋਝੀ ਸਾਨੂੰ ਆਸ-ਪਾਸ ਦੀ ਜ਼ਰੂਰ ਰੱਖਣੀ ਪਊਗੀ। ਆਸ ਕਰਦੇ ਆਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।"
Frequently Asked Questions
ਕੀ ਸਿਰਫ਼ ਸਬਰ ਰੱਖਣ ਨਾਲ ਜ਼ਿੰਦਗੀ ਵਿੱਚ ਸਫ਼ਲਤਾ ਜਾਂ ਅਮੀਰੀ ਹਾਸਲ ਹੋ ਸਕਦੀ ਹੈ?
"ਸਬਰ ਦਾ ਫ਼ਲ ਮਿੱਠਾ ਹੁੰਦਾ ਹੈ", ਇਸ ਕਹਾਵਤ ਦਾ ਅਸਲੀ ਜੀਵਨ ਵਿੱਚ ਕੀ ਮਤਲਬ ਹੈ?
ਲੋੜ ਤੋਂ ਵਧੇਰੇ ਸਬਰ ਜਾਂ ਇੰਤਜ਼ਾਰ ਕਰਨ ਨਾਲ ਕੀ ਨੁਕਸਾਨ ਹੋ ਸਕਦਾ ਹੈ?
ਜੀਵਨ ਵਿੱਚ ਸਫ਼ਲ ਹੋਣ ਲਈ ਮਿਹਨਤ ਦੇ ਨਾਲ ਆਸ-ਪਾਸ ਦੀ ਸੋਝੀ (Awareness) ਹੋਣੀ ਕਿਉਂ ਜ਼ਰੂਰੀ ਹੈ?
What's Your Reaction?
