ਕੌਣ ਹੈ ਅਸਲ ਮੂਰਖ? - Motivational Punjabi Story on Simplicity & Ego

ਇੱਕ ਨੌਜਵਾਨ ਜੋ ਲੋਕਾਂ ਸਾਹਮਣੇ ਸਿਆਣਾ ਬਣਨ ਦੇ ਚੱਕਰ ਵਿੱਚ ਆਪਣੇ ਮਨ ਦਾ ਸਕੂਨ ਗੁਆ ਬੈਠਾ। ਪੜ੍ਹੋ ਅਸਲ ਸਿਆਣਪ, ਸਾਦਗੀ ਅਤੇ ਝੂਠੇ ਹੰਕਾਰ ਬਾਰੇ ਇੱਕ ਪ੍ਰੇਰਨਾਦਾਇਕ ਪੰਜਾਬੀ ਕਹਾਣੀ।

Aug 18, 2026 - 11:46
 0  0

Share -

ਕੌਣ ਹੈ ਅਸਲ ਮੂਰਖ? - Motivational Punjabi Story on Simplicity & Ego
A thoughtful young man sitting near a wise mystic under a tree, reflecting on life and inner peace in a rural Punjabi village setting.

ਇੱਕ ਵਾਰੀ ਇੱਕ... ਇੱਕ ਨੌਜਵਾਨ ਜਿਹਨੂੰ ਆਪਣੇ ਘਰੋਂ ਬੜੇ ਸੋਹਣੇ ਸੰਸਕਾਰ ਮਿਲੇ ਸੀ। ਉਹਦੇ ਪਿਓ ਨੇ ਹਮੇਸ਼ਾ ਇਮਾਨਦਾਰੀ ਦੀ ਰੋਟੀ ਖਵਾਈ ਤੇ ਹਮੇਸ਼ਾ ਮਾਂ ਨੇ ਚੰਗੀ-ਚੰਗੀ ਸਿੱਖਿਆ ਦਿੱਤੀ। ਪੁੱਤ, ਕਿਸੇ ਨਾਲ ਝੂਠ ਨਹੀਂ ਬੋਲਣਾ, ਕਿਸੇ ਨਾਲ ਉੱਚਾ-ਨੀਵਾਂ ਨਹੀਂ ਕਰਨਾ। ਜਿੱਥੇ ਵੀ ਗੱਲ ਕਰਨੀ ਆ, ਉੱਥੇ ਹੱਕ-ਹਲਾਲ ਦੀ ਕਰਨੀ ਆ।

ਇੱਕ ਦਿਨ ਅਚਾਨਕ ਕੁਝ ਐਸਾ ਵਾਪਰਿਆ ਕਿ ਉਹ ਦੁਨੀਆ 'ਤੇ ਇਕੱਲਾ ਰਹਿ ਗਿਆ। ਮਾਂ-ਪਿਓ ਦੁਨੀਆ ਛੱਡ ਕੇ ਜਾ ਚੁੱਕੇ ਸੀ, ਪਰ ਉਹਨਾਂ ਦੀਆਂ ਸਿੱਖਿਆਵਾਂ ਉਹਦੇ ਨਾਲ ਸੀ। ਉਹ ਜਿੱਥੇ ਵੀ ਜਾਂਦਾ, ਉਹਨਾਂ ਦੇ ਕਹੇ ਦੇ ਮੁਤਾਬਕ ਉਹ ਉਸੇ ਤਰ੍ਹਾਂ ਦੇ ਨਾਲ ਇੱਕ ਚੰਗਾ ਇਨਸਾਨ ਹੋਣ ਦਾ ਸਬੂਤ ਦਿੰਦਾ।

ਪਰ ਇਹ... ਇਹ ਸਾਰੀਆਂ ਚੀਜ਼ਾਂ ਸ਼ਾਇਦ ਅੱਜੋਕੇ ਸਮੇਂ ਦੇ ਲੋਕਾਂ ਨੂੰ ਬਹੁਤੀਆਂ ਪਸੰਦ ਨਾ ਆਉਂਦੀਆਂ। ਜਿੱਥੇ ਵੀ ਕੋਈ ਗੱਲ ਚੱਲ ਰਹੀ ਹੁੰਦੀ, ਉਹ ਜਾ ਕੇ ਆਪਣਾ ਪੱਖ ਰੱਖਦਾ ਤਾਂ ਲੋਕਾਂ ਨੂੰ ਉਹ ਸੱਚ ਪਚਦਾ ਨਾ।

ਕਿਸੇ ਨੇ ਕਿਹਾ, "ਓਏ ਇਹ ਮੂਰਖ ਆ। ਇੰਨਾ ਵੀ ਸੱਚ ਕੋਈ ਬੋਲਦਾ?" ਦੂਸਰੇ ਨੇ ਕਿਹਾ, "ਹਾਂ, ਇਹ ਪਾਗਲ ਆ।"

ਤੇ ਹੌਲੀ-ਹੌਲੀ ਜਿਨ੍ਹਾਂ ਦੇ ਉਹ ਖ਼ਿਲਾਫ਼ ਬੋਲਦਾ ਸੀ, ਉਹਨਾਂ ਨੇ ਤਾਂ ਇਹ ਗੱਲ ਕਹਿਣੀ ਸੀ। ਇੱਕ ਮੂੰਹ ਤੋਂ ਦੂਸਰੇ ਮੂੰਹ, ਦੂਸਰੇ ਤੋਂ ਤੀਸਰੇ, ਹੌਲੀ-ਹੌਲੀ ਸਾਰੇ ਇਸੇ ਤਰ੍ਹਾਂ ਦੇ ਨਾਲ ਹੀ ਬੁਲਾਉਣ ਲੱਗ ਪਏ।

"ਆ ਗਿਆ ਵੱਡਾ ਸੱਚ ਪੁੱਤ।" "ਇਹ ਪਾਗਲ ਆ।" "ਇਹਨੂੰ ਮੂਰਖ ਨੂੰ ਕੀ ਪਤਾ?"

ਤੇ ਇਸ ਤਰੀਕੇ ਦੇ ਨਾਲ ਹੌਲੀ-ਹੌਲੀ ਬੱਚੇ ਵੀ ਛੇੜਨ ਲੱਗ ਪਏ। ਉਹਨੂੰ ਬੜਾ... ਬੜਾ ਮਹਿਸੂਸ ਹੁੰਦਾ। ਮੈਂ ਇੱਦਾਂ ਦਾ ਤੇ ਨਹੀਂ, ਮੈਂ ਜੋ ਵੀ ਗੱਲ ਕਰਦਾ ਉਹ ਬਿਲਕੁਲ ਸੱਚੀ ਕਰਦਾ, ਧਰਮ-ਕਰਮ ਦੀ ਕਰਦਾ। ਮੈਂ ਹੱਕ-ਹਲਾਲ ਦੀ ਗੱਲ ਕਰਦਾ ਤੇ ਮੈਨੂੰ ਮੂਰਖ ਕਹਿ ਕੇ ਪਾਸੇ ਕਰ ਦਿੰਦੇ ਨੇ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸ਼ਾਇਦ ਇੱਦਾਂ ਦੇ ਬੰਦਿਆਂ ਦੀ ਜ਼ਰੂਰਤ ਨਹੀਂ।

ਇੱਕ ਦਿਨ ਉਹਨੇ ਅਚਾਨਕ ਸੋਚਿਆ ਕਿ ਮੈਨੂੰ ਇਹ ਪਿੰਡ ਹੀ ਛੱਡ ਦੇਣਾ ਚਾਹੀਦਾ। ਇਹ ਪਿੰਡ ਜਿੱਥੇ ਝੂਠੇ ਲੋਕਾਂ ਦੀ ਬਹੁਤੀ ਥਾਂ ਹੈ, ਸੱਚ ਬੋਲੋ ਤਾਂ ਮੂਰਖ ਦੱਸਦੇ ਨੇ।

ਤਾਂ ਉਹ ਆਪਣਾ ਪਿੰਡ ਛੱਡ ਕੇ ਦੂਸਰੀ ਕਿਸੇ ਜਗ੍ਹਾ 'ਤੇ ਚਲਾ ਗਿਆ। ਪਰ ਹੋਇਆ ਉੱਥੇ ਵੀ ਇੱਦਾਂ ਹੀ। ਹੌਲੀ-ਹੌਲੀ ਉੱਥੋਂ ਦੇ ਲੋਕਾਂ ਨੇ ਵੀ ਇਸੇ ਤਰ੍ਹਾਂ ਦੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ। ਕੋਈ ਖ਼ਾਸ ਉਹਨੂੰ ਤਵੱਜੋ ਨਾ ਮਿਲਦੀ। ਉਹ ਚਾਹੁੰਦਾ ਸੀ ਕਿ ਮੇਰੀ ਗੱਲ ਸੱਚੀ ਆ ਤੇ ਮੇਰੀ ਗੱਲ ਧਿਆਨ ਦੇ ਨਾਲ ਸੁਣੀ ਜਾਵੇ। ਜੇ ਸੁਣੀ ਜਾਵੇ ਤੇ ਫਿਰ ਉਹ ਮੰਨੀ ਵੀ ਜਾਵੇ। ਪਰ ਇਸ ਚੀਜ਼ ਦੇ ਨਾਲ ਦੂਸਰਿਆਂ ਦੇ ਮਸਲੇ ਹੱਲ ਨਹੀਂ ਹੁੰਦੇ, ਦੂਜਿਆਂ ਦੇ ਕਾਰੋਬਾਰ ਨਹੀਂ ਸੀ ਚੱਲਦੇ। ਭਾਵੇਂ ਉਹ ਲੋਕ ਧਰਮੀ-ਕਰਮੀ ਨੇ, ਚਾਹੇ ਉਹ ਲੋਕ ਕਾਰੋਬਾਰੀ ਨੇ, ਤੇ ਚਾਹੇ ਫਿਰ ਉਹ ਆਮ ਦੁਨੀਆ 'ਚ ਵਿਚਰ ਰਹੇ ਲੋਕ। ਹਰ ਥਾਂ ਦੇ ਉੱਤੇ ਉਹ ਮੁਖੌਟੇ ਪਾ ਕੇ ਘੁੰਮਦੇ ਨੇ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ।

ਇੱਕ ਦਿਨ ਉਹ ਇਸੇ ਤਰ੍ਹਾਂ ਦੇ ਨਾਲ ਘੁੰਮਦਾ-ਘੁਮਾਉਂਦਾ ਹਰ ਜਗ੍ਹਾ ਤੋਂ ਇੰਨਾ ਤੰਗ, ਹਰ ਲੋਕਾਂ ਤੋਂ ਇੰਨਾ ਤੰਗ ਆਇਆ ਕਿ ਖਿਝ ਕੇ ਸੋਚਿਆ, ਹੁਣ ਇਹ ਵੀ ਥਾਂ ਛੱਡ ਕੇ ਚਲੇ ਜਾਣਾ। ਫਿਰ ਸੋਚਦਾ, ਕਿੱਥੇ ਜਾਊਂਗਾ? ਇੱਕ ਦਿਨ ਮਨ ਦੇ ਵਿੱਚ ਆਇਆ, ਸ਼ਾਇਦ ਇਹ ਦੁਨੀਆ ਹੀ ਮੇਰੇ ਰਹਿਣ... ਰਹਿਣ ਲਾਇਕ ਨਹੀਂ ਆ। ਕਿਉਂਕਿ ਜਦੋਂ ਬਹੁਤ ਸਾਰੇ ਲੋਕ ਤੁਹਾਨੂੰ ਗ਼ਲਤ, ਗ਼ਲਤ, ਗ਼ਲਤ ਕਹਿਣ ਲੱਗ ਪੈਂਦੇ ਆ, ਤਾਂ ਫਿਰ ਸਹੀ ਬੰਦਾ ਵੀ ਕਈ ਵਾਰੀ ਆਪਣੇ ਆਪ ਨੂੰ ਗ਼ਲਤ ਸੋਚ ਹੀ ਲੈਂਦਾ।

ਮਨ ਦੇ ਵਿੱਚ ਵਿਚਾਰ ਆਇਆ ਕਿ ਮਾਂ-ਪਿਓ ਤੋਂ ਬਾਅਦ ਕੌਣ ਐਸਾ ਹੋ ਸਕਦਾ ਜਿਹੜਾ ਮੈਨੂੰ ਸਹੀ ਗੱਲ ਦੱਸ ਸਕਦਾ ਹੋਵੇ? ਤਾਂ ਵਿਚਾਰ ਆਇਆ ਕਿ ਇੱਕ... ਇੱਕ ਫ਼ਕੀਰ ਜਿਹਦੇ ਕੋਲ ਮੇਰਾ ਮਾਂ-ਪਿਓ ਜਾਂਦਾ ਹੁੰਦਾ ਸੀ। ਉਹ ਅਕਸਰ ਕਹਿੰਦੇ ਹੁੰਦੇ ਸੀ, "ਤੈਨੂੰ ਉੱਥੋਂ ਮੰਗ ਕੇ ਲਿਆ।"

ਇੰਨਾ ਸੋਚ ਕੇ ਉਹ ਉੱਥੇ ਫ਼ਕੀਰ ਕੋਲ ਚਲਾ ਗਿਆ। ਜਾ ਕੇ ਸਾਰੀ ਗੱਲ ਸੁਣਾਈ ਤਾਂ ਫ਼ਕੀਰ ਪਹਿਲਾਂ ਤਾਂ ਖਿੜ-ਖਿੜਾ ਕੇ ਹੱਸਿਆ ਤੇ ਫਿਰ ਪੁੱਛਿਆ, "ਤੂੰ ਦੱਸ ਫਿਰ ਤੈਨੂੰ ਹੱਲ ਕੀ ਚਾਹੀਦਾ? ਮੇਰੇ ਮੁਤਾਬਕ ਤਾਂ ਤੂੰ ਬਿਲਕੁਲ ਠੀਕ ਹੈਂ। ਮੈਨੂੰ ਤਾਂ ਤੂੰ ਮੂਰਖ ਨਹੀਂ ਲੱਗਦਾ। ਪਰ ਹਾਂ, ਬਹੁਤੇ ਮੂਰਖਾਂ ਦੇ ਵਿੱਚ ਤੂੰ ਇਕੱਲਾ ਠੀਕ ਹੈਂ, ਇਸ ਕਰਕੇ ਸ਼ਾਇਦ ਮੂਰਖ ਗਿਣਿਆ ਜਾਏਂਗਾ। ਪਰ ਤੂੰ ਦੱਸ, ਤੂੰ ਆਪਣੀ ਜ਼ਿੰਦਗੀ ਕਿੱਦਾਂ ਜਿਊਣੀ ਚਾਹੁੰਦਾ?"

ਤੇ ਕਹਿਣ ਲੱਗਾ, "ਫ਼ਕੀਰ ਜੀ, ਇੱਥੇ ਬਹਿ ਕੇ ਗੱਲਾਂ ਕਰਨੀਆਂ ਸ਼ਾਇਦ ਬੜੀਆਂ ਸੌਖੀਆਂ ਨੇ, ਪਰ ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰੀਦਾ ਨਾ, ਉੱਥੇ ਜਦੋਂ ਪਾਗਲ, ਝੱਲਾ ਕਹਿ ਕੇ, ਸਿੱਧਰਾ ਕਹਿ ਕੇ ਤੁਹਾਨੂੰ ਬੁਲਾਉਂਦੇ ਨੇ ਨਾ, ਤੇ ਮਨ ਦੇ ਉੱਤੇ... ਮਨ ਦੇ ਉੱਤੇ ਬੜੀ ਠੇਸ ਪਹੁੰਚਦੀ ਆ। ਅੰਦਰੋਂ-ਅੰਦਰੀਂ ਬੜਾ ਗੁੱਸਾ ਆਉਂਦਾ, ਪਰ ਉਹ ਗੁੱਸਾ ਤੁਸੀਂ ਕਿਹਦੇ 'ਤੇ ਕੱਢੋ? ਫਿਰ ਤਾਂ... ਫਿਰ ਤਾਂ ਸਮਝੋ ਕਿ ਸਾਬਤ ਹੋ ਗਿਆ ਕਿ ਮੂਰਖਤਾ ਦੀ ਅਗਲੀ ਸਟੇਜ ਆ ਗਈ ਜਿੱਥੇ ਮੈਂ ਲੋਕਾਂ ਨੂੰ ਪੱਥਰ ਵੀ ਮਾਰ ਰਿਹਾ, ਲੋਕਾਂ ਨਾਲ ਲੜ ਵੀ ਰਿਹਾ। ਸੋ ਇਹਦੇ ਨਾਲੋਂ ਤਾਂ ਬਿਹਤਰ ਆ ਮੈਂ ਉਹਨਾਂ ਵਰਗਾ ਹੋ ਕੇ ਜੀਅ ਲਵਾਂ। ਕੁਝ ਇੱਦਾਂ ਦਾ ਦੱਸ ਦਿਓ ਜਿਹਦੇ ਨਾਲ ਉਹ ਮੈਨੂੰ ਲੋਕ ਮੂਰਖ ਨਾ ਕਹਿਣ, ਪਾਗਲ ਨਾ ਕਹਿਣ, ਮੈਨੂੰ ਵੀ ਸਿਆਣਾ ਸਮਝਣ, ਮੇਰੀ ਵੀ ਗੱਲ ਨੂੰ ਤਵੱਜੋ ਦੇਣ। ਕਿਉਂਕਿ ਦੁਨੀਆ ਦੇ ਵਿੱਚ ਇਨਸਾਨ ਇਹੋ ਹੀ ਚਾਹੁੰਦਾ ਕਿ ਮੇਰੀ ਗੱਲ ਕੋਈ ਧਿਆਨ ਦੇ ਨਾਲ ਸੁਣੇ, ਮੇਰੀ ਗੱਲ ਨੂੰ ਨੋਟਿਸ ਕਰੇ, ਮੈਨੂੰ ਸਿਆਣਾ ਕਹੇ, ਮੇਰੀ ਮੰਨੇ ਤੇ ਫਿਰ ਮੈਨੂੰ ਕਹੇ, 'ਤੂੰ ਜੋ ਕਿਹਾ ਸੀ ਉਹ ਬਹੁਤ ਵਧੀਆ। ਤੂੰ ਉਦੋਂ ਠੀਕ ਕਹਿੰਦਾ ਸੀ।' ਸ਼ਾਇਦ ਇੰਨੀ ਗੱਲ ਸੁਣਨ ਦੇ ਲਈ ਹਰ ਇੱਕ ਇਨਸਾਨ ਤਰਸਦਾ।"

ਤਾਂ ਫ਼ਕੀਰ ਨੇ ਕਿਹਾ, "ਇਹਦੇ ਲਈ ਕੁਝ ਨਾ ਕੁਝ ਤਿਆਗ ਕਰਨਾ ਪਊਗਾ। ਤੂੰ ਦੁਨੀਆ ਦੇ ਵਿੱਚ ਸਿਆਣਾ ਤਾਂ ਅਖਵਾ ਲਵੇਂਗਾ, ਪਰ ਤੈਨੂੰ ਸੁੱਖ-ਆਰਾਮ ਛੱਡਣਾ ਪੈਣਾ। ਹੋ ਸਕਦਾ ਮਨ ਦੇ ਉੱਤੇ ਬੋਝ ਮਹਿਸੂਸ ਕਰਨਾ ਸ਼ੁਰੂ ਕਰ ਦੇਵੇਂ। ਜਾਂ ਫਿਰ ਹੋਰ ਵੀ ਬਹੁਤ ਸਾਰਾ ਕੁਝ।"

"ਪਰ ਕੀ ਮੈਂ ਇਹਦੇ ਨਾਲ ਦੁਨੀਆ ਦੇ ਵਿੱਚ ਸਿਆਣਾ ਅਖਵਾਉਣ ਜੋਗਾ ਹੋ ਜਊਂ?"

ਤਾਂ ਫ਼ਕੀਰ ਨੇ ਕਿਹਾ, "ਹਾਂ, ਇਹ ਕੋਈ ਔਖਾ ਕੰਮ ਨਹੀਂ ਆ।" ਤਾਂ ਫ਼ਕੀਰ ਨੇ ਇੱਕ ਫ਼ਾਰਮੂਲਾ ਦੱਸਿਆ, "ਤੂੰ ਅੱਜ ਤੋਂ ਬਾਅਦ ਉਹਨਾਂ ਹੀ ਲੋਕਾਂ ਦੇ ਵਿੱਚ ਜਾਣਾ, ਉੱਥੇ ਹੀ ਉਹਨਾਂ ਮਹਿਫ਼ਲਾਂ ਦੇ ਵਿੱਚ, ਪਰ ਹੁਣ ਤੂੰ ਕਰਨਾ ਉਹ ਆ ਜੋ ਉਹ ਕਹਿ ਰਹੇ ਹੋਣ ਉਹਦੇ ਬਿਲਕੁਲ ਉਲਟ। ਜਿੱਥੇ ਬਹੁਤ ਲੋਕ ਸਧਾਰਨ ਗੱਲ ਕਰ ਰਹੇ ਹੋਣ, ਉੱਥੇ ਤੂੰ ਚੀਕ-ਚੀਕ ਕੇ, ਉੱਚੀ-ਉੱਚੀ ਗੱਲ ਕਰਨੀ ਆ। ਇੰਨੀ ਕੁ ਉੱਚੀ ਗੱਲ ਕਰਨੀ ਆ ਕਿ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ। ਤੇ ਜਿਹੜੀ ਵੀ ਉਹ ਗੱਲ ਕਰ ਰਹੇ ਨੇ, ਉਸ ਦੇ ਦੂਸਰਾ ਪੱਖ ਰੱਖ ਕੇ ਆਉਣਾ।

ਜੇ ਉਹ ਕਹਿਣ 'ਸਿਆਲ ਚੰਗਾ' ਤੇ ਤੂੰ ਕਹਿਣਾ, 'ਨਹੀਂ, ਗਰਮੀ ਚੰਗੀ ਆ ਤੇ ਇਸ ਵਜ੍ਹਾ ਦੇ ਕਰਕੇ ਚੰਗੀ ਆ'। ਜੇ ਉਹ ਸਿਆਲ ਦੀਆਂ ਕੁਝ ਵਿਸ਼ੇਸ਼ਤਾਈਆਂ ਤੈਨੂੰ ਦੱਸਣ ਲੱਗਣ ਤੇ ਉਹ ਤੂੰ ਸੁਣਨੀਆਂ ਹੀ ਨਹੀਂ। ਜੇ ਉਹ ਕਹਿਣ ਕਿ 'ਦੁਨੀਆ ਸੱਚ ਦੇ ਉੱਤੇ ਖਲੋਤੀ ਆ' ਤੇ ਤੂੰ ਕਹਿਣਾ, 'ਨਹੀਂ, ਕਿੱਥੇ ਸੱਚ ਦੇ ਉੱਤੇ ਖਲੋਤੀ ਆ?' ਦੋ-ਚਾਰ ਇੱਧਰ-ਉੱਧਰ ਦੀਆਂ ਇਗਜ਼ਾਂਪਲਾਂ ਦੇਈਂ, ਆਸ-ਪਾਸ ਹੋਇਆ ਵਾਪਰਿਆ ਉਹਨਾਂ ਨੂੰ ਦੱਸੀਂ। ਆਪਣੀ... ਆਪਣੀ ਗੱਲ ਇੰਨੀ ਕੁ ਦ੍ਰਿੜ੍ਹਤਾ ਦੇ ਨਾਲ ਰੱਖੀਂ ਕਿ ਉਹਨਾਂ ਦੀ ਗੱਲ ਫਿੱਕੀ ਲੱਗ ਜਾਏ। ਉਦੋਂ ਤੱਕ ਸਿਰ ਫਸਾਈਂ ਜਦੋਂ ਤੱਕ ਆਸ-ਪਾਸ ਦੇ ਲੋਕ ਤੈਨੂੰ ਸਹੀ ਨਾ ਕਹਿਣ ਲੱਗ ਪੈਣ। ਜੇ ਉਹ ਕੋਈ ਧਰਮ-ਕਰਮ ਦੀ ਗੱਲ ਕਰਨ, ਤਾਂ ਉਹਦੇ ਵਿੱਚ ਵੀ ਦੂਸਰਾ ਪੱਖ ਜ਼ਰੂਰ ਰੱਖੀਂ। ਬਸ ਇਸੇ ਤਰ੍ਹਾਂ ਦੇ ਨਾਲ ਕਰਦਾ ਰਹੀਂ ਤੇ ਇਹ ਦੁਨੀਆ ਤੈਨੂੰ ਜ਼ਰੂਰ ਸਿਆਣਾ ਮੰਨੂਗੀ।"

ਬਸ ਉਹਨੇ ਇੱਦਾਂ ਹੀ ਕੀਤਾ। ਜਿੱਥੇ ਵੀ ਕਿਤੇ ਭੀੜ-ਭੜੱਕੇ ਦੇ ਵਿੱਚ ਜਾਂਦਾ, ਬਹੁਤੇ ਲੋਕਾਂ ਦੇ ਵਿੱਚ ਜਾਂਦਾ, ਉਹਨਾਂ ਦੀ ਥੋੜ੍ਹੀ ਜਿਹੀ ਗੱਲ ਸੁਣ ਕੇ ਬਾਕੀ ਫਿਰ ਉਹਨਾਂ ਨੂੰ ਬੋਲਣ ਹੀ ਨਾ ਦੇਵੇ। ਉਹਦਾ ਉਲਟ ਪੱਖ ਲਿਆ ਕੇ ਰੱਖ ਦਵੇ। ਹਰ ਇੱਕ ਗੱਲ ਦੇ ਵਿੱਚ ਨੰਨਾ ਪਾਉਣਾ ਹੁਣ ਉਹਦੀ ਜਿੱਦਾਂ ਆਦਤ ਬਣ ਗਈ ਸੀ ਜਾਂ ਫਿਰ ਇੱਦਾਂ ਕਹਿ ਲਓ ਮਜਬੂਰੀ ਬਣ ਗਈ ਸੀ। ਕਿਉਂਕਿ ਇੱਕ ਥਾਂ ਦੇ ਉੱਤੇ ਉਹਨੇ ਜਾ ਕੇ ਜਦੋਂ ਇੱਦਾਂ ਕੀਤਾ ਤਾਂ ਉਹਨੂੰ ਥੋੜ੍ਹੀ ਜਿਹੀ ਤਵੱਜੋ ਮਿਲੀ। ਦੋ-ਚਾਰ ਲੋਕ ਉਹਦੇ ਪਿੱਛੇ ਆਏ ਤਾਂ ਕਹਿਣ ਲੱਗੇ, "ਹਾਂ, ਤੂੰ ਠੀਕ ਕਿਹਾ। ਕਿਹਾ ਤਾਂ ਤੂੰ ਠੀਕ ਹੈ।" ਇਹ ਉਹ ਲੋਕ ਸਨ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਸੀ ਜਿਹੜੇ ਉਪਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸੀ।

ਤੇ ਹੁਣ ਉਹਨੇ ਆਪਣਾ ਪੱਕਾ ਰਵੱਈਆ ਇੱਦਾਂ ਦਾ ਹੀ ਬਣਾ ਲਿਆ। ਜੇ ਕੋਈ ਕਹਿੰਦਾ, "ਰੱਬ ਪਾਉਣ ਲਈ ਜੰਗਲਾਂ 'ਚ ਜਾਣਾ ਚਾਹੀਦਾ", ਤੇ ਉਹ ਕਹਿੰਦਾ, "ਨਹੀਂ, ਪਾਣੀ 'ਚ ਖਲੋ ਕੇ ਭਗਤੀ ਕਰੋ"। ਜੇ ਕੋਈ ਕਹਿੰਦਾ, "ਪਾਣੀ 'ਚ ਖਲੋ ਕੇ ਭਗਤੀ ਕਰਨੀ ਚਾਹੀਦੀ ਹੈ", ਤੇ ਉਹ ਕਹਿੰਦਾ, "ਨਹੀਂ, ਸਾਹ ਰੋਕ ਕੇ ਕਰੋ"।

ਬਸ ਇਸੇ ਤਰ੍ਹਾਂ ਦੇ ਨਾਲ ਉਹ ਦੂਸਰਾ ਪੱਖ ਨਾਲ ਲਿਆ ਕੇ ਰੱਖ ਦਿੰਦਾ, ਦੂਸਰਾ ਵਿਚਾਰ ਲਿਆ ਕੇ ਰੱਖ ਦਿੰਦਾ। ਹਾਲਾਂਕਿ ਗ਼ਲਤ ਸ਼ਾਇਦ ਕੁਝ ਵੀ ਨਹੀਂ, ਪਰ ਉਹਦੇ ਵਿੱਚ ਹਾਂ ਨਹੀਂ ਮਿਲਾਉਣੀ ਜਿਹੜੀ... ਜਿਹੜੀ ਗੱਲ ਦੂਸਰਾ ਕਹਿ ਰਿਹਾ। ਤੇ ਬਸ ਅੱਜ ਹੋਰ, ਕੱਲ੍ਹ ਹੋਰ, ਲੋਕਾਂ ਨੇ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ। ਹੁਣ ਉਹੀ ਲੋਕ ਕਹਿੰਦੇ ਨੇ, "ਇਹ ਬੜਾ ਸਿਆਣਾ, ਬੜੀ ਨਾਲੇਜ ਹੋ ਗਈ ਹੈ ਇਸ ਬੰਦੇ ਨੂੰ।"

ਤੇ ਉਹ ਕਈ ਵਾਰੀ ਮਨ ਦੇ ਵਿੱਚ ਸੋਚਦਾ, "ਮੈਂ ਤਾਂ ਨਾਲੇਜ ਕਦੀ ਕਿਤਿਓਂ ਇਕੱਠੀ ਨਹੀਂ ਕੀਤੀ, ਮੈਂ ਤਾਂ ਕੋਈ ਕਿਤਾਬ ਨਹੀਂ ਪੜ੍ਹੀ। ਮੈਂ ਤਾਂ ਸਿਰਫ਼ ਇਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਹੀ ਗੱਲਾਂ ਦੇ ਵਿੱਚ ਨੰਨਾ ਪਾ ਦਿੰਨਾ, ਉਹਦਾ ਦੂਸਰਾ ਪੱਖ ਰੱਖ ਦਿੰਨਾ। ਜੇ ਕੋਈ ਕਹਿੰਦਾ ਦੁਨੀਆ ਬੜੀ ਚੰਗੀ ਆ, ਇਨਸਾਨ ਬੜੇ ਚੰਗੇ ਨੇ, ਇਨਸਾਨ ਦੀ ਇਨਸਾਨੀਅਤ ਉਹਦੀ ਚੰਗਿਆਈ ਦੇ ਉੱਤੇ ਦੁਨੀਆ ਖਲੋਤੀ ਆ, ਤੇ ਮੈਂ ਕਹਿਨਾ ਨਹੀਂ, ਆਹ ਵੇਖੋ ਜੇ ਇਨਸਾਨ ਦੇ ਚੰਗੇ ਹੋਣ ਦਾ ਸਬੂਤ ਲੈਣਾ ਤੇ ਆਹ ਫਲਾਣੇ ਥਾਂ ਦਾ ਆਹ ਕਿੱਸਾ ਸੁਣ ਲਓ।"

ਉਹ ਇੱਦਾਂ ਦੀਆਂ ਖ਼ਬਰਾਂ ਕੱਢ-ਕੱਢ ਕੇ ਸੁਣਾਉਂਦਾ ਕਿ ਲੋਕੀਂ ਕਹਿੰਦੇ, "ਹਾਂ, ਕਹਿ ਤਾਂ ਇਹ ਵੀ ਠੀਕ ਰਿਹਾ। ਕਿਉਂਕਿ ਖ਼ਬਰ ਤਾਂ ਉਹ ਵੀ ਸੱਚੀ ਹੈ।"

ਬਸ ਇਸੇ ਤਰ੍ਹਾਂ ਦੇ ਨਾਲ ਹੌਲੀ-ਹੌਲੀ ਉਹਦੇ ਦਿਮਾਗ਼ ਨੂੰ ਸਿਆਣਪ ਇੰਨੀ ਕੁ ਜ਼ਿਆਦਾ ਚੜ੍ਹ ਗਈ, ਹਮੇਸ਼ਾ ਕੁਝ ਨਾ ਕੁਝ ਲੋਕ ਉਹਦੇ ਪਿੱਛੇ ਘੁੰਮਦੇ-ਫਿਰਦੇ ਰਹਿੰਦੇ। ਹੁਣ ਉਹਦੇ ਕੋਲੋਂ ਜਾਣਨਾ ਚਾਹੁੰਦੇ ਨੇ, ਹੁਣ ਉਹਨੂੰ ਮੂਰਖ ਨਹੀਂ ਕਹਿੰਦੇ, ਹੁਣ ਉਹਨੂੰ ਸਿਆਣਾ ਕਹਿੰਦੇ ਨੇ ਤੇ ਹੁਣ ਉਹਨੂੰ ਬਹੁਤ ਸਿਆਣਾ ਸਮਝਦੇ ਨੇ।

ਹੌਲੀ-ਹੌਲੀ ਸਮਾਂ ਬੀਤਿਆ, ਕਹਿੰਦੇ ਨੇ ਇੱਕ ਵਾਰੀ ਇੰਨਾ ਕੁ ਜ਼ਿਆਦਾ ਹੰਕਾਰ ਉਹਦੇ ਸਿਰ ਨੂੰ ਚੜ੍ਹ ਆਇਆ ਕਿ ਆਸ-ਪਾਸ ਤਾਂ ਹੁਣ ਹੋਰ ਹੈ ਕੌਣ ਆ ਜਿੱਥੇ ਮੈਂ ਜਾ ਕੇ ਆਪਣੇ ਆਪ ਨੂੰ ਸਾਬਤ ਕਰਾਂ?

ਤੇ ਇੱਕ ਦਿਨ ਮਨ ਦੇ ਵਿੱਚ ਆਇਆ, "ਜਿਹੜੇ ਫ਼ਕੀਰ ਨੇ ਮੈਨੂੰ ਕਿਹਾ ਸੀ ਇਹ ਕੰਮ ਕਰਨ ਦੇ ਲਈ, ਉਹ ਤਾਂ ਹਾਲੇ ਵੀ ਮੇਰੇ ਤੋਂ ਸਿਆਣਾ ਵਾ ਫਿਰ। ਇਹ ਸਾਰਾ ਕੁਝ ਮੈਨੂੰ ਉਹਨੇ ਦੱਸਿਆ। ਹੋਵੇ ਨਾ ਤੇ ਮੈਂ ਉਹਨੂੰ ਵੀ ਜਾ ਕੇ ਬਹਿਸ ਕਰਕੇ ਹਰਾਵਾਂ, ਉਹਨੂੰ ਵੀ ਆਪਣੇ ਆਪ ਤੋਂ ਨੀਵਾਂ ਦਿਖਾਵਾਂ।"

ਤੇ ਬਾਕੀ ਲੋਕਾਂ ਦੇ ਵਿੱਚ ਆਸ-ਪਾਸ ਉਹਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, "ਬਈ, ਇੱਕੋ ਬੰਦਾ ਬਚਿਆ ਜਿਹੜਾ ਮੇਰੇ ਤੋਂ ਸਿਆਣਾ, ਤੇ ਜੇ ਤੁਸੀਂ ਉਹਨੂੰ ਵੀ ਹਾਰਦੇ ਨੂੰ ਵੇਖਣਾ ਤੇ ਫਿਰ ਮੇਰੇ ਨਾਲ ਚੱਲੋ।"

ਅਸਲ ਦੇ ਵਿੱਚ ਬਹੁਤ ਸਾਰੇ ਲੋਕ ਉਹਨੂੰ ਇਸੇ ਕਰਕੇ ਵੀ ਸਿਆਣਾ ਸਮਝ ਲੈਂਦੇ ਸੀ ਕਿ ਹੁਣ ਇਸ ਮੂਰਖ ਦੇ ਨਾਲ ਸਿਰ ਕੌਣ ਫਸਾਵੇ। ਵੇਖਿਆ ਜਾਵੇ ਤਾਂ ਫ਼ਰਕ ਸਿਰਫ਼ ਇੰਨਾ ਪਿਆ ਸੀ ਕਿ ਪਹਿਲਾਂ ਉਹ ਸਹੀ ਸੀ ਤੇ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਦਿੰਦੇ ਸੀ ਤੇ ਹੁਣ ਉਹ ਵਾਕਈ ਮੂਰਖ ਬਣ ਚੁੱਕਾ ਤੇ ਹੁਣ ਕਿਸੇ 'ਚ ਹਿੰਮਤ ਨਹੀਂ ਹੈ ਕਿ ਉਹਨੂੰ ਮੂੰਹ ਦੇ ਉੱਤੇ ਮੂਰਖ ਕਹਿ ਸਕੇ। ਸ਼ਾਇਦ ਇਹੋ ਹੀ ਆ ਦੁਨੀਆ ਦਾ ਅਸਲ ਸੱਚ।

ਤੇ ਇਸੇ ਤਰ੍ਹਾਂ ਦੇ ਨਾਲ ਉਹਨੇ ਬਹੁਤ ਸਾਰੇ ਲੋਕ ਇਕੱਠੇ ਕੀਤੇ ਤੇ ਫ਼ਕੀਰ ਕੋਲ ਚਲਾ ਗਿਆ। ਅੱਜ ਉਹਦਾ ਰਵੱਈਆ ਬਦਲਿਆ ਵਾ। ਫ਼ਕੀਰ ਵੇਖ ਕੇ ਖ਼ੁਸ਼ ਹੋਇਆ। ਕਹਿਣ ਲੱਗਾ, "ਹੁਣ ਤੂੰ ਖ਼ੁਸ਼ ਹੈਂ?" ਤੇ ਕਹਿਣ ਲੱਗਾ, "ਹਾਂ, ਮੈਂ ਖ਼ੁਸ਼ ਹਾਂ। ਪਰ ਮੈਂ ਚਾਹੁੰਨਾ ਕਿ ਤੁਸੀਂ ਵੀ ਮੇਰੇ ਨਾਲ ਵਾਰਤਾਲਾਪ ਕਰੋ, ਤੁਸੀਂ ਵੀ ਮੇਰੇ ਨਾਲ ਵਿਚਾਰ ਸਾਂਝੇ ਕਰੋ, ਮੈਂ ਤੁਹਾਨੂੰ ਹਰਾਉਣਾ ਚਾਹੁੰਨਾ। ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਨਾ ਕਿ ਮੈਂ ਤੁਹਾਡੇ ਨਾਲੋਂ ਵੱਧ ਗੁਣੀ-ਗਿਆਨੀ ਆਂ।"

ਤਾਂ ਫ਼ਕੀਰ ਖਿੜ-ਖਿੜਾ ਕੇ ਹੱਸਿਆ। ਕਹਿਣ ਲੱਗਾ, "ਮੈਂ ਤੈਨੂੰ ਪਹਿਲਾਂ ਸੁਚੇਤ ਕੀਤਾ ਸੀ, ਤੂੰ ਜਿਹੜੇ ਰਾਹ 'ਤੇ ਚੱਲਣ ਲੱਗਾ, ਤੰਗ ਹੋਏਂਗਾ।"

"ਇਹ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ? ਮੈਂ ਤਾਂ ਤਾਂ ਮੰਨਾਂ ਜੇ ਮੈਨੂੰ ਬਹਿਸ ਦੇ ਵਿੱਚ ਤੁਸੀਂ ਹਰਾਓ। ਜੇ ਹੈ ਹਿੰਮਤ ਤੇ ਆਓ ਮੈਦਾਨ ਦੇ ਵਿੱਚ।"

ਤੇ ਬਾਕੀ ਵੀ ਲੋਕਾਂ ਨੇ ਪਿੱਛੋਂ ਕਿਹਾ, "ਹਾਂ ਹਾਂ ਹਾਂ, ਹੋ ਜਾਏ ਫਿਰ।"

ਤੇ ਫ਼ਕੀਰ ਨੇ ਕਿਹਾ, "ਨਹੀਂ, ਮੈਂ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਇਹ ਮੁਕਾਬਲੇ ਤੋਂ ਪਹਿਲਾਂ ਹੀ ਮੰਨ ਲੈਨਾ ਕਿ ਮੈਂ ਮਹਾਂ ਮੂਰਖ ਆਂ। ਤੂੰ ਬਹੁਤ ਸਿਆਣਾ ਹੈਂ। ਜੇ ਤੂੰ... ਇਹਦੇ ਨਾਲ ਖ਼ੁਸ਼ੀ ਤੈਨੂੰ ਮਿਲਦੀ ਆ ਤਾਂ ਮੈਂ ਤੇਰੇ ਨਾਲ ਬਹਿਸ ਕਰਕੇ ਕੀ ਲੈਣਾ?"

ਪਰ ਜਦੋਂ ਤੁਹਾਨੂੰ ਕੋਈ ਇੱਦਾਂ ਕਹਿ ਦਿੰਦਾ, ਫਿਰ ਬੰਦੇ ਨੂੰ ਸਗੋਂ ਹੀ ਮਜ਼ਾ ਨਹੀਂ ਆਉਂਦਾ। ਪਰ ਵਾਰ-ਵਾਰ ਕਹਿਣ ਦੇ ਉੱਤੇ ਵੀ ਫ਼ਕੀਰ ਨੇ ਉਹਦੇ ਨਾਲ ਮੁਕਾਬਲਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਬਾਕੀ ਲੋਕਾਂ ਨੂੰ ਇਹ ਲੱਗਾ ਕਿ ਉਹ ਹੁਣ ਜਿੱਤ ਗਿਆ। ਬੱਲੇ-ਬੱਲੇ ਹੋਣ ਲੱਗ ਪਈ। ਜਿੱਤ ਦੇ ਨਗਾਰੇ ਵਜਾ ਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਬਾਕੀਆਂ ਨੂੰ ਤੋਰ ਕੇ ਦਰਵਾਜ਼ੇ ਦੇ ਵਿੱਚੋਂ ਫਿਰ ਵਾਪਸ ਮੁੜ ਆਇਆ।

ਆ ਕੇ ਪਰਦੇ ਦੇ ਨਾਲ ਕਹਿਣ ਲੱਗਾ, "ਫ਼ਕੀਰ ਜੀ, ਪਹਿਲਾ ਮਸਲਾ ਤਾਂ ਹੱਲ ਹੋ ਗਿਆ ਸੀ ਪਰ ਹੁਣ... ਹੁਣ ਇੱਕ ਹੋਰ ਮਸਲਾ ਸ਼ੁਰੂ ਹੋਇਆ। ਕੀ ਤੁਸੀਂ ਉਹਦੇ 'ਚ ਮੇਰੀ ਮਦਦ ਕਰ ਸਕਦੇ ਹੋ? ਹੁਣ ਮਨ ਦੇ ਉੱਤੇ ਅਜੀਬ ਜਿਹਾ ਭਾਰ ਰਹਿੰਦਾ। ਹੁਣ ਸੁੱਖ-ਚੈਨ ਨਹੀਂ ਆਉਂਦਾ। ਹੁਣ ਰਾਤ ਨੂੰ ਚੱਜ ਦੇ ਨਾਲ ਨੀਂਦ ਨਹੀਂ ਆਉਂਦੀ। ਹੁਣ ਪਤਾ ਨਹੀਂ ਅਜੀਬ ਜਿਹੀ ਹਲਚਲ ਜ਼ਿੰਦਗੀ 'ਚ ਮੱਚੀ ਰਹਿੰਦੀ ਹੈ। ਇੱਕ ਕੰਮ ਨਿਬੜਦਾ ਨਹੀਂ ਆ, ਦੂਸਰੇ ਦੋ ਦਾ ਭਾਰ ਸਿਰ 'ਤੇ ਮਹਿਸੂਸ ਹੁੰਦਾ। ਇੱਕ ਥਾਂ ਤੋਂ ਜਿੱਤ ਕੇ ਨਿਕਲਦਾਂ ਤੇ ਅਗਾਂਹ ਸੋਚਣ ਲੱਗ ਪੈਨਾ ਕਿ ਹੁਣ ਹੋਰ ਕਿੱਥੇ ਜਾਣਾ। ਕੁਲ ਮਿਲਾ ਕੇ ਮਨ ਨੂੰ ਟਿਕਾਓ ਜਿਹਾ ਨਹੀਂ ਆ। ਕੋਈ ਇਹਦਾ ਵੀ ਹੱਲ ਦੱਸ ਸਕਦੇ ਹੋ?"

ਤੇ ਫ਼ਕੀਰ ਖਿੜ-ਖਿੜਾ ਕੇ ਹੱਸਿਆ। ਕਹਿਣ ਲੱਗਾ, "ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ। ਜੇ ਤੂੰ ਸਿਆਣੇ ਬਣਨਾ, ਲੋਕਾਂ ਦੇ ਵਿੱਚ ਸਿਆਣੇ ਅਖਵਾਉਣਾ, ਤਾਂ ਫਿਰ ਤੈਨੂੰ ਕੁਝ ਗਵਾਉਣਾ ਪਊਗਾ। ਬਸ, ਹੁਣ ਤੂੰ ਗਵਾ ਚੁੱਕਾਂ। ਤੇ ਜੇ ਤੂੰ... ਜੇ ਤੂੰ ਵਾਪਸ ਫਿਰ ਠੀਕ ਹੋਣਾ ਚਾਹੁੰਨਾ, ਤਾਂ ਫਿਰ ਮੂਰਖ ਬਣਨਾ ਪਊਗਾ। ਬਸ ਇਹੋ ਹੀ ਆ ਸਾਰ। ਇੱਦਾਂ ਦੀ ਆ ਜ਼ਿੰਦਗੀ, ਇੱਦਾਂ ਦੇ ਹੀ ਨੇ ਲੋਕ। ਕਿਉਂਕਿ ਦੁਨੀਆਦਾਰੀ ਦੇ ਵਿੱਚ, ਇਸ ਦੁਨੀਆ ਦੇ ਵਿੱਚ ਵਿਚਰਦਿਆਂ ਬਹੁਤ ਘੱਟ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਹਿੰਮਤ ਆ ਜਿਹੜੇ ਕਿਸੇ ਨੂੰ ਕਹਿ ਸਕਣ, 'ਤੂੰ ਗ਼ਲਤ ਕਹਿ ਰਿਹਾਂ'। ਨਹੀਂ ਤਾਂ ਆਮ ਤੌਰ ਦੇ ਉੱਤੇ ਜਿਹੜਾ ਚੀਕ-ਚੀਕ ਕੇ ਰੌਲਾ ਪਾ ਰਿਹਾ ਹੋਵੇ, ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੋਵੇ, ਵੱਡੇ-ਵੱਡੇ ਗ੍ਰੰਥਾਂ ਦੇ ਰੈਫ਼ਰੈਂਸ ਦੇ-ਦੇ ਕੇ ਗੱਲਾਂ ਕਰ ਰਿਹਾ ਹੋਵੇ, ਉਹਦੇ ਸਾਹਮਣੇ ਕੋਈ ਨਹੀਂ ਬੋਲਦਾ।

ਕਿਉਂਕਿ ਇੱਕ ਤੇ ਉਹ ਲੋਕ ਨੇ ਜਿਨ੍ਹਾਂ ਨੇ ਖ਼ੁਦ ਕੁਝ ਨਹੀਂ ਜਾਣਿਆ, ਖ਼ੁਦ ਕੁਝ ਨਹੀਂ ਪੜ੍ਹਿਆ, ਆਪਣੀ ਕੋਈ ਪੜ੍ਹਾਈ ਨਹੀਂ ਆ। ਇਸ ਕਰਕੇ ਉਹਨਾਂ ਨੂੰ ਲੱਗਦਾ ਜੋ ਅਗਲਾ ਕਹਿ ਰਿਹਾ ਉਹ ਸੱਚ ਹੀ ਕਹਿ ਰਿਹਾ। ਦੂਸਰਾ, ਜਿਹੜੇ ਲੋਕ ਚੀਕਾਂ ਮਾਰ-ਮਾਰ ਕੇ ਉੱਚੀ-ਉੱਚੀ ਗੱਲਾਂ ਕਰਦੇ ਨੇ, ਦੁਨੀਆ ਨੂੰ ਲੱਗਦਾ ਕਿ ਉਹ ਸੱਚੇ ਹੋਣਗੇ ਤਾਂ ਹੀ ਤਾਂ ਇੰਨਾ ਉੱਚੀ ਬੋਲਦੇ ਨੇ। ਤੇ ਫਿਰ ਤੀਸਰੇ ਉਹ ਲੋਕ ਨੇ ਜਿਹੜੇ ਸਭ ਕੁਝ ਜਾਣਦੇ ਨੇ, ਪੜ੍ਹੇ-ਲਿਖੇ ਨੇ, ਪਤਾ ਆ ਵੀ ਅਗਲਾ ਗ਼ਲਤ ਕਹਿ ਰਿਹਾ, ਪਰ ਉਹ ਸੋਚਦੇ ਨੇ ਇਸ ਮੂਰਖ ਦੇ ਨਾਲ ਹੁਣ ਮੱਥਾ ਕਿਹੜਾ ਲਾਵੇ। ਅਸਲ ਦੇ ਵਿੱਚ ਉਹ ਜਾਣਦੇ ਹੁੰਦੇ ਨੇ ਕਿ ਤੁਸੀਂ ਮੂਰਖ ਓ, ਪਰ ਉਹ ਕਹਿਣਾ ਨਹੀਂ ਚਾਹੁੰਦੇ ਹੁੰਦੇ ਕਿਉਂਕਿ ਬਹੁਤ ਵੱਡੀ ਭੀੜ ਇਹ ਹੁੰਦੀ ਆ ਪਿੱਛੇ ਕਹਿਣ ਵਾਲੀ ਕਿ ਤੁਹਾਨੂੰ ਗਿਆਨ ਬਹੁਤ ਹੈ। ਤੇ ਉੱਨੀ ਭੀੜ ਦੇ ਵਿੱਚ ਕੋਈ ਦੋ-ਚਾਰ ਆਵਾਜ਼ਾਂ ਉਲਟਾ ਮੂਰਖ ਹੀ ਅਖਵਾਉਣਗੀਆਂ। ਕਈ ਵਾਰ ਇਸ ਦੁਨੀਆ ਦੇ ਵਿੱਚ ਕਿਸੇ ਨੂੰ ਮੂਰਖ ਕਹਿ ਕੇ ਤੁਸੀਂ ਆਪ ਮੂਰਖ ਸਾਬਤ ਹੋ ਜਾਂਦੇ ਹੋ। ਇਸ ਕਰਕੇ ਜਿਹੜੇ ਸਿਆਣੇ ਲੋਕ ਨੇ ਉਹ ਚੁੱਪ ਕਰਕੇ ਟਾਈਮ ਕੱਢ ਲੈਂਦੇ ਨੇ।

ਪਰ ਵੇਖਿਆ ਜਾਵੇ ਤਾਂ ਅਸਲੀਅਤ ਦੇ ਵਿੱਚ ਜਿਹੜਾ ਲੋਕ ਇੱਦਾਂ ਦੇ ਸਿਆਣੇ ਬਣ ਕੇ ਘੁੰਮਦੇ ਨੇ, ਉਹ ਕੋਈ ਸੁੱਖ-ਆਰਾਮ ਨਹੀਂ ਪਾਉਂਦੇ। ਉਹ ਜ਼ਿੰਦਗੀ ਦੇ ਵਿੱਚ ਆਪਣਾ ਸਕੂਨ ਗਵਾ ਕੇ ਹੀ ਘੁੰਮਦੇ ਨੇ। ਅੱਜ ਨਹੀਂ ਤਾਂ ਕੱਲ੍ਹ ਉਹਨਾਂ ਨੂੰ ਆਪਣੇ ਅੰਦਰੋਂ ਆਪ ਹੀ ਆਵਾਜ਼ ਆਉਣੀ ਆ—ਅਸਲ ਮੂਰਖ ਤੂੰ ਹੈਂ। ਸਾਦੇ ਬਣ ਕੇ ਰਹਿਣਾ, ਸੱਚੀ ਗੱਲ ਕਰਨੀ, ਸਾਦਾ ਜੀਵਨ ਬਤੀਤ ਕਰਨਾ, ਸਾਦਾ ਖਾਣਾ, ਸਾਦਾ ਹੰਢਾਉਣਾ। ਜੋ ਇਸ ਦੇ ਵਿੱਚ ਸਕੂਨ ਆ, ਉਹ ਹੋਰ ਕਿਸੇ ਚੀਜ਼ ਦੇ ਵਿੱਚ ਨਹੀਂ। ਤੇ ਪਰ ਇਹ ਵੀ ਸੱਚਾਈ ਆ ਕਿ ਇੱਦਾਂ ਦੇ ਲੋਕਾਂ ਨੂੰ ਅੱਜ-ਕੱਲ੍ਹ ਦੁਨੀਆ ਸਿੱਧਰਾ ਦੱਸਦੀ ਆ, ਮੂਰਖ ਦੱਸਦੀ ਆ। ਇਹ... ਇਹ ਦੁਨੀਆ ਦੇ ਵੱਖ-ਵੱਖ ਰੰਗ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।"

Frequently Asked Questions

ਇਸ ਕਹਾਣੀ ਦਾ ਮੁੱਖ ਉਦੇਸ਼ ਜਾਂ ਸਿੱਖਿਆ ਕੀ ਹੈ?
ਇਹ ਕਹਾਣੀ ਦਰਸਾਉਂਦੀ ਹੈ ਕਿ ਦੁਨੀਆ ਸਾਹਮਣੇ ਸਿਆਣਾ ਜਾਂ ਗਿਆਨੀ ਸਾਬਤ ਹੋਣ ਨਾਲੋਂ ਮਨ ਦਾ ਸਕੂਨ ਅਤੇ ਸਾਦਗੀ ਬਹੁਤ ਵੱਡੀ ਚੀਜ਼ ਹੈ। ਝੂਠੀ ਬਹਿਸਬਾਜ਼ੀ ਅਤੇ ਹੰਕਾਰ ਸਿਰਫ਼ ਮਾਨਸਿਕ ਬੋਝ ਵਧਾਉਂਦੇ ਹਨ।
ਫ਼ਕੀਰ ਨੇ ਨੌਜਵਾਨ ਨੂੰ ਸਿਆਣਾ ਅਖਵਾਉਣ ਦਾ ਕੀ ਤਰੀਕਾ ਦੱਸਿਆ ਸੀ?
ਫ਼ਕੀਰ ਨੇ ਕਿਹਾ ਸੀ ਕਿ ਹਰ ਗੱਲ ਦਾ ਉਲਟ ਪੱਖ ਰੱਖਣਾ ਸ਼ੁਰੂ ਕਰ ਦੇ ਅਤੇ ਦੂਜਿਆਂ ਦੀ ਗੱਲ ਕੱਟ ਕੇ ਉੱਚੀ ਆਵਾਜ਼ ਵਿੱਚ ਬੋਲ, ਕਿਉਂਕਿ ਦੁਨੀਆ ਰੌਲਾ ਪਾਉਣ ਵਾਲੇ ਨੂੰ ਅਕਸਰ ਸਿਆਣਾ ਸਮਝ ਲੈਂਦੀ ਹੈ।
ਨੌਜਵਾਨ ਨੂੰ ਸਿਆਣਾ ਬਣਨ ਤੋਂ ਬਾਅਦ ਵੀ ਚੈਨ ਕਿਉਂ ਨਹੀਂ ਆ ਰਿਹਾ ਸੀ?
ਕਿਉਂਕਿ ਉਹਨੇ ਬਾਹਰੀ ਵਡਿਆਈ ਪਾਉਣ ਲਈ ਆਪਣਾ ਅੰਦਰੂਨੀ ਸੱਚ, ਨਿਰਮਲਤਾ ਅਤੇ ਸਾਦਾਪਣ ਗੁਆ ਲਿਆ ਸੀ, ਜਿਸ ਨਾਲ ਉਹਦੇ ਮਨ 'ਤੇ ਹਰ ਵੇਲੇ ਜਿੱਤਣ ਦਾ ਬੋਝ ਬਣਿਆ ਰਹਿੰਦਾ ਸੀ।
ਨੌਜਵਾਨ ਪਹਿਲਾਂ ਲੋਕਾਂ ਵਿੱਚ ਮੂਰਖ ਕਿਉਂ ਗਿਣਿਆ ਜਾਂਦਾ ਸੀ?
ਕਿਉਂਕਿ ਉਹ ਬਿਨਾਂ ਕਿਸੇ ਲਾਲਚ ਜਾਂ ਦਿਖਾਵੇ ਦੇ ਸਾਫ਼, ਸੱਚੀ ਅਤੇ ਹੱਕ-ਹਲਾਲ ਦੀ ਗੱਲ ਕਰਦਾ ਸੀ। ਅੱਜ ਦੇ ਦਿਖਾਵੇ ਭਰੇ ਸਮਾਜ ਵਿੱਚ ਜਿੱਥੇ ਲੋਕ ਮੁਖੌਟੇ ਪਾ ਕੇ ਜਿਊਂਦੇ ਹਨ, ਉੱਥੇ ਨਿਰੋਲ ਸੱਚ ਬੋਲਣ ਵਾਲੇ ਨੂੰ ਲੋਕ ਸਿੱਧਰਾ ਜਾਂ ਮੂਰਖ ਸਮਝ ਲੈਂਦੇ ਹਨ।
ਲੋਕ ਉੱਚੀ ਬੋਲਣ ਵਾਲੇ ਜਾਂ ਬਹਿਸ ਕਰਨ ਵਾਲੇ ਅੱਗੇ ਚੁੱਪ ਕਿਉਂ ਕਰ ਜਾਂਦੇ ਹਨ?
ਕਹਾਣੀ ਅਨੁਸਾਰ ਦੋ ਮੁੱਖ ਕਾਰਨ ਹਨ: ਪਹਿਲਾ, ਅਣਜਾਣ ਲੋਕ ਸੋਚਦੇ ਹਨ ਕਿ ਉੱਚੀ ਬੋਲਣ ਵਾਲਾ ਸੱਚਾ ਹੋਵੇਗਾ; ਦੂਜਾ, ਸਿਆਣੇ ਲੋਕ ਇਹ ਸੋਚ ਕੇ ਚੁੱਪ ਵੱਟ ਲੈਂਦੇ ਹਨ ਕਿ ਬੇਲੋੜੀ ਬਹਿਸ ਵਿੱਚ ਪੈ ਕੇ ਆਪਣਾ ਸਮਾਂ ਅਤੇ ਸਕੂਨ ਕਿਉਂ ਗੁਆਉਣਾ।
ਫ਼ਕੀਰ ਨੇ ਨੌਜਵਾਨ ਨਾਲ ਬਹਿਸ ਕਰਨ ਤੋਂ ਇਨਕਾਰ ਕਿਉਂ ਕਰ ਦਿੱਤਾ?
ਫ਼ਕੀਰ ਜਾਣਦਾ ਸੀ ਕਿ ਬਹਿਸ ਜਿੱਤਣ ਨਾਲ ਸਿਰਫ਼ ਹੰਕਾਰ ਵਧਦਾ ਹੈ, ਸੱਚ ਨਹੀਂ ਮਿਲਦਾ। ਇਸ ਲਈ ਉਸਨੇ ਆਪਣੇ ਆਪ ਨੂੰ ਮੂਰਖ ਅਖਵਾਉਣਾ ਬਿਹਤਰ ਸਮਝਿਆ ਤਾਂ ਜੋ ਨੌਜਵਾਨ ਦੇ ਖੋਖਲੇ ਹੰਕਾਰ ਦਾ ਅੰਤ ਹੋ ਸਕੇ।
ਅਸਲ ਸਿਆਣਪ ਅਤੇ ਦਿਖਾਵੇ ਦੇ ਗਿਆਨ ਵਿੱਚ ਕੀ ਫ਼ਰਕ ਹੈ?
ਦਿਖਾਵੇ ਦਾ ਗਿਆਨ ਦੂਜਿਆਂ ਨੂੰ ਨੀਵਾਂ ਦਿਖਾਉਣ, ਜਿੱਤਣ ਅਤੇ ਹੰਕਾਰ ਨੂੰ ਪੱਠੇ ਪਾਉਣ ਲਈ ਹੁੰਦਾ ਹੈ, ਜਿਸ ਨਾਲ ਮਨ ਅਸ਼ਾਂਤ ਰਹਿੰਦਾ ਹੈ। ਅਸਲ ਸਿਆਣਪ ਸਾਦਗੀ, ਨਿਮਰਤਾ ਅਤੇ ਅੰਦਰੂਨੀ ਸੰਤੋਖ ਵਿੱਚ ਵੱਸਦੀ ਹੈ।
ਮਨ ਦੀ ਸ਼ਾਂਤੀ (ਸਕੂਨ) ਵਾਪਸ ਪਾਉਣ ਲਈ ਫ਼ਕੀਰ ਨੇ ਕੀ ਸਲਾਹ ਦਿੱਤੀ?
ਫ਼ਕੀਰ ਨੇ ਸੁਝਾਅ ਦਿੱਤਾ ਕਿ ਦੁਨੀਆ ਦੀਆਂ ਨਜ਼ਰਾਂ ਵਿੱਚ "ਮੂਰਖ" ਬਣਨਾ ਕਬੂਲ ਕਰ ਲਵੋ—ਭਾਵ ਝੂਠੀ ਵਾਹ-ਵਾਹੀ ਅਤੇ ਹਰ ਗੱਲ 'ਤੇ ਸਾਬਤ ਕਰਨ ਦੀ ਦੌੜ ਛੱਡ ਕੇ ਸਾਦਾ, ਨਿਰਮਲ ਅਤੇ ਸੱਚਾ ਜੀਵਨ ਜਿਊਣਾ ਸ਼ੁਰੂ ਕਰੋ।

What's Your Reaction?

like

dislike

love

funny

angry

sad

wow