ਖ਼ਾਲੀ ਤਿਜੋਰੀ ਦਾ ਬੋਝ: ਨਵਾਬ ਸਾਹਿਬ ਦੀ ਕਹਾਣੀ - Punjabi Motivational Story

ਨਵਾਬ ਸਾਹਿਬ ਦੀ ਇਹ ਕਹਾਣੀ ਪੈਸੇ ਦੀ ਅੰਨ੍ਹੀ ਦੌੜ, ਗੁਆਚੇ ਹੋਏ ਚੈਨ ਅਤੇ ਝੂਠੀ ਆਕੜ ਦੇ ਬੋਝ ਦੀ ਹਕੀਕਤ ਬਿਆਨ ਕਰਦੀ ਹੈ। ਜਾਣੋ ਜ਼ਿੰਦਗੀ ਦੀ ਅਸਲ ਦੌਲਤ ਕੀ ਹੈ।

Aug 21, 2026 - 13:53
 0  0

Share -

ਖ਼ਾਲੀ ਤਿਜੋਰੀ ਦਾ ਬੋਝ: ਨਵਾਬ ਸਾਹਿਬ ਦੀ ਕਹਾਣੀ - Punjabi Motivational Story
An exhausted elderly man carrying a heavy empty vintage metal safe on his back, symbolizing greed and lost inner peace.

ਨਵਾਬ ਸਾਬ੍ਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਧਨ ਕਮਾਇਆ। ਕਹਿੰਦੇ ਨੇ ਬੜਾ ਜ਼ਿਆਦਾ ਪੈਸਾ ਕਮਾ ਲਿਆ। ਆਸ-ਪਾਸ ਸਾਰੇ ਲੋਕਾਂ ਦੇ ਵਿੱਚ ਗੱਲਾਂ— ਬੜਾ ਭਾਈ ਸਮੇਂ ਸਿਰ ਪੈਸਾ ਕਮਾ ਕੇ ਆਰਾਮ ਦੇ ਨਾਲ ਬੈਠੇ ਨੇ। ਪਰ ਅਸਲ ਦੇ ਵਿੱਚ ਉਹ ਆਰਾਮ ਦੇ ਨਾਲ ਕਿੱਥੇ ਬੈਠੇ ਨੇ? ਉਹਨਾਂ ਦੀਆਂ ਤਾਂ ਚਿੰਤਾਵਾਂ ਹੋਰ ਜ਼ਿਆਦਾ ਵੱਧ ਰਹੀਆਂ ਨੇ। ਜਿੱਦਾਂ-ਜਿੱਦਾਂ ਪੈਸਾ ਵੱਧਦਾ, ਉੱਦਾਂ-ਉੱਦਾਂ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਹੋਰ ਮਜ਼ਬੂਤ ਕਰ ਦਿੱਤਾ। ਉਹਨਾਂ ਨੂੰ ਹੋਰ ਮੁਨਾਫ਼ਾ ਹੋਇਆ ਤੇ ਉਹਨਾਂ ਨੇ ਹੋਰ ਵੱਡਾ ਜਿੰਦਰਾ ਲਿਆ ਕੇ ਮਾਰਿਆ। ਉਹਨਾਂ ਨੂੰ ਡਰ ਆ ਕਿ ਇਹ ਸਮਾਨ ਚੋਰੀ ਨਾ ਹੋ ਜਾਏ।

ਆਪਣੇ ਗਹਿਣੇ-ਗੱਟੇ, ਜ਼ੇਵਰਾਤ... ਉਹ ਸਾਰਾ ਕੁਝ ਉਹਨਾਂ ਨੇ ਹੁਣ ਇਕੱਠਾ ਕਰਕੇ ਆਪਣੇ ਲਾਗੇ-ਲਾਗੇ ਤਿਜੋਰੀ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਜਦੋਂ ਰਾਤ ਨੂੰ ਉਹ ਸੌਂਦੇ ਨੇ ਤਾਂ ਉਹਨਾਂ ਨੂੰ ਇੱਕ ਬੇਚੈਨੀ ਜਿਹੀ ਰਹਿੰਦੀ। ਉਹ ਸਾਰਾ ਕੁਝ ਇਕੱਠਾ ਕਰਕੇ ਆਪਣੇ ਲਾਗੇ, ਆਪਣੇ ਸਿਰਹਾਣੇ ਰੱਖ ਕੇ ਸੌਂਦੇ। ਜੋ ਕੁਝ ਵੀ ਆ, ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਇਕੱਠਾ ਕਰ ਲਿਆ। ਉਹਨਾਂ ਦਾ ਧਿਆਨ ਰਹਿੰਦਾ ਕਿ ਸਾਰੇ ਪਾਸੇ ਦਾ, ਸਾਰੇ ਆਲੇ-ਦੁਆਲੇ ਦਾ ਧਿਆਨ ਆ ਮੇਰੇ ਪੈਸੇ ਦੇ ਉੱਤੇ। ਇਸ ਕਰਕੇ ਇਹ ਮੇਰੇ ਇਰਦ-ਗਿਰਦ ਰਹੂਗਾ ਤੇ ਮੈਂ ਇਹਨਾਂ ਦਾ ਬਚਾਅ ਕਰ ਸਕੂੰਗਾ। ਸੋ, ਜੋ ਕੁਝ ਵੀ ਉਹਨਾਂ ਦਾ ਖੱਟਿਆ-ਕਮਾਇਆ, ਉਹ ਸਾਰਾ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਨੇ।

ਉਹਨਾਂ ਨੂੰ ਇੰਨੀ ਬੇਵਿਸਾਹੀ ਹੋ ਗਈ ਆ ਪਈ ਹੌਲੀ-ਹੌਲੀ ਉਹਨਾਂ ਨੇ ਆਪਣੇ ਪਰਿਵਾਰ ਦੇ ਜੀਅ ਵੀ ਵਿਸਾਰ ਦਿੱਤੇ। ਉਹਨਾਂ ਨੂੰ ਲੱਗਦਾ ਕਿ ਪਰਿਵਾਰ ਦੇ ਜੀਅ ਇਹ ਕਿਸੇ ਦੇ ਨਾਲ ਰਲ ਕੇ ਚੋਰੀ-ਡਾਕਾ ਮਾਰਨਗੇ। ਅੰਦਰੋਂ ਖਿੱਝ ਇਸੇ ਗੱਲ ਦੀ ਆ ਵੈਸੇ, ਪਰ ਬਾਹਰੋਂ-ਬਾਹਰੋਂ ਹੋਰ-ਹੋਰ ਗੱਲਾਂ ਕਰਕੇ ਉਹਨਾਂ ਨੇ ਲੜਾਈ-ਝਗੜਾ ਜਾਰੀ ਰੱਖਿਆ। ਸਮਾਂ ਆਇਆ ਕਿ ਪਰਿਵਾਰ ਵੀ ਛੱਡ ਕੇ ਚਲਾ ਗਿਆ। ਇਸ ਸੰਕੀ ਬੰਦੇ ਦੇ ਨਾਲ ਕਿਹੜਾ ਰਵੇ?

ਹੁਣ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਨੇ ਆਪਣੀ ਤਿਜੋਰੀ ਦੇ ਵਿੱਚ ਰੱਖ ਲਿਆ। ਤਿਜੋਰੀ ਉਹਨਾਂ ਦੇ ਸਿਰਹਾਣੇ। ਕਿਸੇ ਹੱਦ ਤੱਕ ਉਹਨਾਂ ਨੂੰ ਲੱਗਦਾ ਪਈ ਹੁਣ ਮੇਰਾ ਪੈਸਾ ਕਦੇ ਚੋਰੀ ਨਹੀਂ ਹੋ ਸਕਦਾ। ਹੁਣ ਤਾਂ ਉਹ ਛੱਤੇ ਪਹਿਰ ਘਰ ਦੇ ਵਿੱਚ ਹੀ ਧਿਆਨ ਰੱਖਦੇ ਆ। ਬਾਹਰ-ਅੰਦਰ ਜਾਂਦੇ ਨੇ ਤੇ ਚਿੱਤ ਉਹਨਾਂ ਦਾ ਘਰ ਦੇ ਵਿੱਚ ਲੱਗਾ ਰਹਿੰਦਾ। ਰਾਤ ਨੂੰ ਸੌਂਦੇ ਨੇ ਤੇ ਰਾਤ ਉਬੜ-ਵਾਹੇ ਉੱਠ-ਉੱਠ ਕੇ ਵੀ ਵੇਖਦੇ ਆ।

ਪਰ ਖ਼ੈਰ, ਥੋੜ੍ਹਾ ਸਮਾਂ ਲੰਘਿਆ ਤੇ ਇਹ ਗੱਲਾਂ ਸ਼ਹਿਰ ਦੇ ਵਿੱਚ ਆਮ ਹੋਣ ਲੱਗ ਪਈਆਂ ਪਈ ਭਾਈ, ਪੈਸਾ ਬਹੁਤ ਕਮਾ ਲਿਆ ਇਹਨੇ, ਖੁੱਲ੍ਹਾ ਮਾਲ ਆ। ਇਹ ਗੱਲ ਸ਼ਹਿਰ ਦੇ ਕਿਸੇ ਸ਼ਾਤਰ ਚੋਰ ਦੇ ਕੰਨੀਂ ਵੀ ਪੈ ਗਈ। ਤੇ ਚੋਰ ਨੇ ਇੱਕ ਦਿਨ ਇਹਨਾਂ ਦੇ ਘਰ ਸੰਨ੍ਹ ਲਾ ਲਈ। ਰਾਤ ਜਦੋਂ ਗੂੜ੍ਹੀ ਨੀਂਦੇ ਸੁੱਤੇ ਸੀ, ਚੋਰ ਨੇ ਬੜੀ ਸਫ਼ਾਈ ਦੇ ਨਾਲ ਆ ਕੇ ਦਰਵਾਜ਼ਾ ਖੋਲ੍ਹਿਆ। ਉਹ ਮਹਿੰਗੇ-ਮਹਿੰਗੇ ਤਾਲੇ ਉਹਨੇ ਪਤਾ ਨਹੀਂ ਕਿੱਦਾਂ ਬਿਨਾਂ ਆਵਾਜ਼ ਕੀਤੇ ਤੋਂ ਖੋਲ੍ਹ ਲਏ। ਤਿਜੋਰੀ ਤੋੜੀ ਤੇ ਸਾਰਾ ਕੁਝ ਇਕੱਠਾ ਕਰਕੇ ਰਾਤ ਦੇ ਹਨੇਰੇ 'ਤੇ ਔਹ ਗਿਆ ਤੇ ਔਹ ਗਿਆ।

ਇੱਧਰ ਨਵਾਬ ਸਾਹਿਬ ਜਦੋਂ ਸਵੇਰੇ ਉੱਠੇ ਨੇ, ਕੀ ਵੇਖਦੇ ਨੇ ਕਿ ਤਿਜੋਰੀ ਦਾ ਦਰਵਾਜ਼ਾ ਤਾਂ ਖੁੱਲ੍ਹਾ! ਤਿਜੋਰੀ ਖੁੱਲ੍ਹੀ ਪਈ ਆ। ਇੱਧਰ-ਉੱਧਰ ਹੱਥ ਮਾਰਦੇ ਨੇ, ਸਾਰਾ ਕੁਝ ਹੀ ਚਲਾ ਗਿਆ। ਪੈਸਾ, ਧਨ, ਜ਼ੇਵਰਾਤ, ਗਹਿਣੇ... ਜੋ ਕੁਝ ਵੀ ਸੀ, ਜਿਹਦੇ-ਜਿਹਦੇ ਉੱਤੇ ਵੀ ਉਹਨਾਂ ਨੂੰ ਮਾਣ ਸੀ, ਜੋ ਵੀ ਉਹਨਾਂ ਨੂੰ ਲੱਗਦਾ ਸੀ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਕਮਾਇਆ, ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਹੁਣ ਪਲ ਭਰ ਦੇ ਵਿੱਚ ਜਾਂਦੀ ਰਹੀ। ਇੱਧਰ-ਉੱਧਰ ਬਥੇਰੇ ਹੱਥ-ਪੈਰ ਮਾਰੇ, ਪੁਲਿਸ ਕੋਲ ਗਏ ਨੇ, ਕੋਤਵਾਲ ਸੱਦੇ, ਪਰ ਹਾਲੇ ਕੋਈ ਕਿਸੇ ਕਿਸਮ ਦੀ ਕੋਈ ਕਾਮਯਾਬੀ ਹੱਥ ਨਹੀਂ ਲੱਗੀ।

ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਹੁਣ ਉਹ ਸਾਰਾ ਦੋਸ਼ ਆਪਣੀ ਤਿਜੋਰੀ ਨੂੰ ਦਿੰਦੇ ਨੇ। ਜਿੱਥੋਂ ਤਿਜੋਰੀ ਖ਼ਰੀਦ ਕੇ ਲਿਆਂਦੀ ਸੀ, ਉਹਦੇ ਨਾਲ ਲੜਨ ਚਲੇ ਗਏ— "ਇੱਦਾਂ ਕਿੱਦਾਂ ਖੁੱਲ੍ਹ ਸਕਦੀ ਆ? ਤੂੰ ਦਾਅਵੇ ਕੀਤੇ ਸੀ ਇਹ ਨਹੀਂ ਖੁੱਲ੍ਹੂਗੀ। ਇਹ ਤਾਂ... ਇਹ ਤਾਂ ਮੇਰੇ ਕੋਲੋਂ ਵੀ ਔਖੀ ਖੁੱਲ੍ਹਦੀ ਸੀ, ਉਹ ਕਿੱਦਾਂ ਖੋਲ੍ਹ ਕੇ ਲੈ ਗਿਆ, ਮੈਨੂੰ ਇਹ ਗੱਲ ਸਮਝਾ।" ਪਰ ਖ਼ੈਰ, ਹੁਣ ਕੀ ਹੋ ਸਕਦਾ ਸੀ? ਜਦੋਂ ਕਿਸੇ ਨੇ ਨਾ ਸੁਣੀ ਤਾਂ ਘਰ ਆ ਕੇ ਤਿਜੋਰੀ ਦੇ ਉੱਤੇ ਗੁੱਸਾ ਕੱਢਿਆ। ਅੱਜ ਉਹਨਾਂ ਨੇ ਡਾਂਗ ਫੜੀ ਤੇ ਪਹਿਲਾਂ ਡਾਂਗ ਤਿਜੋਰੀ ਦੇ ਉੱਤੇ ਤੋੜੀ। "ਜੇ ਤੂੰ ਨਾ ਖੁੱਲ੍ਹਦੀ ਤਾਂ ਪੈਸਾ ਚੋਰੀ ਨਾ ਹੁੰਦਾ।" ਉਹਨਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਿ ਭਾਰੀ ਤਿਜੋਰੀ ਨੂੰ ਚੁੱਕ ਕੇ ਸੋਚਦੇ ਨੇ, "ਹੁਣ ਮੈਂ ਬਾਹਰ ਹੀ ਸੁੱਟ ਆਉਣਾ।"

ਫਿਰ ਇੱਕਦਮ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ। ਮਨ ਦੇ ਵਿੱਚ ਵਿਚਾਰ ਆਇਆ ਕਿ ਇਸ ਤਿਜੋਰੀ ਦੇ ਕਰਕੇ ਮੈਂ ਕੰਗਾਲ ਹੋ ਗਿਆ। ਨਾ ਇਹ ਤਿਜੋਰੀ ਖੁੱਲ੍ਹਦੀ, ਨਾ ਉਹ ਮੇਰਾ ਪੈਸਾ ਲੈ ਕੇ ਜਾਂਦੇ, ਤੇ ਨਾ ਮੈਨੂੰ ਪਛਤਾਉਣਾ ਪੈਂਦਾ। ਹੁਣ ਉਹਦਾ ਹੱਲ ਉਹਨਾਂ ਨੇ ਇਹ ਕੱਢਿਆ, "ਇਹ ਤਿਜੋਰੀ ਮੈਂ ਆਪਣੇ ਕੋਲੇ ਰੱਖੂੰਗਾ। ਜਦੋਂ ਇਹ ਤਿਜੋਰੀ ਮੇਰੇ ਕੋਲ ਹੋਊਗੀ, ਇਹਨੂੰ ਮੈਂ ਮੌਰਾਂ 'ਤੇ ਲੱਦ ਕੇ ਤੁਰਿਆ ਫਿਰੂੰਗਾ, ਛੱਤੇ ਪਹਿਰ ਮੈਂ ਆਪਣੇ ਕੋਲ ਰੱਖੂੰਗਾ, ਫਿਰ ਕੌਣ ਮੇਰੇ ਸਾਹਮਣੇ, ਮੇਰੇ ਹੱਥਾਂ ਦੇ ਵਿੱਚ ਇਹਨੂੰ ਖੋਲ੍ਹ ਲੂ ਤੇ ਚੋਰੀ ਕਰ ਲੂ?"

ਹਾਂ, ਇਹ ਤਰਕੀਬ ਉਹਨਾਂ ਨੂੰ ਵਧੀਆ ਲੱਗੀ। ਤੇ ਉਹਨਾਂ ਨੇ ਤਿਜੋਰੀ ਆਪਣੀ ਜਗ੍ਹਾ ਦੇ ਉੱਤੋਂ ਪੁੱਟੀ ਤੇ ਹੁਣ ਉਹ ਛੱਤੇ ਪਹਿਰ ਨਾਲ ਲੈ ਕੇ ਘੁੰਮਣ ਲੱਗੇ। ਇਸ ਚੀਜ਼ ਤੋਂ ਬੇਫ਼ਿਕਰ ਕਿ ਹੁਣ ਤਾਂ ਉਸ ਤਿਜੋਰੀ ਦੇ ਵਿੱਚ ਰਿਹਾ ਹੀ ਕੁਝ ਨਹੀਂ। ਹੁਣ ਤਾਂ ਉਹ ਖ਼ਾਲੀ ਪਈ ਆ, ਹੁਣ ਭਾਵੇਂ ਘਰ ਰਵੇ ਤੇ ਭਾਵੇਂ ਬਾਹਰ, ਫ਼ਰਕ ਹੀ ਕੋਈ ਨਹੀਂ ਪੈਂਦਾ। ਪਰ ਨਹੀਂ, ਉਹ ਸਾਰਾ ਦਿਨ ਆਪਣੀਆਂ ਮੌਰਾਂ 'ਤੇ ਚੁੱਕੀ ਫਿਰਦੇ ਨੇ। ਜੇ ਕੋਈ ਪੁੱਛਦਾ ਤਾਂ ਦੱਸਦੇ ਨੇ, "ਹੁਣ ਕੋਈ ਚੋਰੀ ਕਰਕੇ ਵਿਖਾਵੇ ਖਾਂ ਭਲਾ! ਹੈ ਕਿਸੇ ਦੇ ਵਿੱਚ ਜੁਰਅਤ?" ਤੇ ਕਈ ਵਾਰੀ ਬਾਜ਼ਾਰ ਦੇ ਵਿੱਚ ਵੀ ਉੱਚੀ-ਉੱਚੀ ਕਹਿਣ ਲੱਗ ਪੈਂਦਾ, ਕਿਉਂਕਿ ਉਹਨੂੰ ਲੱਗਦਾ ਆ ਕਿ ਇਸੇ ਬਾਜ਼ਾਰ ਦੇ ਵਿੱਚ ਹੀ ਕਿਤੇ ਨਾ ਕਿਤੇ ਚੋਰ ਆ ਜਿਹਨੇ ਮੇਰੇ ਘਰ ਦੇ ਵਿੱਚ ਸੰਨ੍ਹ ਲਾਈ। ਤੇ ਹੁਣ ਉਹ ਜਿੱਦਾਂ ਉਹਨੂੰ ਪ੍ਰਵੋਕ ਕਰਦੇ ਨੇ, "ਹੁਣ ਮੈਂ... ਹੁਣ ਮੈਂ ਛੱਤੇ ਪਹਿਰ ਜਾਗਦਾ ਰਹਿੰਨਾ। ਤਿਜੋਰੀ ਮੇਰੇ ਕੋਲ ਹੁੰਦੀ ਆ। ਕਿਸੇ 'ਚ ਹਿੰਮਤ ਹੋਵੇ ਤੇ ਹੁਣ ਚੋਰੀ ਕਰਕੇ ਵਿਖਾਵੇ।"

ਜਿਹੜੀ ਥੋੜ੍ਹੀ-ਬਹੁਤੀ ਨੀਂਦ ਆਉਂਦੀ ਸੀ, ਉਹ ਵੀ ਜਾਂਦੀ ਰਹੀ। ਹੁਣ ਉਹ ਬੇਚੈਨ ਰਹਿੰਦੇ ਨੇ ਤੇ ਲੋਕ ਹੁਣ ਉਹਨੂੰ ਪਾਗਲ ਕਹਿੰਦੇ ਨੇ। ਜਿੱਥੇ ਪਹਿਲਾਂ ਪੈਸੇ ਵਾਲਾ ਕਹਿੰਦੇ ਸੀ, ਧਨਾਢ ਕਹਿੰਦੇ ਸੀ, ਸਿਆਣਾ ਕਹਿੰਦੇ ਸੀ, ਉਹਦੇ ਕੋਲ ਸਲਾਹ-ਮਸ਼ਵਰਾ ਵੀ ਲੈ ਲੈਂਦੇ ਸੀ ਸ਼ਾਇਦ, ਪਰ ਹੁਣ ਉਹਨੂੰ ਉਹ... ਉਹ ਪਾਗਲ ਗਿਣਦੇ ਨੇ। ਕਿਉਂਕਿ ਇੱਦਾਂ ਵੀ ਕੋਈ ਭਾਰ ਚੁੱਕੀ ਫਿਰਦਾ ਭਲਾ ਮੌਰਾਂ ਦੇ ਉੱਤੇ?

ਸ਼ਾਇਦ... ਸ਼ਾਇਦ ਸਾਨੂੰ ਵੀ ਇਹ ਕਹਾਣੀ ਲੱਗ ਰਹੀ ਹੋਵੇ ਵੀ ਬੜਾ ਮੂਰਖ ਜਿਹੇ ਟਾਈਪ ਦਾ ਬੰਦਾ ਯਾਰ, ਇੱਦਾਂ ਕੌਣ ਕਰਦਾ? ਪਰ ਇਹਨਾਂ... ਇਹਨਾਂ ਕਹਾਣੀਆਂ ਨੂੰ ਜੇ ਗ਼ੌਰ ਦੇ ਨਾਲ ਵੇਖੀਏ ਤਾਂ ਲਿਖਣ ਵਾਲਿਆਂ ਨੇ ਇਹ ਸਾਡੇ ਸਾਰਿਆਂ ਦੇ ਲਈ ਲਿਖੀਆਂ। ਸ਼ਾਇਦ ਇਹਨੂੰ ਕਹਾਣੀ ਨੂੰ ਆਪਾਂ ਡੀਕੋਡ ਕਰਾਂਗੇ, ਤਾਂ ਸਾਡੇ ਵਿੱਚੋਂ ਜਾਂ ਸਾਡੇ ਆਸ-ਪਾਸ ਤੁਹਾਨੂੰ ਇੱਦਾਂ ਦੇ ਬੜੇ ਨਵਾਬ, ਬੜੇ ਮੁੱਲਾਂ ਮਿਲ ਜਾਣਗੇ, ਬੜੇ ਅਮੀਰ ਮਿਲ ਜਾਣਗੇ। ਅਸਲ ਦੇ ਵਿੱਚ ਇਹ ਸਾਡੀ-ਤੁਹਾਡੀ, ਸਾਰਿਆਂ ਦੀ ਕਹਾਣੀ ਆ। ਜਿਹੜੇ ਵੀ ਇਸ ਦੁਨੀਆ ਦੇ ਵਿੱਚ ਆਏ ਨੇ, ਪੈਸੇ ਦੀ ਦੌੜ ਦੇ ਵਿੱਚ ਪਏ ਨੇ, ਮਨਚਾਹਿਆ ਪੈਸਾ ਕਮਾਇਆ। ਜਿਹਨਾਂ ਨੇ ਵੀ ਲੋੜ ਤੋਂ ਵੱਧ ਕਮਾ ਲਿਆ—ਵੈਸੇ ਤਾਂ ਕਦੀ ਵੀ ਕਿਸੇ ਕੋਲ ਲੋੜ ਤੋਂ ਵੱਧ ਨਹੀਂ ਹੁੰਦਾ, ਪਰ ਮੰਨਿਆ ਜਾਂਦਾ ਕਿ ਲੋੜ ਤੋਂ ਵੱਧ ਉਹ ਜਿਹੜਾ ਤੁਸੀਂ ਇਕੱਠਾ ਕਰ ਲਿਆ। ਲੋੜਾਂ ਤਾਂ ਬੰਦੇ ਦੀਆਂ ਬਹੁਤ ਸੀਮਿਤ ਨੇ, ਬਾਕੀ ਤਾਂ ਸਭ ਇਕੱਠਾ ਕਰਕੇ ਤਿਜੋਰੀਆਂ ਭਰਨ ਵਾਲੀ ਗੱਲ ਆ।

ਇਨਸਾਨ ਨੂੰ ਇਹ ਚੀਜ਼ ਸਮਝਣੀ ਪਊਗੀ ਕਿ ਇਹ ਜਿਹੜਾ ਭਾਰ ਆਪਾਂ ਮੌਰਾਂ ਦੇ ਉੱਤੇ ਲੱਦੀ ਫਿਰਦੇ ਆਂ, ਇਹ ਇਕੱਲਾ... ਇਹ ਇਕੱਲਾ ਨਵਾਬ ਜੀ ਥੋੜ੍ਹੀ ਲੱਦੀ ਫਿਰਦੇ, ਇਹ ਤਾਂ ਆਪਾਂ ਸਾਰੇ ਲੱਦੀ ਫਿਰਦੇ ਆਂ। ਅਸਲ ਦੇ ਵਿੱਚ ਸਾਡਾ ਸੁੱਖ, ਚੈਨ, ਆਰਾਮ... ਇਹ ਸਾਰਾ ਕੁਝ ਇੱਕ ਦਿਨ ਚੋਰੀ ਹੋ ਗਿਆ। ਕਮਾਲ ਦੀ ਗੱਲ ਇਹ ਆ ਵੀ ਸਾਨੂੰ ਤਾਂ ਪਤਾ ਵੀ ਨਹੀਂ ਲੱਗਾ। ਸਾਡੇ ਸੁੱਤੇ ਪਏ ਕਦੋਂ ਕਿਸੇ ਨੇ ਸੰਨ੍ਹ ਲਾਈ ਆ ਤੇ ਚੋਰੀ ਕਰਕੇ ਗਾਂਹ ਗਿਆ। ਅਸਲ ਦੇ ਵਿੱਚ ਇਹੋ ਹੀ ਤਾਂ ਸਾਡੇ ਕੋਲ ਜਾਇਦਾਦ ਸੀ। ਜੋ ਵੀ ਅਸੀਂ ਕਮਾਇਆ, ਜੋ ਵੀ ਸਾਨੂੰ ਕੁਦਰਤ ਦੇ ਕੋਲੋਂ ਮਿਲਿਆ, ਜੋ ਸਾਡੇ ਕਹਿ ਲਓ ਮਾਪਿਆਂ ਨੇ ਮਿਹਨਤ ਕਰ-ਕਰ ਕੇ ਸਾਨੂੰ ਦਿੱਤਾ, ਉਹ... ਉਹ ਇਹੋ ਹੀ ਤਾਂ ਸੀ—ਸਾਡਾ ਸੁੱਖ, ਚੈਨ, ਆਰਾਮ। ਇਹ ਸਾਡੀ ਜਾਇਦਾਦ ਸੀ, ਇੱਕ ਦਿਨ ਕਿਸੇ ਨੇ ਚੋਰੀ ਕਰ ਲਈ।

ਤੇ ਉਸ ਤੋਂ ਬਾਅਦ ਇਹ ਜਿਹੜੀ ਤਿਜੋਰੀ ਆਪਾਂ ਮੌਰਾਂ ਦੇ ਉੱਤੇ ਚੁੱਕੀ ਫਿਰਦੇ ਆਂ—ਸਾਡੀ ਝੂਠੀ ਆਕੜ, ਗ਼ਰੂਰ, ਸਾਡਾ ਸਟੇਟਸ ਸਿੰਬਲ ਤੇ ਪੈਸਾ। ਸਾਨੂੰ ਲੱਗਦਾ ਕਿ ਪੈਸੇ ਦੇ ਨਾਲ ਫਿਰ ਦੁਬਾਰਾ ਤੋਂ ਆਪਾਂ ਇਹ ਚੀਜ਼ਾਂ ਹਾਸਲ ਕਰ ਲੈਣੀਆਂ। ਆਪਾਂ ਰਾਤ-ਦਿਨ ਜਿਹੜਾ ਭੱਜੇ ਫਿਰਦੇ ਆਂ, ਇੱਕ ਭਾਰ ਜਿਹਾ ਨਹੀਂ ਮਹਿਸੂਸ ਕਰਦੇ ਮੌਰਾਂ 'ਤੇ, ਸਿਰ ਦੇ ਉੱਤੇ? ਐਵੇਂ ਨਾਜਾਇਜ਼ ਇੱਕ ਬੋਝ ਜਿਹਾ, ਉਹ ਸਮਝ ਨਹੀਂ ਆਉਂਦੀ ਕਿ ਕੀ ਆ, ਕਾਹਦਾ। ਇਹਦੇ ਨਾਲ ਮੌਰਾਂ ਵੀ ਪੀੜ ਹੁੰਦੀਆਂ ਕਈ ਵਾਰੀ। ਸ਼ਾਇਦ ਇਹ ਉਹੀ ਭਾਰ ਆ—ਸਾਡੀ ਝੂਠੀ ਆਕੜ, ਪੈਸਾ।

ਸਾਨੂੰ ਲੱਗਦਾ ਕਿ ਅਸੀਂ ਰਾਤ-ਦਿਨ ਪੈਸਾ, ਹੋਰ ਪੈਸਾ, ਹੋਰ ਪੈਸਾ ਕਮਾਵਾਂਗੇ। ਇਹ ਤਿਜੋਰੀ ਇਸੇ ਤਰ੍ਹਾਂ ਮੌਰਾਂ 'ਤੇ ਚੁੱਕੀ ਫਿਰਾਂਗੇ, ਝੂਠੀ ਆਕੜ ਲਈ ਫਿਰਾਂਗੇ, ਆਪਣੇ ਸਟੇਟਸ ਨੂੰ ਆਪਾਂ ਟੈਗ ਬਣਾ ਕੇ ਮੱਥੇ 'ਤੇ ਲਾਈ ਫਿਰਾਂਗੇ, ਤੇ ਫਿਰ ਇੱਕ ਦਿਨ ਸਾਨੂੰ ਸੁੱਖ ਮਿਲ ਜੂਗਾ, ਚੈਨ ਮਿਲ ਜੂ, ਆਰਾਮ ਮਿਲ ਜੂ, ਯਾਨੀ ਕਿ ਉਹ ਚੋਰੀ ਹੋਈ ਜਾਇਦਾਦ ਵਾਪਸ ਮਿਲ ਜੂਗੀ। ਪਰ ਸ਼ਾਇਦ ਔਖਾ। ਇਹ ਚੀਜ਼ ਇਨਸਾਨ ਨੂੰ ਸਮਝ ਲੈਣੀ ਚਾਹੀਦੀ ਆ ਕਿ ਤਿਜੋਰੀ ਲੁੱਟੀ ਜਾ ਚੁੱਕੀ। ਹੁਣ ਤਾਂ ਤਿਜੋਰੀ ਦੇ ਵਿੱਚ ਹੀ ਕੁਝ ਨਹੀਂ ਰਿਹਾ। ਹੁਣ ਭਾਵੇਂ ਉਹਨੂੰ ਆਪਾਂ ਮੌਰਾਂ 'ਤੇ ਚੁੱਕੀ ਫਿਰੀਏ ਤੇ ਭਾਵੇਂ ਉਹ ਘਰੇ ਪਈ ਰਵੇ, ਹੁਣ ਤਾਂ ਕੋਈ ਫ਼ਾਇਦਾ ਹੀ ਨਹੀਂ।

ਪਹਿਲਾਂ ਨੀਂਦ ਗਵਾ ਲਈ ਤੇ ਹੁਣ ਜਿਹੜੀ ਚਾਰ ਪਹਿਰ ਆਉਂਦੀ ਸੀ, ਉਹ ਵੀ ਗਵਾ ਦਿੱਤੀ। ਵੇਖਿਆ ਜਾਵੇ ਤਾਂ ਸਾਡੇ ਕੋਲ ਪੈਸਾ ਨਹੀਂ ਸੀ... ਸਾਡੇ ਕੋਲ ਪੈਸਾ ਨਹੀਂ ਸੀ, ਤਾਂ... ਇਹ ਹੋ ਕਿੱਦਾਂ ਗਿਆ? ਇਹ ਸੋਚ ਕੇ ਕਿ ਸਾਰੀ ਉਮਰ ਦੀ ਕਮਾਈ ਸਾਡੀ ਜਾਂਦੀ ਰਹੀ, ਆਪਾਂ ਹੋਰ ਸੁੱਖ, ਆਰਾਮ, ਚੈਨ ਆਪਣਾ ਗਵਾਉਂਦੇ ਆਂ। ਤੇ ਸ਼ਾਇਦ ਇਹ ਇਨਸਾਨ ਦੀ ਮੁੱਢ-ਕਦੀਮ ਤੋਂ ਇਹੋ ਕਹਾਣੀ ਆ। ਤੇ ਸ਼ਾਇਦ ਇੱਦਾਂ ਦੀਆਂ ਕਹਾਣੀਆਂ ਲਗਾਤਾਰ ਬਣਦੀਆਂ ਰਹਿੰਦੀਆਂ ਨੇ, ਕੋਈ ਨਾ ਕੋਈ ਲਿਖਦਾ ਰਹਿੰਦਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝਾਉਣ ਦੀ ਇਨਸਾਨ ਨੂੰ ਕੋਸ਼ਿਸ਼ ਕਰਦਾ ਰਹਿੰਦਾ। ਤੇ ਇਨਸਾਨ ਬੜੇ ਸਵਾਦ ਦੇ ਨਾਲ, ਚਟਖਾਰਿਆਂ ਦੇ ਨਾਲ ਇਹ ਕਹਾਣੀਆਂ ਸੁਣਦਾ ਤੇ ਫਿਰ ਉਸੇ ਦੌੜ ਦੇ ਵਿੱਚ ਲੱਗਾ ਰਹਿੰਦਾ। ਕਿਉਂਕਿ ਉਹਨੂੰ ਅਹਿਸਾਸ ਹੀ ਨਹੀਂ ਹੁੰਦਾ, ਉਹਨੂੰ ਆਪਣੀਆਂ ਮੌਰਾਂ ਵਾਲੀ ਤਿਜੋਰੀ ਨਹੀਂ ਦੀਂਹਦੀ।

ਕਮਾਲ ਦੀ ਗੱਲ ਇਹ ਆ ਕਿ ਸਾਨੂੰ ਇੱਕ-ਦੂਸਰੇ ਦੀਆਂ ਮੌਰਾਂ ਦੇ ਉੱਤੇ ਭਾਰ ਜ਼ਰੂਰ ਦੀਂਹਦਾ। ਆਪਾਂ ਜਦੋਂ ਬਾਹਰ ਦੁਨੀਆ ਦੇ ਵਿੱਚ ਵਿਚਰਦੇ ਆਂ ਤੇ ਸਾਨੂੰ ਪਤਾ ਹੁੰਦਾ—ਆਹ ਵੀ ਭਾਰ ਲੱਦੀ ਫਿਰਦਾ, ਇਹਦੇ ਵੀ ਰੰਗ ਉੱਡੇ ਨੇ, ਇਹਦੇ ਵੀ ਵਾਲ ਚਿੱਟੇ ਹੋ ਗਏ, ਇਹਦੀਆਂ ਵੀ ਅੱਖਾਂ ਦੇ ਦੁਆਲੇ ਕਾਲੇ ਘੇਰੇ ਹੋ ਗਏ, ਆਹ ਵੀ ਲੱਗਦਾ ਰਾਤ ਨੂੰ ਅੱਜਕੱਲ੍ਹ ਘੱਟ ਹੀ ਸੌਂਦਾ, ਆਹ ਵੀ ਲੱਗਦਾ ਬਹੁਤ ਜ਼ਿਆਦਾ ਕੰਮ ਕਰਦਾ, ਇਹਦਾ ਵੀ ਸੁੱਖ-ਚੈਨ ਆਰਾਮ ਖੁੱਸਿਆ, ਆਹ ਮੁੱਲਾਂ ਤਿਜੋਰੀ ਲੱਦੀ ਫਿਰਦਾ ਆਪਣੀਆਂ ਮੌਰਾਂ ਦੇ ਉੱਤੇ। ਤੁਹਾਨੂੰ ਆਪਣੇ ਆਸ-ਪਾਸ ਬਹੁਤ ਸਾਰੇ ਲੋਕ ਇੱਦਾਂ ਦੇ ਮਿਲ ਜਾਣਗੇ। ਕਮਾਲ ਦੀ ਗੱਲ ਇਹ ਕਿ ਸਾਨੂੰ ਆਪਣੀਆਂ ਮੌਰਾਂ ਦੇ ਉੱਤੇ ਲੱਦਿਆ ਕੁਝ ਨਹੀਂ ਦੀਂਹਦਾ। ਜੋ ਸਾਡੀਆਂ ਮੌਰਾਂ ਦੇ ਉੱਤੇ ਲੱਦਿਆ, ਉਹਨੂੰ ਆਪਾਂ ਕਹਿੰਦੇ ਆਂ—ਇਹ ਸਾਡੀ ਮਿਹਨਤ ਆ, ਇਹ ਸਾਡੀ ਹੱਕ-ਹਲਾਲ ਦੀ ਕਮਾਈ ਆ। ਆਪਾਂ ਰਾਤ-ਦਿਨ ਹੱਡ ਭੰਨ ਕੇ ਕਮਾਈ ਕਰਦੇ ਆਂ, ਇਹ ਉਹ ਆ। ਤੇ ਇੱਕ ਦਿਨ ਇਹ ਇਨੱਫ਼ ਹੋ ਜਾਣੀ ਆ ਜਦੋਂ ਆਪਾਂ ਆਰਾਮ ਦੇ ਨਾਲ ਬਹਿ ਕੇ ਖਾਣਾ।

ਪਰ ਸ਼ਾਇਦ ਇਸੇ ਲਾਲਚ ਦੇ ਵਿੱਚ ਸਾਰੀ ਜ਼ਿੰਦਗੀ ਬੰਦਾ ਕੱਢ ਦਿੰਦਾ। ਤੇ ਹੌਲੀ-ਹੌਲੀ ਇਹ ਭੁੱਖ ਹੋਰ ਵੀ ਜ਼ਿਆਦਾ ਵੱਧਦੀ ਰਹਿੰਦੀ ਆ, ਹੌਲੀ-ਹੌਲੀ ਇਹ ਅਹਿਸਾਸ ਹੀ ਨਹੀਂ ਰਹਿੰਦਾ ਕਿ ਆਪਾਂ ਇੰਨਾ ਭਾਰ ਲੱਦੀ ਫਿਰਦੇ ਆਂ।

ਤੇ ਫਿਰ ਹੋਣਾ ਕੀ ਚਾਹੀਦਾ? ਇਹ ਵੀ ਸ਼ਾਇਦ ਸਾਰਿਆਂ ਨੂੰ ਪਤਾ, ਪਰ ਫਿਰ ਵੀ ਇਹ ਸਵਾਦ ਛੱਡਣਾ ਔਖਾ ਬੜਾ। ਹੋਣਾ ਤਾਂ ਇਹ ਚਾਹੀਦਾ ਕਿ ਸਾਡਾ ਸੁੱਖ, ਚੈਨ, ਆਰਾਮ ਅਸਲ ਦੇ ਵਿੱਚ ਸਾਡੀ ਉਹ ਜਾਇਦਾਦ ਆ। ਜੇ ਮੌਰਾਂ 'ਤੇ ਚੁੱਕਣਾ, ਤੇ ਉਹਨੂੰ ਬੰਦਾ ਚੁੱਕੀ ਫਿਰੇ। ਇਸ ਝੂਠੀ ਆਕੜ ਨੂੰ, ਗ਼ਰੂਰ ਨੂੰ, ਪੈਸੇ ਨੂੰ, ਇਸ ਤਿਜੋਰੀ ਨੂੰ ਆਪਣੇ ਮੌਰਾਂ ਦੇ ਉੱਤੇ ਲੱਦਿਆਂ ਫ਼ਾਇਦਾ ਵੀ ਕੀ ਹੋਣ ਵਾਲਾ? ਆਸ ਕਰਦੇ ਆਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

Frequently Asked Questions

ਇਸ ਕਹਾਣੀ ਵਿੱਚ ਖ਼ਾਲੀ ਤਿਜੋਰੀ ਕਿਸ ਚੀਜ਼ ਦਾ ਪ੍ਰਤੀਕ ਹੈ?
ਖ਼ਾਲੀ ਤਿਜੋਰੀ ਇਨਸਾਨ ਦੀ ਝੂਠੀ ਆਕੜ, ਗ਼ਰੂਰ, ਦਿਖਾਵੇ ਦੇ ਸਟੇਟਸ ਅਤੇ ਪੈਸੇ ਦੇ ਉਸ ਬੋਝ ਦਾ ਪ੍ਰਤੀਕ ਹੈ, ਜਿਸ ਦੇ ਪਿੱਛੇ ਲੱਗ ਕੇ ਅਸੀਂ ਆਪਣਾ ਅਸਲ ਸੁੱਖ-ਚੈਨ ਗੁਆ ਲੈਂਦੇ ਹਾਂ।
ਨਵਾਬ ਸਾਹਿਬ ਤੋਂ ਪਰਿਵਾਰ ਕਿਉਂ ਦੂਰ ਹੋ ਗਿਆ?
ਦੌਲਤ ਦੇ ਡਰ ਅਤੇ ਬੇਵਿਸਾਹੀ ਕਾਰਨ ਨਵਾਬ ਸਾਹਿਬ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਸ਼ੱਕ ਕਰਨ ਲੱਗ ਪਏ ਸਨ, ਜਿਸ ਨਾਲ ਘਰ ਵਿੱਚ ਕਲੇਸ਼ ਵਧਿਆ ਤੇ ਪਰਿਵਾਰ ਉਹਨਾਂ ਦਾ ਸਾਥ ਛੱਡ ਗਿਆ।
ਇਨਸਾਨ ਦੀ ਅਸਲ ਜਾਇਦਾਦ ਕੀ ਹੈ?
ਇਨਸਾਨ ਦੀ ਅਸਲ ਦੌਲਤ ਮਨ ਦੀ ਸ਼ਾਂਤੀ, ਪਰਿਵਾਰਕ ਸਾਂਝ ਅਤੇ ਸੁੱਖ-ਚੈਨ ਦਾ ਜੀਵਨ ਹੈ, ਨਾ ਕਿ ਤਿਜੋਰੀਆਂ ਵਿੱਚ ਬੰਦ ਕੀਤਾ ਬੇਹਿਸਾਬ ਪੈਸਾ।

What's Your Reaction?

like

dislike

love

funny

angry

sad

wow