ਜਿੰਦਗੀ ਬੋਝ ਨਹੀਂ ਇੱਕ ਖੁੱਲ੍ਹੀ ਕਿਤਾਬ ਹੈ: ਨਜ਼ਰੀਆ ਬਦਲਣ ਦੀ ਪ੍ਰੇਰਨਾਦਾਇਕ ਕਹਾਣੀ
ਕੀ ਤੁਹਾਨੂੰ ਵੀ ਆਪਣੀ ਜਿੰਦਗੀ ਇੱਕ ਬੋਝ ਲੱਗਦੀ ਹੈ? ਪੜ੍ਹੋ ਇਹ ਬੇਹੱਦ ਭਾਵੁਕ ਅਤੇ ਪ੍ਰੇਰਨਾਦਾਇਕ ਪੰਜਾਬੀ ਕਹਾਣੀ, ਜੋ ਤੁਹਾਡੀ ਸੋਚ ਅਤੇ ਜੀਵਨ ਜਿਊਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਦੇਵੇਗੀ।
ਇੱਕ ਨੌਜਵਾਨ ਜਿਹਨੂੰ ਇਹ ਸ਼ਿਕਾਇਤ ਸੀ ਕਿ ਉਹਦੀ ਜਿੰਦਗੀ ਬਹੁਤੀ ਸਖਾਲੀ ਨਹੀਂ, ਬੜੀ ਮੁਸ਼ਕਿਲ ਦੇ ਨਾਲ ਉਹ ਦਿਨ ਕੱਟ ਰਿਹਾ ਸੀ। ਇਹੋ ਸੋਚ ਕੇ ਇੱਕ ਦਿਨ ਉਹਨੇ ਸੋਚਿਆ ਕਿ ਘਰ-ਬਾਰ ਛੱਡ ਕੇ ਬਿਹਤਰ ਐ ਮੈਂ ਸੰਨਿਆਸੀ ਹੋ ਜਾਵਾਂ। ਜਦੋਂ ਉਹ ਇੱਕ ਸਾਧੂ ਦੇ ਕੋਲ ਪਹੁੰਚਿਆ, ਤਾਂ ਸਾਧ ਨੇ ਕਿਹਾ, "ਦੱਸ ਤਾਂ ਸਹੀ, ਔਖਾ ਕਿਹੜੀ ਗੱਲੋਂ ਐਂ?" ਉਹ ਕਹਿਣ ਲੱਗਾ, "ਮੇਰੀ ਗ੍ਰਿਹਸਤੀ ਦੇ ਵਿੱਚ ਜਿੰਦਗੀ ਕੋਈ ਬਹੁਤੀ ਵਧੀਆ ਨਹੀਂ ਰਹੀ। ਸਾਰਾ ਦਿਨ ਕੰਮ ਕਰੋ, ਪੈਸੇ ਕਮਾਓ, ਪੈਸੇ ਕਮਾ ਕੇ ਘਰ ਲੈ ਕੇ ਆਓ, ਉਹ ਖਰਚੋ ਤੇ ਫਿਰ ਅਗਲੇ ਦਿਨ ਕਮਾਉਣ ਚੱਲ ਜਾਓ। ਇਸ ਦੇ ਦਰਮਿਆਨ ਕਿਸੇ ਨੂੰ ਕੋਈ ਲੈਣਾ-ਦੇਣਾ ਨਹੀਂ, ਸਾਰਿਆਂ ਦੀਆਂ ਵੱਖਰੀਆਂ-வੱਖਰੀਆਂ ਮੰਗਾਂ ਨੇ। ਵਹੁਟੀ ਦੇ ਵੱਖਰੇ-ਵੱਖਰੇ ਝਗੜੇ ਨੇ, ਚਾਹੇ ਕਿੰਨਾ ਵੀ ਕੁਛ ਕਰ ਲਓ, ਬਸ ਕੋਈ ਨਾ ਕੋਈ ਆਨਾ-ਬਹਾਨਾ ਲੱਭ ਹੀ ਜਾਂਦਾ ਪਰਿਵਾਰ ਨੂੰ। ਬੱਚਿਆਂ ਨੂੰ ਲੱਗਦਾ ਕਿ ਸ਼ਾਇਦ ਐਵੇਂ ਹੀ ਪੈਸੇ ਆਈ ਜਾਂਦੇ ਐ, ਉਹ ਐਵੇਂ ਉਡਾਈ ਜਾਂਦੇ ਨੇ। ਵਹੁਟੀ ਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤਾ ਕੰਮ ਕਰਦੀ ਆਂ ਇਹਦੇ ਨਾਲੋਂ, ਇਸ ਵਜ੍ਹਾ ਕਰਕੇ ਕਪਾਤਰ ਰਹਿੰਦਾ। ਮਾਂ-ਪਿਓ ਨੂੰ ਲੱਗਦਾ ਕਿ ਮੈਂ ਉਹਨਾਂ ਦੀ ਨਹੀਂ ਸੁਣਦਾ, ਉਹਨਾਂ ਦੇ ਹੱਕ ਦੀ ਨਹੀਂ ਕਰਦਾ, ਮੈਂ ਬਹੁਤਾ ਵਹੁਟੀ ਦੇ ਸੁਣਨ 'ਚ ਆਉਂਦਾ ਤੇ ਵਹੁਟੀ ਦੇ ਕਹੇ ਦੇ ਉੱਤੇ ਚੱਲਦਾ; ਇਸ ਕਰਕੇ ਉਹਨਾਂ ਦੇ ਵੀ ਮੱਥਿਆਂ ਦੇ ਉੱਤੋਂ ਤਿਉੜੀਆਂ ਨਹੀਂ ਲੱਥਦੀਆਂ। ਸਾਰਾ ਦਿਨ ਚੱਲ ਸੋ ਚੱਲ! ਕੰਮ ਤੇ ਸੋਚੀਦਾ ਕਿ ਘਰ ਜਾ ਕੇ ਥੋੜਾ ਜਿਹਾ ਸਕੂਨ ਦੀ ਜਿੰਦਗੀ, ਸਕੂਨ ਦੇ ਪਲ ਮਿਲਣਗੇ, ਪਰ ਨਹੀਂ। ਘਰੋਂ ਸੋਚੀਦਾ ਕਿ ਚਲੋ ਸਾਰਾ ਕੁਛ ਛੱਡ-ਛਡਾ ਕੇ ਜਦੋਂ ਆਪਾਂ ਬਾਹਰ ਕੰਮ-ਕਾਰ ਦੇ ਉੱਤੇ ਚਲੇ ਜਾਵਾਂਗੇ ਤੇ ਉੱਥੇ ਸੌਖੇ ਰਹਾਂਗੇ, ਪਰ ਨਹੀਂ। ਮੈਂ ਬੜੇ ਚਿਰ ਦਾ ਇਸੇ ਜੱਦੋ-ਜਹਿਦ ਦੇ ਵਿੱਚ ਆਂ।"
ਉਹਨੇ ਅੱਗੇ ਕਿਹਾ, "ਆਖਰਕਾਰ ਮੈਂ ਮਨ ਬਣਾਇਆ ਕਿ ਮੈਂ ਇਹ ਘਰ-ਬਾਰ ਛੱਡ ਹੀ ਦੇਣਾ। ਨਾਲੇ ਤੁਸੀਂ ਬੜੀ ਵਾਰੀ ਕਿਹਾ ਐ ਕਿ ਕੋਈ ਕੰਮ ਰੁਕਦਾ ਨਹੀਂ, ਕੋਈ ਕਿਤੇ ਨਹੀਂ ਪਹਾੜ ਥੰਮ ਕੇ ਖਲੋਤਾ ਹੁੰਦਾ। ਤੇ ਜੇ ਨਹੀਂ ਰੁਕਦਾ, ਤੇ ਫਿਰ ਮੈਂ ਲਓ ਛੱਡ ਆਇਆ ਮੈਂ ਘਰ! ਉਹ ਤੇ ਫਿਰ ਆਪੇ ਚੱਲੀ ਜਾਣਾ, ਆਪੇ ਵਹੁਟੀ ਕਰ ਲੂ, ਬੱਚੇ ਮਾਸਾ ਤਾਂ ਹੋ ਗਏ ਨੇ ਉਹ ਕਰ ਲੈਣਗੇ। ਪਰ ਮੈਂ ਆਪਣੀ ਜਿੰਦਗੀ ਸਾਰੀ ਐਵੇਂ ਅਜਾਈਂ ਕਿਉਂ ਗਵਾਵਾਂ? ਮੈਂ ਵੀ ਵਿਹਲਾ ਰਹਿਣਾ ਚਾਹੁੰਦਾ, ਮੈਂ ਚਾਹੁੰਦਾ ਮੇਰੇ ਮੋਢਿਆਂ ਦੇ ਉੱਤੇ ਕੋਈ ਬੋਝ ਨਾ ਹੋਵੇ। ਅੱਧਿਓਂ ਬਹੁਤੀ ਮੈਂ ਕੱਢ ਦਿੱਤੀ, ਬਾਕੀ ਪਤਾ ਨਹੀਂ ਕਿੰਨੇ ਕੁ ਦਿਨ ਬਚੇ ਨੇ। ਇਸੇ ਤਰ੍ਹਾਂ ਦੀਆਂ ਬੰਦਿਸ਼ਾਂ ਦੇ ਵਿੱਚ ਕਿਉਂ ਮੈਂ ਐਵੇਂ ਮੁਸ਼ਕਿਲਾਂ ਵਾਲਾ ਜੀਵਨ ਜੀਵਾਂ? ਇਸ ਕਰਕੇ ਸਾਰਾ ਕੁਛ ਛੱਡ-ਛਡਾ ਕੇ ਹੁਣ ਮੈਂ ਤੁਹਾਡੇ ਕੋਲ ਆ ਗਿਆ।"
ਗੁਰੂ ਨੇ ਕਿਹਾ, "ਜੇ ਆ ਹੀ ਗਿਆ ਐਂ, ਤੇ ਜੀ ਆਇਆਂ ਨੂੰ। ਪਰ ਇੱਕ ਗੱਲ ਯਾਦ ਰੱਖੀਂ; ਜਿੱਦਾਂ ਘਰ ਤੈਨੂੰ ਔਖੀ ਲੱਗਦੀ ਐ ਜਿੰਦਗੀ, ਜਿੱਦਾਂ ਤੈਨੂੰ ਕੰਮ ਤੇ ਔਖੀ ਲੱਗਦੀ ਐ, ਜਿੱਦਾਂ ਪਰਿਵਾਰ ਦੇ ਵਿੱਚ ਵਿਚਰਦਿਆਂ ਲੱਗਦੀ ਐ, ਇਸੇ ਤਰ੍ਹਾਂ ਦੇ ਨਾਲ ਜਿੰਦਗੀ ਦੇ ਸਾਰੇ ਹੀ ਰੰਗ ਤੈਨੂੰ ਔਖੇ ਲੱਗਣੇ ਐ। ਇਹ ਤੂੰ ਵੇਖ ਲੈ ਕਿ ਤੂੰ ਕਿਹੜਾ ਚੁਣਨਾ ਐ, ਪਰ ਤੇਰੇ ਲਈ ਸੁਖਾਲਾ ਰਾਹ ਕੋਈ ਨਹੀਂ।" ਨੌਜਵਾਨ ਨੇ ਪੁੱਛਿਆ, "ਪਰ ਇੱਦਾਂ ਕਿਉਂ ਗੁਰੂ ਜੀ? ਕੀ ਮੇਰੀ ਕਿਸਮਤ ਹੀ ਮਾੜੀ ਐ? ਕੀ ਮੇਰੀ ਕਿਸਮਤ ਦੇ ਵਿੱਚ ਇਹੋ ਕੁਛ ਹੀ ਲਿਖਿਆ?" ਗੁਰੂ ਬੋਲੇ, "ਨਹੀਂ, ਇਹ ਹੁੰਦੀ ਹਰ ਇੱਕ ਦੀ ਇੱਦਾਂ ਹੀ ਐ। ਚੱਲ ਖੈਰ, ਹੁਣ ਜੇ ਤੂੰ ਆ ਹੀ ਗਿਆ ਐਂ ਤੇ ਤੈਨੂੰ ਹੌਲੀ-ਹੌਲੀ ਇਹ ਵੀ ਰੰਗ ਪਤਾ ਲੱਗ ਜੂ, ਇਹ ਵੀ ਗੱਲਾਂ ਸਮਝ ਆ ਜਾਣਗੀਆਂ।"
ਅਗਲੇ ਦਿਨ ਗੁਰੂ ਨੇ ਉਹਨੂੰ ਤੜਕ ਸਵੇਰੇ ਉਠਾ ਲਿਆ ਅਤੇ ਕਿਹਾ, "ਚੱਲ ਉੱਠ ਭਾਈ, ਗਜ਼ਾ ਕਰਕੇ ਲੈ ਕੇ ਆ। ਰੋਟੀ-ਪਾਣੀ ਮੰਗ ਕੇ ਇਕੱਠਾ ਕਰਕੇ ਲੈ ਕੇ ਆ।" ਅੱਜ ਪਹਿਲੀ ਵਾਰ ਇੰਨੀ ਸੁਵਖਤੇ ਉੱਠ ਕੇ ਉਹਨੂੰ ਜਾਣ ਦੇ ਵਿੱਚ ਥੋੜੀ ਜਿਹੀ ਤਕਲੀਫ਼ ਹੋਈ, ਪਰ ਫਿਰ ਸੋਚਦਾ ਐ ਕਿ ਕੁਛ ਨਾ ਕੁਛ ਤਾਂ ਤਿਆਗ ਮੈਨੂੰ ਕਰਨਾ ਪੈਣਾ; ਇਹ ਸੋਚ ਕੇ ਉਹ ਲਾਗਲੇ ਪਿੰਡ ਦੇ ਵਿੱਚ ਚਲਿਆ ਜਾਂਦਾ। ਪਰ ਉਹਨੂੰ ਨਹੀਂ ਸੀ ਪਤਾ ਕਿ ਘਰ-ਘਰ ਜਾ ਕੇ ਮੰਗਣਾ, ਲੋਕਾਂ ਦੀਆਂ ਗੱਲਾਂ ਸੁਣਨੀਆਂ ਕਿੰਨੀਆਂ ਔਖੀਆਂ ਨੇ ਅਤੇ ਲੋਕਾਂ ਨੂੰ ਇਹ ਸਮਝਾਉਣਾ ਕਿ ਉਹ ਕਿਉਂ ਆਇਆ ਵਾ। ਕਿਸੇ ਨੇ ਕਿਸੇ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ, ਕਿਸੇ ਨੇ ਕਿਸੇ ਤਰ੍ਹਾਂ ਦੀਆਂ। ਕਈਆਂ ਨੇ ਕਿਹਾ, "ਐਵੇਂ ਵਿਹਲੇ ਤੁਰੇ ਫਿਰਦੇ ਐ, ਆਪ ਕੰਮ-ਕਾਰ ਨਹੀਂ ਕੋਈ ਕਰਨਾ ਆਉਂਦਾ, ਲੋਕਾਂ ਦੇ ਘਰੋਂ ਰੋਟੀਆਂ ਮੰਗਦੇ ਐ।" ਕਿਸੇ ਨੇ ਕਿਹਾ, "ਬਾਅਦ 'ਚ ਆਈਂ, ਹਾਲੇ ਤਾਂ ਆਪਾਂ ਆਪ ਨਹੀਂ ਖਾਧੀ।" ਕਿਸੇ ਨੇ ਕਿਹਾ, "ਇਹ ਪਖੰਡੀ ਸਾਧ ਨੇ।" ਕਿਸੇ ਨੇ ਕਿਹਾ, "ਹੱਟਾ-ਕੱਟਾ ਦਿਖਦਾਂ, ਤੈਨੂੰ ਸ਼ਰਮ ਨਹੀਂ ਆਉਂਦੀ?" ਅੱਜ ਪਹਿਲੀ ਵਾਰ ਉਹਨੂੰ ਮਹਿਸੂਸ ਹੋਇਆ ਕਿ ਇਹ ਤਾਂ ਉਸ ਘਰ ਦੀ ਜਿੰਦਗੀ ਤੋਂ ਵੀ ਵਧੇਰੇ ਬੇਇੱਜ਼ਤੀ ਐ। ਇਸ ਕੰਮ ਦਾ ਤਾਂ ਉਹ ਬਿਲਕੁਲ ਆਦੀ ਨਹੀਂ ਸੀ ਤੇ ਨਾ ਹੀ ਉਹਨੇ ਆਪਣਾ ਹਾਲੇ ਮਨ ਮਾਰਿਆ ਸੀ। ਪਹਿਲੇ ਦਿਨ ਤਾਂ ਉਹ ਚੁੱਪ ਕੀਤਾ ਰਿਹਾ।
ਅਗਲੇ ਦਿਨ ਉਹ ਗੁਰੂ ਨੂੰ ਕਹਿਣ ਲੱਗਾ, "ਜੇ ਕੋਈ ਹੋਰ ਕੰਮ ਹੋਵੇ ਤਾਂ ਮੈਨੂੰ ਉਹ ਦੇ ਦਿਓ, ਇੱਦਾਂ ਘਰ-ਘਰ ਜਾ ਕੇ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ। ਲੋਕ ਸੋਚਦੇ ਨੇ ਐਵੇਂ ਕੋਈ ਝੋਲਾ ਚੁੱਕ ਕੇ ਆ ਗਿਆ, ਹਾਲੇ ਸ਼ਾਇਦ ਉਹਨਾਂ ਨੂੰ ਮੇਰੀ ਪਛਾਣ ਨਹੀਂ ਹੋਈ। ਤੁਸੀਂ ਇੱਕ-ਦੋ ਦਿਨ ਨਾਲ ਜਾ ਕੇ ਮੇਰੀ ਪਛਾਣ ਕਰਾ ਆਓ, ਫਿਰ ਹੋ ਸਕਦਾ ਕਿ ਲੋਕ ਆਰਾਮ ਦੇ ਨਾਲ ਦੇ ਦਿਆ ਕਰਨ।" ਗੁਰੂ ਹੱਸ ਕੇ ਕਹਿਣ ਲੱਗਾ, "ਨਾ ਭਰਾ, ਸਾਨੂੰ ਤਾਂ ਇੰਨਾ ਸਮਾਂ ਹੋ ਗਿਆ ਹੱਸ ਕੇ, ਤਾਂ ਹਾਲੇ ਤੱਕ ਸਾਨੂੰ ਵੀ ਨਹੀਂ ਦਿੰਦੇ! ਨਾਲੇ ਛੱਡ, ਤੂੰ ਹੋਰ ਕੋਈ ਕੰਮ ਕਰ ਲਾ। ਜੇ ਤੈਨੂੰ ਲੱਗਦਾ ਇਹ ਕੰਮ ਔਖਾ ਐ, ਤਾਂ ਕੱਲ੍ਹ ਤੋਂ ਕੋਈ ਹੋਰ ਚਲਿਆ ਜਾਊ, ਤੂੰ ਇੱਥੇ ਰੁਕ ਕੇ ਆਸ਼ਰਮ ਦੇ ਕੰਮ ਕਰ ਲਈਂ।" ਅਗਲੇ ਦਿਨ ਤੜਕ ਸਵੇਰੇ ਗੁਰੂ ਨੇ ਉਹਨੂੰ ਉਠਾ ਕੇ ਆਸ਼ਰਮ ਦੇ ਕੰਮਾਂ 'ਚ ਹੀ ਲਾ ਦਿੱਤਾ—ਝਾੜੂ-ਪੋਚਾ ਕਰਨ ਦੇ ਲਈ ਕਿਹਾ, ਪਾਣੀ ਭਰਨ ਦੇ ਲਈ ਕਿਹਾ, ਬਾਕੀਆਂ ਦੇ ਲੀੜੇ-ਕੱਪੜੇ ਧੋਣ ਦੇ ਲਈ ਕਹਿ ਦਿੱਤਾ, ਅਤੇ ਰਾਸ਼ਨ-ਪਾਣੀ ਜਿਹੜਾ ਵੀ ਕੋਈ ਥੁੜਦਾ ਉਹ ਕਿੱਦਾਂ ਤੇ ਕਿੱਥੋਂ ਇਕੱਠਾ ਕਰਨਾ, ਉਹ ਦੇਖਣ ਲਈ ਕਿਹਾ। ਹੋਰ ਕਿੰਨੇ ਕੰਮ ਗਿਣਾ ਦਿੱਤੇ ਤੇ ਅੱਜ ਉਹਨੂੰ ਇਹ ਵੀ ਔਖੇ ਲੱਗਣ ਲੱਗ ਪਏ। ਹੌਲੀ-ਹੌਲੀ ਉਹਨੂੰ ਇੱਕ ਦਿਨ ਯਾਦ ਆਇਆ ਕਿ ਇਹਦੇ ਨਾਲੋਂ ਤਾਂ ਘਰ ਹੀ ਚੰਗਾ ਸੀ! ਜੇ ਸਾਰੇ ਝੰਬੇਲੇ ਹਾਲੇ ਵੀ ਜਿੰਦਗੀ ਦੇ ਵਿੱਚ ਰਹਿਣੇ ਐ, ਤਾਂ ਫਿਰ ਇੱਥੇ ਵੀ ਆਉਣ ਦਾ ਕੀ ਫਾਇਦਾ?
ਉਹ ਗੁਰੂ ਨੂੰ ਕਹਿਣ ਲੱਗਾ, "ਤੁਸੀਂ ਮੈਨੂੰ ਸਪੱਸ਼ਟ ਕਿਉਂ ਨਹੀਂ ਦੱਸ ਦਿੰਦੇ? ਹੋ ਸਕਦਾ ਮੇਰੀ ਕਿਸਮਤ ਦੇ ਵਿੱਚ ਆਰਾਮ ਲਿਖਿਆ ਹੀ ਨਾ ਹੋਵੇ, ਹੋ ਸਕਦਾ ਮੇਰੀ ਜਿੰਦਗੀ ਦੇ ਵਿੱਚ ਇੱਦਾਂ ਦੇ ਹੀ ਕਸ਼ਟ ਲਿਖੇ ਹੋਣ। ਜੇ ਮੈਂ ਸਾਰੀ ਜਿੰਦਗੀ ਇੱਦਾਂ ਹੀ ਧੂਹ-ਧੂਹ ਕੇ ਗੁਜ਼ਾਰਨੀ ਐ, ਮੇਰੇ ਮਨ ਨੂੰ ਕੋਈ ਖੁਸ਼ੀ ਨਹੀਂ ਮਿਲਣੀ, ਤਾਂ ਫਿਰ ਇਹੋ ਜਿਹੇ ਜੀਵਨ ਦਾ ਕਰਨਾ ਵੀ ਕੀ? ਮੈਂ ਨਹੀਂ ਇੱਦਾਂ ਦੀ ਜਿੰਦਗੀ ਜੀਅ ਸਕਦਾ, ਮੇਰੀ ਜਿੰਦਗੀ ਨਰਕ ਹੋਈ ਪਈ ਐ। ਮੈਂ ਸੋਚਿਆ ਸੀ ਇੱਥੇ ਆ ਕੇ ਥੋੜਾ ਜਿਹਾ ਸੁਖੀ ਹੋ ਜਾਊਂਗਾ, ਪਰ ਇੱਥੇ ਮੈਨੂੰ ਲੱਗ ਰਿਹਾ ਮੈਂ ਹੋਰ ਜਿਆਦਾ ਤੰਗ ਆਂ।" ਗੁਰੂ ਕਹਿਣ ਲੱਗਾ, "ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਤੂੰ ਜਿੱਥੇ ਮਰਜ਼ੀ ਚਲਿਆ ਜਾ, ਜਿੰਨਾ ਚਿਰ ਤੂੰ ਸਾਰੀਆਂ ਸਮੱਸਿਆਵਾਂ ਸਵੀਕਾਰ ਨਹੀਂ ਕਰਦਾ, ਜਿੰਨਾ ਚਿਰ ਇਹਨਾਂ ਦਾ ਡੱਟ ਕੇ ਸਾਹਮਣਾ ਨਹੀਂ ਕਰਦਾ, ਉੰਨਾ ਚਿਰ ਤੱਕ ਤਾਂ ਇਹ ਤੈਨੂੰ ਇੱਦਾਂ ਹੀ ਤੰਗ-ਪਰੇਸ਼ਾਨ ਕਰਨਗੀਆਂ। ਵੈਸੇ ਅੱਜ ਮੈਂ ਸੋਚਿਆ ਸੀ ਤੈਨੂੰ ਮੈਂ ਆਪਣੇ ਨਾਲ ਲੈ ਕੇ ਜਾਵਾਂ।"
ਗੁਰੂ ਉਹਨੂੰ ਆਪਣੇ ਨਾਲ ਲੈ ਕੇ ਇੱਕ ਐਸੇ ਵਿਅਕਤੀ ਦੇ ਘਰ ਪਹੁੰਚ ਗਏ ਜਿੱਥੇ ਉਹਦੀਆਂ ਲੱਤਾਂ ਨਹੀਂ ਸੀ, ਉਹ ਬੜਾ ਔਖਾ-ਸੌਖਾ ਹੋ ਕੇ ਪੌੜੀਆਂ ਦੇ ਨਾਲ ਤੁਰ ਰਿਹਾ ਸੀ। ਗੁਰੂ ਨੇ ਜਾ ਕੇ ਉਹਨੂੰ ਉਹਦੇ ਕੋਲ ਬਿਠਾ ਦਿੱਤਾ ਅਤੇ ਪੁੱਛਿਆ, "ਭਾਈ, ਦੱਸ ਖਾਂ ਕਿੱਦਾਂ ਤੇਰੀ ਜਿੰਦਗੀ ਜੀਅ ਜਾ ਰਹੀ ਐ? ਤੂੰ ਆਪਣੀ ਜਿੰਦਗੀ 'ਚ ਖੁਸ਼ ਐਂ?" ਉਹ ਵਿਅਕਤੀ ਬੋਲਿਆ, "ਕਿਉਂ ਮਜ਼ਾਕ ਕਰਦੇ ਹੋ ਬਾਬਿਓ? ਤੁਰਿਆ ਮੈਥੋਂ ਜਾਂਦਾ ਨਹੀਂ ਐ, ਬਹੁਤੀ ਵਾਰੀ ਤਾਂ ਪਾਣੀ ਪੀਣ ਖੁਣੋਂ ਵੀ ਬੈਠੇ ਰਹੀਦਾ, ਕੋਈ ਆਊਗਾ ਤੇ ਗਿਲਾਸ ਫੜਾ ਦੂ। ਕੋਈ ਲੰਘਦਾ-ਵੜਦਾ ਟਿੱਚਰਾਂ ਕਰ ਜਾਂਦਾ, ਉਹ ਵੱਖਰੀਆਂ। ਸਾਡੀ ਕਾਹਦੀ ਜਿੰਦਗੀ ਐ? ਜਿਹੜੀ ਲੰਘੀ ਉਹ ਵੀ ਔਖੇ-ਸੌਖੇ ਰੇੜ੍ਹ-ਖੇੜ੍ਹ ਕੇ, ਜਿਹੜੀ ਗਾਂਹ ਲੰਘਣੀ ਐ ਉਹ ਵੀ ਰੇੜ੍ਹ-ਖੇੜ੍ਹ ਕੇ। ਨਾਲੇ ਤੁਹਾਨੂੰ ਕਿਹੜਾ ਪਤਾ ਨਹੀਂ, ਤੁਸੀਂ ਅੱਜ ਫਿਰ ਨਵੇਂ ਸਿਰਿਓਂ ਪੁੱਛ ਰਹੇ ਹੋ। ਇਹ ਤਾਂ ਪੁੱਛਣ ਵਾਲਿਆਂ ਦਾ ਐ, ਉਹ ਤੇ ਪੁੱਛ ਕੇ ਗਾਂਹ ਜਾਂਦੇ ਨੇ, ਪਰ ਇੱਦਾਂ ਲੱਗਦਾ ਜਿੱਦਾਂ ਜ਼ਖਮਾਂ 'ਤੇ ਲੂਣ ਪਾ ਰਹੇ ਹੋਣ। ਜਿੰਦਗੀ ਤਾਂ ਇਹਦੇ ਵਰਗੇ ਨੌਜਵਾਨਾਂ ਦੀ ਐ, ਆਹ ਜਿਹੜੇ ਹੱਟੇ-ਕੱਟੇ ਲੋਕ ਨੇ, ਆਪਣੀਆਂ ਲੱਤਾਂ 'ਤੇ ਤੇ ਤੁਰੇ ਫਿਰਦੇ ਨੇ ਨਾ, ਆਪਣੇ ਘਰ ਦੇ ਲਈ ਰੋਜ਼ੀ-ਰੋਟੀ ਕਮਾ ਕੇ ਲਿਆਉਂਦੇ ਹੋਣਗੇ, ਤੇ ਸਾਨੂੰ ਤਾਂ ਭਾਈ ਕਿਸੇ ਦੇ ਹੱਥਾਂ ਵੱਲ ਵੇਖਣਾ ਪੈਂਦਾ।"
ਇਸੇ ਤਰ੍ਹਾਂ ਦੇ ਨਾਲ ਗੁਰੂ ਨੇ ਉਹਨੂੰ ਇੱਕ-ਦੋ ਹੋਰ ਕਹਾਣੀਆਂ ਸੁਣਾਈਆਂ ਅਤੇ ਦਿਖਾਇਆ ਕਿ ਯਾਦ ਰਹੇ ਕਈਆਂ ਦੀਆਂ ਅੱਖਾਂ ਨਹੀਂ ਨੇ, ਯਾਦ ਰਹੇ ਕਈਆਂ ਨੂੰ ਐਸੀਆਂ ਬਿਮਾਰੀਆਂ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਐ ਉਹਨਾਂ ਨੇ ਕਿੰਨੇ ਦਿਨ ਕੱਢਣੇ ਐ। ਕਿਸੇ ਨੂੰ ਕੋਈ ਦੁੱਖ ਐ, ਕਿਸੇ ਨੂੰ ਕੋਈ; ਕਿਸੇ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਉਣਤਾਈ ਐ ਤੇ ਕਿਸੇ ਨੂੰ ਕੋਈ। ਗੁਰੂ ਨੇ ਨੌਜਵਾਨ ਨੂੰ ਸਮਝਾਇਆ, "ਤੇ ਜੇ ਉਹਦੇ ਬਾਵਜੂਦ ਵੀ ਇੱਕ ਬਿਲਕੁਲ ਸਾਬਤ-ਸਰੀਰ ਬੰਦਾ ਇਹ ਕਹਿੰਦਾ ਕਿ ਮੇਰੀ ਕਿਸਮਤ ਮਾੜੀ ਐ, ਤੇ ਫਿਰ ਇਸ ਤੋਂ ਚੰਗੀ ਕਿਸਮਤ ਹੋ ਵੀ ਨਹੀਂ ਸਕਦੀ। ਤੂੰ ਸੋਚ, ਜੇ ਤੂੰ ਇਹਨਾਂ ਦੇ ਵਿੱਚੋਂ ਇੱਕ ਹੋਵੇਂ ਤੇ ਫਿਰ ਵੀ ਤੂੰ ਬੈਠਾ ਇਹੋ ਹੀ ਦੋਸ਼ ਦੇਵੇਂ ਆਪਣੇ ਆਪ ਨੂੰ, ਫਿਰ ਵੀ ਤੂੰ ਰੱਬ ਨੂੰ ਇਹੋ ਹੀ ਲਾਹਮੇ ਦੇ ਰਿਹਾ ਹੋਵੇਂ, ਪਰ ਉਸ ਹਾਲਾਤ ਦੇ ਵਿੱਚ ਤੈਨੂੰ ਇਹੋ ਲੱਗੂਗਾ ਕਿ ਮੇਰੇ ਕੋਲ ਆਹ ਚੀਜ਼ ਹੁੰਦੀ ਤਾਂ ਮੈਂ ਸਭ ਕੁਛ ਕਰ ਲੈਣਾ ਸੀ। ਸਭ ਕੁਛ ਹੁੰਦਿਆਂ-ਸੁੰਦਿਆਂ ਜਿਹਨਾਂ ਕੋਲ ਦੌਲਤ ਨਹੀਂ ਹੁੰਦੀ, ਉਹ ਸਾਰੀ ਉਮਰ ਆਪਣੀ ਇਹਨਾਂ ਰੋਣਿਆਂ ਦੇ ਵਿੱਚ ਕੱਢ ਦਿੰਦੇ ਐ ਕਿ ਜੇ ਪੈਸਾ ਹੁੰਦਾ, ਜੇ ਸਾਡੇ ਵੱਡਿਆਂ ਨੇ ਕਮਾਇਆ ਹੁੰਦਾ, ਜੇ ਸੌਖਾ ਕਮਾਇਆ ਜਾਂਦਾ, ਚੰਗੀ ਨੌਕਰੀ ਲੱਗ ਜਾਂਦੀ, ਜੇ ਕੋਈ ਚੰਗਾ ਕਾਰੋਬਾਰ ਪੈ ਜਾਂਦਾ। ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਰੱਬ ਨੇ ਦਿੱਤੀਆਂ ਹੁੰਦੀਆਂ ਨੇ—ਇਹ ਹੱਥ, ਇਹ ਲੱਤਾਂ, ਅੱਖਾਂ, ਕੰਨ ਸੁਣਨ ਦੇ ਲਈ, ਮੱਤ ਸੋਚਣ ਦੇ ਲਈ—ਉਹ ਸਾਰੀਆਂ ਚੀਜ਼ਾਂ ਦੀ ਸਹੀ ਢੰਗ ਦੇ ਨਾਲ ਵਰਤੋਂ ਕਰਕੇ ਆਪਾਂ ਆਪਣਾ ਜੀਵਨ ਸੁਖਾਲਾ ਤੇ ਜਰੂਰ ਬਣਾ ਸਕਦੇ ਹੁੰਦੇ ਆਂ।"
ਵਾਪਸੀ 'ਤੇ ਉਹਨੇ ਪੁੱਛਿਆ, "ਫਿਰ ਇਹ ਮਨ ਦੇ ਵਿੱਚ ਭਟਕਣ ਕਿਉਂ?" ਗੁਰੂ ਨੇ ਜਵਾਬ ਦਿੱਤਾ, "ਉਹ ਤਾਂ ਭਾਈ ਤੇਰੇ ਹੱਥ ਆ, ਤੂੰ ਜਿੱਦਾਂ ਦੀ ਜਿੰਦਗੀ ਚਾਹਵੇਂ ਉੱਦਾਂ ਦੀ ਬਣਾ ਲੈ। ਜਿੱਦਾਂ ਦਾ ਤੂੰ ਸੋਚਦਾ ਐਂ, ਉੱਦਾਂ ਦਾ ਤੂੰ ਹੁੰਦਾ ਜਾਂਦਾ। ਤੈਨੂੰ ਲੱਗ ਰਇਆ ਮੇਰੀ ਜਿੰਦਗੀ ਔਖੀ ਐ, ਪਲ-ਪਲ ਔਖੀ ਐ, ਮੇਰੀ ਕਿਸਮਤ ਮਾੜੀ ਐ, ਬਾਕੀਆਂ ਦੇ ਨਾਲੋਂ ਬਹੁਤ ਮਾੜੀ ਐ; ਤੇ ਹੌਲੀ-ਹੌਲੀ ਤੈਨੂੰ ਉਹੀ ਸੱਚ ਲੱਗਣ ਲੱਗ ਪਿਆ। ਅਸਲ ਦੇ ਵਿੱਚ ਤਾਂ ਜਿੰਦਗੀ ਬੜੀ ਆਸਾਨ ਐ, ਇਹ ਬੜੀ ਸਰਲ ਐ, ਇਹ ਤਾਂ ਤੁਹਾਡੇ ਸਾਹਮਣੇ ਪਈ ਖੁੱਲ੍ਹੀ ਕਿਤਾਬ ਐ, ਇਹਨੂੰ ਤਾਂ ਬਹੁਤਾ ਸਮਝਣ ਦੀ ਵੀ ਲੋੜ ਨਹੀਂ। ਇਹ ਤਾਂ ਐਵੇਂ ਘਰੋਂ ਕੰਮਾਂ-ਕਾਜਾਂ ਤੋਂ ਭੱਜੇ ਸਾਡੇ ਕੋਲ ਆ ਜਾਂਦੇ ਹੋ। ਸਾਡੇ ਵੱਖਰੇ ਰਾਹ ਨੇ, ਤੁਹਾਡੇ ਵੱਖਰੇ, ਦੁਨੀਆ ਤੇ ਹਰ ਇੱਕ ਬੰਦੇ ਦਾ ਵੱਖਰਾ-ਵੱਖਰਾ ਰਾਹ ਐ। ਜੇ ਤੂੰ ਤਜਰਬਾ ਕਰਨਾ ਤਾਂ ਕੋਸ਼ਿਸ਼ ਕਰ, ਇਹ ਸਾਰਾ ਕੁਛ ਭੁੱਲ-ਭੁਲਾ ਕੇ ਇਸ ਕੁਦਰਤ ਦੇ ਨਾਲ ਇੱਕਮਿਕ ਹੋਣ ਦੀ ਕੋਸ਼ਿਸ਼ ਤਾਂ ਕਰ, ਤੈਨੂੰ ਸਾਰਾ ਕੁਛ ਆਸਾਨ ਲੱਗਣ ਲੱਗ ਪਊ।"
ਤੇ ਕਹਿੰਦੇ ਨੇ ਹੌਲੀ-ਹੌਲੀ ਉਹਨੇ ਜਿੰਦਗੀ ਦਾ ਆਨੰਦ ਮਾਨਣਾ ਸ਼ੁਰੂ ਕੀਤਾ। ਪਤਾ ਕਿੱਦਾਂ? ਤੜਕ ਸਵੇਰੇ ਉੱਠ ਕੇ ਉਹਨੇ ਸੂਰਜ ਨੂੰ ਨਿਕਲਦਿਆਂ ਵੇਖਣਾ ਸ਼ੁਰੂ ਕੀਤਾ, ਉਸ ਦੇ ਦਰਮਿਆਨ ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਨਿਹਾਰਨਾ ਸ਼ੁਰੂ ਕੀਤਾ। ਸ਼ਾਮੀ ਸੂਰਜ ਡੁੱਬਦਾ ਤਾਂ ਉਸ ਸਮੇਂ ਉਹ ਬੜੇ ਗਹੁ ਦੇ ਨਾਲ ਵੇਖਦਾ। ਉਹ ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਹੁਣ ਬੜੇ ਗਹੁ ਦੇ ਨਾਲ ਵੇਖਣਾ ਸ਼ੁਰੂ ਕਰ ਚੁੱਕਾ ਸੀ। ਉਹ ਇਹਨਾਂ ਰੁੱਖਾਂ ਦੇ ਨਾਲ ਗੱਲਾਂ ਕਰਦਾ, ਇਹਨਾਂ ਪੰਛੀਆਂ ਨੂੰ ਉੱਡਦਿਆਂ ਵੇਖਦਾ, ਉਹਨਾਂ ਨੂੰ ਨੇਮ ਅਨੁਸਾਰ ਦਾਣਾ ਲੈਣ ਦੇ ਲਈ, ਜਾਣ ਦੇ ਲਈ, ਆਉਣ ਦੇ ਲਈ, ਉਹਨਾਂ ਦੀ ਇਕੱਲੀ-ਇਕੱਲੀ ਚੀਜ਼ ਨੋਟ ਕਰਦਾ। ਉਹਨਾਂ ਦੇ ਆਲ੍ਹਣਿਆਂ ਦੇ ਵਿੱਚ ਚੀਂ-ਚੀਂ ਤੇ ਉਹਨਾਂ ਦੇ ਆਲ੍ਹਣਿਆਂ ਦੇ ਵਿੱਚ ਸਕੂਨ ਮਹਿਸੂਸ ਕਰਦਾ। ਉਹ ਪਾਣੀ ਦੇ ਵਿੱਚ ਹੱਥ ਪਾਉਂਦਾ, ਮਹਿਸੂਸ ਕਰਦਾ, ਇਸ ਕੁਦਰਤ ਨੂੰ ਆਪਣੇ ਆਪ ਦੇ ਨਾਲ ਇੱਕਮਿਕ ਹੋਇਆ ਫੀਲ ਕਰਦਾ।
ਤੇ ਹੁਣ ਉਹ ਸੋਚਦਾ, "ਇਹ ਚੀਜ਼ਾਂ ਤਾਂ ਮੈਂ ਕਦੀ ਮਾਣੀਆਂ ਨਹੀਂ ਸੀ, ਇਹਨਾਂ ਚੀਜ਼ਾਂ ਦਾ ਤਾਂ ਮੈਨੂੰ ਚੇਤਾ ਹੀ ਭੁੱਲ ਗਿਆ ਸੀ। ਮੈਨੂੰ ਕੁਦਰਤ ਦੀ ਇਹ ਹਰਿਆਲੀ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਨਜ਼ਰ ਆ ਰਹੀ ਐ, ਮੈਨੂੰ ਇਹ ਖੁੱਲ੍ਹਾ ਅਸਮਾਨ ਪਹਿਲੀ ਵਾਰ ਸਕੂਨ ਦੇ ਰਿਹਾ। ਮੈਨੂੰ ਲੱਗਦਾ ਸੀ ਇਹ ਦੁਨੀਆ ਬਹੁਤ ਭੀੜ-ਭੜੱਕੇ ਵਾਲੀ ਐ, ਬੰਦੇ 'ਚ ਬੰਦਾ ਵੱਜਦਾ ਫਿਰਦਾ, ਕਿਤੇ ਵੀ ਕੋਈ ਸਾਹ ਲੈਣ ਦੀ ਥਾਂ ਨਹੀਂ। ਪਰ ਹੁਣ ਜਦੋਂ ਮੈਂ ਖੁੱਲ੍ਹੇ ਅਸਮਾਨਾਂ ਦੇ ਵਿੱਚ ਝਾਤੀ ਮਾਰਦਾ, ਇੱਦਾਂ ਲੱਗਦਾ ਸਾਰਾ ਕੁਛ ਹੀ ਵਿਹਲਾ ਪਿਆ, ਤੇ ਇੱਦਾਂ ਲੱਗਦਾ ਇਹ ਸਾਰਾ ਕੁਛ ਹੀ ਮੇਰਾ ਐ। ਇਹ ਸਾਰਾ ਕੁਛ ਹੀ ਮੇਰੀਆਂ ਸੁੱਖ-ਸਹੂਲਤਾਂ ਦੇ ਲਈ ਬਣਿਆ ਐ, ਇੱਦਾਂ ਲੱਗਦਾ ਜਿੱਦਾਂ ਰੱਬ ਨੇ ਇਹ ਇਕੱਲੀ-ਇਕੱਲੀ ਚੀਜ਼ ਇਸ ਕਰਕੇ ਬਣਾਈ ਹੋਵੇ ਕਿ ਮੈਨੂੰ ਕੋਈ ਸਮੱਸਿਆ ਨਾ ਆਵੇ। ਇਹ ਸਾਰੀਆਂ ਚੀਜ਼ਾਂ ਮੈਨੂੰ ਵਰਤਣ ਦੇ ਲਈ ਦਿੱਤੀਆਂ ਨੇ—ਪੀਣ ਦੇ ਲਈ ਪਾਣੀ ਦਿੱਤਾ, ਮਾਲ-ਡੰਗਰ, ਦੁੱਧ, ਇਹ ਰਾਸ਼ਨ, ਰਿਜ਼ਕ, ਇਹ ਫਲ, ਇਹ ਹਵਾ ਤੇ ਹੋਰ ਕਿੰਨਾ ਕੁਛ!" ਹਰ ਇੱਕ ਚੀਜ਼ ਵੱਲ ਧਿਆਨ ਮਾਰਿਆਂ ਉਹਨੂੰ ਲੱਗਦਾ ਕਿ ਰੱਬ ਤੇ ਮੇਰਾ ਖਿਆਲ ਹੀ ਬੜਾ ਰੱਖਦਾ।
ਕੁੱਲ ਮਿਲਾ ਕੇ ਸਿਰਫ਼ ਨਜ਼ਰੀਆ ਐ। ਆਪਣਾ ਨਜ਼ਰੀਆ, ਆਪਣੀ ਸੋਚ ਬਦਲਣ ਦੇ ਨਾਲ ਸਾਰਾ ਕੁਛ ਹੀ ਤੁਹਾਨੂੰ ਆਸ-ਪਾਸ ਬਦਲਿਆ-ਬਦਲਿਆ ਨਜ਼ਰ ਆਉਂਦਾ, ਨਹੀਂ ਤਾਂ ਫਿਰ ਵਾਕਈ ਜਿੰਦਗੀ ਬੋਝ ਹੀ ਐ ਕਿਉਂਕਿ ਆਪਾਂ ਉਹਨੂੰ ਬੋਝ ਮੰਨ ਕੇ ਚੱਲਦੇ ਆਂ। ਤੇ ਜਿੰਨਾ ਵੱਧ ਮੰਨੀ ਜਾਓ, ਉੰਨਾ ਉਹ ਵੱਧ ਭਾਰ ਲੱਗਣ ਲੱਗ ਪੈਂਦਾ। ਕੋਸ਼ਿਸ਼ ਕਰਕੇ ਇਹਨੂੰ ਆਪਾਂ ਜਿੰਨਾ ਸੌਖਾ ਕਰ ਲਈਏ ਉੰਨਾ ਹੀ ਚੰਗਾ, ਤੇ ਜਿਹਨੂੰ-ਜਿਹਨੂੰ ਜਿੱਦਾਂ-ਜਿੱਦਾਂ ਲੱਗ ਰਿਹਾ, ਉਹ ਉੱਦਾਂ-ਉੱਦਾਂ ਆਪਣੀ ਸੋਚ ਦੇ ਵਿੱਚ ਤਬਦੀਲੀ ਕਰਕੇ ਇਹਨੂੰ ਸੌਖਿਆਂ ਕਰ ਸਕਦਾ। ਬਾਕੀ ਇੰਨਾ ਕੁ ਤੇ ਵੈਸੇ ਵੀ ਸਾਨੂੰ ਪਤਾ ਤੇ ਇਹਨਾਂ ਕਹਾਣੀਆਂ ਦੇ ਵਿੱਚੋਂ ਵੀ ਪਤਾ ਲੱਗ ਜਾਂਦਾ ਕਿ ਜੋ ਮਰਜ਼ੀ ਕਰ ਲੋ, ਜਿੱਦਾਂ ਦਾ ਮਰਜ਼ੀ ਕੋਈ ਘਰ 'ਚ ਕਰ ਰਿਹਾ, ਕਾਰੋਬਾਰਾਂ 'ਚ, ਨੌਕਰੀ ਤੇ ਕਰ ਰਿਹਾ, ਹਰ ਇੱਕ ਨੂੰ ਆਪੋ-ਆਪਣੀ ਥਾਂ ਦੇ ਉੱਤੇ ਲੱਗਦਾ ਇਹ ਬੋਝ ਹੀ ਐ, ਪਰ ਹੈਗਾ ਨਹੀਂ। ਇਹਦੀ ਖੂਬਸੂਰਤੀ ਨੂੰ ਮਾਨਣ ਦੇ ਲਈ ਪਹਿਲਾਂ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਆਉਣਾ ਪਊਗਾ, ਤੇ ਬਾਹਰ ਆਉਣ ਦੇ ਲਈ ਇੰਨਾ ਕੁ ਸਮਾਂ ਜਰੂਰ ਕੱਢਣਾ ਪਊਗਾ ਕਿ ਆਪਾਂ ਇਹਨਾਂ ਕੁਦਰਤ ਦੇ ਵਰਤਾਰਿਆਂ ਨੂੰ ਲਾਗੇ ਹੋ ਕੇ ਵੇਖ ਪਾਈਏ।
Frequently Asked Questions
ਰੇਡੀਓ ਹਾਂਜੀ (Radio Haanji) 'ਤੇ 'ਕਿਤਾਬ ਕਹਾਣੀ' (Kitaab Kahani) ਸਿਰੀਜ਼ ਕੀ ਹੈ?
ਰੇਡੀਓ ਹਾਂਜੀ ਪੋਡਕਾਸਟ (Radio Haanji Podcast) ਨੂੰ ਔਨਲਾਈਨ ਕਿੱਥੇ ਸੁਣਿਆ ਜਾ ਸਕਦਾ ਹੈ?
ਹੋਸਟ ਰਣਜੋਧ ਸਿੰਘ (Ranjodh Singh) ਦੇ ਪੋਡਕਾਸਟਾਂ ਦੀ ਕੀ ਖਾਸੀਅਤ ਹੈ?
ਜਿੰਦਗੀ ਵਿੱਚ ਸਕਾਰਾਤਮਕ ਸੋਚ (Positive Thinking) ਅਤੇ ਨਜ਼ਰੀਆ ਬਦਲਣ ਲਈ ਇਹ ਕਹਾਣੀ ਕਿਵੇਂ ਮਦਦਗਾਰ ਹੈ?
ਰੇਡੀਓ ਹਾਂਜੀ ਪੰਜਾਬੀ ਭਾਈਚਾਰੇ ਵਿੱਚ ਕੀ ਭੂਮਿਕਾ ਨਿਭਾ ਰਿਹਾ ਹੈ?
What's Your Reaction?
