ਕੰਜੂਸੀ ਅਤੇ ਜ਼ਿੰਦਗੀ ਦਾ ਸੰਤੁਲਨ: ਸੇਠ ਅਤੇ ਫਕੀਰ ਦੀ ਪ੍ਰੇਰਨਾਦਾਇਕ ਕਹਾਣੀ | Life Lessons
ਕੀ ਕੰਜੂਸੀ ਸਿਰਫ਼ ਪੈਸੇ ਦੀ ਹੁੰਦੀ ਹੈ? ਜਾਣੋ ਸੇਠ ਅਤੇ ਫਕੀਰ ਦੀ ਇਸ ਪ੍ਰੇਰਨਾਦਾਇਕ ਕਹਾਣੀ ਰਾਹੀਂ ਕਿ ਜ਼ਿੰਦਗੀ, ਰਿਸ਼ਤਿਆਂ ਅਤੇ ਮਨ ਵਿੱਚ ਸੰਤੁਲਨ ਤੇ ਲਚਕਤਾ (flexibility) ਕਿਉਂ ਜ਼ਰੂਰੀ ਹੈ।
ਇੱਕ ਵਾਰੀ ਕਹਿੰਦੇ ਨੇ ਕਿਸੇ ਨਗਰ ਦੇ ਵਿੱਚ ਇੱਕ ਸੇਠ ਸੀ, ਜਿਹਨੇ ਪੈਸਾ ਬਹੁਤ ਕਮਾਇਆ। ਪਰ ਉਹਦਾ ਪੈਸਾ ਖਰਚਣ ਨੂੰ ਜੀਅ ਨਹੀਂ ਸੀ ਕਰਦਾ। ਦੂਰ-ਦੂਰ ਤੱਕ ਮਸ਼ਹੂਰੀ ਕਿ ਸੇਠ ਕੰਜੂਸ ਬੜਾ! ਇੰਨਾ ਜ਼ਿਆਦਾ ਕੰਜੂਸ ਕਿ ਦਰ ਦੇ ਉੱਤੇ ਕੋਈ ਮੰਗਤਾ ਵੀ ਆ ਜਾਵੇ, ਤੇ ਉਹਨੂੰ ਵੀ ਖਾਲੀ ਹੱਥ ਮੋੜ ਦਿੰਦਾ। ਇੰਨਾ ਕੰਜੂਸ ਕਿ ਉਹਤੇ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕੋਈ ਪਛਾਣ ਨਹੀਂ ਪਾਉਂਦਾ ਉਹਨੂੰ ਕਿ ਇਹ ਸੇਠ ਹੋ ਸਕਦਾ। ਉਹਦੇ ਬੱਚੇ ਤੁਰੇ ਫਿਰਦੇ, ਉਹਦੇ ਲੀੜੇ-ਕੱਪੜੇ ਫਟੇ-ਪੁਰਾਣੇ। ਉਹਦੇ ਪਰਿਵਾਰ ਨੂੰ ਵੇਖ ਕੇ, ਉਹਨਾਂ ਦੇ ਆਉਣ-ਜਾਣ ਨੂੰ ਵੇਖ ਕੇ, ਰਹਿਣ-ਸਹਿਣ ਨੂੰ ਵੇਖ ਕੇ, ਘਰ ਨੂੰ ਵੇਖ ਕੇ ਬੜਾ ਔਖਾ ਪਛਾਣਨਾ ਕਿ ਇਹਨਾਂ ਦੇ ਕੋਲ ਪੈਸਾ ਹੈਗਾ। ਬੱਚਿਆਂ ਨੂੰ ਵੀ ਕਦੀ ਉਹਨੇ ਨਵੇਂ ਕੱਪੜੇ ਨਹੀਂ ਲੈ ਕੇ ਦਿੱਤੇ।
ਤੇ ਜੇ ਕੋਈ ਮੰਗਦਾ, ਤੇ ਉਹਨਾਂ ਦੇ ਉੱਤੇ ਉਹ ਗੁੱਸਾ ਕਰਦਾ, ਝਿੜਕਾਂ ਮਾਰਦਾ, ਕੁੱਟ-ਮਾਰ ਕਰਦਾ। ਪੂਰੇ ਨਗਰ ਦੇ ਵਿੱਚ ਉਹਦੀ ਮਸ਼ਹੂਰੀ ਸੀ ਕਿ ਇਹਦੇ ਕੋਲੋਂ ਕੋਈ ਮਜਾਲ ਆ ਕਿ ਇੱਕ ਛਵਾਨੀ ਵੀ ਲੈ ਸਕੇ। ਇੱਕ ਪੈਸਾ ਵੀ ਕਦੀ ਉਹਨੇ ਕਿਸੇ ਦੇ ਉੱਤੇ ਨਹੀਂ ਖਰਚਣਾ। ਕਿਸੇ ਦੇ ਉੱਤੇ ਤਾਂ ਦੂਰ ਦੀ ਗੱਲ, ਲੋਕ ਕਹਿੰਦੇ ਨੇ ਕਿ ਇਹ ਤਾਂ ਆਪਣੇ ਆਪ ਦੇ ਉੱਤੇ ਨਹੀਂ ਖਰਚਦਾ। ਫਿਰ ਕਿਸੇ ਨੂੰ ਇਹਦੇ ਤੋਂ ਕੀ ਆਸ?
ਬਹੁਤੀ ਵਾਰ ਲੋਕ ਉਹਦੇ ਕੋਲ ਕੰਮ ਕਰਨ ਤੋਂ ਵੀ ਕੰਨੀ ਕਤਰਾਉਂਦੇ। ਬੜੇ ਲੋਕ ਇਹੋ ਸ਼ਿਕਾਇਤ ਕਰਦੇ ਕਿ ਉਹਨੇ ਸਾਡੇ ਕੋਲੋਂ ਵੱਧ ਕੰਮ ਕਰਵਾ ਲਿਆ। ਜਿਹਨੂੰ ਕਿਤੇ ਕੰਮ ਨਾ ਲੱਭਦਾ, ਜਿਹਦੀ ਮਜਬੂਰੀ ਹੁੰਦੀ, ਉਹ ਸੇਠ ਦੇ ਦੁਆਰ ਚਲਿਆ ਜਾਂਦਾ।
ਤੇ ਸੇਠ ਪਹਿਲਾਂ ਹੀ ਕਹਿ ਦਿੰਦਾ, "ਮੈਂ ਤੈਨੂੰ ਇੰਨੇ ਹੀ ਦੇਣੇ ਆਂ।" ਤੇ ਕੰਮ ਵੀ ਰਾਤ ਤੱਕ ਕਰਵਾਉਂਦਾ। ਤੇ ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸੇਠ ਥੋੜ੍ਹੀ ਆ, ਇਹ ਤਾਂ ਮਜਬੂਰੀ ਆ। ਜਿੱਥੇ ਆਪਾਂ ਮਜਬੂਰੀ ਕਰਦੇ ਰਹਿੰਦੇ ਹਾਂ, ਉੱਥੇ ਨਾਲ-ਨਾਲ ਇਹ ਵੀ ਲੱਗਾ ਰਹਿੰਦਾ। ਇਹੋ ਜਿਹੇ ਪੈਸੇ ਨੂੰ ਕੀ ਕਰਨਾ, ਇਹਦੇ ਨਾਲੋਂ ਤਾਂ ਆਪਾਂ ਹੀ ਚੰਗੇ ਆਂ।
ਸਾਡੇ ਆਸ-ਪਾਸ ਵੀ ਸ਼ਾਇਦ ਹੋਣਗੇ ਇੱਦਾਂ ਦੇ ਲੋਕ ਰਲਦੇ-ਮਿਲਦੇ ਜਿਹੇ, ਜਿਹੜੇ ਪੈਸਾ ਕਮਾਉਂਦੇ ਤਾਂ ਜਰੂਰ ਨੇ ਪਰ ਜਿਹਨਾਂ ਦਾ ਖਰਚਣ ਨੂੰ ਜੀਅ ਨਹੀਂ ਕਰਦਾ।
ਇੱਕ ਦਿਨ ਸੇਠ ਦੇ ਦੁਆਰੇ ਇੱਕ ਫਕੀਰ ਆਇਆ। ਤੇ ਜਦੋਂ ਕੁਝ ਦੇਰ ਉਹ ਰੁਕਿਆ ਰਿਹਾ, ਸੇਠ ਦਾ ਧਿਆਨ ਪਿਆ, ਤੇ ਸੇਠ ਨੇ ਦੂਰੋਂ ਹੀ ਇਸ਼ਾਰਾ ਕਰ ਦਿੱਤਾ, "ਜਾ ਭੱਜ ਜਾ! ਮੈਥੋਂ ਕੋਈ ਆਸ ਨਾ ਰੱਖੀਂ। ਆ ਜਾਂਦੇ ਵੇਹਲੜ!"
ਪਰ ਫਕੀਰ ਖੜ੍ਹਾ ਰਿਹਾ। ਜਦੋਂ ਥੋੜ੍ਹਾ ਜਿਹਾ ਵੇਹਲ ਹੋਇਆ, ਤਾਂ ਫਕੀਰ ਅਗਾਹਾਂ ਹੋ ਕੇ ਸੇਠ ਦੇ ਨਾਲ ਗੱਲ ਕਰਨੀ ਚਾਹੀ। ਤੇ ਸੇਠ ਨੇ ਫਿਰ ਕਿਹਾ, "ਤੈਨੂੰ ਮੈਂ ਕਿਹਾ ਨਹੀਂ, ਜਾਓ ਜਾ ਕੇ ਮਿਹਨਤ ਕਰੋ। ਰੱਬ ਨੇ ਹੱਥ-ਪੈਰ ਦਿੱਤੇ ਆ ਨਾ, ਜਾਓ ਕਮਾਈ ਕਰੋ ਤੇ ਖਾਓ। ਇੱਦਾਂ ਨਹੀਂ ਮਿਲਦੀਆਂ ਰੋਟੀਆਂ। ਮੇਰੇ ਤੋਂ ਕੋਈ ਆਸ ਨਾ ਰੱਖੀਂ, ਭਾਵੇਂ ਤੂੰ ਚਾਰ ਦਿਨ ਖੜ੍ਹਾ ਰਹਿ ਇੱਥੇ।"
ਤੇ ਲਾਗੋ ਮਜਦੂਰਾਂ ਨੇ ਵੀ ਕਹਿ ਦਿੱਤਾ, "ਓ ਜਾ, ਜਾ ਫਕੀਰਾ। ਕਿਉਂ ਆਪਣਾ ਸਮਾਂ ਖਰਾਬ ਕਰਦਾ? ਸੇਠ ਨੇ ਤੈਨੂੰ ਕੁਝ ਨਹੀਂ ਦੇਣਾ।"
ਤੇ ਫਕੀਰ ਸਹਿਜ ਸੁਭਾਅ ਬੋਲਿਆ, "ਸੇਠ ਸਾਹਿਬ, ਮੈਂ ਤੁਹਾਡੇ ਕੋਲ ਕੁਝ ਲੈਣ ਨਹੀਂ ਆਇਆ। ਅੱਜ ਤਾਂ ਮੈਂ ਤੁਹਾਨੂੰ ਦੇਣ ਆਇਆ ਹਾਂ।"
ਤੇ ਸੇਠ ਦੇ ਕੰਨ ਖੜ੍ਹੇ ਹੋ ਗਏ, "ਅੱਛਾ! ਤੂੰ ਮੈਨੂੰ ਭਲਾ ਕੀ ਦੇ ਸਕਦਾ? ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ, ਤੇਰੇ ਕੋਲ ਕੀ ਆ ਮੈਨੂੰ ਦੇਣ ਵਾਲਾ?"
ਫਕੀਰ ਨੇ ਕਿਹਾ, "ਸਲਾਹ। ਤੇਰੇ ਉੱਤੇ ਰੱਬ ਨੇ ਬੜੀ ਕਿਰਪਾ ਕੀਤੀ ਆ। ਤੈਨੂੰ ਬਹੁਤ ਕੁਝ ਦਿੱਤਾ। ਧਨ-ਦੌਲਤ ਦੇ ਨਾਲ ਨਵਾਜਿਆ, ਸੋਹਣਾ ਪਰਿਵਾਰ ਦਿੱਤਾ। ਤੈਨੂੰ... ਤੈਨੂੰ ਇੱਕ ਸਲਾਹ ਦੀ ਲੋੜ ਆ। ਮੈਨੂੰ ਕੁਝ ਨਹੀਂ ਚਾਹੀਦਾ, ਉਸ ਸਲਾਹ ਦੇ ਬਦਲੇ ਕੋਈ ਪੈਸਾ-ਧੇਲਾ ਨਹੀਂ।"
ਤੇ ਸੇਠ ਨੇ ਕਿਹਾ, "ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਹੈਗਾ। ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਆ ਕਿ ਮੈਂ ਤੇਰੇ ਕੋਲੋਂ ਕੁਝ ਲੈ ਸਕਾਂ। ਮੈਨੂੰ ਆਪਣਾ ਕੰਮ ਨਿਬੇੜਨ ਦੇ।"
ਤੇ ਫਕੀਰ ਬੜੀ ਹਲੀਮੀ ਦੇ ਨਾਲ ਖੜ੍ਹਾ ਰਿਹਾ। ਸੇਠ ਨੇ ਇੱਧਰੋਂ ਕੰਮ ਨਿਬੇੜ ਲਿਆ। ਉੱਧਰੋਂ ਸੇਠ ਨੂੰ ਅਹਿਸਾਸ ਹੋ ਗਿਆ ਕਿ ਇਹ ਤਾਂ ਭਾਈ ਜਾਂਦਾ ਹੀ ਨਹੀਂ ਆ ਤੇ ਨਾਲੇ ਫਿਰ ਵੀ ਦੇਣ ਵਾਲਾ ਤਾਂ ਕੋਈ ਮਸਲਾ ਹੈ ਹੀ ਨਹੀਂ, ਇੱਥੇ ਤਾਂ ਲੈਣ ਵਾਲਾ ਮਸਲਾ। ਤੇ ਕਹਿਣ ਲੱਗਾ, "ਹਾਂ, ਦੱਸ ਹੁਣ। ਕੀ ਦੇ ਸਕਦਾ ਤੂੰ ਮੈਨੂੰ?"
ਲਾਗੇ ਦੋ-ਚਾਰ ਹੋਰ ਵੀ ਇਕੱਠੇ ਹੋ ਗਏ ਵੇਹਲੇ ਹੋ ਕੇ, ਅੱਜ ਵੇਖੀਏ ਭਲਾ ਇਹ ਫਕੀਰ ਕੀ ਦਿੰਦਾ।
ਤੇ ਫਕੀਰ ਨੇ ਆਪਣੀ ਮੁੱਠੀ ਘੁੱਟ ਕੇ ਮੀਟ ਲਈ। ਕਹਿਣ ਲੱਗੇ, "ਆਹ ਵੇਖ ਸੇਠ, ਮੇਰੀ ਮੁੱਠੀ ਵੱਲ ਧਿਆਨ ਦੇ ਨਾਲ। ਤੈਨੂੰ ਕੀ ਲੱਗਦਾ, ਕੀ ਆ ਮੇਰੀ ਮੁੱਠੀ ਦੇ ਵਿੱਚ?"
"ਮੇਰੇ ਸਾਹਮਣੇ ਹੀ ਤਾਂ ਤੂੰ ਬੰਦ ਕੀਤੀ ਆ, ਇਹ ਮੁੱਠੀ 'ਚ ਹੋਰ ਕੀ ਆ? ਹੁਣ ਐਵੇਂ ਬਹੁਤੀਆਂ ਉਹ ਧਰਮ-ਕਰਮ ਦੀਆਂ, ਬਹੁਤੀਆਂ ਡੂੰਘੀਆਂ ਗੱਲਾਂ ਨਾ ਮੈਨੂੰ ਸੁਣਾਈਂ। ਸਾਰੀ ਦਿਹਾੜੀ ਦਾ ਮੈਂ ਥੱਕਿਆ-ਟੁੱਟਿਆ।"
ਤੇ ਫਕੀਰ ਨੇ ਮੁਸਕਰਾ ਕੇ ਕੁਝ ਪਲਾਂ ਬਾਅਦ ਜਦੋਂ ਮੁੱਠੀ ਖੋਲ੍ਹੀ, ਤਾਂ ਕਹਿਣ ਲੱਗਾ, "ਵੇਖ... ਵੇਖ ਮੇਰੇ ਹੱਥ ਦਾ ਰੰਗ ਵੇਖ।" ਦੂਸਰੇ ਹੱਥ ਨੂੰ ਸਾਹਵੇਂ ਧਰਿਆ ਤੇ ਸੇਠ ਨੂੰ ਵਿਖਾਇਆ, "ਵੇਖ ਇਹਦੇ ਵਿੱਚ ਕੀ ਫਰਕ ਆ? ਆਹ ਚਿੱਟਾ ਪੈ ਗਿਆ ਨਾ। ਵੇਖ ਖੂਨ ਦਾ ਪ੍ਰਵਾਹ ਰੁਕ ਗਿਆ ਨਾ। ਇਹ ਸਿਰਫ ਕੁਝ ਪਲਾਂ ਦੀਆਂ ਕਹਾਣੀਆਂ।"
"ਜੇ ਮੈਂ ਭਲਾ ਇੱਦਾਂ ਹੀ ਮੁੱਠੀ ਬੰਦ ਹੀ ਕਰ ਛੱਡਾਂ, ਤੇ ਫਿਰ ਦੱਸ ਕੀ ਹੋਊਗਾ?"
ਤੇ ਸੇਠ ਹੱਸ ਕੇ ਕਹਿਣ ਲੱਗਾ, "ਫਿਰ ਤੂੰ ਲੂਲਾ-ਲੰਗੜਾ ਹੀ ਹੋਵੇਂਗਾ, ਫਿਰ ਤੈਨੂੰ ਲੋਕ ਟੂੰਡਾ ਹੀ ਕਹਿਣਗੇ।" ਤੇ ਇੰਨਾ ਕਹਿ ਕੇ ਸਾਰੇ ਨੌਕਰ-ਚਾਕਰ ਹੱਸਣ ਲੱਗ ਪਏ।
ਪਰ ਫਕੀਰ ਉਸੇ ਤਰ੍ਹਾਂ ਮੁਸਕਰਾਉਂਦਾ ਰਿਹਾ, ਬਿਲਕੁਲ ਅਡੋਲ, ਜਿੱਦਾਂ ਉਹ ਅੱਜ ਆਪਣੀ ਗੱਲ ਪੂਰੀ ਕਰ ਕੇ ਹੀ ਜਾਊਗਾ।
ਤੇ ਅਗਲੇ ਪਲ ਫਕੀਰ ਨੇ ਹੁਣ ਆਪਣਾ ਹੱਥ ਪੂਰੀ ਤਰ੍ਹਾਂ ਦੇ ਨਾਲ ਆਕੜਾ ਲਿਆ। ਕਹਿਣ ਲੱਗੇ, "ਹੁਣ ਵੇਖ, ਹੁਣ ਬੰਦ ਨਹੀਂ ਆ ਨਾ। ਹੁਣ ਹੱਥ ਵੇਖ ਕਿੱਦਾਂ ਮੇਰੀਆਂ ਉਂਗਲਾਂ ਆਹ ਤਣੀਆਂ ਨੇ। ਜੇ ਥੋੜ੍ਹੀ ਦੇਰ ਇੱਦਾਂ ਹੀ ਰਿਹਾ, ਜਾਂ ਮੈਂ ਹਮੇਸ਼ਾ ਇੱਦਾਂ ਹੀ ਰੱਖਾਂ, ਤੇ ਫਿਰ ਦੱਸ ਭਲਾ ਕੀ ਹੋਊਗਾ?"
"ਹੁਣ ਆਹ ਕੀ ਆ, ਫਿਰ ਵੀ ਤੂੰ ਲੂਲਾ-ਲੰਗੜਾ ਹੀ ਹੋਣਾ। ਫਿਰ ਵੀ ਤੈਨੂੰ ਲੋਕਾਂ ਟੂੰਡਾ ਹੀ ਕਹਿਣਾ, ਇੱਦਾਂ ਤਾਂ ਤੇਰਾ ਹੱਥ ਵਰਤਿਆ ਵੀ ਨਹੀਂ ਜਾਣਾ।" ਤੇ ਇੰਨਾ ਕਹਿ ਕੇ ਫਿਰ ਸਾਰੇ ਹੱਸਣ ਲੱਗ ਪਏ।
ਪਰ ਫਕੀਰ ਅੱਜ ਵਾਕੇਈ ਕੁਝ ਦੇਣ ਦੇ ਮੂਡ 'ਚ ਆਇਆ। ਕਹਿਣ ਲੱਗਾ, "ਸੇਠ, ਹੱਸ ਤਾਂ ਤੂੰ ਬੜਾ ਲਿਆ, ਪਰ ਇਹ... ਇਹ ਹੱਥ ਵਰਗਾ ਤੂੰ ਐਂ। ਜੇ ਸੁਣ ਸਕਦਾ, ਤਾਂ ਹੁਣ ਹਲੀਮੀ ਦੇ ਨਾਲ ਸੁਣ।"
"ਲੂਲਾ-ਲੰਗੜਾ ਮੇਰੇ ਹੱਥ ਨੂੰ ਦੱਸਦਾ ਹੈ ਨਾ, ਤੂੰ ਦਿਮਾਗੋਂ ਲੂਲਾ-ਲੰਗੜਾ। ਜਿੱਦਾਂ ਮੈਂ ਹੱਥ ਘੁੱਟ ਕੇ ਬੱਧਾ, ਤੇ ਵੇਖਿਆ ਸਾਰਾ ਖੂਨ ਦਾ ਪ੍ਰਵਾਹ ਰੁਕ ਗਿਆ, ਕਿੱਦਾਂ ਹੱਥ ਮੇਰਾ ਚਿੱਟਾ ਹੋ ਗਿਆ। ਇਸੇ ਤਰ੍ਹਾਂ ਤੂੰ ਸਾਰਾ ਕੁਝ ਘੁੱਟ ਕੇ ਬੈਠਾ। ਇਕੱਲਾ ਪੈਸਾ ਹੀ ਨਹੀਂ, ਆਪਣੇ ਅੰਦਰ ਦੇ ਵਿਚਾਰ ਵੀ, ਆਪਣੇ ਆਪ ਦੀ... ਆਪ ਦੀ ਪਰਸਨੈਲਿਟੀ, ਆਪਣੀ ਇਨਸਾਨੀਅਤ, ਜੋ ਉਸ ਰੱਬ ਨੇ ਤੈਨੂੰ ਰੂਪ ਦਿੱਤਾ ਸੀ, ਜੋ ਉਹਨੇ ਤੈਨੂੰ ਕੋਮਲ ਮਨ ਦਿੱਤਾ ਸੀ, ਤੂੰ ਉਹ ਥੋੜ੍ਹੀ ਰਹਿਣ ਦਿੱਤਾ। ਤੇ ਨਾਲੇ ਤੂੰ ਜੋ ਮਰਜ਼ੀ ਕਰੀ ਜਾ, ਮੈਨੂੰ ਕੋਈ ਲੈਣਾ-ਦੇਣਾ ਥੋੜ੍ਹੀ।"
"ਮੈਨੂੰ ਤਾਂ ਸਿਰਫ ਇੱਕ ਚੀਜ਼ ਦੀ ਚਿੰਤਾ, ਕਿ ਜੋ ਮੇਰੇ ਸੱਚੇ ਰੱਬ ਨੇ ਤੈਨੂੰ ਬਣਾ ਕੇ ਭੇਜਿਆ ਸੀ, ਤੂੰ ਉਸ ਚੀਜ਼ ਨੂੰ ਇੱਦਾਂ ਲੂਲੀ-ਲੰਗੜੀ ਕਰ ਛੱਡਿਆ। ਮੈਂ ਤਾਂ ਸਿਰਫ ਇਸ ਚੀਜ਼ ਨੂੰ ਲੈ ਕੇ ਚਿੰਤਾ 'ਚ ਆਂ। ਇਹ ਹੱਥ ਦੀ ਤਾਂ ਸਿਰਫ ਤੈਨੂੰ ਐਗਜ਼ਾਮਪਲ ਦਿੱਤੀ ਆ। ਜਿੱਦਾਂ ਤੂੰ ਸਾਰਾ ਕੁਝ ਘੁੱਟ ਕੇ ਬੈਠਾ ਨਾ, ਜੇ ਇੱਦਾਂ ਹੀ ਬੈਠਾ ਰਿਹਾ, ਤੇ ਇੱਕ ਦਿਨ... ਇੱਕ ਦਿਨ ਆਊਗਾ ਜਦੋਂ ਤੇਰੇ ਹੱਥ 'ਚੋਂ ਬੋਅ ਆਉਣ ਲੱਗ ਪਊ। ਜਦੋਂ ਤੇਰੇ ਹੱਥ ਦੇ ਵਿੱਚ ਪਸੀਨਾ ਆਊ, ਜੇ ਇਸੇ ਤਰ੍ਹਾਂ ਦੇ ਨਾਲ ਹੱਥ ਘੁੱਟ ਛੱਡੀਏ, ਤੇ ਫਿਰ ਕੰਮ ਨਹੀਂ ਨਿਬੜਦੇ। ਕੰਮ ਤਾਂ ਇੱਦਾਂ ਹੀ ਨਿਬੜਨੇ ਆਂ ਜਦੋਂ ਹੱਥ ਫਲੇਕਸੀਬਲ ਰਵੇ।"
"ਤੇ ਜੇ ਤੂੰ ਬਿਲਕੁਲ ਹੀ ਹੱਥ ਖੋਲ੍ਹ ਦੇਵੇਂ, ਬਿਲਕੁਲ ਹੀ ਬੰਦਾ ਲੁਟਾਉਣਾ ਸ਼ੁਰੂ ਕਰ ਦੇਵੇ, ਤੇ ਫਿਰ ਜਿੱਦਾਂ ਹੱਥ ਮੇਰਾ ਤਣਿਆ ਸੀ, ਉਂਗਲਾਂ ਬਿਲਕੁਲ ਸਿੱਧੀਆਂ, ਤੇ ਖੂਨ ਦਾ ਪ੍ਰਵਾਹ ਤਾਂ ਤਾਂ ਵੀ ਰੁਕ ਜਾਂਦਾ। ਨਾ ਸੇਠ ਕੰਜੂਸੀ ਮਾਰਿਆਂ ਗੱਲ ਬਣਦੀ ਆ ਤੇ ਨਾ ਹੀ ਬਹੁਤਾ ਖਰਚਿਆਂ।"
"ਤੇ ਜੇ ਤੈਨੂੰ ਲੱਗਦਾ ਕਿ ਸਾਨੂੰ ਪੈਸੇ ਨਾਲ ਕੀ ਲੈਣਾ-ਦੇਣਾ, ਤਾਂ ਗੱਲ ਪੈਸੇ ਦੀ ਨਹੀਂ ਆ। ਜਿਹੜੇ ਬੰਦੇ ਕੋਲ ਪੈਸੇ ਦੀ ਕੰਜੂਸੀ ਹੋਵੇ, ਜਿਹਦੇ ਸੁਭਾਅ ਦੇ ਵਿੱਚ ਕੰਜੂਸੀ ਆ ਜਾਵੇ ਨਾ, ਉਹ ਇਕੱਲੀ ਪੈਸੇ ਦੀ ਨਹੀਂ ਕਰਦਾ। ਉਹ ਫਿਰ... ਉਹ ਫਿਰ ਆਸ-ਪਾਸ ਦੇ ਲੋਕਾਂ ਦੇ ਵੀ ਸਾਹ ਘੁੱਟ ਕੇ ਰੱਖਦਾ—ਆਪਣੇ ਪਰਿਵਾਰ ਦੇ, ਨਾਲ ਕੰਮ ਕਰਨ ਵਾਲਿਆਂ ਦੇ। ਉਹ ਹਰ ਇੱਕ ਚੀਜ਼ ਦੇ ਵਿੱਚ ਕੰਜੂਸੀ ਕਰਨੀ ਸ਼ੁਰੂ ਕਰ ਦਿੰਦਾ।"
"ਇਹ ਜੋ ਕੁਦਰਤ ਨੇ ਸਾਨੂੰ ਬਣਾ ਕੇ ਭੇਜਿਆ ਨਾ, ਇਹਦੇ ਵਿੱਚ ਫਲੇਕਸੀਬਿਲਟੀ ਹੋਣੀ ਬੜੀ ਜਰੂਰੀ ਆ। ਇਹਦੇ ਵਿੱਚ ਜੇਕਰ ਲਚਕ ਨਾ ਨਾ ਰਹੀ, ਬਹੁਤਾ ਘੁੱਟ ਕੇ ਤੂੰ ਆਪਣੇ ਆਪ ਨੂੰ ਬੰਨ੍ਹ ਛੱਡਿਆ ਜਾਂ ਬਿਲਕੁਲ ਹੀ ਖੁੱਲ੍ਹਾ ਛੱਡ ਦਿੱਤਾ, ਤਾਂ ਫਿਰ ਜ਼ਿੰਦਗੀ ਦਾ ਕੋਈ ਸਵਾਦ ਆਉਣਾ ਨਹੀਂ ਆ।"
"ਹਾਲੇ ਤਾਂ ਤੈਨੂੰ ਸਮੱਸਿਆ ਬਹੁਤ ਆ ਰਹੀ ਆ, ਪਰ ਤੈਨੂੰ ਇਸ ਚੀਜ਼ ਦਾ ਅਹਿਸਾਸ ਨਹੀਂ। ਜਦੋਂ ਅਹਿਸਾਸ ਹੋਇਆ, ਉਹ ਨਾ ਹੋਵੇ ਦੇਰੀ ਜ਼ਿਆਦਾ ਹੋ ਜਾਵੇ। ਕੋਸ਼ਿਸ਼ ਕਰਕੇ, ਜਿੱਦਾਂ ਦਾ ਤੈਨੂੰ ਰੱਬ ਨੇ ਬਣਾ ਕੇ ਭੇਜਿਆ ਸੀ, ਵਾਪਸ ਉੱਦਾਂ ਦਾ ਹੋ ਜਾ। ਛੱਡ ਦੇ ਢਿੱਲਾ ਆਪਣੇ ਆਪ ਨੂੰ, ਐਵੇਂ ਕਿਉਂ ਆਪਣੀਆਂ ਨਸਾਂ ਤਣ ਛੱਡੀਆਂ?"
"ਜਦੋਂ ਬੰਦਾ ਸੂਮ ਹੁੰਦਾ ਨਾ, ਤਾਂ ਉਹਦੇ ਦਿਮਾਗ ਦੀਆਂ ਨਸਾਂ ਵੀ ਇੱਦਾਂ ਹੀ ਤਣੀਆਂ ਰਹਿੰਦੀਆਂ। ਉਹ ਹਰ ਪਾਸਿਓਂ ਇਹੋ ਸੋਚਦਾ ਰਹਿੰਦਾ—ਮੈਂ ਕਿਹੜੇ ਪਾਸਿਓਂ ਕਿੱਦਾਂ ਕੀ ਬਚਾ ਸਕਦਾ ਹਾਂ? ਤੇ ਗੱਲ ਸਿਰਫ ਇਹ ਪੈਸੇ ਦੀ ਨਹੀਂ, ਉਹੀ ਬੰਦਾ ਫਿਰ ਰਿਸ਼ਤਿਆਂ ਤੱਕ ਵੀ ਪਹੁੰਚ ਜਾਂਦਾ।"
"ਕਈ ਲੋਕ ਬਹੁਤ ਸਾਰੇ ਪੈਸੇ ਇਕੱਠੇ ਕਰਦੇ ਨੇ ਤੇ ਕਈ ਬਹੁਤ ਸਾਰੇ ਰਿਸ਼ਤੇ-ਨਾਤੇ ਇਕੱਠੇ ਕਰ ਲੈਂਦੇ ਨੇ। ਪਰ ਗੱਲ ਇਹ ਆ ਕਿ ਜੇ ਆਪਾਂ ਬਹੁਤ ਸਾਰੇ ਰਿਸ਼ਤੇ-ਨਾਤੇ, ਬਹੁਤ ਸਾਰੀਆਂ ਸਾਂਝਾਂ ਬਣਾ ਕੇ ਉਹਨਾਂ ਦੇ ਨਾਲ ਵਰਤਣਾ ਹੀ ਨਹੀਂ, ਉਹਨਾਂ ਨੂੰ ਸਿਰਫ ਆਪਾਂ ਇਕੱਠਿਆਂ ਕਰਕੇ ਤਿਜੋਰੀ 'ਚ ਪਾ ਛੱਡਣਾ, ਬਹੁਤ ਸਾਰੇ ਰਿਸ਼ਤੇਦਾਰ, ਯਾਰ-ਦੋਸਤ, ਇਰਦ-ਗਿਰਦ ਲੋਕ ਜੇ ਆਪਾਂ ਇਕੱਠੇ ਕਰਕੇ ਉਹਨਾਂ ਨੂੰ ਆਪਾਂ ਹਵਾ ਹੀ ਨਹੀਂ ਲੱਗਣ ਦੇਣੀ, ਉਹਨਾਂ ਦੇ ਨਾਲ ਆਪਾਂ ਚੱਜ ਦੇ ਨਾਲ ਵਿਹਾਰ ਹੀ ਨਹੀਂ ਕਰਨਾ, ਤਾਂ ਫਿਰ ਫਾਇਦਾ ਕੀ? ਫਿਰ ਉਹ ਬੰਦੇ ਦਾ ਵਹਿਮ ਹੋ ਸਕਦਾ ਕਿ ਮੇਰੇ ਬੜੇ ਰਿਸ਼ਤੇ-ਨਾਤੇ ਨੇ, ਮੇਰੇ ਬੜੇ ਯਾਰ-ਦੋਸਤ ਨੇ, ਮੇਰੇ ਤੋਂ ਜਾਨ ਵਾਰਦੇ ਨੇ। ਪਰ ਅਸਲੀਅਤ ਦੇ ਵਿੱਚ ਉਹ... ਉਹ ਕਿਸੇ ਨਾ ਕਿਸੇ ਸ਼ਰਮ ਕਰਕੇ ਜੁੜੇ ਹੁੰਦੇ ਨੇ। ਉਹ ਇੱਕ ਨਾ ਇੱਕ ਦਿਨ ਜਰੂਰ ਤੁਹਾਡੇ ਤੋਂ ਦੂਰ ਚਲੇ ਜਾਣਗੇ, ਕਿਉਂਕਿ ਉਹ... ਉਹਨਾਂ ਦਾ ਦਮ ਘੁੱਟਦਾ ਤੁਹਾਡੇ ਇਰਦ-ਗਿਰਦ।"
"ਬੜੀ ਵਾਰ ਬੜੀਆਂ ਯਾਰੀਆਂ-ਦੋਸਤੀਆਂ, ਬੜੀਆਂ ਰਿਸ਼ਤੇਦਾਰੀਆਂ, ਸਾਂਝਾਂ ਦੇ ਉੱਤੇ ਆਪਾਂ ਇੱਦਾਂ ਦੀਆਂ ਹੀ ਕੰਡੀਸ਼ਨਾਂ ਲਾ ਦਿੰਦੇ ਹਾਂ ਕੰਜੂਸਾਂ ਵਰਗੀਆਂ। 'ਜੇ ਤੇਰੀ ਮੇਰੇ ਨਾਲ ਸਾਂਝ ਆ ਨਾ, ਤਾਂ ਫਿਰ ਤੂੰ ਵੇਖੀਂ ਉਹਦੇ ਨਾਲ ਨਹੀਂ ਬੋਲਣਾ। ਜੇ ਤੂੰ ਮੇਰੇ ਨਾਲ ਰੱਖਣੀ ਆ ਨਾ, ਤਾਂ ਫਿਰ ਤੈਨੂੰ ਮੇਰੇ ਤੱਕ ਹੀ ਰਹਿਣਾ ਪੈਣਾ। ਸਾਡੀ ਉਹਦੇ ਨਾਲ ਨਹੀਂ ਬਣਦੀ, ਉਹਦੇ ਨਾਲ ਨਹੀਂ ਤੂੰ ਬੋਲ ਸਕਦਾ।' ਤੇ ਆਪ ਭਾਵੇਂ ਕੱਲ੍ਹ ਨੂੰ ਸੁਲ੍ਹਾ ਹੋ ਜਾਵੇ, ਉਹਦੇ ਨਾਲ ਫਿਰ ਭਾਵੇਂ ਇੱਕ-ਮਿੱਕ ਹੋ ਜਾਣ।"
"ਇਹ ਵੀ ਇੱਕ ਕੰਜੂਸੀ ਵਰਗੀ ਅਵਸਥਾ। ਕੰਜੂਸੀ ਸਿਰਫ ਪੈਸੇ ਦੀ ਨਹੀਂ ਹੁੰਦੀ, ਕੰਜੂਸੀ ਸਾਂਝਾਂ ਦੀ ਵੀ ਹੁੰਦੀ ਆ, ਰਿਸ਼ਤੇਦਾਰੀਆਂ, ਨਾਤਿਆਂ ਦੀ ਵੀ ਹੁੰਦੀ ਆ। ਕੰਜੂਸੀ ਆਪਾਂ ਰੱਬ ਦੇ ਨਾਲ ਵੀ ਕਰਦੇ ਹਾਂ, ਜਿਹਨੂੰ ਲੈ ਕੇ ਸ਼ਾਇਦ ਫਕੀਰ ਜ਼ਿਆਦਾ ਚਿੰਤਾ ਦੇ ਵਿੱਚ ਸੀ। ਆਪਾਂ ਬਹੁਤ ਸਾਰਾ... ਬਹੁਤ ਸਾਰਾ ਗਿਆਨ ਇਕੱਠਾ ਕਰਕੇ ਉਹਨੂੰ ਵੀ ਕੁੰਡੀ ਮਾਰ ਕੇ ਰੱਖ ਲੈਂਦੇ ਹਾਂ। ਸਾਨੂੰ ਲੱਗਦਾ ਇਹ ਸਾਡੇ ਤੱਕ ਸਿਰਫ ਸੀਮਤ ਰਹਿਣਾ ਚਾਹੀਦਾ। 'ਇਹ ਧਰਮ-ਕਰਮ ਦੀ ਗੱਲ ਸਿਰਫ ਮੈਨੂੰ ਪਤਾ ਹੋਣੀ ਚਾਹੀਦੀ ਆ। ਜੇ ਦੂਸਰੇ ਨੂੰ ਦੱਸਣੀ, ਤਾਂ ਉਹਨੂੰ ਇਸ ਤਰੀਕੇ ਦੇ ਨਾਲ ਕਿ ਉਹਨੂੰ ਕੱਲ੍ਹ ਨੂੰ ਫਿਰ ਉਹ ਘੁੰਮ ਕੇ ਮੇਰੇ ਕੋਲ ਹੀ ਆਉਣਾ ਪਵੇ।'"
"ਤੇ ਦੂਸਰੇ ਪਾਸੇ ਉਹ ਲੋਕ ਜਿਹੜੇ ਖੁੱਲ੍ਹ ਕੇ ਲੁਟਾਉਂਦੇ ਨੇ, ਭਾਵੇਂ ਉਹ ਧਨ ਹੋਵੇ, ਭਾਵੇਂ ਯਾਰੀਆਂ-ਦੋਸਤੀਆਂ, ਸਾਂਝਾਂ ਹੋਣ, ਤੇ ਚਾਹੇ ਫਿਰ ਉਹ ਧਰਮ-ਕਰਮ, ਨੌਲੇਜ ਹੋਵੇ, ਜਾਣਕਾਰੀ ਹੋਵੇ, ਐਜੂਕੇਸ਼ਨ ਹੋਵੇ। ਨਾ ਤਾਂ ਖੁੱਲ੍ਹ ਕੇ ਲੁਟਾਇਆਂ ਗੱਲ ਬਣਦੀ ਆ ਤੇ ਨਾ ਹੀ ਬਿਲਕੁਲ ਹੱਥ ਘੁੱਟਿਆਂ ਗੱਲ ਬਣਦੀ ਆ। ਨਾ ਹੀ ਕੰਜੂਸੀ ਦੇ ਨਾਲ ਤੇ ਨਾ ਹੀ ਬਹੁਤੀ ਖੁੱਲ੍ਹਦਿਲੀ ਦੇ ਨਾਲ। ਜਿੱਦਾਂ ਦਾ ਸਾਨੂੰ ਕੁਦਰਤ ਨੇ ਬਣਾਇਆ, ਬਿਲਕੁਲ ਉਸੇ ਤਰ੍ਹਾਂ ਦੀ ਇੱਕ ਫਲੇਕਸੀਬਿਲਟੀ ਸਾਡੇ 'ਚ ਹੋਣੀ ਬਹੁਤ ਜਰੂਰੀ ਆ। ਹੱਥ ਦੀ ਤਾਂ ਸਿਰਫ ਇੱਕ... ਇੱਕ ਆਪਾਂ ਐਗਜ਼ਾਮਪਲ ਲੈ ਲਈਏ, ਸੌਖੀ ਸਮਝ ਆ ਜਾਂਦੀ ਆ। ਜਿੱਦਾਂ ਦਾ ਸਾਡਾ ਹੱਥ ਆ, ਬਿਲਕੁਲ ਫਲੇਕਸੀਬਲ ਰਹਿਣਾ ਚਾਹੀਦਾ, ਉਂਗਲਾਂ ਬਿਲਕੁਲ ਨੋਰਮਲ, ਬਿਲਕੁਲ ਤਣਾਅ ਮੁਕਤ ਚੱਲਣੀਆਂ ਚਾਹੀਦੀਆਂ। ਉਸੇ ਤਰ੍ਹਾਂ ਦੇ ਨਾਲ ਸਾਡਾ ਦਿਮਾਗ ਵੀ ਆ, ਦਿਮਾਗੀ ਨਸਾਂ ਵੀ ਨੇ। ਉਹ ਵੀ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਚਿੰਤਾ ਮੁਕਤ ਹੀ ਚੱਲਣ, ਤਾਂ ਫਿਰ ਗੱਲ ਬਣਦੀ ਆ।"
"ਬਹੁਤੀ ਚਿੰਤਾ ਦੇ ਵਿੱਚ ਜੇ ਆਪਾਂ ਦਿਮਾਗੀ ਨਸਾਂ ਦੇ ਵਿੱਚ ਵੀ ਤਣਾਅ ਭਰ ਲੈਂਦੇ ਹਾਂ, ਤਾਂ ਉੱਥੇ ਵੀ ਖੂਨ ਦਾ ਪ੍ਰਵਾਹ ਰੁਕਦਾ। ਤੇ ਜੇ ਆਪਾਂ ਬਿਲਕੁਲ ਹੀ ਲਾਪਰਵਾਹ ਹੋ ਜਾਂਦੇ ਹਾਂ, ਕਿਸੇ ਚੀਜ਼ ਦੀ ਕੋਈ ਆਪਾਂ ਚਿੰਤਾ ਨਹੀਂ ਮਾਰਦੇ, ਤਾਂ ਵੀ ਸਮੱਸਿਆ ਸ਼ੁਰੂ ਹੋ ਜਾਂਦੀ ਆ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਨੂੰ ਅੱਧ-ਵਿਚਕਾਰੇ ਆਉਣਾ ਪਊਗਾ।"
"ਕੁਦਰਤ ਦੀ ਹਰ ਇੱਕ ਚੀਜ਼, ਹਰ ਇੱਕ ਰੱਬ ਦੀ ਦਿੱਤੀ ਸਾਨੂੰ ਸ਼ੈਅ, ਉਹ ਫਲੇਕਸੀਬਿਲਟੀ ਦੇ ਨਾਲ ਚੱਲਦੀ ਆ। ਹਵਾ ਵੱਗਦੀ ਆ ਤੇ ਰੁੱਖ ਫਲੇਕਸੀਬਿਲਟੀ ਦੇ ਨਾਲ ਚੱਲਦੇ ਆ, ਨਹੀਂ ਤਾਂ ਉਹਨਾਂ ਦੇ... ਉਹਨਾਂ ਦੇ ਟਾਹਣ ਟੁੱਟ ਜਾਣ। ਉਹ ਉਸੇ ਪ੍ਰਵਾਹ ਦੇ ਨਾਲ ਚੱਲਦੇ ਆ ਜਿੱਦਾਂ... ਜਿੱਦਾਂ ਕੁਦਰਤ ਉਹਨਾਂ ਨੂੰ ਚਲਾ ਰਹੀ ਹੁੰਦੀ ਆ। ਜੇ ਸਾਡੇ ਸਾਹ ਨੇ, ਤਾਂ ਉਹ ਵੀ ਇਸੇ ਫਲੇਕਸੀਬਿਲਟੀ ਦੇ ਨਾਲ ਚੱਲਦੇ ਆ। ਇੱਕ ਸਾਹ ਆਪਾਂ ਅੰਦਰ ਲੈਂਦੇ ਹਾਂ, ਤੇ ਫਿਰ ਸਾਨੂੰ ਉਹ ਬਾਹਰ ਵੀ ਕੱਢਣਾ ਪੈਂਦਾ। ਜੇ ਆਪਾਂ ਸਾਹ ਸਿਰਫ ਅੰਦਰ ਹੀ ਲਈ ਜਾਈਏ, ਤਾਂ ਵੀ ਦਮ ਘੁੱਟਦਾ। ਤੇ ਜੇ ਆਪਾਂ ਬਾਹਰ ਕੱਢ ਕੇ ਕਹੀਏ ਵੀ ਆਪਾਂ ਹੁਣ ਅੰਦਰ ਹੀ ਨਹੀਂ ਲੈਣਾ, ਬਾਹਰ ਹੀ ਕੱਢੀ ਜਾਈਏ, ਤਾਂ ਉੱਥੇ ਵੀ ਬੰਦਾ ਮਰਦਾ।"
"ਸੋ ਇਹ... ਇਹ ਇਨ-ਆਊਟ ਹਮੇਸ਼ਾ ਚੱਲਦਾ ਰਹਿਣਾ ਚਾਹੀਦਾ। ਜਿੱਦਾਂ ਤਿਜੋਰੀਆਂ 'ਚ ਪਏ ਪੈਸਿਆਂ ਨੂੰ ਉੱਲੀ ਲੱਗ ਜਾਂਦੀ ਆ, ਉਸੇ ਤਰ੍ਹਾਂ ਦੇ ਨਾਲ ਦਿਮਾਗ 'ਚ ਪਏ ਵਿਚਾਰਾਂ ਨੂੰ, ਦਿਮਾਗ 'ਚ ਪਈ ਈਰਖਾ ਨੂੰ ਛੇਤੀ ਤੋਂ ਛੇਤੀ ਕੱਢ ਲੈਣਾ ਚਾਹੀਦਾ, ਹਵਾ ਲਵਾ ਲੈਣੀ ਚਾਹੀਦੀ ਆ।"
"ਕਿਸੇ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਮਾੜੇ ਵਿਚਾਰ ਵੀ ਜੇਕਰ ਪਏ ਨੇ, ਬਹੁਤਾ ਚਿਰ ਪਏ ਰਹੇ ਨੇ, ਹੌਲੀ-ਹੌਲੀ ਤੁਸੀਂ ਵੇਖੋਗੇ ਕਿ ਉਹ ਗਰਜ ਵੱਧਦਾ-ਵੱਧਦਾ ਵੱਧ ਜਾਂਦਾ, ਉਹ ਤੁਹਾਡੇ ਆਪਣੇ ਲਈ ਨਾਸੂਰ ਬਣ ਜਾਂਦਾ। ਇਹ ਵੀ ਇਸੇ ਕੰਜੂਸੀ ਵਾਲੇ 'ਚ ਆ ਜਾਂਦਾ। ਬਹੁਤਾ ਚਿਰ ਆਪਾਂ ਕਿਸੇ ਦੇ ਨਾਲ ਗੁੱਸਾ-ਗਿਲਾ ਮਨ 'ਚ ਰੱਖ ਛੱਡੀਏ, ਤਾਂ ਹੌਲੀ-ਹੌਲੀ ਉਹ ਸਾਨੂੰ ਇੰਨਾ ਕੁ ਤੰਗ-ਪਰੇਸ਼ਾਨ ਕਰਦਾ ਕਿ ਤੁਸੀਂ ਆਪ ਬੀਮਾਰ ਰਹਿਣ ਲੱਗ ਪੈਂਦੇ ਹੋ। ਤੇ ਜੇ ਲੋੜ ਤੋਂ ਵੱਧ ਕਿਸੇ ਦੇ ਉੱਤੇ ਤੁਸੀਂ ਪਿਆਰ ਨਿਛਾਵਰ ਕਰੀ ਜਾਓ, ਤਾਂ ਉਹ ਵੀ ਬੰਦਾ ਤੁਹਾਡਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦਾ।"
"ਕੁਲ ਮਿਲਾ ਕੇ ਜ਼ਿੰਦਗੀ ਦੇ ਹਰ ਇੱਕ ਹਿੱਸੇ ਦੇ ਵਿੱਚ ਸਾਡੀ ਫਲੇਕਸੀਬਿਲਟੀ ਹੋਣੀ ਬੜੀ ਜਰੂਰੀ ਆ। ਕਿਸੇ ਵੀ ਪਾਸੇ ਨੂੰ, ਕਿਸੇ ਵੀ ਤਰ੍ਹਾਂ ਦਾ ਜੇਕਰ ਤੁਸੀਂ ਵੇਖ ਰਹੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਤਣਾਅ ਆ, ਕਿਸੇ ਵੀ ਚੀਜ਼ ਨੂੰ ਲੈ ਕੇ ਤੁਸੀਂ ਕੰਜੂਸੀ ਵਰਤ ਰਹੇ ਹੋ ਜਾਂ ਬਹੁਤ ਖੁੱਲ੍ਹੇ ਦਿਲ ਦੇ ਨਾਲ ਚੱਲ ਰਹੇ ਹੋ, ਤਾਂ ਕੋਸ਼ਿਸ਼ ਕਰਕੇ ਉਹਨੂੰ ਆਪਾਂ ਉੱਦਾਂ ਦਾ ਬਣਾ ਲਈਏ, ਉੱਦਾਂ ਦੇ ਹੋ ਜਾਈਏ ਜਿੱਦਾਂ ਦਾ ਰੱਬ ਨੇ ਸਾਨੂੰ ਬਣਾ ਕੇ ਭੇਜਿਆ ਸੀ, ਜਿੱਦਾਂ ਦੇ ਕੁਦਰਤ ਸਾਨੂੰ ਇਸ਼ਾਰੇ ਕਰਦੀ ਆ। ਧੰਨਵਾਦ।"
Frequently Asked Questions
ਇਸ ਕਹਾਣੀ ਦਾ ਮੁੱਖ ਸੁਨੇਹਾ (Moral) ਕੀ ਹੈ?
ਕੀ ਕੰਜੂਸੀ ਸਿਰਫ਼ ਪੈਸੇ ਤੱਕ ਹੀ ਸੀਮਤ ਹੁੰਦੀ ਹੈ?
ਜ਼ਿੰਦਗੀ ਵਿੱਚ "ਲਚਕਤਾ" (Flexibility) ਕਿਉਂ ਜ਼ਰੂਰੀ ਹੈ?
ਮਨ ਵਿੱਚ ਗੁੱਸਾ ਜਾਂ ਈਰਖਾ ਬਹੁਤਾ ਚਿਰ ਰੱਖਣ ਨਾਲ ਕੀ ਨੁਕਸਾਨ ਹੁੰਦਾ ਹੈ?
What's Your Reaction?
