ਕਰਮਾਂ ਦਾ ਚੱਕਰ - Karma and Divine Mercy Story in Punjabi

ਬੁੱਧ ਦੇ ਪ੍ਰਵਚਨ ਅਤੇ ਇੱਕ ਬਜ਼ੁਰਗ ਦੀ ਹੱਡ-ਬੀਤੀ 'ਤੇ ਅਧਾਰਿਤ ਇੱਕ ਪ੍ਰੇਰਣਾਦਾਇਕ ਪੰਜਾਬੀ ਕਹਾਣੀ, ਜੋ ਕਰਮਾਂ ਦੇ ਚੱਕਰ, ਮਾਤਾ-ਪਿਤਾ ਦੀ ਕਦਰ ਅਤੇ ਰੱਬ ਦੀ ਰਹਿਮਤ ਦਾ ਗੂੜ੍ਹਾ ਗਿਆਨ ਦਿੰਦੀ ਹੈ।

Jul 27, 2026 - 12:02
 0  0

Share -

ਕਰਮਾਂ ਦਾ ਚੱਕਰ - Karma and Divine Mercy Story in Punjabi

ਇੱਕ ਵਾਰੀ ਇੱਕ ਬਜ਼ੁਰਗ ਆਦਮੀ ਇਕੱਲਾ ਬੈਠਾ ਰੋਈ ਜਾਵੇ, ਪਰ ਅਚਾਨਕ ਕੀ ਵੇਖਦੇ ਨੇ ਕਿ ਹੁਣ ਉਹ ਹੱਸਣ ਲੱਗ ਪਿਆ।
ਬੁੱਧ ਦੇ ਪੈਰੋਕਾਰਾਂ ਨੇ ਸਮਝਿਆ ਕਿ ਸ਼ਾਇਦ ਇਹ ਪਾਗਲ ਹੋ ਗਿਆ। ਜਾ ਕੇ ਬੁੱਧ ਨੂੰ ਕਿਹਾ, "ਓਥੇ ਰੁੱਖ ਦੇ ਥੱਲੇ ਇੱਕ ਪਾਗਲ ਬਜ਼ੁਰਗ ਬੈਠਾ, ਉਹਦੀ ਆਪਾਂ ਕਿਹੜੇ ਤਰੀਕੇ ਦੇ ਨਾਲ ਮਦਦ ਕਰ ਸਕਦੇ ਹਾਂ?"
ਤੇ ਬੁੱਧ ਨੇ ਕਿਹਾ, "ਨਹੀਂ, ਉਹ ਪਾਗਲ ਨਹੀਂ ਆ। ਉਹਦੇ ਕੋਲੋਂ ਤੁਸੀਂ ਬੜੀਆਂ ਕੰਮ ਦੀਆਂ ਗੱਲਾਂ ਸਿੱਖ ਸਕਦੇ ਹੋ। ਉਹਦੇ ਕੋਲੋਂ ਤੁਸੀਂ ਜ਼ਿੰਦਗੀ ਦੇ ਤਜਰਬੇ ਸਿੱਖ ਸਕਦੇ ਹੋ। ਜਾਓ ਤੇ ਉਹਨੂੰ ਪੁੱਛੋ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ।"
ਤਾਂ ਪੁੱਛਣ 'ਤੇ ਬਜ਼ੁਰਗ ਨੇ ਕਿਹਾ— ਭੁੱਖ ਲੱਗੀ ਆ। ਇਸ਼ਾਰਾ ਕਰਕੇ ਆਪਣੇ ਭੁੱਖੇ ਹੋਣ ਦਾ ਸੰਕੇਤ ਦਿੱਤਾ, ਤੇ ਜੋ ਭਿਕਸ਼ੂਆਂ ਦੇ ਕੋਲ ਸੀ, ਉਹਨਾਂ ਨੇ ਖੜ੍ਹ ਕੇ ਉਹਨਾਂ ਨੂੰ ਖਾਣ ਦੇ ਲਈ ਦੇ ਦਿੱਤਾ।
ਹੁਣ ਉਹ ਕੋਲ ਬੈਠੇ ਕੀ ਵੇਖਦੇ ਨੇ ਕਿ ਬਜ਼ੁਰਗ ਇੱਕ ਬੁਰਕੀ ਮੂੰਹ ਦੇ ਵਿੱਚ ਪਾਉਂਦਾ ਤੇ ਰੋਣ ਲੱਗ ਪੈਂਦਾ। ਉਸ ਤੋਂ ਬਾਅਦ ਫੇਰ ਪਤਾ ਨਹੀਂ ਕੀ ਹੁੰਦਾ, ਖਿੜ-ਖੜਾ ਕੇ ਹੱਸਣ ਲੱਗ ਪੈਂਦਾ।
ਬੁੱਧ ਦੇ ਕਹੇ ਦੇ ਮੁਤਾਬਿਕ ਉਹ ਉੱਥੇ ਉਸ ਬਜ਼ੁਰਗ ਦੇ ਕੋਲ ਬੈਠੇ ਨੇ ਕਿ ਕੋਈ ਇਹਦੇ ਕੋਲੋਂ ਕੰਮ ਦੀ ਗੱਲ ਆਪਾਂ ਅੱਜ ਸਿੱਖ ਕੇ ਜਾਣੀ ਆ।
ਬਜ਼ੁਰਗ ਨੇ ਜਦੋਂ ਆਪਣਾ ਖਾਣਾ ਫਿਨਿਸ਼ ਕੀਤਾ, ਰੋਟੀ ਖਾਧੀ, ਤਾਂ ਇੱਕ ਜਣੇ ਨੇ ਪੁੱਛਿਆ, "ਬਜ਼ੁਰਗੋ, ਤੁਸੀਂ ਇੱਦਾਂ ਕਿਉਂ ਕਰਦੇ ਹੋ? ਵਿੱਚੇ ਰੋਣ ਲੱਗ ਪੈਂਦੇ ਹੋ, ਵਿੱਚੇ ਹੱਸਣ ਲੱਗ ਪੈਂਦੇ ਹੋ?"
ਤਾਂ ਬਜ਼ੁਰਗ ਕਹਿਣ ਲੱਗਾ, "ਬੱਸ... ਮੈਂ ਆਪਣੀ ਜ਼ਿੰਦਗੀ ਦੀਆਂ ਕੀਤੀਆਂ ਗਲਤੀਆਂ ਦੇ ਉੱਤੇ ਰੋਨਾ। ਤੇ ਉਸ ਰੱਬ ਦੀਆਂ ਕੀਤੀਆਂ ਰਹਿਮਤਾਂ ਦੇ ਉੱਤੇ ਹੱਸਦਾ। ਜਦੋਂ ਮੈਨੂੰ ਜਿਹੜੀ ਚੇਤੇ ਆ ਜਾਂਦੀ ਆ, ਉਦੋਂ ਫਿਰ ਮੈਂ ਉਸੇ ਪਾਸੇ ਨੂੰ ਹੋ ਤੁਰਦਾ।
ਹੁੰਦਾ ਤਾਂ ਮੇਰੇ ਨਾਲ ਪਹਿਲਾਂ ਵੀ ਇੱਦਾਂ ਹੀ, ਪਰ ਪਹਿਲਾਂ ਮੈਂ ਇਸ ਤਰੀਕੇ ਦੇ ਨਾਲ ਆਪਣੇ ਮਨ ਦੇ ਹਾਵ-ਭਾਵ ਰੋਕਦਾ ਨਹੀਂ ਸੀ। ਹੁਣ ਜੋ ਆਉਂਦਾ, ਉਸੇ ਤਰ੍ਹਾਂ ਦੇ ਨਾਲ ਅੱਗੇ ਜਾਣਾ ਚਾਹੀਦਾ। ਵੈਸੇ ਇਹ ਗੱਲਾਂ ਮੈਂ ਬਹੁਤ ਪਹਿਲਾਂ ਕਿਤੇ ਬੁੱਧ ਦੀਆਂ ਮੰਨੀਆਂ ਹੁੰਦੀਆਂ ਤਾਂ ਮੇਰੀ ਜ਼ਿੰਦਗੀ ਇੰਨੀ ਔਖੀ ਨਾ ਹੁੰਦੀ।
ਜਦੋਂ ਮੈਂ ਛੋਟਾ ਸੀ ਨਾ, ਜਦੋਂ ਮੈਂ ਬਚਪਨ 'ਚ ਸੀ, ਤੇ ਮੈਨੂੰ ਇੱਦਾਂ ਲੱਗਦਾ ਸੀ ਕਿ ਮੇਰੀ ਮਨ-ਮਰਜ਼ੀ ਚੱਲਣੀ ਚਾਹੀਦੀ ਆ। ਮੇਰੇ ਮੁਤਾਬਿਕ ਇਹ ਦੁਨੀਆ ਚੱਲਣੀ ਚਾਹੀਦੀ ਆ। ਮੈਂ ਆਪਣੇ ਮਾਂ-ਪਿਓ ਦੀਆਂ ਝਿੜਕਾਂ ਕਿਉਂ ਖਾਵਾਂ? ਮੈਂ ਵੀ ਵੱਡਾ ਹੋਵਾਂ ਛੇਤੀ-ਛੇਤੀ। ਮੇਰੇ ਵੀ ਆਪਣੇ ਫੈਸਲੇ ਹੋਣ। ਮੇਰੇ ਵੀ ਹੁਕਮ ਚੱਲਣ।
ਮੈਨੂੰ ਲੱਗਦਾ ਸੀ ਕਿ ਮੇਰਾ ਪਿਓ ਬੜਾ ਸਖ਼ਤ ਆ। ਉਹ ਬੜਾ ਸਖ਼ਤ ਮਜ਼ਾਜ ਆ। ਉਹਨੂੰ ਮੇਰੇ ਵਿੱਚ ਕੋਈ ਦਿਲਚਸਪੀ ਨਹੀਂ। ਉਹ ਸਿਰਫ਼ ਪੈਸੇ ਦੇ ਪਿੱਛੇ ਭੱਜਦਾ। ਉਹਨੂੰ ਸਿਰਫ਼ ਰਾਤ-ਦਿਨ ਕੰਮ ਕਰਨ ਦੇ ਨਾਲ ਮਤਲਬ ਹੈ।
ਪਰ ਮੈਨੂੰ ਇਹ ਸਭ ਬਿਲਕੁਲ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਜਦੋਂ ਮੈਂ ਕੁਝ ਮੰਗਣਾ ਤਾਂ ਉਹਨੇ ਮੈਨੂੰ ਆਹਨੇ-ਬਹਾਨੇ ਟਾਲ ਦੇਣਾ।
ਪਤਾ ਨਹੀਂ ਕਿਉਂ ਇਸ ਪਾਪੀ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਇਆ— ਇਹ ਪਿਓ ਮੇਰੀ ਜ਼ਿੰਦਗੀ ਦੇ ਵਿੱਚ ਹੋਣਾ ਹੀ ਨਹੀਂ ਚਾਹੀਦਾ। ਇਹ ਨਹੀਂ ਹੋਊਗਾ ਤੇ ਫਿਰ ਮੈਂ ਆਪਣੇ ਤਰੀਕੇ ਦੇ ਨਾਲ ਫੈਸਲੇ ਲਊਂਗਾ। ਮਾਂ ਤਾਂ ਵੈਸੇ ਵੀ ਨਹੀਂ ਮੈਨੂੰ ਟੋਕਦੀ। ਮਾਂ ਨੇ ਰੋਕਣਾ ਨਹੀਂ, ਪਿਓ ਨੇ ਹੋਣਾ ਨਹੀਂ, ਕਿੰਨੀ ਵਧੀਆ ਖੂਬਸੂਰਤ ਜਿਹੀ ਜ਼ਿੰਦਗੀ ਹੋਵੇ।
ਇਹ ਵਿਚਾਰ ਇੱਕ ਵਾਰੀ ਮਨ ਦੇ ਵਿੱਚ ਆਇਆ ਤੇ ਫਿਰ ਵਾਰ-ਵਾਰ ਆਉਣਾ ਸ਼ੁਰੂ ਹੋ ਗਿਆ। ਆਖਿਰਕਾਰ ਇੱਕ ਦਿਨ ਮੇਰਾ ਬਾਪ ਮੰਜੇ ਦੇ ਉੱਤੇ ਪੈ ਗਿਆ। ਉਹ ਜਿੱਦਾਂ ਇੰਨਾ ਕੁ ਬੀਮਾਰ ਹੋਇਆ, ਡਾਕਟਰਾਂ ਨੇ ਜਵਾਬ ਦੇ ਦਿੱਤਾ। ਹੁਣ ਉਹ ਠੀਕ ਨਹੀਂ ਸੀ ਹੋ ਸਕਦਾ।
ਹੁਣ ਮੈਂ ਕਈ ਵਾਰੀ ਸੋਚਦਾ ਹਾਂ ਕਿ ਸ਼ਾਇਦ ਮੈਂ ਜੋ ਮੰਗਿਆ ਸੀ, ਉਹ ਰੱਬ ਨੇ ਪੂਰਾ ਕਰ ਦਿੱਤਾ। ਉਦੋਂ ਤਾਂ ਬੜੀ ਖੁਸ਼ੀ ਹੋਈ ਮੈਨੂੰ। ਬੜਾ ਵਧੀਆ ਲੱਗਿਆ। ਹੌਲੀ-ਹੌਲੀ ਉਹ ਸਾਰਾ ਕੁਝ ਹੋ ਗਿਆ ਜਿੱਦਾਂ ਦਾ ਮੈਂ ਚਾਹੁੰਦਾ ਸੀ, ਪਰ ਉਸ ਚੀਜ਼ ਨੇ ਮੈਨੂੰ ਅਨੰਦ ਨਹੀਂ ਦਿੱਤਾ, ਉਲਟਾ ਸਗੋਂ ਹੋਰ ਮੈਨੂੰ ਤੰਗ ਕੀਤਾ।
ਪਿਓ ਦੇ ਜਾਣ ਤੋਂ ਬਾਅਦ ਜਿਹੜੀਆਂ ਆਸ-ਪਾਸ ਸ਼ਰੀਕਾਂ ਦੇ ਕੋਲੋਂ ਮੈਂ ਪਟੋਕੀਆਂ ਖਾਧੀਆਂ, ਬੱਸ ਮੈਂ ਕਿਵੇਂ ਵੀ ਕਰਕੇ ਪਿਓ ਨੂੰ ਵਾਪਸ ਨਹੀਂ ਸੀ ਸੱਦ ਸਕਦਾ। ਪਰ ਹੋਇਆ ਮੈਂ ਬਹੁਤ ਤੰਗ। ਇੱਕ ਸਮੇਂ ਦੇ ਉੱਤੇ ਜ਼ਿੰਦਗੀ ਨਰਕ ਲੱਗਣ ਲੱਗ ਪਈ।
ਉਸ ਤੋਂ ਬਾਅਦ ਮੈਂ ਇੱਕ... ਇੱਕ ਕੁੜੀ ਨੂੰ ਮਿਲਿਆ, ਮੈਨੂੰ ਲੱਗਾ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪਰਤ ਆਈਆਂ ਨੇ। ਮੈਨੂੰ ਲੱਗਾ ਜੇਕਰ ਮੇਰਾ ਉਹਦੇ ਨਾਲ ਵਿਆਹ ਹੋ ਜਾਏ, ਉਹ ਹਮੇਸ਼ਾ ਦੇ ਲਈ ਮੇਰੀ ਜ਼ਿੰਦਗੀ ਦੇ ਵਿੱਚ ਆ ਜਾਏ ਤਾਂ ਫਿਰ ਮੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਇੱਕ ਸਮੇਂ ਤਾਂ ਮੈਨੂੰ ਗਿਆ ਪਿਓ ਵੀ ਭੁੱਲ ਗਿਆ।
ਬੜੀ ਯਤਨ ਕਰਕੇ ਮੈਂ ਉਸ ਕੁੜੀ ਦੇ ਨਾਲ ਵਿਆਹ ਵੀ ਕਰਾ ਲਿਆ। ਉਹ ਮੇਰੀ ਜ਼ਿੰਦਗੀ ਦੇ ਵਿੱਚ ਆ ਗਈ। ਕੁਝ ਸਮੇਂ ਦੇ ਲਈ ਬੜੀਆਂ ਖੁਸ਼ੀਆਂ ਰਹੀਆਂ। ਪਰ ਉਸ ਤੋਂ ਬਾਅਦ ਉਹ ਵੀ ਕਈ ਚੀਜ਼ਾਂ ਦੇ ਵਿੱਚ ਮੈਨੂੰ ਟੋਕਣ ਲੱਗੀ।
ਮੈਨੂੰ ਲੱਗਦਾ ਸੀ ਕਿ ਉਹਨੂੰ ਇਸ ਤਰੀਕੇ ਦੇ ਨਾਲ ਮੈਨੂੰ ਟੋਕਣਾ ਨਹੀਂ ਚਾਹੀਦਾ। ਮੈਂ ਇਕੱਲਾ ਥੋੜ੍ਹੀ ਸ਼ਰਾਬ ਪੀਨਾ। ਹੋਰ ਵੀ ਸਾਰੀ ਦੁਨੀਆ ਪੀਂਦੀ ਆ, ਨਾਲੇ ਮੈਂ ਦੁਖੀ ਆਂ ਫਿਰ ਪੀਨਾ। ਇਹ ਮੈਨੂੰ ਕੌਣ ਹੁੰਦੀ ਆ ਰੋਕਣ ਵਾਲੀ, ਟੋਕਣ ਵਾਲੀ? ਇਹ ਤਾਂ ਸਿਰਫ਼ ਉਹੀ ਕਰੇ ਜੋ ਮੈਂ ਕਹਿਨਾ।
ਹੌਲੀ-ਹੌਲੀ ਘਰ ਦੇ ਵਿੱਚ ਕਲੇਸ਼ ਵਧਣ ਲੱਗਾ ਤੇ ਫਿਰ ਉਹ ਕਲੇਸ਼ ਨੇ ਇੱਕ ਨਵਾਂ ਰੂਪ ਲੈ ਲਿਆ। ਅਸਲ ਦੇ ਵਿੱਚ ਅੰਦਰ ਦੀ ਗੱਲ ਤਾਂ ਕਿਸੇ ਨੂੰ ਦੱਸਣੀ ਨਾ, ਫਿਰ ਕਹਿਣਾ— ਇਹਦੇ ਘਰ ਬੱਚਾ ਨਹੀਂ ਕੋਈ ਹੋ ਰਿਹਾ।
ਫਿਰ ਮੈਂ ਪਤਾ ਨਹੀਂ ਬੜੀ ਸ਼ਿੱਦਤ ਦੇ ਨਾਲ ਸ਼ਾਇਦ ਉਸ ਰੱਬ ਕੋਲੋਂ ਬੱਚਾ ਮੰਗਿਆ। ਇਹਨਾਂ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਮੈਂ ਵੀ ਕਿਤੇ ਨਿਜਾਤ ਪਾਵਾਂ ਤਾਂ ਰੱਬ ਨੇ ਮੇਰੀ ਸੁਣ ਲਈ। ਸਾਡੇ ਘਰ ਆਖਿਰਕਾਰ ਪਹਿਲੇ ਬੱਚੇ ਨੇ ਕਿਲਕਾਰੀ ਮਾਰੀ। ਘਰ ਦੇ ਵਿੱਚ ਜਿੱਦਾਂ ਖੁਸ਼ੀਆਂ ਦੌੜ ਪਈਆਂ ਹੋਣ।
ਤੁਸੀਂ ਪੁੱਛਦੇ ਸੀ ਨਾ ਮੈਂ ਕਿਉਂ ਹੱਸਨਾ? ਬੱਸ ਅਜਿਹੇ ਹੀ ਖੁਸ਼ੀ ਦੇ ਪਲ ਚੇਤੇ ਆਉਂਦੇ ਨੇ ਤੇ ਫਿਰ ਮੈਂ ਹੱਸ ਪੈਨਾ। ਮੈਨੂੰ ਆਪਣੀ ਕੋਈ ਬੇਵਕੂਫੀ ਯਾਦ ਆਉਂਦੀ ਆ ਤੇ ਮੈਂ ਰੋ ਪੈਨਾ।
ਪਰ ਫਿਰ ਵੀ ਉੱਥੇ ਨਹੀਂ ਰੁਕਿਆ ਮਨ। ਮੈਂ ਫਿਰ... ਫਿਰ ਰੱਬ ਦੇ ਅੱਗੇ ਫਰਿਆਦ ਕੀਤੀ— ਬਾਕੀਆਂ ਨੂੰ ਦੋ-ਦੋ ਦਿੱਤੇ ਆ। ਇੱਕ ਵੇਲੇ ਕਿਸੇ ਇੱਕ ਨੂੰ ਕੁਝ ਹੋ ਜਾਂਦਾ ਤਾਂ ਫਿਰ? ਮੇਰੇ ਘਰ ਵੀ ਦੋ ਬੱਚੇ ਚਾਹੀਦੇ ਆ। ਰੱਬ ਨੇ ਮੇਰੀ ਉਹ ਵੀ ਸੁਣ ਲਈ। ਇੱਕ ਪੁੱਤ ਹੋਰ ਹੋ ਗਿਆ।
ਬੱਸ ਫਿਰ ਦੁਬਾਰਾ ਤੋਂ ਘਰ ਦੇ ਵਿੱਚ ਖੁਸ਼ੀਆਂ ਪਰਤ ਆਈਆਂ। ਲੱਗਦਾ ਸੀ ਹੁਣ ਹੋਰ ਕੀ ਚਾਹੀਦਾ। ਜੋ ਵੀ ਚਾਹਿਆ, ਉਹ ਸਾਰਾ ਕੁਝ ਰੱਬ ਨੇ ਦੇ ਦਿੱਤਾ। ਹੌਲੀ-ਹੌਲੀ ਪੁੱਤ ਵੱਡੇ ਹੋਏ। ਤਾਂ ਸ਼ਾਇਦ ਪੁੱਤ ਉੱਨੀ ਕੁ ਉਮਰ ਦੇ ਵਿੱਚ ਆ ਗਏ, ਜਿੰਨੀ ਕੁ ਉਮਰ ਦੇ ਵਿੱਚ ਮੈਂ ਪਿਓ ਤੋਂ ਖਿਝਦਾ ਹੁੰਦਾ ਸੀ।
ਉਸੇ ਤਰ੍ਹਾਂ ਸ਼ਾਇਦ ਮੇਰੇ ਪੁੱਤਾਂ ਨੇ ਵੀ ਮੇਰੇ ਤੋਂ ਖਿਝਣਾ ਸ਼ੁਰੂ ਕਰ ਦਿੱਤਾ। ਹੁਣ ਮਾਂ ਦੇ ਨਾਲ-ਨਾਲ ਉਹਨਾਂ ਨੂੰ ਵੀ ਚੰਗਾ ਨਹੀਂ ਸੀ ਲੱਗਦਾ— ਮੈਂ ਸ਼ਰਾਬ ਪੀ ਕੇ ਆਵਾਂ, ਮਾਂ ਨੂੰ ਮੰਦਾ-ਚੰਗਾ ਬੋਲਾਂ, ਉਹਨੂੰ ਕੁੱਟਾਂ।
ਆਸ-ਪਾਸ ਦੇ ਲੋਕ ਜਿੱਥੇ ਵਾਹ-ਵਾਹੀ ਕਰਦੇ, ਮੇਰੇ ਪੈਸੇ ਦੇ ਸਿਰੋਂ ਐਸ਼ ਕਰਦੇ, ਨਾਲ ਹੀ ਮੇਰੀ ਬੱਲੇ-ਬੱਲੇ ਕਰਦੇ, ਉੱਥੇ ਮੇਰਾ ਪਰਿਵਾਰ ਮੈਨੂੰ ਬਿਲਕੁਲ ਵੇਖ ਨਾ ਸਕਦਾ। ਮੇਰੀ ਹਰ ਇੱਕ ਕਹੀ ਗੱਲ ਉਹਨਾਂ ਨੂੰ ਬੁਰੀ ਲੱਗਦੀ। ਮੇਰੀ ਹਰ ਇੱਕ ਕਹੀ ਗੱਲ ਦੇ ਉੱਤੇ ਉਹ ਮੈਨੂੰ ਵਰਜਦੇ।
ਇਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ— ਮੇਰਾ ਪੈਸਾ, ਮੇਰੀ ਮਿਹਨਤ, ਮੇਰਾ ਕਾਰੋਬਾਰ, ਇਹ ਕੌਣ ਹੁੰਦੇ ਨੇ ਮੈਨੂੰ ਰੋਕਣ ਵਾਲੇ? ਇਹ ਕੌਣ ਹੁੰਦੇ ਨੇ ਮੈਨੂੰ ਟੋਕਣ ਵਾਲੇ? ਮੈਂ ਚਾਹੁੰਦਾ ਸੀ ਕਿ ਮੇਰੇ ਮੁੰਡੇ ਹੁਣ ਕੰਮ-ਕਾਰ ਸੰਭਾਲਣ ਤੇ ਮੈਂ ਆਰਾਮ ਦੇ ਨਾਲ ਐਸ਼ ਕਰਾਂ।
ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀ। ਇੱਕ ਦਿਨ ਅਚਾਨਕ ਮੈਂ ਵੀ ਮੰਜੇ ਦੇ ਉੱਤੇ ਪੈ ਗਿਆ। ਮੈਂ ਮਹਿਸੂਸ ਕਰ ਰਿਹਾ ਸੀ ਆਪਣੇ ਪੁੱਤਾਂ ਦੀਆਂ ਅੱਖਾਂ ਦੇ ਵਿੱਚ... ਬਿਲਕੁਲ ਉਸੇ ਤਰ੍ਹਾਂ ਦਾ ਇੱਕ ਪੁੱਤ, ਜਿੱਦਾਂ ਦਾ ਮੈਂ ਸੀ ਇੱਕ ਸਮੇਂ। ਮੈਨੂੰ ਉਹਨਾਂ ਦੀ ਇਕੱਲੀ-ਇਕੱਲੀ ਹਰਕਤ ਸਮਝ ਆ ਰਹੀ ਸੀ।
ਤੇ ਹੁਣ ਮੈਂ ਸੋਚਦਾ ਸੀ, ਸ਼ਾਇਦ ਮੇਰੇ ਪਿਓ ਨੂੰ ਮੇਰੀ ਹਰਕਤ ਵੀ ਸਮਝ ਆ ਰਹੀ ਹੋਊਗੀ। ਬਿਲਕੁਲ ਐਨ ਹੂ-ਬ-ਹੂ ਜਿੱਦਾਂ ਮੈਂ ਆਪਣੇ ਪਿਓ ਦੇ ਨਾਲ ਕੀਤਾ, ਓਦਾਂ ਹੀ ਮੇਰੇ ਪੁੱਤ ਮੇਰੇ ਨਾਲ ਕਰ ਰਹੇ ਨੇ।
ਇੱਕ ਨੇ ਤਾਂ ਬਿਲਕੁਲ ਹੀ ਜਵਾਬ ਦੇ ਦਿੱਤਾ— ਮੇਰੇ ਕੋਲੋਂ ਨਹੀਂ ਸਾਂਭਿਆ ਜਾਂਦਾ, ਮੇਰਾ ਵੀ ਘਰ-ਪਰਿਵਾਰ ਆ ਹੁਣ, ਮੈਂ ਨਹੀਂ ਰੱਖਣਾ ਇਸ ਬਜ਼ੁਰਗ ਨੂੰ।
ਮੈਨੂੰ ਲੱਗਾ ਚਲੋ, ਇੱਕ ਪੁੱਤ ਚੰਗਾ ਲੱਗਾ। ਇੱਕ ਚੰਗਾ ਨਿਕਲਿਆ, ਇੱਕ ਸੰਸਕਾਰੀ ਨਿਕਲਿਆ। ਉਹਨੇ ਮੇਰੀ ਸਾਂਭ-ਸੰਭਾਲ ਦੀ ਜਿੰਮੇਵਾਰੀ ਤਾਂ ਲੈ ਲਈ ਨਾ।
ਪਰ ਇੱਕ ਦਿਨ ਅਚਾਨਕ ਪਤਾ ਲੱਗਾ, ਉਹ ਵੀ ਕਾਗਜ਼-ਪੱਤਰ ਬਣਵਾ ਕੇ ਲੈ ਆਇਆ। ਕਹਿਣ ਲੱਗਾ— ਜੇ ਤੂੰ ਚਾਹੁਣਾ ਮੈਂ ਤੇਰੀ ਸੇਵਾ ਕਰਾਂ, ਜੇ ਤੂੰ ਚਾਹੁਣਾ ਮੈਂ ਤੇ ਮੇਰੀ ਵੋਟੀ ਤੇਰੇ ਲਈ ਰੋਟੀ-ਪਾਣੀ ਰੋਜ਼ ਬਣਾਇਆ ਕਰੀਏ, ਤੇਰੀ ਦੇਖ-ਭਾਲ ਕਰੀਏ, ਤਾਂ ਫਿਰ ਜੋ ਕੁਝ ਬਚਿਆ, ਉਹ ਤੈਨੂੰ ਮੇਰੇ ਨਾਂ ਕਰਨਾ ਪਊਗਾ।
ਨਾ ਚਾਹੁੰਦਿਆਂ ਹੋਇਆਂ ਵੀ ਆਖਿਰਕਾਰ ਇੱਕ ਦਿਨ ਮੈਨੂੰ ਉਹਦੇ 'ਤੇ ਦਸਖ਼ਤ ਕਰਨੇ ਪਏ। ਹੁਣ ਮੇਰੇ ਕੋਲ ਕੁਝ ਨਹੀਂ ਸੀ ਬਚਿਆ। ਤੇ ਜਦੋਂ ਮੇਰੇ ਕੋਲ ਕੁਝ ਨਹੀਂ ਬਚਿਆ, ਫਿਰ ਉਹਨਾਂ ਨੇ ਮੇਰੀ ਸੇਵਾ ਕਰਨੀ ਵੀ ਬੰਦ ਕਰ ਦਿੱਤੀ।
ਬਿਲਕੁਲ ਉਸੇ ਤਰ੍ਹਾਂ ਜਿੱਦਾਂ ਮੈਂ ਆਪਣੇ ਪਿਓ ਦੀ ਸੇਵਾ ਕਰਨੀ ਬੰਦ ਕੀਤੀ ਸੀ। ਪਤਾ ਨਹੀਂ ਕਿਉਂ, ਮੰਜੇ 'ਤੇ ਪਏ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਸੀ ਕਿ ਹੁਣ ਅੱਗੇ ਮੇਰੇ ਨਾਲ ਕੀ ਹੋਣਾ। ਇਸ ਕਰਕੇ ਨਹੀਂ ਕਿ ਮੈਂ ਬੜਾ ਗੁਣੀ- ਗਿਆਨੀ ਸੀ, ਇਸ ਕਰਕੇ ਕਿਉਂਕਿ ਇੱਦਾਂ ਦਾ ਹੀ ਰਲਦਾ-ਮਿਲਦਾ ਮੈਂ ਆਪਣੇ ਪਿਓ ਦੇ ਨਾਲ ਕੀਤਾ ਸੀ।
ਜਿੱਦਾਂ ਬਿਲਕੁਲ ਹੂ-ਬ-ਹੂ ਉਹ ਕਿਸਮਤ, ਉਹ ਕਰਮ ਪਲਟ ਕੇ ਮੇਰੇ ਅੱਗੇ ਆਏ ਹੁਣ। ਜਦੋਂ ਮੈਨੂੰ ਇਹ ਪਲ ਚੇਤੇ ਆਉਂਦੇ ਨੇ ਨਾ, ਤੇ ਫਿਰ ਮੈਂ ਰੋਨਾ।
ਤੇ ਹੁਣ ਮੇਰੇ ਕੋਲ ਸਿਰਫ਼... ਸਿਰਫ਼ ਰੋਣਾ ਹੀ ਬਚਿਆ ਸੀ, ਹੋਰ ਮੇਰੇ ਕੋਲ ਕੋਈ ਆਸਰਾ ਨਹੀਂ। ਬਹੁਤ ਪਹਿਲਾਂ ਜ਼ਿੰਦਗੀ ਦੇ ਵਿੱਚ ਸ਼ਾਇਦ ਜਵਾਨੀ ਵੇਲੇ ਕਿਸੇ ਨੇ ਮੈਨੂੰ ਬੁੱਧ ਬਾਰੇ ਦੱਸਿਆ ਸੀ। ਮੈਂ ਇੱਕ ਵਾਰੀ ਔਖਾ-ਸੌਖਾ ਹੋ ਕੇ, ਯਤਨ ਕਰਕੇ ਬੁੱਧ ਨੂੰ ਜਾ ਕੇ ਮਿਲਿਆ ਵੀ।
ਪਰ ਉਸ ਤੋਂ ਬਾਅਦ ਮੈਂ ਇਸ ਬੰਦੇ ਦਾ ਬਹੁਤ ਭੰਡੀ-ਪ੍ਰਚਾਰ ਕੀਤਾ, ਕਿਉਂਕਿ ਇਹਦੀਆਂ ਗੱਲਾਂ ਮੇਰੀ ਜ਼ਿੰਦਗੀ ਦੇ ਨਾਲ ਮੈਚ ਹੀ ਨਹੀਂ ਸੀ ਖਾਂਦੀਆਂ। ਪਰ ਇੱਕ ਦਿਨ ਅਚਾਨਕ ਮੰਜੇ 'ਤੇ ਪਿਆਂ ਫਿਰ ਦੁਬਾਰਾ ਮੈਨੂੰ ਉਹ ਸਾਰੇ ਪ੍ਰਵਚਨ ਯਾਦ ਆਏ।
ਤੇ ਹੌਲੀ-ਹੌਲੀ ਮੈਂ ਆਪਣੇ ਆਪ ਨੂੰ... ਆਪਣੇ ਆਪ ਨੂੰ ਬਦਲਿਆ, ਆਪਣੇ ਆਪ ਨੂੰ ਤਬਦੀਲ ਕੀਤਾ। ਜਾਣਨਾ ਚਾਹੁੰਦੇ ਹੋ ਬਚਨ ਕੀ ਸੀ? ਉਹ ਬਚਨ ਸਨ— ਜਿੱਦਾਂ ਦਾ ਤੁਸੀਂ ਸੋਚਦੇ ਹੋ, ਓਦਾਂ ਦਾ ਤੁਸੀਂ ਹੋ ਜਾਂਦੇ ਹੋ।
ਪਹਿਲਾਂ ਮੈਨੂੰ ਇਹ ਗੱਲ ਬੜੀ ਫਜ਼ੂਲ ਲੱਗਦੀ ਸੀ। ਜਿੱਦਾਂ ਦਾ ਮੈਂ ਸੋਚਦਾ, ਓਦਾਂ ਦਾ ਮੈਂ ਕਿਉਂ ਨਹੀਂ ਹੋ ਜਾਂਦਾ? ਮੈਂ ਤੇ ਸੋਚਦਾ— ਮੈਂ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ, ਇੱਦਾਂ ਕੋਈ ਅਮੀਰ ਹੋ ਜਾਂਦਾ ਭਲਾ?
ਪਰ ਉਹਦੇ ਅਰਥ ਬੜੇ ਵੱਡੇ ਸੀ। ਹੁਣ ਹੌਲੀ-ਹੌਲੀ ਕਰਕੇ ਜਿੱਦਾਂ-ਜਿੱਦਾਂ ਅਰਥ ਸਮਝ ਆਏ, ਓਦਾਂ-ਓਦਾਂ ਮੈਂ ਆਪਣੇ ਕੀਤਿਆਂ ਦੇ ਉੱਤੇ ਰੋਨਾ ਵੀ ਆਂ ਤੇ ਰੱਬ ਦੀਆਂ ਰਹਿਮਤਾਂ ਦੇ ਉੱਤੇ ਹੱਸਦਾ ਵੀ ਆਂ।
ਬੱਸ ਇਹੋ ਮੇਰੀ ਜ਼ਿੰਦਗੀ ਦਾ ਸਾਰ ਆ। ਉਸ ਤੋਂ ਬਾਅਦ ਮੈਂ ਆਪਣਾ... ਆਪਣਾ ਘਰ ਛੱਡ ਦਿੱਤਾ।
ਤੇ ਫਿਰ ਮੈਂ ਇਹ ਸੋਚਣਾ ਸ਼ੁਰੂ ਕੀਤਾ ਕਿ ਜਿਹਨੇ ਪੈਦਾ ਕੀਤਾ, ਉਹ ਆਪੇ ਹੀ ਰਾਹ ਵਿਖਾਊ। ਹੁਣ ਮੈਂ ਮੰਗਣਾ ਛੱਡ ਦਿੱਤਾ, ਹੁਣ ਮੈਂ ਸੋਚਣਾ ਛੱਡ ਦਿੱਤਾ, ਹੁਣ ਮੈਂ ਉਹਦੇ ਉੱਤੇ ਡੋਰਾਂ ਸੁੱਟ ਕੇ ਤੁਰ ਪਿਆ।
ਅੱਜ ਸਵੇਰ ਦੀ ਭੁੱਖ ਲੱਗੀ ਸੀ। ਪਹਿਲਾਂ ਤਾਂ ਮਨ ਦੇ ਵਿੱਚ ਵਿਚਾਰ ਆਇਆ— ਅੱਜ ਕਿੱਦਾਂ ਰੋਟੀ ਦਾ ਜੁਗਾੜ ਹੋਊਗਾ? ਅੱਜ ਕਿੱਦਾਂ ਢਿੱਡ ਭਰੂਗਾ?
ਪਰ ਫਿਰ ਮਨ ਦੇ ਵਿੱਚ ਵਿਚਾਰ ਆਇਆ— ਜਿਹਦੇ ਉੱਤੇ ਇਹ ਡੋਰਾਂ ਸੁੱਟੀਆਂ ਨੇ, ਉਹ ਆਪੇ ਰਿਜ਼ਕ ਵੀ ਦਊਗਾ, ਤੇ ਵੇਖ ਲਓ ਤੁਸੀਂ ਰਿਜ਼ਕ ਲੈ ਕੇ ਆ ਗਏ। ਇਸੇ ਕਰਕੇ ਮੈਂ ਖਿੜ-ਖੜਾ ਕੇ ਹੱਸਿਆ ਸੀ। ਜਦੋਂ ਤੁਸੀਂ ਮੇਰੇ ਲਾਗੇ ਆ ਕੇ ਬੈਠੇ ਤਾਂ ਮੈਂ ਉਹਦੀ ਰਹਿਮਤ ਦੇ ਉੱਤੇ ਖਿੜ-ਖੜਾ ਕੇ ਹੱਸਿਆ।
ਮੈਨੂੰ ਲੱਗਾ ਹੀ ਸੀ ਕਿ ਮੇਰੇ ਲਈ ਰੋਟੀ ਦਾ ਇੰਤਜ਼ਾਮ ਉਹਨੇ ਕਰ ਦਿੱਤਾ, ਤੇ ਹੋਇਆ ਵੀ ਓਦਾਂ ਹੀ। ਅਗਲੇ ਹੀ ਪਲ ਤੁਸੀਂ ਕੱਢ ਕੇ ਲਿਆ ਕੇ ਮੈਨੂੰ ਖਾਣ ਦੇ ਲਈ ਕੁਝ ਦੇ ਦਿੱਤਾ, ਤੇ ਮੈਂ ਫੇਰ ਖਿੜ-ਖੜਾ ਕੇ ਹੱਸਿਆ।
ਸੱਚ ਪੁੱਛੋ ਤਾਂ ਹੁਣ ਜ਼ਿੰਦਗੀ ਦੇ ਵਿੱਚ ਦਿਹਾੜੀ ਦੇ ਵਿੱਚ ਬੜੇ ਇੱਦਾਂ ਦੇ ਪਲ ਮਿਲ ਜਾਂਦੇ ਨੇ, ਮੈਂ ਉਹਦੀਆਂ ਰਹਿਮਤਾਂ ਦੇ ਉੱਤੇ ਬੜਾ ਖੁਸ਼ ਹੁੰਨਾ, ਬੜਾ ਹੱਸਨਾ। ਪਰ ਕੀ ਕਰਾਂ, ਹਾਲੇ ਇਹ ਜੀਵਨ ਚੱਲਦਾ ਨਾ। ਜਦੋਂ ਮੈਨੂੰ ਆਪਣੀਆਂ ਕੀਤੀਆਂ ਹਰਕਤਾਂ ਪੁਰਾਣੀਆਂ ਚੇਤੇ ਆ ਜਾਂਦੀਆਂ... ਤੇ ਫਿਰ ਮੈਂ ਰੋ ਵੀ ਲੈਨਾ।
ਇਹ ਗੱਲ ਜਿੰਨੀ ਛੇਤੀ ਜਿਹਨੂੰ ਸਮਝ ਆ ਜਾਵੇ, ਉੰਨੀ ਛੇਤੀ ਉਹਦੀ ਜ਼ਿੰਦਗੀ ਸੁਖਾਲੀ ਹੋ ਜਾਵੇ। ਨਹੀਂ ਤਾਂ ਫਿਰ ਇਸੇ ਚੱਕਰਵਿਊ ਦੇ ਵਿੱਚ ਪਿਆ ਹਰ ਕੋਈ ਬੰਦਾ ਹੱਸੀ ਜਾਂਦਾ, ਰੋਈ ਜਾਂਦਾ, ਆਪਣੇ ਕਰਮ ਕਮਾਈ ਜਾਂਦਾ। ਆਪਣੇ ਕਰਮ ਉਹ ਆਪੇ ਕਮਾਈ ਜਾਂਦਾ ਤੇ ਅੱਗੇ ਖਾਈ ਜਾਂਦਾ।
ਬੜੇ ਲੋਕ ਜਿਹਨਾਂ ਨੂੰ ਲੱਗਦਾ ਮੇਰੀ ਜ਼ਿੰਦਗੀ ਨਰਕ ਬਣੀ ਪਈ ਆ, ਮੇਰੀ ਕੋਈ ਦੇਖ-ਭਾਲ ਨਹੀਂ ਕਰਦਾ... ਤਾਂ ਸ਼ਾਇਦ ਉਹ... ਉਹ ਲੋਕ ਇਹ ਭੁੱਲ ਚੁੱਕੇ ਹੁੰਦੇ ਨੇ ਕਿ ਉਹਨਾਂ ਨੇ ਪਿੱਛੇ ਕੀ ਕੀਤਾ। ਜਾਂ ਫਿਰ ਉਹ ਦੱਸ ਨਹੀਂ ਸਕਦੇ ਹੁੰਦੇ। ਜਾਂ ਫਿਰ ਉਹ ਕਿਸੇ ਨੂੰ ਦੱਸਣ ਜੋਗੇ ਹੁੰਦੇ ਹੀ ਨਹੀਂ ਕਿ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਲ ਕੀ ਕੀਤਾ ਸੀ?
ਉਹਨਾਂ ਨੇ ਕਿੰਨੀ ਕੁ ਸੇਵਾ ਕੀਤੀ ਸੀ ਆਪਣੇ ਆਸ-ਪਾਸ ਲੋੜਵੰਦਾਂ ਦੀ? ਉਹਨਾਂ ਨੇ ਕਿੰਨਾ ਕੁ ਵੰਡ ਕੇ ਛਕਿਆ ਸੀ? ਉਹਨਾਂ ਕਿੰਨੀ ਕੁ ਦਸਾਂ ਨਹੁੰਆਂ ਦੀ ਕਿਰਤ ਕੀਤੀ? ਉਹਨਾਂ ਕਿੰਨੀ ਕੁ ਸੇਵਾ ਕੀਤੀ ਲੋਕਾਂ ਦੀ?
ਉਹਨਾਂ ਕਿੰਨੀ ਕੁ ਉਸਤਤ ਕੀਤੀ ਉਸ ਰੱਬ ਦੀ? ਉਸ ਰੱਬ ਦਾ ਕਿੰਨਾ ਕੁ ਉਹਨਾਂ ਨੇ ਸ਼ੁਕਰਾਨਾ ਕੀਤਾ? ਕਿੰਨੀ ਕੁ ਉਹਨਾਂ ਨੇ ਹਉਮੈ ਲੱਦੀ ਆਪਣੇ ਮਨ ਦੇ ਉੱਤੇ? ਇਹ ਚੀਜ਼ਾਂ ਸ਼ਾਇਦ... ਜਾਂ ਫਿਰ ਇਹ ਮੰਥਨ ਸ਼ਾਇਦ ਕਈ ਲੋਕ ਆਖਰੀ ਸਮਾਂ ਤੱਕ ਵੀ ਨਹੀਂ ਕਰ ਪਾਉਂਦੇ, ਜਾਂ ਫਿਰ ਉਦੋਂ ਕਰਦੇ ਨੇ ਜਦੋਂ ਉਹਨਾਂ ਕੋਲ ਸਮਾਂ ਹੀ ਨਹੀਂ ਬਚਦਾ।
ਤੇ ਜੇ ਕੋਈ ਕੰਮ ਦੀ ਗੱਲ ਪਤਾ ਲੱਗੇ, ਫਿਰ ਉਹ ਵੇਲੇ ਸਿਰ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਆ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ!

Frequently Asked Questions

ਇਸ ਕਹਾਣੀ ਦਾ ਮੁੱਖ ਸੰਦੇਸ਼ ਕੀ ਹੈ?
ਇਸ ਕਹਾਣੀ ਦਾ ਮੁੱਖ ਸੰਦੇਸ਼ ਕਰਮਾਂ ਦਾ ਫਲ, ਮਾਤਾ-ਪਿਤਾ ਦੀ ਕਦਰ ਅਤੇ ਪ੍ਰਭੂ ਦੀ ਰਹਿਮਤ 'ਤੇ ਭਰੋਸਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਜੋ ਬੀਜਦੇ ਹਾਂ, ਕੱਲ੍ਹ ਨੂੰ ਉਹੀ ਵੱਢਣਾ ਪੈਂਦਾ ਹੈ।
ਬਜ਼ੁਰਗ ਆਦਮੀ ਇੱਕੋ ਸਮੇਂ ਹੱਸ ਅਤੇ ਰੋ ਕਿਉਂ ਰਿਹਾ ਸੀ?
ਬਜ਼ੁਰਗ ਆਪਣੀ ਜਵਾਨੀ ਵਿੱਚ ਕੀਤੀਆਂ ਗਲਤੀਆਂ ਅਤੇ ਮਾਂ-ਬਾਪ ਨਾਲ ਕੀਤੇ ਮਾੜੇ ਵਰਤਾਓ ਨੂੰ ਯਾਦ ਕਰਕੇ ਰੋ ਰਿਹਾ ਸੀ, ਅਤੇ ਪ੍ਰਮਾਤਮਾ ਵੱਲੋਂ ਬਿਨਾਂ ਮੰਗੇ ਭੇਜੇ ਭੋਜਨ (ਰਹਿਮਤ) ਲਈ ਸ਼ੁਕਰਾਨਾ ਕਰਦਿਆਂ ਖਿੜ-ਖੜਾ ਕੇ ਹੱਸ ਰਿਹਾ ਸੀ।
ਮਹਾਤਮਾ ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਉਸ ਬਜ਼ੁਰਗ ਤੋਂ ਕੀ ਸਿੱਖਣ ਲਈ ਕਿਹਾ?
ਮਹਾਤਮਾ ਬੁੱਧ ਨੇ ਸਮਝਾਇਆ ਕਿ ਹਰ ਵਿਅਕਤੀ ਕੋਲੋਂ ਜ਼ਿੰਦਗੀ ਦਾ ਕੋਈ ਨਾ ਕੋਈ ਤਜਰਬਾ ਸਿੱਖਿਆ ਜਾ ਸਕਦਾ ਹੈ। ਬਜ਼ੁਰਗ ਪਾਗਲ ਨਹੀਂ ਸੀ, ਸਗੋਂ ਉਹ ਜ਼ਿੰਦਗੀ ਦੇ ਸੱਚ ਅਤੇ ਕਰਮਾਂ ਦੇ ਚੱਕਰਵਿਊ ਦਾ ਜਿਉਂਦਾ-ਜਾਗਦਾ ਉਦਾਹਰਨ ਸੀ।
ਇਸ ਕਹਾਣੀ ਵਿੱਚ ਕਰਮਾਂ ਦਾ ਚੱਕਰ (Law of Karma) ਕਿਵੇਂ ਦਿਖਾਇਆ ਗਿਆ ਹੈ?
ਜਿਵੇਂ ਬਜ਼ੁਰਗ ਨੇ ਬਚਪਨ ਅਤੇ ਜਵਾਨੀ ਵਿੱਚ ਆਪਣੇ ਪਿਓ ਨੂੰ ਬੋਝ ਸਮਝਿਆ ਅਤੇ ਉਸ ਦੀ ਕਦਰ ਨਹੀਂ ਕੀਤੀ, ਉਵੇਂ ਹੀ ਵੱਡੇ ਹੋ ਕੇ ਉਸ ਦੇ ਆਪਣੇ ਪੁੱਤਰਾਂ ਨੇ ਵੀ ਉਸ ਨਾਲ ਉਹੀ ਸਲੂਕ ਕੀਤਾ ਅਤੇ ਉਸ ਨੂੰ ਬੇਘਰ ਕਰ ਦਿੱਤਾ।
ਪਾਠਕਾਂ ਲਈ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਸਾਨੂੰ ਵੇਲੇ ਸਿਰ ਆਪਣੇ ਕਰਮਾਂ ਦਾ ਮੰਥਨ ਕਰਨਾ ਚਾਹੀਦਾ ਹੈ, ਮਾਂ-ਬਾਪ ਦਾ ਸਤਿਕਾਰ ਕਰਨਾ ਚਾਹੀਦਾ ਹੈ, ਅਤੇ ਹਉਮੈ ਛੱਡ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤਾਂ ਜੋ ਆਖਰੀ ਸਮੇਂ ਪਛਤਾਵਾ ਨਾ ਕਰਨਾ ਪਵੇ।

What's Your Reaction?

like

dislike

love

funny

angry

sad

wow